ਮੰਗਤਾ ਸਾਰੰਗੀ ਨਵਾਜ਼-ਨਾਦਿਰ ਅਲੀ

ਇਹ ਕਹਾਣੀ ਉਸਤਾਦ ਮੰਗਤਾ ਖ਼ਾਨ ਸਾਰੰਗੀ ਨਵਾਜ਼ ਦੀ ਕਹਾਣੀ ਘੱਟ ਤੇ ਨਵਾਬ ਕਰਨਲ ਯਾਰ ਮੁਹੰਮਦ ਖ਼ਾਨ ਦੀ ਕਹਾਣੀ ਜ਼ਿਆਦਾ ਲੱਗਦੀ ਏ। ਉਸਤਾਦ ਮੰਗਤੇ ਦੀ ਤੇ ਅਸਲ ਏਨੀ ਹੀ ਕਹਾਣੀ ਏ ਪਈ ਉਹ ਪਾਕਿਸਤਾਨ ਦਾ ਆਖ਼ਰੀ ਸਾਰੰਗੀ ਨਵਾਜ਼ ਸੀ। ਹੁਣ ਨਾ ਕੋਈ ਸਾਰੰਗੀ ਬਣਾਵੰਦਾ ਤੇ ਨਾ ਕੋਈ ਸਾਰੰਗੀ ਵਜਾਵੰਦਾ ਏ।

ਉਸਤਾਦ ਮੰਗਤਾ ਲਗਭਗ ਮੇਰਾ ਹਾਣੀ ਸੀ। ਜਦੋਂ ਅਸੀਂ ਨਿੱਕੇ-ਨਿੱਕੇ ਸਾਂ ਤੇ ਮੰਗਤੇ ਦਾ ਪਿਉ ਉਸਤਾਦ ਅੱਲ੍ਹਾ ਨਵਾਜ਼ ਖ਼ਾਨ ਵਾਕਿਆ ਹੀ ਮੰਗਤਾ ਸੀ। ਉਹ ਤਕ਼ਰੀਬਨ ਅੰਨ੍ਹਾ ਹੋ ਚੁੱਕਾ ਸੀ। ਉਹਨੇ ਵੱਡੀ ਸਾਰੀ ਪੱਗ ਬੰਨ੍ਹੀ ਹੋਣੀ ਤੇ ਅਸਾਡੇ ਮਹੱਲੇ ਆ ਕੇ ਗਲ਼ੀ ਵਿਚ ਹਵੇਲੀ ਭਾਗ ਮੱਲ ਦੀਆਂ ਪੌੜੀਆਂ ਉੱਤੇ ਬਹਿ ਕੇ (ਜਿਹੜੀ ਹੁਣ ਹੌਲ਼ੀ-ਹੌਲ਼ੀ ਹਵੇਲੀ ਕਰਨਲ ਸਾਹਿਬ ਬਣ ਗਈ ਏ) ਸਾਰੰਗੀ ਵਜਾਵਣੀ। “ਮੇਰੇ ਲੀਏ ਜਹਾਨ ਮੇਂ ਚੈਨ ਨਾ ਕਰਾਰ ਹੇ…।” ਅਸੀਂ ਇਕ-ਇਕ ਪੈਸਾ ਸਾਰੰਗੀ ਵਿਚ ਪਾ ਦੇਣਾ। ਫ਼ਨ ਦੀ ਕ਼ਦਰ ਸ਼ਹਿਰ ਕਸੂਰ ਵਿਚ ਤਦ ਵੀ ਕੋਈ ਨਹੀਂ ਸੀ। ਨੂਰ ਜਹਾਨ ਤੇ ਬੰਬਈ ਅੱਪੜ ਗਈ ਸੀ, ਜਿਹਦੇ ਬਾਰੇ ਅੱਲ੍ਹਾ ਨਵਾਜ਼ ਇਹ ਕਹਿਣਾ ਪਈ – ਉਹ ਮੇਰੀ ਸ਼ਾਗਿਰਦ ਰਹੀ ਏ ਨਿੱਕਿਆਂ ਹੁੰਦਿਆਂ। – ਪਰ ਕਸੂਰ ਵਿਚ ਤੇ ਹੁਣ ਹਰ ਗਾਵਣ ਵਾਲ਼ਾ ਨੂਰ ਜਹਾਨ ਦੀ ਉਸਤਾਦੀ ਦਾ ਦਾਅਵੇਦਾਰ ਸੀ। ਮੰਗਤਾ ਵੀ ਮੰਗਤਾ ਈ ਰਹਿੰਦਾ, ਜੇ ਉਹਦਾ ਪਿਉ ਉਹਨੂੰ ਨਾ ਬਚਾਂਦਾ ਲਹੌਰ ਟੋਰ ਕੇ।

ਪਰ ਇਹ ਤਦ ਦੀ ਕਹਾਣੀ ਏ, ਜਦ ਮੰਗਤਾ ਅਜੇ ਕਸੂਰ ਸੀ ਤੇ ਹਵੇਲੀ ਕਰਨਲ ਸਾਹਿਬ ਜਾ ਕੇ ਸਾਰੰਗੀ ਵਜਾਂਦਾ ਸੀ। ਕਰਨਲ ਸਾਹਿਬ ਨਵਾਬ ਤੇ ਕਸੂਰ ਈ ਆ ਕੇ ਬਣੇ ਤੇ ਪੱਕੇ ਨਵਾਬ ਤਦ ਹੋਏ, ਜਦ ਅਯੂਬ ਖ਼ਾਨ ਦੇ ਅਲੱੈਕਸ਼ਨ ਵਿਚ ਮਿੰਬਰ ਤੇ ਫੇਰ ਅਯੂਬ ਖ਼ਾਨ ਦੇ ਕਹਿਣ ‘ਤੇ ਵਜ਼ੀਰੇ-ਸਿਹਤ ਮਗ਼ਰਬੀ ਪਾਕਿਸਤਾਨ ਬਣਾਏ ਗਏ। ਆਪ ਨੇ ਸੰਨ ਸੰਤਾਲੀ ਵਿਚ ਜਨਰਲ ਅਯੂਬ ਖ਼ਾਨ ਦੀ ਟਹਿਲ ਸੇਵਾ ਕੀਤੀ ਸੁਣੀਂਦੀ ਸੀ।

ਨਵਾਬ ਸਾਹਿਬ ਦੀ ਕਹਾਣੀ ਤੇ ਪੁਰਾਣੀ ਸੀ ਤੇ ਲੋਕਾਂ ਤੋਂ ਜ਼ਿਆਦਾ ਮੰਗਤੇ ਨੂੰ ਪਤਾ ਸੀ। ਨਵਾਬ ਸਾਹਿਬ ਅਸਲੋਂ ਗ਼ੈਰ-ਸਿਆਸੀ ਆਦਮੀ ਸਨ ਤੇ ਅਪਣੇ ਜ਼ੋਰ ‘ਤੇ ਯੂਨੀਅਨ ਕੌਂਸਲ ਦਾ ਅਲੈੱਕਸ਼ਨ ਵੀ ਨਾ ਜਿਤ ਸਕਦੇ। ਕਰਨਲ! ਯਾਰ! ਮੁਹੰਮਦ! ਖ਼ਾਨ! ਨਾ ਸਿਆਸਤਦਾਨ ਸੀ ਤੇ ਨਾ ਨਵਾਬ ਨਾ ਕਰਨਲ ਤੇ ਨਾ ਖ਼ਾਨ! ਜ਼ਾਤ ਦੇ ਆਪ ਸ਼ੇਖ਼ ਸਨ ਤੇ ਕਾਂਗੜੇ ਦਵਾਲੇ ਕਿਸੇ ਰਿਆਸਤ ਵਿਚ ਜੰਗਲ ਦੇ ਠੇਕੇਦਾਰ ਸਨ। ਲਾਮ ਲੱਗੀ ਤੇ ਓਥੇ ਦੇ ਰਾਜੇ ਨੇ ਆਪ ਨੂੰ ਰਿਆਸਤੀ ਫ਼ੌਜ ਦਾ ਆਨਰੇਰੀ ਕਪਤਾਨ ਬਣਾ ਦਿੱਤਾ। ਹੁਸ਼ਿਆਰਪੁਰ ਆਂਦਿਆਂ ਤਾਈਂ ਆਪ ਮੇਜਰ ਤੇ ਫੇਰ ਕਸੂਰ ਆ ਕੇ ਨਵਾਬ ਕਰਨਲ ਯਾਰ ਮੁਹੰਮਦ ਖ਼ਾਨ ਬਣ ਗਏ। ਆਪ ਨੇ ਭਾਗ ਮੱਲ ਦੀ ਹਵੇਲੀ – ਜਿਹੜੀ ਕਸੂਰ ਸ਼ਹਿਰ ਦੀ ਸਭ ਨਾਲ਼ੋਂ ਵੱਡੀ ਹਵੇਲੀ ਸੀ – ਅਲਾਟ ਕਰਾ ਲਈ। ਪਰ ਆਪ ਕੋਲ਼ ਪੈਸਾ ਉੱਕਾ ਕੋਈ ਨਹੀਂ ਸੀ। ਤੇ ਅਠਤਾਲ਼ੀ ਉਣੰਜਾ ਵਿਚ ਅਕਸਰ ਅਸਗ਼ਰ ਕਰਿਆਨੇ ਆਲ਼ੇ ਦੀ ਹੱਟੀ ਤੇ ਬੈਠੇ ਅਖ਼ਬਾਰ ਪੜ੍ਹ ਰਹੇ ਹੁੰਦੇ ਸਨ। ਅਸਗ਼ਰ ਈ ਆਪ ਦਾ ਯਾਰ ਸੀ ਤੇ ਘਰ ਬਾਹਰ ਚਲਾਣ ਲਈ ਉਹਦਾ ਈ ਉਧਾਰ ਸੀ। ਅਸਗ਼ਰ ਅਖ਼ਬਾਰ ਵੀ ਬੜੀ ਬਾਕ਼ਾਇਦਗੀ ਨਾਲ਼ ਪੜ੍ਹਦਾ ਸੀ। ਅਗਲੇ ਦਿਨ ਕਰਨਲ ਸਾਹਿਬ ਕਹਿ ਰਹੇ ਸਨ, “ਸਿਆਸਤ ਮੇਂ ਅਸਗ਼ਰ ਮੇਰਾ ਉਸਤਾਦ ਥਾ।” ਮੰਗਤੇ ਕਹਿਣਾ, “ਇਹ ਇੰਜੀਂ ਈ ਏ ਜੂੰ ਮੇਰਾ ਪਿਉ ਨੂਰ ਜਹਾਨ ਦਾ ਉਸਤਾਦ ਸੀ!” “ਪਰ ਅਸਗ਼ਰ ਉਧਾਰ ‘ਤੇ ਦੇਂਦਾ ਸੀ!” ਮੈਂ ਪੁੱਛਿਆ; ਫੇਰ ਮੰਗਤੇ ਨੇ ਹਵੇਲੀ ਕਰਨਲ ਸਾਹਿਬ ਦੇ ਬੁਰੇ ਦਿਨਾਂ ਦੀ ਕਹਾਣੀ ਸੁਣਾਈ: “ਘਰ ਖਾਣ ਨੂੰ ਕੁਝ ਨਹੀਂ ਸੀ। ਪਰ ਰਾਤ ਨੂੰ ਅਸੀਂ ਦੋ ਮਿਰਾਸੀ ਆਪਦੀ ਖ਼਼੍ਵਾਬਗਾਹ ਵਿਚ ਆਪ ਨੂੰ ਸੁਲਾਣ ਵਾਸਤੇ ਮੌਸੀਕੀ ਵਜਾਂਦੇ ਸਾਂ। ਨਵਾਬ ਸਾਹਿਬ ਨੂੰ ਮੌਸੀਕੀ ਦਾ ਕੱਖ ਪਤਾ ਨਹੀਂ ਸੀ। ਪਰ ਜਦ ਦੇ ਕਸੂਰ ਆਏ, ਰਾਤ ਨੂੰ ਮਿਰਾਸੀ ਆਪਦੀ ਖ਼਼੍ਵਾਬਗਾਹ ਵਿਚ ਮੌਸੀਕੀ ਵਜਾਂਦੇ ਸਨ। ਆਪ ਕਹਿੰਦੇ, ਮੌਸੀਕੀ ਮੇਰੀ ਰੂਹ ਦੀ ਗ਼ਿਜ਼ਾ ਏ। ਅਸੀਂ ਕਹਿਣਾ – ਮੌਲਾ ਇਹ ਦੂਜੀ ਗ਼ਿਜ਼ਾ ਦਾ ਕੀ ਕਰੀਏ?- ‘ਬੇਗਮ ਸਾਹਿਬ ਨਾਲ਼ ਗੱਲ ਕਰੀਂ ਸਵੇਰੇ!’ ਨਵਾਬ ਸਾਹਿਬ ਨੇ ਸੌਣ ਤੋਂ ਪਹਿਲਾਂ ਕਹਿ ਦੇਣਾ।

ਬੇਗਮ ਨਵਾਬ ਯਾਰ ਮੁਹੰਮਦ ਖ਼ਾਨ, ਅੱਲ੍ਹਾ ਬਹਿਸ਼ਤ ਨਸੀਬ ਕਰੇ ਸੂ, ਆਪਦੇ ਘਰ ਦੇ ਖ਼ਰਚੇ ਪੱਠੇ ਤੋਂ ਲੈ ਕੇ ਤਆਲੁਕਦਾਰੀ ਵਜ਼ਅਹਾਦਾਰੀ ਹਰ ਚੀਜ਼ ਦਾ ਖ਼ਿਆਲ ਰੱਖਦੀ ਸੀ। ਮੈਂ ਜਾ ਕੇ ਉਹਨਾਂ ਨੂੰ ਦੱਸਿਆ ਪਈ ਨਵਾਬ ਸਾਹਿਬ ਅਸਾਡੇ ਮੁਆਵਜ਼ੇ ਵਾਸਤੇ ਭੇਜਿਆ ਏ। ਬੇਗਮ ਸਾਹਿਬ ਮੈਨੂੰ ਅਸਗ਼ਰ ਦੀ ਹੱਟੀ ਰੁੱਕ਼ਾ ਦੇ ਕੇ ਟੋਰਿਆ। ਅਸਗ਼ਰ ਸਾਹਿਬ ਸੌਦੇ ਦੇ ਦੋ ਲਿਫ਼ਾਫ਼ੇ ਬਣਾਏ। ਇਕ ਕਿਹਾ ਹਵੇਲੀ ਦੇ ਜਾਵਾਂ ਤੇ ਦੂਜਾ ਘਰ ਲੈ ਜਾਵਾਂ। ਲਿਫ਼ਾਫ਼ੇ ਵਿਚ ਗਰਮ ਮਸਾਲਾ, ਚਾਹ ਦੀ ਪੱਤੀ ਤੇ ਦੋ ਸੇਰ ਖੰਡ ਦੇ ਸਨ। ਮੇਰੀ ਬੇਬੇ ਸ਼ੁਕਰ ਕੀਤਾ ਕੁਝ ਤੇ ਮਿਲ਼ਿਆ।”

“ਫੇਰ ਤੇ ਮੌਜ ਲੱਗ ਗਈ ਤੇਰੀ!” ਮੈਂ ਹੱਸ ਕੇ ਕਿਹਾ।

“ਸਰਕਾਰ ਉਧਾਰ ਦਾ ਇੱਕੋ ਮਸਲਾ ਹੁੰਦਾ ਏ। ਉਧਾਰ ਮਿਲ਼ਦਾ ਨਹੀਂ!” ਮੰਗਤੇ ਨੇ ਮੁਆਸ਼ੀਆਤ ਆਰਥਿਕਤਾ ਦਾ ਸਬਕ਼ ਛੋਹ ਦਿੱਤਾ।

“ਪਰ ਅਸਗ਼ਰ ਕਰਿਆਨੇ ਆਲ਼ਾ ਆਪਦਾ ਯਾਰ ਸੀ ਤੇ ਹਮੇਸ਼ਾ ਦਾ ਉਧਾਰ ਸੀ?” ਮੈਂ ਪੁੱਛਿਆ।

“ਨਹੀਂ ਸਰਕਾਰ, ਉਧਾਰ ਦੁਬਾਰਾ ਕਰਨਲ ਸਾਹਿਬ ਦੀ ਮੈਂਬਰੀ ਵਜ਼ੀਰੀ ਦੇ ਬਾਅਦ ਚਾਲੂ ਹੋਇਆ। ਬਲਕਿ ਅਸਗ਼ਰ ਨੇ ਹੀ ਸਲਾਹ ਦਿੱਤੀ ਤੇ ਨਾਲ਼ੇ ਕਰਾਚੀ ਦਾ ਕਿਰਾਇਆ ਨਵਾਬ ਸਾਹਿਬ ਨੂੰ ਦਿੱਤਾ, ਜਦੋਂ ਆਪ ਬਿਲਕੁਲ ਫਾਂਕ ਸਨ ਤੇ ਅਖ਼ਬਾਰ ਵੀ ਅਸਗ਼ਰ ਦੀ ਹੱਟੀ ਆ ਕੇ ਪੜ੍ਹ ਰਹੇ ਸਨ। ਓਸੇ ਸਲਾਹ ਦਿੱਤੀ ਪਈ ਜਰਨਲ ਅਯੂਬ ਨੂੰ ਮਿਲ਼ੋ।”

“ਫੇਰ ਤੇ ਵਾਕਿਆ ਹੀ ਅਸਗ਼ਰ ਆਪਦਾ ਉਸਤਾਦ ਸੀ ਸਿਆਸਤ ਵਿਚ!” ਮੈਂ ਹੱਸ ਕੇ ਕਿਹਾ।

“ਨਹੀਂ ਚੌਧਰੀ ਸਾਹਿਬ, ਅਸਲੀ ਉਸਤਾਦ ਤੇ ਬੇਗਮ ਸਾਹਿਬ ਬਹਿਸ਼ਤੀ ਸਨ!”

“ਉਹ ਕਿਸ ਤਰ੍ਹਾਂ?” ਮੈਂ ਪੁੱਛਿਆ।

“ਸਰਕਾਰ ਨਵਾਬ ਸਾਹਿਬ ਤੇ ਹਵੇਲੀ ਵੇਚ ਛੋੜਦੇ; ਛੇ ਕਿੱਲੇ ਸ਼ਹਿਰੀ ਜ਼ਮੀਨ ਸੀ ਤੇ ਹਜ਼ਾਰ ਰੁਪਈਆ ਮਰਲਾ ਜ਼ਿਮੀਂ ਦਾ ਭਾਅ ਹੋ ਗਿਆ ਸੀ ਪਾਕਿਸਤਾਨ ਬਣਨ ਨਾਲ਼, ਪਰ ਅਲਾਟ ਹੋਈ ਕਰਕੇ ਵਿਕ ਨਹੀਂ ਸੀ ਸਕਦੀ। ਓਹਾ ਜ਼ਿਮੀਂ ਤੇ ਛੇ ਕਰੋੜ ਦੀ ਵੇਚੀ ਨਵਾਬ ਸਾਹਿਬ ਨੇ, ਜਦੋਂ ਲਹੌਰ ਰਹਿਣ ਲਗ ਗਏ।”

“ਜ਼ਿਮੀਂ ਤੋਂ ਆਪਦੀ ਅਸਲੀ ਨਵਾਬੀ ਬਣੀ!” ਮੈਂ ਮੁੜ ਕੇ ਮੁਆਸ਼ੀਆਤ ਦੇ ਮਸਅਲੇ ਵਿਚ ਫਸ ਗਿਆ।

“ਨਹੀਂ ਚੌਧਰੀ ਸਾਹਿਬ, ਬੰਦਾ ਈ ਰੱਬ ਦਾ ਸਭ ਤੋਂ ਵੱਡਾ ਸ਼ਾਹਕਾਰ ਏ!” ਹੁਣ ਮੰਗਤਾ ਅਫ਼ਲਾਤੂਨ ਬਣ ਗਿਆ। “ਬੇਗਮ ਸਾਹਿਬ ਨਾ ਹੁੰਦੀ ਤੇ ਕੁਝ ਵੀ ਨਾ ਹੁੰਦਾ। ਚੌਧਰੀ ਸਾਹਿਬ ਜਿਹੜੀ ਔਰਤ ਮਿਰਾਸੀਆਂ ਕੋਲੋਂ ਘਾਹ ਮਰਵਾ ਸਕਦੀ ਏ, ਉਹ ਕੁਝ ਵੀ ਕਰ ਸਕਦੀ ਏ!”

“ਮੱਝਾਂ ਵਾਸਤੇ ਘਾਹ ਤੇ ਮਰਵਾਣਾ ਈ ਹੁੰਦਾ ਏ ਮੰਗਤਿਆ!” ਮੈਂ ਕਿਹਾ।

“ਨਹੀਂ ਚੌਧਰੀ ਸਾਹਿਬ, ਮੈਂ ਪਹਿਲੇ ਮਹੀਨੇ ਦਾ ਗਿੱਝਿਆ ਮੁੜ ਕੇ ਬੇਗਮ ਸਾਹਿਬ ਕੋਲ਼ ਮੁਆਵਜ਼ਾ ਲੈਣ ਗਿਆ। ਬੇਗਮ ਸਾਹਿਬ ਦਾਤ੍ਰੀ ਮੇਰੇ ਹੱਥ ਦਿੱਤੀ ਤੇ ਕਿਹਾ: ਇਹੋ ਚਾਰ ਗੰਢਾਂ ਘਾਹ ਵੱਢ ਦੇ। ਮੈਂ ਬੜਾ ਕਿਹਾ, ਸਰਕਾਰ! ਤਲਵਾਰ ਮਿਰਾਸੀ ਦੇ ਹੱਥ ਵਿਚ ਨਹੀਂ ਸੋਭਦੀ! ਪਰ ਬੇਗਮ ਸਾਹਿਬ ਆਪ ਦੋ ਚਾਰ ਮੁੱਠਾਂ ਵੱਢ ਕੇ ਵਖਾਇਆ ਪਈ ਇੰਜ ਵੱਢੀਦਾ ਏ! ਮੈਂ ਸ਼ਰਮਿੰਦਾ ਹੋ ਕੇ ਸ਼ਾਮ ਤਾਈਂ ਘਾਹ ਦੇ ਢੇਰ ਲਾ ਦਿੱਤੇ। ਬੇਗਮ ਸਾਹਿਬ ਅੰਦਰੋਂ ਚਾਦਰ ਲੈ ਕੇ ਆਏ ਤੇ ਕਹਿਣ ਲੱਗੇ, ਟਾਂਗਿਆਂ ਆਲ਼ੇ ਅੱਡੇ ‘ਤੇ ਜਾ ਕੇ ਘਾਹ ਵੇਚ ਆਵਾਂ। ਚਾਰ ਰੁਪਈਏ ਬਣ ਗਏ। ਦੋ ਬੇਗਮ ਸਾਹਿਬ ਆਪ ਰੱਖੇ ਤੇ ਦੋ ਆਪ ਨੇ ਮੈਨੂੰ ਦੇ ਦਿੱਤੇ। ਸਰਕਾਰ ਮੰਗਤਾ ਹਾਂ, ਪਰ ਮੰਗ ਕੇ ਕਦੀ ਨਹੀਂ ਖਾਧਾ। ਸਾਰੀ ਉਮਰ ਮਿਹਨਤ ਦੀ ਕਮਾਈ ਖਾਧੀ ਏ। ਮੇਰੀ ਉਸਤਾਦ ਵਾਕੇਈ ਬੇਗਮ ਸਾਹਿਬ ਸੀ। ਜੇ ਘਾਹ ਵੇਚ ਕੇ ਨਵਾਬੀ ਦਾ ਭਰਮ ਰੱਖਿਆ ਜਾ ਸਕਦਾ ਏ ਤੇ ਇਨਸਾਨ ਹਿੰਮਤ ਕਰੇ ਤੇ ਕੁਝ ਵੀ ਕਰ ਸਕਦਾ ਏ। ਨਾਲ਼ੇ ਮੌਲ਼ਾ ਏਡੀ ਸਖ਼ੀ! ਦੋ ਰੁਪਏ ਆਪ ਰੱਖੇ ਤੇ ਦੋ ਏਸ ਗ਼ਰੀਬ ਦੀ ਤਲੀ ‘ਤੇ ਰੱਖ ਦਿੱਤੇ। ਸਰਕਾਰ ਜਿਹੜਾ ਬੰਦਾ ਅੱਧੀ ਰੋਟੀ ਆਪ ਖਾ ਕੇ ਅੱਧੀ ਨੌਕਰ ਨੂੰ ਦੇਵੇ, ਉਹਦੇ ‘ਤੇ ਨੌਕਰ ਜਾਨ ਦੇ ਛੋੜਦਾ ਏ।” – ਉਸਤਾਦ ਮੰਗਤਾ ਖ਼ਾਨ ਵਾਕੇਈ ਉਸਤਾਦ ਸੀ। ਗੱਲ ਦੀ ਬਰੀਕੀ ਫ਼ਨ ਦੀ ਬਰੀਕੀ-ਹਾਰ ਜਾਣਦਾ ਸੀ। ਇੰਜੀਂ ਟੋਟਿਆਂ ਤੇ ਰਮਜ਼ਾਂ ਵਿਚ ਓਸ ਕਰਨਲ ਸਾਹਿਬ ਦੀ ਸਾਰੀ ਕਹਾਣੀ ਸੁਣਾ ਦਿੱਤੀ।

ਅੱਜ ਉਸਤਾਦ ਮੰਗਤਾ ਖ਼ਾਨ ਪਾਕਿਸਤਾਨ ਦਾ ਆਖ਼ਰੀ ਸਾਰੰਗੀ ਨਵਾਜ਼ ਮਰ ਗਿਆ ਏ। ਨੂਰ ਜਹਾਨ ਵੀ ਏਨਾ ਚਿਰ ਇਕੱਲੀ ਗਾਣ ਆਲ਼ੀ ਪੂਰੀ ਹੋ ਗਈ ਏ। ਕਲਾਕਾਰ ਤੇ ਸਾਰੇ ਮਰ-ਮੁੱਕ ਗਏ, ਪਰ ਨਵਾਬ ਕਰਨਲ ਵਜ਼ੀਰ ਅਜੇ ਵੀ ਬਹੁਤੇਰੇ ਨੇ। ਫੇਰ ਕਲਾਕਾਰ ਬਗ਼ੈਰ ਕਹਾਣੀ ਮੁੱਕ ਜਾਂਦੀ ਏ। ਇਹ ਲੋਕਾਂ ਨੂੰ ਪਤਾ ਨਹੀਂ। ਜੇ ਮੰਗਤਾ ਮੇਰਾ ਯਾਰ ਨਾ ਹੁੰਦਾ, ਤੇ ਮੈਂ ਕਹਾਣੀਕਾਰ ਨਾ ਹੁੰਦਾ।

ਜ਼ੁਬੈਰ ਅਹਿਮਦ ਨੇ ਲਿਪੀ ਪਰਤਾਈ

 

Leave a Reply

Your email address will not be published. Required fields are marked *