ਕਿਹਾ ਜਾਂਦਾ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਬਿਨਾਂ ਜੁੱਤੀ-ਚੱਪਲ ਦੇ ਪੈਦਲ ਚੱਲਣਾ ਬਹੁਤ ਪਸੰਦ ਸੀ ਪਰ ਹੁਣ ਇਹ ਗੱਲ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ, ਕਿਉਂਕਿ ਸਮਾਂ ਬੀਤਣ ਦੇ ਨਾਲ-ਨਾਲ ਅੱਜਕਲ੍ਹ ਸਖ਼ਤ ਸੜਕਾਂ ‘ਤੇ ਬਗੈਰ ਜੁੱਤੀ-ਚੱਪਲ ਦੇ ਚੱਲਣਾ ਲਗਪਗ ਅਸੰਭਵ ਜਿਹਾ ਹੋ ਗਿਆ ਹੈ ਪਰ ਪਿੰਡਾਂ ਦੇ ਕੁਝ ਲੋਕ ਅੱਜ ਵੀ ਨੰਗੇ ਪੈਰ ਪੈਦਲ ਚੱਲਣਾ ਕਦੇ ਨਹੀਂ ਭੁੱਲਦੇ। ਉਹ ਇਸ ਵਿਸ਼ੇ ਵਿਚ ਕਹਿੰਦੇ ਹਨ ਕਿ ਅਸੀਂ ਸਾਰੇ ਅਕਸਰ ਪੈਰ ਵਿਚ ਗੰਦਗੀ ਜਾਂ ਸੱਟ ਨਾ ਲੱਗੇ, ਇਸ ਤੋਂ ਬਚਣ ਲਈ ਹੀ ਜੁੱਤੀ-ਚੱਪਲ ਪਹਿਨਦੇ ਹਾਂ ਪਰ ਜੇ ਅਸੀਂ ਘਾਹ ਦੇ ਮੈਦਾਨ ਜਾਂ ਸਾਫ਼ ਜ਼ਮੀਨ ‘ਤੇ ਚੱਲਦੇ ਹਾਂ ਤਾਂ ਸ਼ਾਇਦ ਇਸ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ, ਸਗੋਂ ਇਸ ਦੇ ਅਨੇਕ ਸਿਹਤਵਰਧਕ ਫਾਇਦੇ ਹੁੰਦੇ ਹਨ। ਫਿਰ ਚਲੋ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ-
ਸਭ ਤੋਂ ਪਹਿਲਾਂ ਅਸੀਂ ਪੂਰੇ ਦਿਨ ਕਾਲਜ ਜਾਂ ਦਫ਼ਤਰ ਵਿਚ ਆਪਣੇ ਪੈਰ ਜੁੱਤੀ ਜਾਂ ਚੱਪਲਾਂ ਵਿਚ ਪੈਕ ਰੱਖਦੇ ਤਾਂ ਪੈਰ ਬਦਬੂ ਮਾਰਨ ਲਗਦੇ ਹਨ, ਨਾਲ ਹੀ ਥਕਾਵਟ ਵੀ ਹੋਣ ਲਗਦੀ ਹੈ। ਉਥੇ ਹੀ ਜਦੋਂ ਨੰਗੇ ਪੈਰ ਪੈਦਲ ਚਲਦੇ ਹਾਂ ਤਾਂ ਖੁੱਲ੍ਹੀ ਹਵਾ ਦੇ ਸੰਪਰਕ ਵਿਚ ਆਉਣ ਕਾਰਨ ਪੈਰਾਂ ਨੂੰ ਭਰਪੂਰ ਮਾਤਰਾ ਵਿਚ ਆਕਸੀਜਨ ਮਿਲਦੀ ਹੈ। ਇਸ ਨਾਲ ਖੂਨ ਸੰਚਾਰ ਬਿਹਤਰ ਹੁੰਦਾ ਹੈ ਅਤੇ ਦਿਨ ਭਰ ਦੀ ਥਕਾਵਟ ਅਤੇ ਦਰਦ ਵੀ ਛੂਮੰਤਰ ਹੋ ਜਾਂਦੀ ਹੈ।
ਕੁਝ ਦਿਨ ਪਹਿਲਾਂ ਹੋਈ ਇਕ ਖੋਜ ਦੱਸਦੀ ਹੈ ਕਿ ਲਗਾਤਾਰ ਨੰਗੇ ਪੈਰ ਚੱਲਣ ਨਾਲ ਸਰੀਰ ਨੂੰ ਐਕਿਊਪ੍ਰੈਸ਼ਰ ਥਰੈਪੀ ਮਿਲਦੀ ਹੈ ਅਤੇ ਸਰੀਰ ਲੰਬੇ ਸਮੇਂ ਤੱਕ ਤੰਦਰੁਸਤ ਬਣਿਆ ਰਹਿੰਦਾ ਹੈ। ਖੋਜ ਕਰਤਾਵਾਂ ਮੁਤਾਬਿਕ ਨੰਗੇ ਪੈਰ ਰਹਿਣ ਨਾਲ ਉਹ ਸਾਰੀਆਂ ਮਾਸਪੇਸ਼ੀਆਂ ਸੁਚਾਰੂ ਰੂਪ ਨਾਲ ਕੰਮ ਕਰਨ ਲਗਦੀਆਂ ਹਨ ਜੋ ਜੁੱਤੀ-ਚੱਪਲ ਪਹਿਨਣ ਦੌਰਾਨ ਨਹੀਂ ਚੱਲ ਸਕਦੀਆਂ। ਦੂਜੇ ਸ਼ਬਦਾਂ ਵਿਚ ਅਸੀਂ ਕਹੀਏ ਤਾਂ ਇਸ ਨਾਲ ਸਮੁੱਚਾ ਸਰੀਰਕ ਭਾਗ ਕਿਰਿਆਸ਼ੀਲ ਹੋ ਜਾਂਦਾ ਹੈ।
ਸਿਹਤ ਮਾਹਿਰਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਕਿ ਜੇ ਤੁਸੀਂ ਹਫਤੇ ਵਿਚ ਤਿੰਨ ਦਿਨ 40 ਮਿੰਟ ਸਵੇਰੇ ਨੰਗੇ ਪੈਰ ਪਾਰਕ ਵਿਚ ਹਰੇ-ਹਰੇ ਘਾਹ ‘ਤੇ ਚਹਿਲਕਦਮੀ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਕਾਫੀ ਤੇਜ਼ ਗਤੀ ਨਾਲ ਕੰਮ ਕਰਨ ਲਗਦਾ ਹੈ ਜਦੋਂ ਕਿ ਇਸ ਬਾਰੇ ਵਿਚ ਬਹੁਤੇ ਡਾਕਟਰਾਂ ਦਾ ਇਹ ਮੰਨਣਾ ਹੈ ਕਿ ਨੰਗੇ ਪੈਰ ਚੱਲਣ ਨਾਲ ਤਣਾਅ, ਹਾਈਪਰਟੈਂਸ਼ਨ, ਜੋੜਾਂ ਵਿਚ ਦਰਦ, ਉਨੀਂਦਰਾ, ਦਿਲ ਸਬੰਧੀ ਸਮੱਸਿਆ, ਆਰਥਰਾਈਟਿਸ, ਅਸਥਮਾ, ਆਸਟਿਓਪੋਰੋਸਿਸ ਵਰਗੀਆਂ ਸਮੱਸਿਆਵਾਂ ਦਾ ਖਾਤਮਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਰੋਗਪ੍ਰਤੀਰੋਧਕ ਸਮਰੱਥਾ ਵੀ ਵਧਦੀ ਹੈ।
ਸਾਵਧਾਨੀ : ਅਜਿਹੇ ਵਿਅਕਤੀ ਨੰਗੇ ਪੈਰ ਪੈਦਲ ਕਦੇ ਨਾ ਚੱਲਣ ਜੋ ਕਿ ਸ਼ੂਗਰ, ਆਰਥਰਾਈਟਿਸ, ਪੇਰਿਫੇਰਲ ਵਸਕੁਲਰ ਬਿਮਾਰੀਆਂ ਆਦਿ ਦੇ ਮਰੀਜ਼ ਹੋਣ, ਕਿਉਂਕਿ ਇਸ ਨਾਲ ਉਨ੍ਹਾਂ ਦੀ ਬਿਮਾਰੀ ਦੇ ਵਧਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਸਾਰੇ ਲੋਕ ਅਜਿਹਾ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਨੇਕ ਸਲਾਹ ਲੈਣੀ ਬਿਲਕੁਲ ਵੀ ਨਾ ਭੁੱਲਣ।