ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਲਗਭਗ ਪੂਰੀ ਦੁਨੀਆ ਨੂੰ ਆਪਣੀ ਗ੍ਰਿਫ਼ਤ ‘ਚ ਲੈ ਚੁੱਕਾ ਹੈ। ਪੰਜਾਬ ‘ਚ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ‘ਚੋਂ 250 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ।
ਸੋਮਵਾਰ ਦੇਰ ਰਾਤ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਕਸਬੇ ‘ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਨਵੇਂ ਮਾਮਲੇ ਰਾਜਪੁਰਾ ਦੀ ਆਨਾਜ ਮੰਡੀ ਤੋਂ ਹੀ ਸਾਹਮਣੇ ਆਏ ਹਨ। ਇੱਥੇ ਦੋ ਦਿਨ ਪਹਿਲਾਂ 6 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਇੱਥੋਂ 19 ਲੋਕਾਂ ਦੇ ਸੈਂਪਲ ਜਾਂਚ ਲਈ ਲਏ ਸਨ, ਜਿਨ੍ਹਾਂ ਵਿੱਚੋਂ 5 ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 14 ਸੈਂਪਲ ਨੈਗੇਟਿਵ ਪਾਏ ਗਏ ਹਨ।
ਪਟਿਆਲਾ ਜ਼ਿਲ੍ਹੇ ‘ਚ ਹੁਣ ਕੋਰੋਨਾ ਦੇ ਕੁਲ ਮਰੀਜ਼ਾਂ ਦੀ ਗਿਣਤੀ 31 ਹੋ ਗਈ ਹੈ। ਇਨ੍ਹਾਂ ‘ਚੋਂ 12 ਮਰੀਜ਼ ਰਾਜਪੁਰਾ ਅਤੇ 19 ਮਰੀਜ਼ ਪਟਿਆਲਾ ਸ਼ਹਿਰ ‘ਚ ਮਿਲੇ ਹਨ। ਦੱਸ ਦੇਈਏ ਕਿ ਪੰਜਾਬ ‘ਚ ਹੁਣ ਤਕ ਕੁਲ 6797 ਲੋਕਾਂ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ‘ਚੋਂ 250 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 6273 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 38 ਲੋਕਾਂ ਇਲਾਜ ਮਗਰੋਂ ਠੀਕ ਹੋਣ ਤੋਂ ਬਾਅਦ ਡਿਸਚਾਰਜ ਹੋ ਚੁੱਕੇ ਹਨ, ਜਦਕਿ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੋਹਾਲੀ ਜ਼ਿਲ੍ਹੇ ਤੋਂ 61, ਜਲੰਧਰ ਤੋਂ 48, ਪਟਿਆਲਾ ਤੋਂ 31, ਪਠਾਨਕੋਟ ਤੋਂ 24, ਨਵਾਂਸ਼ਹਿਰ ‘ਚ 19, ਹੁਸ਼ਿਆਰਪੁਰ ਤੋਂ 7, ਮਾਨਸਾ 11, ਅੰਮ੍ਰਿਤਸਰ 11, ਲੁਧਿਆਣਾ 16, ਮੋਗਾ ਤੋਂ 4, ਰੂਪਨਗਰ ਤੋਂ 3, ਫ਼ਤਿਹਗੜ੍ਹ ਸਾਹਿਬ 2, ਸੰਗਰੂਰ 3, ਬਰਨਾਲਾ 2, ਫ਼ਰੀਦਕੋਟ ਤੋਂ 3, ਕਪੂਰਥਲਾ 2, ਗੁਰਦਾਸਪੁਰ 1, ਫ਼ਿਰੋਜ਼ਪੁਰ 1, ਸ੍ਰੀ ਮੁਕਤਸਰ ਸਾਹਿਬ 1 ਮਾਮਲਾ ਸਾਹਮਣੇ ਆਇਆ ਹੈ।