ਭੇਡ ਕਹਿ ਕੇ ਗਾਂ ਖਵਾਈ, ਹੁਣ ਕਿਉਂ ਲੁਕਦਾ ਫਿਰਦਾ ਬਾਈ

0
110

ਨਿਊਜ਼ੀਲੈਂਡ ਦੇ ਸ਼ਹਿਰ ਬਲੈਨਿ੍ਹਮ ‘ਚ ਇੱਕ ਹਿੰਦੂ ਨੂੰ ਭੇਡ ਕਹਿ ਕੇ ਗਾਂ ਦਾ ਮਾਸ ਵੇਚਣ ਵਾਲੀ ਸੁਪਰਮਾਰਕੀਟ “ਕਾਉਂਟਡਾਊਨ” ਕਸੂਤੀ ਫਸੀ ਹੋਈ ਹੈ । ਇਸ ਸੁਪਰ ਮਾਰਕੀਟ ਨੂੰ ਆਸਟ੍ਰੇਲੀਆ ਵਿੱਚ ਵੂਲਵਰਥ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
ਦੋ ਦਾਹਾਕਿਆ ਤੋਂ ਇਸੇ ਬਲੈਨਹੀਮ ਸ਼ਹਿਰ ਚ ਰਹਿਣ ਵਾਲੇ ਜਸਵਿੰਦਰ ਪਾਲ ਨੇ ਸਤੰਬਰ ਮਹੀਨੇ ਚ ਇਸ ਸਟੋਰ ਤੋਂ ਭੇਡ ਦੀ ਲੱਤ ਖਰੀਦੀ ਸੀ । ਸਟੋਰ ਵਾਲਿਆਂ ਨੇ ਉਸ ਨੂੰ ਜੋ ਲਿਫਾਫਾ ਦਿੱਤਾ ਉਹਦੇ ਉੱਤੇ ਭੇਡ ਦੇ ਮਾਸ ਦਾ ਸਟਿੱਕਰ ਲੱਗਿਆ ਹੋਇਆ ਸੀ ਪਰ ਜਦੋਂ ਜਸਵਿੰਦਰ ਨੇ ਘਰੇ ਜਾ ਕੇ ਚੁੱਲੇ ਤੇ ਧਰਿਆ ਤਾਂ ਉਹ ਮੁਸ਼ਕ ਤੋਂ ਪਛਾਣ ਗਿਆ ਕਿ ਇਹ ਭੇਡ ਨਹੀਂ । ਫਿਰ ਉਹਨੇ ਖਾ ਕੇ ਪੱਕਾ ਕੀਤਾ ਕਿ ਇਹ ਸਚਮੁਚ ਗਾਂ ਮਾਸ ਵਰਗਾ ਬੇਸੁਆਦ ਸੀ । ਉਹਨੇ ਸਬੂਤ ਵਜੋਂ ਇਕ ਕੌਲੀ ਫਰਿੱਜ ‘ਚ ਸਾਂਭ ਕੇ ਰੱਖ ਲਈ ।
ਜਸਵਿੰਦਰ ਨੇ ਦੱਸਿਆ ਕਿ ਉਹ ਗਊ ਨੂੰ ਆਪਣੀ ਮਾਂ ਮੰਨਦਾ ਹੈ ਤੇ ਇਹ ਮੀਟ ਖਾਣ ਨਾਲ ਉਸਦਾ ਧਰਮ ਭ੍ਰਿਸ਼ਟ ਹੋ ਗਿਆ ਹੈ । ਹੁਣ ਜਸਵਿੰਦਰ ਪਾਲ ਨੂੰ ਧਾਰਮਿਕ ਰੀਤੀ ਰਿਵਾਜ ਮੁਤਾਬਕ ਆਪਣਾ ਸ਼ੁੱਧੀਕਰਨ ਕਰਵਾਉਣਾ ਪਏਗਾ ਤੇ ਇਹ ਭਾਰਤ ਜਾਏ ਬਿਨਾਂ ਹੋਣਾ ਨਹੀਂ ।
ਜਸਵਿੰਦਰ ਪਾਲ ਨੇ ਕੰਪਨੀ ਨੂੰ ਕਿਹਾ ਕਿ ਉਹ ਉਸ ਨੂੰ ਭਾਰਤ ਜਾਣ ਦੀ ਟਿਕਟ ਉੱਥੇ ਰਹਿਣ ਦਾ ਖ਼ਰਚਾ ਤੇ ਪੰਡਤਾਂ ਦੀ ਫੀਸ ਦੇਣ ਕਿਉਂਕਿ ਉਨ੍ਹਾਂ ਦੀ ਗਲਤੀ ਕਰਕੇ ਹੀ ਉਹਦਾ ਧਰਮ ਭ੍ਰਿਸ਼ਟ ਹੋਇਆ ਹੈ । ਜਸਵਿੰਦਰ ਨੇ ਇਹ ਵੀ ਕਿਹਾ ਕਿ ਭਾਰਤ ਜਾਣ ਲਈ ਉਸ ਨੂੰ ਦੋ ਤਿੰਨ ਹਫ਼ਤੇ ਦਾ ਸਮਾਂ ਚਾਹੀਦਾ ਹੋਊ ਤੇ ਏਨੇ ਦਿਨ ਉਸ ਨੂੰ ਆਪਣਾ ਧੰਦਾ ਬੰਦ ਰੱਖਣਾ ਪਏਗਾ । ਇਸ ਲਈ ਸੁਪਰ ਮਾਰਕੀਟ ਨੂੰ ਚਾਹੀਦਾ ਹੈ ਕਿ ਉਹ ਉਸ ਦੀਆਂ ਆਉਣ ਜਾਣ ਦੀਆਂ ਟਿਕਟਾਂ ਤੇ ਰਾਹਦਾਰੀ ਤੇ ਰਾਸ ਦਾ ਪ੍ਰਬੰਧ ਕਰਕੇ ਦੇਵੇ ।
ਹਾਲਾਂਕਿ ਕੰਪਨੀ ਨੇ ਆਪਣੀ ਗ਼ਲਤੀ ਮੰਨ ਲਈ ਹੈ ਕਿ ਉਨ੍ਹਾਂ ਕੋਲੋਂ ਗਾਂ ਦੇ ਮੀਟ ਤੇ ਭੇਡੂ ਦਾ ਸਟਿੱਕਰ ਲੱਗਿਆ ਸੀ । ਕੰਪਨੀ ਮੈਨਜਰ ਨੇ ਜਸਵਿੰਦਰ ਪਾਲ ਨੂੰ ਦੋ ਸੌ ਡਾਲਰ ਦਾ ਗਿਫਟ ਵੋਚਰ ਦਾ ਲਾਲਚ ਵੀ ਦਿੱਤਾ ਸੀ ।
ਪਰ ਜਸਵਿੰਦਰ ਨੇ ਕਿਹਾ ਕਿ ਗਾਂ ਮੀਟ ਖਾਣ ਪਿੱਛੋਂ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਬੁਲਾਉਣਾ ਛੱਡ ਦਿੱਤਾ ਹੈ ਤੇ ਉਸ ਦਾ ਸ਼ੁੱਧੀਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ । ਨੈਲਸਨ ਦੇ ਹਰੇ ਕ੍ਰਿਸ਼ਨਾ ਮੰਦਰ ਵਿੱਚ ਪੁਜਾਰੀ ਵਿਸ਼ਨੂੰ ਅਧਿਕਾਰੀ ਨੇ ਕਿਹਾ ਕਿ ਗਾਂ ਸਾਡੇ ਲਈ ਮਾਂ ਹੈ ਤੇ ਅਸੀਂ ਮਾਂ ਦਾ ਮੀਟ ਕਿਵੇਂ ਖਾ ਸਕਦੇ ਹਾਂ ?
ਜਸਵਿੰਦਰ ਪਾਲ ਨੇ ਕੰਪਨੀ ਨੂੰ ਦੱਸ ਦਿੱਤਾ ਹੈ ਕਿ ਉਹ ਉਨ੍ਹਾਂ ਖਿਲਾਫ ਕਚਹਿਰੀ ਵਿੱਚ ਮਾਮਲਾ ਨਹੀਂ ਲਾਉਣਾ ਚਾਹੁੰਦਾ ਸਗੋਂ ਸ਼ੁੱਧੀਕਰਨ ਕਰਨਾ ਚਾਹੁੰਦਾ ਹੈ ਪਰ ਜੇ ਉਹ ਨਾ ਮੰਨੇ ਤਾਂ ਮਜਬੂਰਨ ਉਸ ਨੂੰ ਕਚਹਿਰੀ ਦਾ ਬੂਹਾ ਖੜਕਾਉਣਾ ਪਵੇਗਾ ।