ਮਾਂ ਦੇ ਹੱਥ ਦੀ ਬਣੀ ‘ਆਟੇ ਦੀ ਚਿੜੀ’ ਕਲ ਕਰਵਾਏਗੀ ਯਾਦ ਬੀਤਿਆ ਬਚਪਨ

ਜਲੰਧਰ— ਇਸ ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ ‘ਆਟੇ ਦੀ ਚਿੜੀ’ ਕੱਲ ਯਾਨੀ 18 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ਿੰਗ ‘ਚ ਸਿਰਫ ਇਕ ਦਿਨ ਹੀ ਰਹਿ ਗਿਆ ਹੈ, ਜਿਸ ਕਰਕੇ ਦਰਸ਼ਕਾਂ ‘ਚ ਉਤਸ਼ਾਹ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ‘ਆਟੇ ਦੀ ਚਿੜੀ’ ਇਕ ਅਜਿਹੀ ਫਿਲਮ ਹੈ, ਜਿਸ ਨੂੰ ਦੇਖ ਕੇ ਸਾਰਿਆਂ ਨੂੰ ਆਪਣਾ ਬਚਪਨ, ਮੌਜ-ਮਸਤੀ ਦੇ ਦਿਨ ਅਤੇ ਮਾਂ ਦਾ ਪਿਆਰ ਜ਼ਰੂਰ ਯਾਦ ਆ ਜਾਵੇਗਾ। ਇਹ ਫਿਲਮ ਆਪਣੇ ਐਲਾਨ ਤੋਂ ਹੀ ਸੁਰਖੀਆਂ ਦਾ ਹਿੱਸਾ ਰਹੀ ਹੈ। ਇਸ ਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ, ਜੋ ਪਹਿਲੀ ਵਾਰ ਪਰਦੇ ‘ਤੇ ਇਕੱਠੀ ਦਿਸੇਗੀ। ਇਸ ਮਸ਼ਹੂਰ ਜੋੜੀ ਦੇ ਨਾਲ ਹੀ ਫਿਲਮ ‘ਚ ਕਈ ਮਸ਼ਹੂਰ ਕਲਾਕਾਰ ਮੌਜੂਦ ਹਨ ਜਿਵੇਂ ਕਿ ਤਜਰਬੇਕਾਰ ਅਭਿਨੇਤਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਦਿਲਾਵਰ ਸਿੱਧੂ, ਪ੍ਰਕਾਸ਼ ਜਾਦੂ ਅਤੇ ਅਨਮੋਲ ਵਰਮਾ। ਇਸ ਮੌਕੇ ‘ਤੇ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਕਿ ‘ਆਟੇ ਦੀ ਚਿੜੀ’ ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ ਕਿਉਂਕਿ ਇਸ ਦੀ ਕਹਾਣੀ ਅਤੇ ਪਿਛੋਕੜ ਮੇਰੀ ਆਪਣੀ ਜ਼ਿੰਦਗੀ ਨਾਲ ਮਿਲਦੀ-ਜੁਲਦੀ ਹੈ। ਮੇਰਾ ਵੀ ਜਨਮ ਕੈਨੇਡਾ ‘ਚ ਹੋਇਆ ਹੈ। ਬਚਪਨ ਤੋਂ ਹੀ ਮੈਂ ਸਾਡੇ ਸੱਭਿਆਚਾਰ ਨਾਲ ਜੁੜੀਆਂ ਕਈ ਗੱਲਾਂ ਤੋਂ ਅਣਜਾਣ ਸੀ, ਜੋ ਮੈਨੂੰ ਇਸ ਫਿਲਮ ਦੇ ਦੌਰਾਨ ਪਤਾ ਚੱਲੀਆਂ। ਇਸ ਫਿਲਮ ਨੇ ਮੈਨੂੰ ਇਕ ਚੀਜ਼ ਜ਼ਰੂਰ ਸਿਖਾਈ ਹੈ, ਉਹ ਹੈ ਆਪਣੀ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਸਹੀ ਮੁੱਲ।ਗਾਇਕ ਅਤੇ ਅਭਿਨੇਤਾ ਅੰਮ੍ਰਿਤ ਮਾਨ ਨੇ ਕਿਹਾ ਕਿ, ”ਮੈਂ ਆਪਣੇ ਗੀਤਾਂ ਅਤੇ ਇਕ ਫਿਲਮ ‘ਚ ਅਦਾਕਾਰੀ ਕਰ ਚੁੱਕਾ ਹਾਂ ਪਰ ਇਕ ਪੂਰੀ ਫਿਲਮ ਦਾ ਭਾਰ ਆਪਣੇ ਮੋਢਿਆਂ ‘ਤੇ ਲੈਣਾ ਵੱਖਰੀ ਹੀ ਜ਼ਿੰਮੇਵਾਰੀ ਹੈ। ਮੈਂ ਬਹੁਤ ਹੀ ਖੁਸ਼ ਹਾਂ ਅਤੇ ਕੁਝ ਘਬਰਾਹਟ ਵੀ ਹੈ ਪਰ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਹੀ ਖੁਸ਼ਨਸੀਬ ਹਾਂ ਕਿ ਮੈਨੂੰ ਇਸ ਫਿਲਮ ਨਾਲ ਆਪਣੇ ਸਫਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ।”

Leave a Reply

Your email address will not be published. Required fields are marked *