ਯੁੱਗੋ-ਯੁੱਗ- ਹਰਜੀਤ ਤੇਜਾ ਸਿੰਘ

ਕੱਲ੍ਹ ਆਥਣ ਦੀ ਅੱਚਵੀ ਲੱਗੀ ਹੋਈ ਹੈ। ਜਦ ਦਾ ਸਕੂਲੋਂ ਘਰ ਆਇਆਂ, ਜੀਅ ਨਹੀਂ ਲੱਗ ਰਿਹਾ। ਜ਼ਿੰਦਗੀ ਠੀਕ ਚੱਲ ਰਹੀ ਹੈ। ਪਤਨੀ ਵੀ ਚੰਗੀ ਹੈ। ਸ਼ੁਰੂ ਸ਼ੁਰੂ ਵਿਚ ਤਾਂ ਥੋੜ੍ਹੇ ਬਹੁਤੇ ਮੱਤ ਭੇਦ ਜ਼ਰੂਰ ਹੋਏ ਸੀ
ਪਰ ਉਹਦੀ ਸਿਆਣਪ ਸਾਡੇ ਕੰਮ ਆਈ। ਸ਼ਹਿਰ ਵਿਚ ਰਹਿੰਦਿਆਂ ਨੂੰ ਸੁੱਖ ਨਾਲ ਪੰਜ ਸਾਲ ਹੋਗੇ। ਪਿੰਡ ਵੀ ਸਭ ਠੀਕ-ਠਾਕ ਹੈ। ਪਰ ਕੱਲ੍ਹ ਦਾ ਮਨ ਉੱਖੜਿਆ ਹੋਇਆ ਹੈ
ਅੱਜ ਐਤਵਾਰ ਹੋਣ ਕਰਕੇ ਘਰ ਹੀ ਰਹਿਣੈਂ। ਲਾਅਨ ਵਿਚ ਬੈਠਾ ਅਖ਼ਬਾਰ ‘ਤੇ ਨਿਗ੍ਹਾ ਮਾਰ ਰਿਹਾਂ ਹਾਂ। ਜੀਵਨ ਰਸੋਈ ਵਿਚ ਪਕੌੜੇ ਬਣਾ ਰਹੀ ਹੈ। ਉਹਦਾ ਪੂਰਾ ਨਾਂ ਤਾਂ ਜੀਵਨਜੋਤ ਹੈ। ਬਾਕੀ ਸਾਰੇ ਉਹਨੂੰ ਜੋਤ
ਕਹਿੰਦੇ ਹਨ। ਮੈਨੂੰ ਜੀਵਨ ਕਹਿਣਾ ਹੀ ਚੰਗਾ ਲਗਦਾ ਹੈ। ਮਨਮੀਤ ਪਰੇ ਕੱਕੇ ਰੇਤੇ ਦੀ ਢੇਰੀ ‘ਤੇ ਖੇਡ ਰਿਹਾ ਹੈ। ਮਨਮੀਤ ਮੇਰਾ ਪੁੱਤਰ ਹੈ, ਪਿਛਲੇ ਮਹੀਨੇ ਹੀ ਤਿੰਨ ਸਾਲ ਦਾ ਹੋਇਆ ਹੈ। ਹਾਲੇ ਸਕੂਲ ਨਹੀਂ
ਜਾਣ ਲੱਗਿਆ। ਇਸ ਵਾਰ ਕੋਈ ਵਧੀਆ ਸਕੂਲ ਦੇਖਕੇ ਉਹਦੇ ਵਿਚ ਪਾਵਾਂਗੇ। ਕਾਰ ਲਈ ਇਕ ਕਮਰਾ ਪਾਉਣਾ ਹੈ। ਉਹਦੇ ਲਈ ਇੱਟਾਂ, ਬਜਰੀ, ਰੇਤਾ ਵਗੈਰਾ ਲਿਆਂਦਾ ਪਿਆ ਹੈ। ਮਿਸਤਰੀ ਇੱਕ ਹਫ਼ਤਾ
ਕਹਿਕੇ ਗਿਆ ਸੀ, ਅੱਜ ਪੰਦਰਾਂ ਦਿਨ ਹੋ ਗਏ। ਕੱਲ੍ਹ ਫੋਨ ਕੀਤਾ ਸੀ। ਅਗਲੇ ਹਫਤੇ ਆਉਣ ਬਾਰੇ ਕਹਿ ਰਿਹਾ ਸੀ।
ਆਹ ਚੱਕੋ ਅਖ਼ਬਾਰ ਟੇਬਲ ਤੋਂ –
ਜੀਵਨ ਨੇ ਚਾਹ ਵਾਲੀ ਟ੍ਰੇਅ ਅਤੇ ਪਕੌੜਿਆਂ ਵਾਲੀ ਪਲੇਟ ਸਾਂਭਦਿਆਂ ਕਿਹਾ। ਚਾਹ ਅਤੇ ਪਕੌੜੇ ਰੱਖ ਉਹ ਕੋਲ ਪਈ ਕੁਰਸੀ ਉਤੇ ਬੈਠ ਗਈ। ਰੇਤੇ ਵਿਚ ਲਿੱਬੜੇ ਮਨਮੀਤ ਨੂੰ ਆਉਣ ਲਈ ਹਾਕ ਮਾਰ ਉਹ ਮੇਰੇ
ਵੱਲ ਮੂੰਹ ਕਰ ਕੇ ਬੋਲੀ।
– ਕੀ ਹੋ ਗਿਆ ਜਨਾਬ ਨੂੰ? ਬੜੀਆਂ ਨਾੜਾਂ ਉੱਭਰੀਆਂ ਮੱਥੇ ਦੀਆਂ। ਮਾਲਕੋ ਜੇ ਗੁਲਾਮ ਤੋਂ ਕੋਈ ਗਲਤੀ ਫਲਤੀ ਹੋ ਗਈ ਤਾਂ ਭੁੱਲ ਬਖ਼ਸ਼ਾਉਨੇ ਆਂ।-
ਜਦੋਂ ਕਦੇ ਕਿਤੇ ਸਾਡੀ ਦੋਨਾਂ ਦੀ ਆਪਸ ਵਿਚ ਤਕਰਾਰ ਹੋ ਜਾਂਦੀ ਹੈ ਤਾਂ ਜੀਵਨ ਲੜਾਈ ਖ਼ਤਮ ਕਰਨ ਲਈ ਇਹੀ ਡਾਇਲੌਗ ਬੋਲਦੀ ਹੈ ‘ਮਾਲਕੋ ਭੁੱਲ ਬਖ਼ਸ਼ਾਉਨੇ ਆਂ’ ਤੇ ਸਾਡੀ ਦੋਨਾਂ ਦੀ ਸੁਲਾਹ ਹੋ ਜਾਂਦੀ।
ਅੱਜ ਵੀ ਉਸ ਨੇ ਇਸੇ ਅੰਦਾਜ਼ੇ ਨਾਲ ਕਿਹਾ ਸੀ। ਪਰ ਹੁਣ ਜੀਵਨ ਦੇ ਸਵਾਲ ਦਾ ਮੈਨੂੰ ਕੋਈ ਜਵਾਬ ਨਹੀਂ ਅਹੁੜਿਆ। ਮਨਮੀਤ ਹਾਲੇ ਵੀ ਉਥੇ ਹੀ ਖੇਡ ਰਿਹਾ ਹੈ। ਖਾਣ ਵੱਲ ਉਹਦਾ ਕੋਈ ਧਿਆਨ ਨਹੀਂ।
ਅਖ਼ਬਾਰ ਰੱਖ ਚਾਹ ਚੁੱਕ ਲਈ। ਬੇਚੈਨੀ ਵਧ ਰਹੀ ਹੈ। ਕਿੰਨੇ ਦਿਨ ਹੋਗੇ ਪਿੰਡੋਂ ਵੀ ਕਿਸੇ ਨੇ ਗੇੜਾ ਨਹੀਂ ਮਾਰਿਆ। ਡੈਡੀ ਜਾਂ ਮੇਰਾ ਛੋਟਾ ਭਰਾ ਬਿੰਦਰ, ਦੋਨਾਂ ਵਿਚੋਂ ਕੋਈ ਨਾ ਕੋਈ ਪੰਜੀਂ ਸੱਤੀਂ ਦਿਨੀ ਆ ਜਾਂਦਾ।
– ਪਕੌੜੇ ਸਵਾਦ ਬਣੇ ਨੇ ਅੱਜ –
ਮੈਂ ਬੋਲਿਆ।

– ਅਸਲੀ ਗੱਲ ਦੱਸੋ। ਪਕੌੜੇ ਤਾਂ ਮੈਂ ਹਮੇਸ਼ਾ ਹੀ ਸਵਾਦ ਬਣਾਉਨੀ ਆਂ –
ਜਵਾਬ ਉਡੀਕੇ ਬਿਨਾਂ ਉਹ ਮਨਮੀਤ ਨੂੰ ਲੈਣ ਚਲੀ ਗਈ ਹੈ। ਮਨਮੀਤ ਨੇ ਸਾਰਾ ਸਿਰ ਰੇਤੇ ਨਾਲ਼ ਭਰ ਲਿਆ ਹੈ। ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਸੋਚ ਰਿਹਾਂ ਜੇ ਕੱਕੇ ਰੇਤੇ ਦੀ ਥਾਂ ਟਿੱਬੇ ਦਾ ਰੇਤਾ ਹੋਵੇ ਸਵਾਦ
ਹੀ ਆ ਜਾਵੇ। ਮੈਨੂੰ ਮੇਰੇ ਬਚਪਨ ਦੇ ਦਿਨ ਯਾਦ ਆ ਰਹੇ ਹਨ। ਸਾਡੀ ਮੋਟਰ ‘ਤੇ ਜਾਂਦਿਆਂ ਰਸਤੇ ਵਿਚ ਵੱਡਾ ਸਾਰਾ ਟਿੱਬਾ ਆਉਂਦਾ ਸੀ। ਕਈ ਕਿੱਲਿਆਂ ‘ਚ ਫੈਲਿਆ ਟਿੱਬਾ ਸਾਡੇ ਲਈ ਕਿਸੇ ਫਿਲਮੀ ਦਰਿਸ਼ ਤੋਂ
ਘੱਟ ਨਹੀਂ ਸੀ। ਮੋਟਰ ‘ਤੇ ਚਾਹ-ਰੋਟੀ ਦੇਣ ਜਾਣਾ। ਪਹੀ ਛੱਡਕੇ ਟਿੱਬੇ ਉਪਰ ਦੀ ਆਉਣ ਜਾਣ ਕਰਨਾ। ਪੈਰਾਂ ਦੀਆਂ ਥੇਲੀਆਂ ਉੱਤੇ ਪਟੱਕ- ਪਟੱਕ ਵੱਜਦੀਆਂ ਚੱਪਲਾਂ ਨਾਲ਼ ਰੇਤੇ ਵਿਚ ਤੁਰਨ ਦਾ ਬੜ੍ਹਾ ਸੁਆਦ
ਆਉਣਾ। ਇਸ ਗੱਲੋਂ ਅਣਜਾਣ ਬਈ ਹਰ ਵਾਰ ਹੁੰਦੀ ਪਟੱਕ ਨਾਲ਼ ਚੱਪਲਾਂ ਮੁੱਠੀ ਭਰ ਰੇਤਾ ਸਿਰ ਉੱਤੇ ਪਾ ਦਿੰਦੀਆਂ ਸੀ। ਸਾਰਾ ਸਿਰ ਰੇਤੇ ਨਾਲ਼ ਭਰ ਜਾਣਾ। ਘਰ ਜਾਂਦੀ ਸਾਰ ਮੰਮੀ ਤੋਂ ਕੁੱਟ ਪੈਣੀ।
– ਦੇਖੋ ਕਿਵੇਂ ਸਾਰਾ ਮੂੰਹ ਸਿਰ ਇੱਕ ਕੀਤਾ ਹੋਇਆ ਥੋਡੇ ਲਾਡਲੇ ਨੇ। ਮੈਂ ਤਾਂ ਹੀ ਕੇਸ ਨਹੀਂ ਰੱਖਣ ਦਿੰਦੀ ਸੀ। ਪਿਛਲੇ ਹਫ਼ਤੇ ਵੀ ਗੁਆਂਢੀਆਂ ਦੇ ਜਾ ਕੇ ਸਾਰਾ ਸਿਰ ਭਰ ਲਿਆਇਆ ਸੀ। ਮੈਨੂੰ ਤਾਂ ਇਹ ਸਮਝ ਨੀਂ
ਆਉਂਦੀ ਬਈ ਅੱਧਾ ਵਿਹੜਾ ਕੱਚਾ ਕਿਉਂ ਰੱਖੀ ਬੈਠੇ ਨੇ –
ਜੀਵਨ ਦੀ ਆਵਾਜ਼ ਸੁਣਕੇ ਮੇਰਾ ਧਿਆਨ ਟੱੁੱਟ ਗਿਆ ਹੈ। ਬੁਰਾ ਲੱਗ ਰਿਹਾ ਹੈ। ਮਨ ਮਸੀਂ ਥੋੜ੍ਹਾ ਜਿਹਾ ਸ਼ਾਂਤ ਹੋਇਆ ਸੀ। ਪਿੰਡੋਂ ਹੀ ਕੋਈ ਆ ਜਾਂਦਾ। ਗੱਲਾਂ ਬਾਤਾਂ ਨਾਲ਼ ਹੀ ਜੀਅ ਲੱਗ ਜਾਂਦਾ। ਜੀਵਨ
ਮਨਮੀਤ ਦੇ ਵਾਲਾਂ ਵਿਚ ਹੱਥ ਫੇਰ ਰਹੀ ਹੈ। ਜੀਵਨ ਤਾਂ ਮੰਨਦੀ ਨਹੀਂ ਸੀ ਮਨਮੀਤ ਦੇ ਕੇਸ ਰੱਖਣ ਲਈ ਮੈਂ ਹੀ ਜਿੱਦ ਕਰਕੇ ਰਖਵਾਏ ਨੇ। ਵਾਲ ਵੀ ਕਿਹੜਾ ਵਿਚਾਰੇ ਦੇ ਬਹੁਤੇ ਲੰਮੇ ਨੇ, ਛੋਟੀ ਜਿਹੀ ਜੂੜੀ ਹੁੰਦੀ
ਹੈ ਮਸਾਂ।
– ਵੱਡੇ ਹੋ ਕੇ ਵੀ ਤਾਂ ਕਟਾ ਈ ਦੇਣੇ ਆ ਇਹਨੇ। ਕੀ ਫਾਇਦਾ! ਹੁਣ ਨਾਲੇ ਮੈਂ ਔਖੀ ਨਾਲੇ ਇਹ ਔਖਾ। ਤੁਸੀਂ ਵੀ ਤਾਂ ਕਟਾ ਈ ਦਿੱਤੇ ਸੀ। ਮੰਮੀ ਜੀ ਨੇ ਹਾਲੇ ਤੱਕ ਥੋਡੇ ਵਾਲ਼ ਸਾਂਭ ਕੇ ਰੱਖੇ ਹੋਏ ਨੇ। ਮੈਨੂੰ ਦਿਖਾਏ ਸੀ
ਇੱਕ ਵਾਰ ਪਿੰਡ ਗਈ ਹੋਈ ਨੂੰ –
ਜੀਵਨ ਨੇ ਆਖ਼ਰੀ ਦਲੀਲ ਦਿੱਤੀ ਸੀ।
– ਕੋਈ ਗੱਲ ਨੀ ਵੱਡਾ ਹੋਕੇ ਕਟਾ ਦਵੇ ਬੇਸ਼ੱਕ। ਪਰ ਇੱਕ ਵਾਰ ਤਾਂ ਆਪਾਂ ਜਰੂਰ ਰੱਖਾਂਗੇ। ਨਾਲੇ ਤੇਰੇ ਕੋਲ ਵੀ ਤਾਂ ਸਾਂਭਣ ਜੋਗੇ ਚਾਹੀਦੇ ਈ ਨੇ –
ਮੈਂ ਕਿਹਾ ਸੀ।

ਜੀਵਨ ਹਾਲੇ ਵੀ ਮਨਮੀਤ ਦੇ ਵਾਲ ਝਾੜ ਰਹੀ ਹੈ। ਮੇਰਾ ਧਿਆਨ ਮੁੜ ਪਿੰਡ ਵੱਲ ਜਾਂਦਾ ਹੈ। ਸਾਡੇ ਘਰਾਂ ਵਿਚੋਂ ਲੱਗਦੀ ਬੀਬੀ ਮੇਰਾ ਬੜਾ ਮੋਹ ਕਰਦੀ ਸੀ। ਦਿਹਾੜੀ ਵਿਚ ਉਹ ਸਾਡੇ ਘਰ ਕਈ ਗੇੜੇ ਮਾਰਦੀ
ਸੀ। ਐਤਵਾਰ ਨੂੰ ਮੇਰੇ ਵਾਲ਼ਾਂ ਵਿਚ ਕਿੰਨਾ ਕਿੰਨਾ ਚਿਰ ਤੇਲ ਝੱਸਦੀ ਰਹਿੰਦੀ। ਮੇਰੀਆਂ ਪੁੜਪੁੜੀਆਂ ਵਿਚੋਂ ਸੇਕ ਨਿੱਕਲਣ ਲੱਗ ਜਾਂਦਾ ਪਰ ਉਹਦੇ ਗੋਰੇ ਨਿਛੋਹ, ਝੁਰੜੀਆਂ ਭਰੇ ਹੱਥ ਮੱਠੇ ਨਾ ਪੈਂਦੇ। ਕਦੇ ਕਦੇ ਮੈਨੂੰ
ਲੱਗਦਾ ਬਈ ਮੈਨੂੰ ਨਹੀਂ ਸਗੋਂ ਮੇਰੇ ਵਾਲ਼ਾਂ ਨੂੰ ਅਪਣਾ ਪੁੱਤ ਸਮਝਦੀ ਹੋਵੇ। ਜਿਸ ਦਿਨ ਮੈਂ ਵਾਲ ਕਟਾ ਕੇ ਘਰ ਆਇਆ ਸੀ ਮੰਮੀ-ਡੈਡੀ ਨੂੰ ਮੇਰੇ ਉਤੇ ਗੁੱਸਾ ਆਇਆ ਸੀ ਪਰ ਬੀਬੀ ਉਦਾਸ ਹੋ ਗਈ ਸੀ। ਮਰਨ
ਤੱਕ ਉਹ ਮੈਨੂੰ ਵਾਲ ਕਟਵਾਉਣ ਦਾ ਉਲਾਭਾ ਦਿੰਦੀ ਰਹੀ ਸੀ।
ਮਨਮੀਤ ਰੇਤੇ ਉੱਤੇ ਹੋਰ ਖੇਡਣ ਦੀ ਜ਼ਿੱਦ ਕਰ ਰਿਹਾ ਹੈ। ਜੀਵਨ ਰੋਕ ਰਹੀ ਹੈ।
– ਇੱਕ ਆਹ ਮਿਸਤਰੀ ਨੀ ਆਉਂਦਾ। ਕੰਮ ਮੁਕਾਵੇ ਪਰ੍ਹਾਂ ਤੇ ਆਹ ਰੇਤੇ ਵਾਲਾ ਜੱਭ ਵੀ ਮੁੱਕਦਾ ਹੋਵੇ –
ਮਨਮੀਤ ਮੇਰੇ ਵੱਲ ਦੇਖ ਰਿਹਾ ਹੈ। ਫਰਮਾਇਸ਼ ਪਵਾਉਣੀ ਚਾਹੁੰਦਾ ਹੈ। ਮੇਰੇ ਕਹਿਣ ‘ਤੇ ਜੀਵਨ ਨੇ ਉਹਨੂੰ ਛੱਡ ਦਿੱਤਾ। ਮਨਮੀਤ ਫਿਰ ਰੇਤੇ ਵਿਚ ਖੇਡਣ ਲੱਗ ਗਿਆ ਹੈ। ਜੀਵਨ ਚਾਹ ਵਾਲੇ ਭਾਂਡੇ ਸਾਂਭਦੀ ਬੋਲ
ਰਹੀ ਹੈ।
– ਚੰਗਾ ਫੇਰ ਹੁਣ ਤੁਸੀਂ ਹੀ ਨਲਾਇਓ ਇਹਨੂੰ –
ਮੇਰੀ ਮੰਮੀ ਵੀ ਇਸੇ ਤਰ੍ਹਾਂ ਕਰਦੀ ਹੁੰਦੀ ਸੀ। ਬੋਲੀ ਜਾਂਦੀ ਸੀ ਤੇ ਰੇਤੇ ਨਾਲ ਭਰੇ ਸਿਰ ਉੱਤੇ ਸਾਬਣ ਮਲੀ ਜਾਂਦੀ ਸੀ, ਪਾਣੀ ਪਾਈ ਜਾਂਦੀ ਸੀ ਅਤੇ ਬੋਲੀ ਜਾਂਦੀ ਸੀ। ਮੇਰਾ ਮਨ ਕਰ ਰਿਹਾ ਹੈ ਪਿੰਡ ਗੇੜਾ ਮਾਰਨ
ਨੂੰ। ਹੁਣ ਤੱਕ ਤਾਂ ਕੋਈ ਆ ਜਾਂਦਾ ਜੇ ਕਿਸੇ ਨੇ ਆਉਣਾ ਹੁੰਦਾ।
– ਆਪਾਂ ਪਿੰਡ ਜਾ ਕੇ ਆਈਏ –
ਮੈਂ ਜੀਵਨ ਤੋਂ ਪੁੱਛਦਾ ਹਾਂ। ਜੀਵਨ ਆਥਣ ਦੀ ਰੋਟੀ ਵਾਸਤੇ ਸਬਜ਼ੀ ਕੱਟ ਰਹੀ ਹੈ। ਮੇਰੇ ਵੱਲ ਸਵਾਲੀਆ ਜਿਹਾ ਦੇਖਦੀ ਬੋਲੀ।
– ਅੱਜ ਬੜਾ ਕਿਹਾ ਤੁਸੀਂ ਪਿੰਡ ਜਾਣ ਨੂੰ। ਅੱਗੇ ਤਾਂ ਮੇਰੇ ਦਸ ਵਾਰ ਕਹੇ ‘ਤੇ ਤੁਰਦੇ ਹੁੰਨੇ ਓਂ। ਜਾਂ ਤਾਂ ਸਵੇਰ ਵੇਲੇ ਚੱਲਦੇ ਸਾਝਰੇ, ਹੁਣ ਸ਼ਾਮ ਨੂੰ ਕੀ ਫਾਇਦਾ –
– ਗੱਲ ਤੇਰੀ ਠੀਕ ਆ ਜੇ ਸਵੇਰੇ ਜਾਂਦੇ ਤਾਂ ਸਾਰੀ ਦਿਹਾੜੀ ਲਾ ਆਉਂਦੇ। ਚਲੋ ਅਗਲੇ ਐਤਵਾਰ ਸਹੀ –
ਅਗਲਾ ਐਤਵਾਰ ਕਹਿਣ ਨੂੰ ਤਾਂ ਮੈਂ ਕਹਿ ਗਿਆ ਪਰ ਮਨ ਕਰਦਾ ਬਈ ਹੁਣੇ ਜਾ ਆਉਨਾ ਘੰਟੇ ਕੁ ਵਾਸਤੇ।

ਜਦੋਂ ਸ਼ਹਿਰ ਰਹਿਣ ਦਾ ਫੈਸਲਾ ਕੀਤਾ ਸੀ ਤਾਂ ਸਾਰੇ ਘਰਦਿਆਂ ਨੇ ਵਿਰੋਧ ਕੀਤਾ ਸੀ। ਜੀਵਨ ਵੀ ਪਿੰਡ ਰਹਿਕੇ ਹੀ ਰਾਜ਼ੀ ਸੀ। ਮੈਂ ਹੀ ਨਹੀਂ ਸੀ ਮੰਨਿਆ। ਡੈਡੀ ਮੂਹਰੇ ਮੈਂ ਕਈ ਦਲੀਲਾਂ ਦਿੱਤੀਆਂ ਸੀ। ਮੇਰਾ ਸਕੂਲ
ਨੇੜੇ ਹੋਣ ਦੀ ਗੱਲ, ਭਵਿੱਖ ਵਿਚ ਬੱਚਿਆਂ ਦੇ ਸਕੂਲ ਅਤੇ ਟਿਊਸ਼ਨ ਵਗੈਰਾ।
– ਆਹੋ! ਪਹਿਲਾ ਕਿਹੜਾ ਕੋਈ ਪਿੰਡ ਰਹਿਕੇ ਪੜ੍ਹਿਆ। ਤੂੰ ਵੀ ਪਿੰਡ ਰਹਿਕੇ ਈ ਮਾਸਟਰ ਲੱਗਿਆਂ। –
ਡੈਡੀ ਨੇ ਗੁੱਸੇ ਵਿਚ ਆ ਕੇ ਕਿਹਾ ਸੀ।
ਡੈਡੀ ਬਹੁਤ ਦੁਖੀ ਹੋਏ ਸੀ। ਕਈ ਮਹੀਨੇ ਉਨ੍ਹਾਂ ਮੈਨੂੰ ਬੁਲਾਇਆ ਨਹੀਂ ਸੀ। ਸ਼ਹਿਰ ਮਕਾਨ ਬਣਾਉਣ ਵੇਲੇ ਉਹ ਸਵੇਰੇ ਵੇਲੇ ਪਹੁੰਚ ਜਾਂਦੇ ਸੀ ਅਤੇ ਸ਼ਾਮ ਤੱਕ ਉਥੇ ਬੈਠੇ ਰਹਿੰਦੇ ਸੀ। ਜੇ ਮੈਂ ਉਥੇ ਹੁੰਦਾ ਤਾਂ ਉਹ
ਇੱਕ ਥਾਂ ਬੈਠੇ ਰਹਿੰਦੇ। ਮਿਸਤਰੀ ਨਾਲ ਸਲਾਹ ਕਰਦੇ ਨੂੰ, ਦਿਹਾੜੀਆਂ ਦਾ ਹਿਸਾਬ ਕਰਦੇ ਨੂੰ ਜਾਂ ਫਿਰ ਇੱਟਾਂ, ਸਮਿੰਟ, ਰੇਤਾ ਵਗੈਰਾ ਲਿਆਉਂਦੇ ਨੂੰ ਦੇਖਦੇ ਰਹਿੰਦੇ। ਮੈਨੂੰ ਹਰ ਵੇਲ਼ੇ ਮੇਰਾ ਪਿੱਛਾ ਕਰਦੀ ਉਹਨਾਂ
ਦੀ ਚੁਭਮੀਂ ਨਜ਼ਰ ਦਾ ਅਹਿਸਾਸ ਹੁੰਦਾ ਰਹਿੰਦਾ। ਮੈਨੂੰ ਅਪਣੇ ਪਿੰਡੇ ‘ਤੇ ਸੂਲ਼ਾਂ ਚੁਭਦੀਆਂ ਮਹਿਸੂਸ ਹੁੰਦੀਆਂ। ਉਨ੍ਹਾਂ ਦੇ ਮੂੰਹ ਤੋਂ ਪਤਾ ਲੱਗ ਜਾਂਦਾ ਸੀ ਬਈ ਉਹ ਖੁਸ਼ ਨਹੀਂ ਸਨ। ਮੈਂ ਸੋਚਦਾ, ਡੈਡੀ ਨੂੰ ਤਾਂ ਅਪਣੇ
ਪੁੱਤ ਨੂੰ ਅਪਣੇ ਪੈਰਾਂ ‘ਤੇ ਖੜ੍ਹਾ ਹੁੰਦਾ ਦੇਖ ਖੁਸ਼ ਹੋਣਾ ਚਾਹੀਦਾ। ਪਰ ਇਨ੍ਹਾਂ ਤੋਂ ਮੇਰੀ ਤਰੱਕੀ ਬਰਦਾਸ਼ਤ ਕਿਉਂ ਨਹੀਂ ਹੁੰਦੀ। ਮੇਰੇ ਪਿੰਡੇ ‘ਤੇ ਸੂਲ਼ਾਂ ਦੀ ਚੁਭਣ ਤੇਜ਼ ਹੋ ਜਾਂਦੀ, ਮੈਂ ਖਿਝ ਜਾਂਦਾ ਤੇ ਉਥੋਂ ਉਰੇ-ਪਰ੍ਹੇ ਹੋਣ
ਦੀ ਥਾਂ ਮੈਂ ਭੱਜ-ਭੱਜ ਮਿਸਤਰੀਆਂ ਨਾਲ ਕੰਮ ਕਰਾਉਣ ਲੱਗ ਜਾਂਦਾ। ਡੈਡੀ ਬੇਬਸ ਹੋ ਕੇ ਉਥੋਂ ਚਲੇ ਜਾਂਦੇ।
– ਦੇਖਿਓ ਉਹਨੇ ਗਿਰ ਜਾਣਾ –
ਜੀਵਨ ਭੱਜ ਕੇ ਮਨਮੀਤ ਵੱਲ ਜਾਂਦੀ ਹੋਈ ਬੋਲੀ ਹੈ। ਮੇਰੇ ਇਕ ਦਮ ਹੌਲ ਪਿਆ ਹੈ। ਮੈਂ ਇਕਦਮ ਉੱਠਕੇ ਮਨਮੀਤ ਵੱਲ ਦੇਖਦਾ ਹਾਂ। ਉਹ ਮੋਟਰ ਸਾਈਕਲ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੀਵਨ ਵੀ
ਬੱਸ ਉਂਝ ਹੀ ਰੌਲਾ ਪਾ ਕੇ ਦਿਲ ਬਿਠਾ ਦਿੰਦੀ ਹੈ। ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੁੰਦਾ। ਕੁਝ ਦਿਨ ਪਹਿਲਾ ਵੀ Ḕਗਿਰ ਗਿਆḔ ਕਹਿ ਕੇ ਜੀਵਨ ਮਨਮੀਤ ਵੱਲ ਭੱਜੀ ਸੀ। ਮੈਂ ਵੀ ਇਕ ਦਮ ਡਰ ਗਿਆ ਸੀ।
ਮਨਮੀਤ ਤਾਂ ਨਹੀਂ ਗਿਰਿਆ ਸੀ ਪਰ ਮੇਰੇ ਹੌਲ ਜਿਹਾ ਜ਼ਰੂਰ ਪੈ ਗਿਆ ਸੀ, ਇੱਕ ਗੋਲਾ ਜਿਹਾ ਉੱਠਿਆ ਸੀ ਢਿੱਡ ਵਿਚ। ਮੇਰਾ ਧਿਆਨ ਹਾਲੇ ਵੀ ਪਿੰਡ ਵੱਲ ਹੈ। ਮੈਨੂੰ ਯਾਦ ਹੈ ਮੇਰੀ ਦਾਦੀ ਕਹਿੰਦੀ ਹੁੰਦੀ ਸੀ।
– ਆਹ ਧੁੰਨੀ ਕੋਲੋਂ ਗੋਲਾ ਜਿਹਾ ਉੱਠਦਾ, ਹੌਲੀ-ਹੌਲੀ ਛਾਤੀ ਵੱਲ ਨੂੰ ਵੱਧਦਾ। ਦਿਲ ਬੈਠ ਜਾਂਦਾ। ਇਹ ਥੋਡੇ ਡਾਕਟਰ ਤੋਂ ਸੂਤ ਨਹੀਂ ਆਉਣਾ। ਇਹ ਤਾਂ ਹੱਥੋਲੇ ਨਾਲ ਈ ਠੀਕ ਹੋਊ –

ਕਿਸੇ ਟੈਸਟ ‘ਚ ਕੁਝ ਨਹੀਂ ਆਇਆ ਸੀ। ਡਾਕਟਰ ਨੇ ਬੇਬੇ ਨੂੰ ‘ਵਹਿਮ ਦੀ ਬਿਮਾਰੀ’ ਕਹਿਕੇ ਹੱਥ ਖੜ੍ਹੇ ਕਰ ਦਿੱਤੇ ਸੀ। ਮਾਤਾ ਰਾਣੀਆਂ ‘ਤੇ ਮੱਥਾ ਟੇਕਣ ਨਾਲ ਗੋਲਾ ਕਾਫੀ ਦੇਰ ਟਿਕਿਆ ਰਹਿੰਦਾ। ਜਦ ਕਦੇ
ਡੈਡੀ ਨੂੰ ਘਰ ਆਉਣ ਨੂੰ ਕਵੇਲਾ ਹੋ ਜਾਂਦਾ ਤਾਂ ਬੇਬੇ ਵੱਖੀ ‘ਤੇ ਹੱਥ ਧਰਕੇ ਦਰਾਂ ਵਿਚ ਖੜ੍ਹੀ ਰਹਿੰਦੀ ਤੇ ਅਗਲੇ ਦਿਨ ਫਿਰ ਮਾਤਾ ਰਾਣੀਆਂ ‘ਤੇ ਮੱਥਾ ਟੇਕਣਾ ਪੈਂਦਾ ਸੀ। ਫਿਰ ਇੱਕ ਉਹ ਦਿਨ ਵੀ ਆਇਆ ਸੀ
ਜਿਸ ਦਿਨ ਮੈਂ ਇੱਕ ਟੂਰਨਾਮੈਂਟ ਦੇਖਣ ਗਿਆ ਕਾਫੀ ਰਾਤ ਨੂੰ ਮੁੜਿਆ ਸੀ ਤੇ ਮੇਰੇ ਆਉਣ ਤੱਕ ਡੈਡੀ ਦਰਾਂ ਵਿਚ ਖੜ੍ਹੇ ਉਡੀਕਦੇ ਰਹੇ ਸੀ। ਮੈਂ ਅਤੇ ਬਿੰਦਰ ਕਈ ਦਿਨ ਡੈਡੀ ਨੂੰ ਇਹ ਕਹਿਕੇ ਮਜ਼ਾਕ ਕਰਦੇ ਰਹੇ
ਸੀ ਬਈ ਬੇਬੇ ਆਪ ਤਾਂ ਚੜ੍ਹਾਈ ਕਰਗੀ ਪਰ ਅਪਣਾ ਗੋਲਾ ਡੈਡੀ ਨੂੰ ਦੇ ਗਈ।
ਮੈਨੂੰ ਲੱਗਦਾ ਡੈਡੀ ਨੇ ਗੁੱਸੇ ‘ਚ ਆ ਜ਼ਮੀਨ ਦੇ ਨਾਲ-ਨਾਲ ਮੇਰੇ ਹਿੱਸੇ ਦਾ ਗੋਲਾ ਵੀ ਵਕਤੋਂ ਪਹਿਲਾਂ ਮੈਨੂੰ ਦੇ ਦਿੱਤਾ।
ਮੈਂ ਟੀ.ਵੀ. ਨਾਲ ਪਰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੀਵਨ, ਮਨਮੀਤ ਨੂੰ ਨਲ੍ਹਾ ਕੇ ਮੇਰੇ ਕੋਲ਼ ਛੱਡ ਆਪ ਰੋਟੀ ਪਕਾਉਣ ਜਾ ਲੱਗੀ ਹੈ। ਮਨਮੀਤ ਨਾਲ ਓਹੀ ਪੁਰਾਣਾ ਸੰਘਰਸ਼ ਸ਼ੁਰੂ ਹੋ ਗਿਆ ਹੈ। ਮੈਂ ਖ਼ਬਰਾਂ
ਸੁਣਨੀਆਂ ਚਾਹੁੰਦਾ ਹਾਂ ਅਤੇ ਮਨਮੀਤ ਟੌਮ ਐਂਡ ਜੈਰੀ ਦੇਖਣ ਦੀ ਜ਼ਿੱਦ ਕਰ ਰਿਹਾ ਹੈ। ਮਨਮੀਤ ਦੇ ਜਨਮ ਤੋਂ ਪਹਿਲਾਂ ਮਰਜ਼ੀ ਨਾਲ਼ ਟੀ.ਵੀ. ਦੇਖੀ ਦਾ ਸੀ ਪਰ ਜਦੋਂ ਦੀ ਇਹਨੇ ਸੋਝੀ ਸੰਭਾਲੀ ਹੈ, ਰਿਮੋਟ ਕਦੇ
ਮੇਰੇ ਹੱਥ ਨਹੀਂ ਲੱਗਣ ਦਿੰਦਾ। ਆਖ਼ਰ ਮਨਮੀਤ ਦੀ ਜ਼ਿੱਦ ਅੱਗੇ ਮੈਨੂੰ ਝੁਕਣਾ ਪਿਆ ਹੈ। ਮੇਰੇ ਦਿਮਾਗ ਵਿਚ ਕੱਲ੍ਹ ਵਾਲੀ ਘਟਨਾ ਘੁੰਮ ਰਹੀ ਹੈ। ਸੋਚ ਰਿਹਾਂ ਜੇ ਜੀਵਨ ਨੂੰ ਦੱਸਿਆ ਕਿਤੇ ਮੇਰੀ ਗੱਲ ਹਾਸੇ ‘ਚ ਨਾ
ਲੈ ਲਵੇ। ਕੱਲ੍ਹ ਬੜੀ ਅਜੀਬ ਘਟਨਾ ਵਾਪਰੀ।

ਜਿਸ ਦਿਨ ਦਾ ਮਨਮੀਤ ਤੁਰਨ ਲੱਗਿਆ, ਉਹ ਮੇਰੇ ਨਾਲ਼ ਹਰ ਰੋਜ਼ ਇੱਕ ਖੇਡ ਖੇਡਦਾ। ਮੈਂ ਜਦੋਂ ਸਕੂਲ ਤੋਂ ਘਰ ਆਉਣਾ ਤਾਂ ਉਹ ਭੱਜ ਕੇ ਮੇਰੀਆਂ ਲੱਤਾਂ ਨੂੰ ਆ ਚਿੰਬੜਦਾ। ਇਹ ਖੇਡ ਪਿਛਲੇ ਚਾਰ-ਪੰਜ ਮਹੀਨੇ
ਤੋਂ ਚੱਲ ਰਹੀ ਹੈ। ਮੈਨੂੰ ਬਹੁਤ ਆਨੰਦ ਆਉਣ ਲੱਗ ਗਿਆ ਹੈ। ਸਕੂਲ ਤੋਂ ਘਰ ਤੱਕ ਦਾ ਰਸਤਾ ਇਸੇ ਅਨੰਦ ਵਿਚ ਲੰਘਦਾ। ਕੱਲ੍ਹ ਜਦੋਂ ਮੈ ਸਕੂਲੋਂ ਘਰ ਆਇਆ ਉਦੋਂ ਮਨਮੀਤ ਕੱਕੇ ਰੇਤੇ ਉੱਤੇ ਖੇਡ ਰਿਹਾ ਸੀ।
ਉਹਦੇ ਨਾਲ਼ ਗੁਆਂਢੀਆਂ ਦੇ ਦੋ ਜਵਾਕ ਵੀ ਸੀ। ਮੈਂ ਮੋਟਰ ਸਾਈਕਲ ਖੜ੍ਹਾ ਕੇ ਮਨਮੀਤ ਵੱਲ ਦੇਖਿਆ। ਮਨਮੀਤ ਦੀ ਮੇਰੇ ਵੱਲ ਪਿੱਠ ਸੀ। ਉਹ ਅਪਣੇ ਪੈਰ ਉੱਪਰ ਰੇਤਾ ਪਾ ਕੇ ਅਪਣਾ ਘਰ ਬਣਾ ਰਿਹਾ ਸੀ। ਮੈਨੂੰ
ਪਤਾ ਸੀ ਕਿ ਮਨਮੀਤ ਨੇ ਭੱਜ ਕੇ ਮੇਰੀਆਂ ਲੱਤਾਂ ਨੂੰ ਆ ਚਿੰਬੜਨਾ, ਮੈਂ ਉਹਨੂੰ ਅਪਣੀ ਗੋਦੀ ਚੁੱਕ ਪਿਆਰ ਕਰਨਾ ਅਤੇ ਜੇਬ ਵਿਚੋਂ ਕੱਢ ਟੌਫੀਆਂ ਦੇਣੀਆਂ। ਮਨਮੀਤ ਨੇ ਮੇਰੇ ਵੱਲ ਮੂੰਹ ਕੀਤਾ ਪਰ ਉਹ ਮੇਰੇ ਵੱਲ
ਭੱਜ ਕੇ ਨਹੀਂ ਆਇਆ ਸੀ। ਮਨਮੀਤ ਦਾ ਇੱਕ ਪੈਰ ਉਹਦੇ ਘਰ ਹੇਠਾਂ ਸੀ। ਘਰ ਹੇਠੋਂ ਪੈਰ ਕੱਢੇ ‘ਤੇ ਉਹਦਾ ਘਰ ਗਿਰ ਜਾਣਾ ਸੀ। ਮੇਰੇ ਵੱਲ ਭੱਜਣ ਦੀ ਬਜਾਏ ਉਹਨੇ ਅਪਣੀਆਂ ਦੋਵੇ ਮੁੱਠੀਆਂ ਰੇਤੇ ਦੀਆਂ ਭਰਕੇ
ਅਪਣੇ ਘਰ ਉਤੇ ਪਾ ਲਈਆਂ ਅਤੇ ਉਹਨੂੰ ਥਾਪੜਕੇ ਹੋਰ ਮਜ਼ਬੂਤ ਕਰਨ ਲੱਗ ਗਿਆ ਸੀ। ਮੈਂ ਸੁੰਨ ਹੋ ਗਿਆ। ਮੈਨੂੰ ਲੱਗਿਆ ਜਿਵੇਂ ਮਨਮੀਤ ਨਹੀਂ ਰੇਤੇ ਉੱਤੇ ਮੈਂ ਬੈਠਾ ਹੋਵਾਂ ਅਤੇ ਮੇਰੀ ਥਾਂ ਮੇਰੇ ਡੈਡੀ ਖੜ੍ਹੇ ਮੈਨੂੰ
ਦੇਖ ਰਹੇ ਹੋਣ। ਮੇਰੇ ਪਿੰਡੇ ਲਈ ਡੈਡੀ ਦੀ ਚੁਭਮੀ ਨਿਗ੍ਹਾ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਸੀ। ਇੱਕ ਦਮ ਸੁਰਤ ਵਾਪਸ ਆਈ ਤਾਂ ਮਨਮੀਤ ਹਾਲੇ ਵੀ ਘਰ ਥਾਪੜ ਰਿਹਾ ਸੀ। ਮੈਂ ਉਹਦੇ ਵੱਲ ਹੋਰ ਨਹੀਂ ਦੇਖ
ਸਕਦਾ ਸੀ। ਮੈਂ ਭੱਜ ਕੇ ਮਨਮੀਤ ਨੂੰ ਗੋਦੀ ਚੱਕ ਲਿਆ ਸੀ। ਮਨਮੀਤ :ਪਾਪਾ ਮੇਰਾ ਘਰ – ਪਾਪਾ ਮੇਰਾ ਘਰ” ਕਹਿੰਦਾ ਰੌਲ਼ਾ ਪਾ ਰਿਹਾ ਸੀ।
– ਜੀਵਨ ਰੋਟੀ ਨੂੰ ਰਹਿਣ ਦੇ ਆਪਾਂ ਪਿੰਡ ਜਾ ਕੇ ਈ ਖਾਵਾਂਗੇ – ਇਹ ਕਹਿੰਦਿਆਂ ਮੈ ਮੋਟਰ ਸਾਈਕਲ ਕੱਢ ਦਰ ਵਿਚ ਖੜ ਗਿਆ ਹਾਂ।
Email : harjiteja@gmail.com

Leave a Reply

Your email address will not be published. Required fields are marked *