ਰੇਤੇ ਦੇ ਜਹਾਜ਼

ਇਹ ਦੁਨੀਆ, ਸਣੇ ਪੰਜਾਬ, ਰੇਤ ਦੀ ਬਣੀ ਹੁੰਦੀ ਸੀ | ਚਾਰੇ ਪਾਸੇ ਰੇਤਾ ਹੀ ਰੇਤਾ | ਇਸ ਰੇਤ ਨੂੰ ਚੀਰ ਕੇ ਜੇ ਕੋਈ ਲੰਘਣ ਦੀ ਸਮਰੱਥਾ ਰੱਖਦਾ ਸੀ ਤਾਂ ਉਹ ਸਿਰਫ਼ ਊਠ ਉਰਫ਼ ਬੋਤਾ ਹੀ ਹੁੰਦਾ ਸੀ | ਪੰਜਾਬ ਵਿਚ ਊਠ ਆਮ ਮਿਲ ਜਾਂਦੇ ਸਨ, ਹਰ ਪਿੰਡ ਦੇ ਕਈ ਘਰਾਂ ਵਿਚ ਹੁੰਦੇ ਸਨ | ਖੇਤੀ ਦੇ ਕੰਮਾਂ ਤੋਂ ਇਲਾਵਾ ਇਨ੍ਹਾਂ ਦੀਆਂ ਅੱਖਾਂ ‘ਤੇ ਖੋਪੇ ਬੰਨ੍ਹ ਕੇ ਹਲਟ ‘ਤੇ ਜੋੜੇ ਜਾਂਦੇ ਸਨ | ਪਰ 70ਵਿਆਂ ਤੋਂ ਬਾਅਦ ਇਹ ਪੰਜਾਬ ‘ਚੋਂ ਖ਼ਤਮ ਹੋਣੇ ਸ਼ੁਰੂ ਹੋ ਗਏ | ਜਿਵੇਂ-ਜਿਵੇਂ ਬੇਲੋੜੇ ਟਰੈਕਟਰ ਵੱਧਦੇ ਗਏ, ਊਠ ਰਾਜਸਥਾਨ ਵੱਲ ਨੂੰ ਧੱਕੇ ਗਏ | ਹੁਣ ਤਾਂ ਇਨ੍ਹਾਂ ਦੀ ਲੋੜ ਉੱਥੇ ਵੀ ਘਟਦੀ ਜਾ ਰਹੀ ਹੈ | ਪੁਸ਼ਕਰ ਦਾ ਮਸ਼ਹੂਰ ਮੇਲਾ ਕਦੇ ਸਿਰਫ਼ ਊਠਾਂ ਕਰਕੇ ਭਰਦਾ ਸੀ | ਪਰ ਅੱਜਕਲ੍ਹ ਉੱਥੇ ਵੀ ਘੋੜੀਆਂ ਤੇ ਹੋਰਨਾਂ ਪਸ਼ੂਆਂ ਦੇ ਸੌਦੇ ਜ਼ਿਆਦਾ ਹੁੰਦੇ ਹਨ | ਵਪਾਰੀ ਮੰਨਦੇ ਹਨ ਕਿ ਊਠ ਖਰੀਦਣ ਵਾਲਿਆਂ ਨਾਲੋਂ ਵੇਚਣ ਵਾਲੇ ਜ਼ਿਆਦਾ ਹੁੰਦੇ ਹਨ | ਖੇਤੀਬਾੜੀ ਦਾ ਮਸ਼ੀਨੀਕਰਨ ਇਕ ਦਿਨ ਇਨ੍ਹਾਂ ਨੂੰ ਵੀ ਲੋਕਾਂ ‘ਚੋਂ ਖ਼ਤਮ ਕਰਕੇ, ਸਿਰਫ਼ ਅਜਾਇਬ ਘਰਾਂ ਜੋਗੇ ਕਰ ਦੇਵੇਗਾ | ਹੋ ਸਕਦਾ ਪੰਜਾਬੀ ਕੈਦਿਆਂ ਵਿਚੋਂ ਵੀ ਊੜਾ-ਊਠ ਬਦਲਣਾ ਪੈ ਜਾਵੇ |

ਜਨਮੇਜਾ ਸਿੰਘ ਜੌਹਲ

Leave a Reply

Your email address will not be published. Required fields are marked *