ਜਲੰਧਰ:ਪਾਲੀਵੁੱਡ ਫਿਲਮ ਇੰਡਸਟਰੀ ‘ਚ ਇਨ੍ਹੀਂ ਦਿਨੀਂ ਪੰਜਾਬੀ ਫਿਲਮਾਂ ਦਾ ਕਾਫੀ ਬੋਲ ਬਾਲਾ ਹੈ। ਦਰਅਸਲ ਦਿਨੋਂ-ਦਿਨ ਨਿਰਦੇਸ਼ਕ ਇਕ ਤੋਂ ਇਕ ਵਧੀਆ ਕੰਸੈਪਟ ਲੈ ਕੇ ਫਿਲਮਾਂ ਦੀ ਸਕ੍ਰਿਪਟ ਤਿਆਰ ਕਰ ਰਹੇ ਹਨ, ਜਿਸ ‘ਚ ਲੋਕਾਂ ਦੇ ਮਨੋਰੰਜਨ ਦੇ ਨਾਲ-ਨਾਲ ਖਾਸ ਸੁਨੇਹਾ ਦਿੱਤਾ ਜਾਂਦਾ ਹੈ ਅਤੇ ਆਲੇ-ਦੁਆਲੇ ਹੋ ਰਹੀਆਂ ਗਤੀਆਂ ਵਿਧੀਆਂ ਨੂੰ ਦਿਖਾਇਆ ਜਾਂਦਾ ਹੈ। ਅਜਿਹੇ ਹੀ ਮੁੱਦੇ ਪੇਸ਼ ਕਰੇਗੀ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫਿਲਮ ‘ਯਾਰਾ ਵੇ’। ਜੀ ਹਾਂ, ‘ਯਾਰਾ ਵੇ’ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ‘ਚ ਪੰਜਾਬੀ ਗਾਇਕ ਤੇ ਅਦਾਕਾਰ ਗਗਨ ਕੋਕਰੀ ਤੇ ਯੁਵਰਾਜ ਹੰਸ ਮੁੱਖ ਭੂਮਿਕਾ ‘ਚ ਹਨ। ਇਨ੍ਹਾਂ ਤੋਂ ਇਲਾਵਾ ਫਿਲਮ ‘ਚ ਰਘਬੀਰ ਬੋਲੀ, ਮੋਨਿਕਾ ਗਿੱਲ, ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਮਲਕੀਤ ਰੋਣੀ, ਹੌਬੀ ਧਾਲੀਵਾਲ, ਬੀ. ਐਨ. ਸ਼ਰਮਾ, ਗੁਰਪ੍ਰੀਤ ਕੌਰ ਭੰਗੂ ਅਤੇ ਹਸ਼ਲੀਨ ਚੌਹਾਨ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।
ਝਗੜਿਆਂ ਕਾਰਨ ਦੋਹਾਂ ਮੁਲਕਾਂ ਦੀ ਹੋਈ ਵੰਡ ਨੇ ਸਾਰੇ ਘਰ ਉੱਜੜੇ ਤੇ ਕਈ ਰਿਸ਼ਤੇ ਤੋੜ ਦਿੱਤੇ। ਫਿਲਮ ਦੀ ਕਹਾਣੀ ‘ਚ ਕੱਚੇ ਘਰਾਂ ‘ਚ ਵੱਸਦੇ ਪੱਕੇ ਰਿਸ਼ਤੇ ਨਿਭਾਉਣ ਵਾਲੇ ਲੋਕਾਂ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਫਿਲਮ ਦੀ ਕਹਾਣੀ ਤਿੰਨ ਦੋਸਤਾਂ ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੀ ਦੋਸਤੀ ਨੂੰ ਦੋਵਾਂ ਮੁਲਕਾਂ ਦੀ ਵੰਡ ਖਾ ਗਈ। ਜਦੋ ਇਨ੍ਹਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇ ਇਕੱਠੇ ਹੁੰਦੇ ਹਨ ਇਹ ਸਭ ਇਸ ਫਿਲਮ ‘ਚ ਦਿਖਾਇਆ ਜਾਵੇਗਾ। ਇਸ ਫਿਲਮ ‘ਚ ਡਰਾਮਾ ਤੇ ਰੋਮਾਂਸ ਤੋਂ ਇਲਾਵਾ ਕਾਮੇਡੀ ਦਾ ਵੀ ਤੜਕਾ ਲਾਇਆ ਗਿਆ ਹੈ। ਨਿਰਦੇਸ਼ਕ ਰਾਕੇਸ਼ ਮਹਿਤਾ ਮੁਤਾਬਕ ਇਹ ਫਿਲਮ ਦੋਸਤੀ ਦੇ ਰਿਸ਼ਤੇ ਨੂੰ ਖੂਬਸੂਰਤ ਤਰੀਕੇ ਨਾਲ ਪੇਸ਼ ਕਰੇਗੀ। ਦੱਸ ਦਈਏ ਕਿ ਇਸ ਫਿਲਮ ਦਾ ਟਰੇਲਰ ਅੱਜ 5 ਵਜੇ ਰਿਲੀਜ਼ ਹੋ ਜਾਵੇਗਾ, ਜਿਸ ਦੀ ਜਾਣਕਾਰੀ ਗਗਨ ਕੋਕਰੀ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਸ਼ੇਅਰ ਕੀਤੀ ਹੈ।