ਰਿਸ਼ਤੇ ਬਣੇ ਮਾਮ ਜ਼ਿਸਤੇ

0
171

ਕੋਈ ਭਲੇ ਸਮੇਂ ਸੀ ਉਹ ਜਦੋਂ ਮੇਰਾ ਦਾਦਾ ਮੇਰੀ ਦਾਦੀ ਨੂੰ ਵਿਆਹੁਣ ਗਿਆ ਸੀ। ਮੇਰੀ ਦਾਦੀ ਦੱਸਿਆ ਕਰਦੀ ਸੀ ਕਿ ਵਿਆਹ ਤੋਂ ਹਫਤੇ ਬਾਅਦ ਉਸਨੇ ਮੇਰੇ ਦਾਦੇ ਦਾ ਮੂੰਹ ਦੇਖਿਆ ਸੀ । ਉਹ ਮਰਦੇ ਦਮ ਤਕ ਘੁੰਡ ਕੱਢਦੀ ਰਹੀ ਅੱਜ ਕੱਲ ਦੀਆਂ ਨੰਗੇ ਮੂੰਹ ਵਾਲੀਆਂ ਬਹੂਆਂ ਨੂੰ ਵੇਖ ਕੇ ਉਹ ਕਹਿੰਦੀ ਸੀ ਤੁਹਾਡੀ ਸ਼ਰਮ ਕਿੱਥੇ ਚਲੀ ਗਈ ।ਕਈ ਸਾਲ ਪਹਿਲਾਂ ਉਹ ਰੱਬ ਕੋਲ ਜਾ ਪੁੱਜੀ । ਜੇਕਰ ਉਹ ਅੱਜ ਦਾ ਪ੍ਰੀਵੈਡਿੰਗ ਦਾ ਜ਼ਮਾਨਾ ਵੇਖ ਲੈਂਦੀ ਤਾਂ ਸ਼ਾਇਦ ਅਪਣੀ ਕੋਠੜੀ ‘ਚ ਹੀ ਘੁੰਡ ਕੱਢ ਕੇ ਹੀ ਬੈਠੀ ਰਹਿੰਦੀ ।
ਅੱਜ ਦੇ ਵਿਆਹ ਸੌਦੇਬਾਜ਼ੀ ਦੀ ਸਭ ਤੋਂ ਵਧੀਆ ਦੁਕਾਨ ਬਣ ਗਏ ਹਨ । ਪਹਿਲਾਂ ਸਿਰਫ ਮੁੰਡੇ ਦੀ ਕਮਾਈ ਪੁੱਛੀ ਜਾਂਦੀ ਸੀ ਤੇ ਹੁਣ ਕੁੜੀ ਦੀ ਤਨਖਾਹ ਦੀਆਂ ਸਲਿੱਪਾਂ ਵੇਖੀਆਂ ਜਾਂਦੀਆਂ ਨੇ । ਹੁਣ ਤਾਂ ਰੁਪਈਆ ਹੀ ਰੱਬ ਬਣ ਗਿਆ ਹੈ । ਕੁੜੀ ਸੋਹਣੀ ਸੁਨੱਖੀ ਹੋਵੇ ,ਪੜ੍ਹੀ- ਲਿਖੀ ਹੋਵੇ ਤੇ ਚੰਗੇ ਨੋਟ ਛਾਪਦੀ ਹੋਵੇ ਤਾਂ ਹੀ ਕਿਸੇ ਸੱਸ ਦੀ ਨੂੰਹ ਰਾਣੀ ਬਣ ਸਕਦੀ ਹੈ। ਇਸ ਤਰ੍ਹਾਂ ਹੀ ਮੁੰਡੇ ਦੇ ਗੁਣਾਂ ਨੂੰ ਕੋਈ ਨਹੀਂ ਵੇਖਦਾ ਬਸ ਉਸ ਦੀ ਜ਼ਮੀਨ ਜਾਈਦਾਦ ਵੇਖੀ ਜਾਂਦੀ ਹੈ।
ਅਖਬਾਰਾਂ ‘ਚ ਠੇਕੇ ਤੇ ਵਿਆਹ ਦੇ ਇਸ਼ਤਿਹਾਰ ਛਪਣ ਲੱਗ ਪਏ ਹਨ। ਕਸੂਰ ਦੇ ਪਠਾਣਾਂ ਤੋਂ ਇਕ ਬ੍ਰਾਹਮਣ ਦੀ ਬ੍ਰਹਮਣੀ ਛਡਾਉਣ ਮਤਲਬ ਉਸਦੀ ਅਣਖ ਦੀ ਰਾਖੀ ਕਰਨ ਲਈ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੂਰਮਿਆਂ ਦੇ ਵਾਰਸ ਡਾਲਰਾਂ ਸਾਹਮਣੇ ਅਪਣੇ ਅਣਖ ਦੇ ਭੰਗੜੇ ਪੁਆ ਰਹੇ ਹਨ । ਗੈਰਤ ਤੇ ਅਣਖ ਕਿਸੇ ਤੂੜੀ ਵਾਲੇ ਕੋਠੇ ‘ਚ ਬਿੱਲੀ ਦੇ ਬਲੂੰਗੜੇ ਵਾਂਗ ਲੁਕੀਆਂ ਬੈਠੀਆਂ ਨੇ ਕਿ ਜੇ ਕਿਸੇ ਬਾਹਰ ਗਈਆਂ ਤਾਂ ਡਵੈਲਪਮੈਂਟ ਦੇ ਕੁੱਤੇ ਉਹਨਾਂ ਦੇ ਤੂੰਬੇ ਉਡਾ ਦੇਣਗੇ ।ਅਣਖ ਦੀਆਂ ਬੜ੍ਹਕਾਂ ਮਾਰਨ ਵਾਲੀ ਪੰਜਾਬੀ ਕੌਮ ਲਈ ਰੁਪਈਆ ਹੁਣ ਤੇਰਵਾਂ ਅਵਤਾਰ ਹੈ ਤੇ ਇਸ ਅਵਤਾਰ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਕਿਸੇ ਵੀ ਭੈਣ ਭਾਈ ਦਾ ਸਿਰ ਵੱਢ ਕੇ ਇੰਜ ਚੜ੍ਹਾਇਆ ਜਾਂਦਾ ਹੈ ਜਿਵੇਂ ਨੌ ਗਜੇ ਪੀਰ ਦੀ ਸਮਾਧ ਤੇ ਗੁਲਗੁਲੇ ਪਏ ਹੁੰਦੇ ਹਨ।ਰਿਸ਼ਤੇ ਹੁਣ ਮਾਮ ਜਿਸਤੇ ਬਣ ਗਏ ਹਨ ਜਿੰਨੀਆਂ ਕੋਈ ਵੱਧ ਚੋਟਾਂ ਮਾਰੇਗਾ ਉਨਾ ਹੀ ਡਾਲਰਾਂ ਵਾਲਾ ਮਸਾਲਾ ਵੱਧ ਮਿਲੇਗਾ ।

ਰਜਵਿੰਦਰ ਕੌਰ