ਮੰਜੇ ਬਿਸਤਰੇ 2′ ਦਾ ਟਰੇਲਰ ਰਿਲੀਜ਼, ਲੋਕਾਂ ਦੇ ਪਾ ਰਿਹੈ ਢਿੱਡੀ ਪੀੜਾਂ

0
150

ਜਲੰਧਰ : ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਫਿਲਮ ‘ਮੰਜੇ ਬਿਸਤਰੇ 2’ ਦਾ ਟਰੇਲਰ ਅੱਜ ਯਾਨੀ ਸ਼ਨੀਰਵਾਰ 16 ਮਾਰਚ ਨੂੰ ਰਿਲੀਜ਼ ਹੋ ਗਿਆ ਹੈ। ਟਰੇਲਰ ‘ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਨਾਲ ਪੂਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਟਰੇਲਰ ‘ਚ ਕਰਮਜੀਤ ਅਨਮੋਲ ਦੀ ਦਮਦਾਰ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ‘ਮੰਜੇ ਬਿਸਤਰੇ 2’ ਦਾ ਟਰੇਲਰ ਹਾਸੇ ਨਾਲ ਭਰਪੂਰ ਹੈ। ਦੱਸ ਦਈਏ ਕਿ ਫਿਲਮ ਦੇ ਟਾਈਟਲ ਟਰੈਕ ਸਮੇਤ ਦੋ ਗੀਤ ਰਿਲੀਜ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ‘ਹੰਬਲ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਇਸ ਫਿਲਮ ਦੀ ਸ਼ੂਟਿੰਗ ਕੈਨੇਡਾ ‘ਚ ਕੀਤੀ ਗਈ ਹੈ। ‘ਮੰਜੇ ਬਿਸਤਰੇ’ ਦੀ ਆਪਾਰ ਸਫਲਤਾ ਤੋਂ ਬਾਅਦ ਹੀ ਫਿਲਮ ਦੀ ਟੀਮ ਨੇ ਇਸ ਦਾ ਸੀਕਵਲ ਬਣਾਉਣ ਦਾ ਫੈਸਲਾ ਕੀਤਾ ਸੀ।
ਦੱਸਣਯੋਗ ਹੈ ਕਿ ‘ਮੰਜੇ ਬਿਸਤਰੇ’ ਪੰਜਾਬ ਦੇ ਪੇਂਡੂ ਸੱਭਿਆਚਾਰ ਨੂੰ ਦਰਸਾਉਂਦੀ ਹੈ। ‘ਮੰਜੇ ਬਿਸਤਰੇ 2’ ਨੂੰ ਇਸ ਵਾਰ ਪੰਜਾਬ ਦੀ ਜਗ੍ਹਾ ਕੈਨੇਡਾ ‘ਚ ਫਿਲਮਾਇਆ ਗਿਆ ਹੈ, ਜਿਸ ਕਾਰਨ ਫਿਲਮ ‘ਚ ਦਰਸ਼ਕਾਂ ਦੀ ਦਿਲਚਸਪੀ ਹੋਰ ਵੀ ਵੱਧ ਗਈ ਹੈ। ਇਸ ਫਿਲਮ ‘ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਰਾਣਾ ਰਣਬੀਰ, ਰਾਣਾ ਜੰਗ ਬਹਾਦਰ, ਕਰਮਜੀਤ ਅਨਮੋਲ, ਜੱਗੀ ਸਿੰਘ, ਮਲਕੀਤ ਰੌਣੀ, ਰਘਬੀਰ ਬੋਲੀ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ ਤੇ ਨਿਸ਼ਾ ਬਾਨੋ ਮੁੱਖ ਭੂਮਿਕਾ ‘ਚ ਹਨ। ਉਮੀਦ ਕੀਤੀ ਜਾਂਦੀ ਹੈ ਕਿ ‘ਮੰਜੇ ਬਿਸਤਰੇ 2’ ਨਾ ਸਿਰਫ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ, ਸਗੋਂ ਪੰਜਾਬੀ ਸਿਨੇਮੇ ‘ਚ ਇਕ ਨਵਾਂ ਰੁਝਾਨ ਵੀ ਸ਼ੁਰੂ ਕਰੇਗੀ।