ਭੂਟਾਨ ’ਚ ਜਦੋਂ ਚੰਗਿਆੜਿਆਂ ਦਾ ਮੀਂਹ ਪਿਆ

 

ਭੂਟਾਨ ’ਚ ਵੜਕੇ ਐਦਾਂ ਲਗਦਾ ਜਿਵੇਂ ਯੂਰਪ ’ਚ ਵੜ ਗਏ ਹੋਈਏ। ਨਾ ਰਿਕਸ਼ਾ ਨਾ ਯੱਕਾ ਤੀਵੀਂ ਡਰੈਵਰ ਹਰ ਟੈਕਸੀ ’ਚ ਪੱਕਾ। ਭੂਟਾਨ ਦੀ ਰਾਜਧਾਨੀ ਥਿੰਪੂ ਸੋਹਣੇ ਮੂੰਹਾਂ ਨਾਲ ਅੈਦਾਂ ਭਰੀ ਹੋਈ ਸੀ ਜਿਵੇਂ ਬਹਾਰ ’ਚ ਦਰੱਖਤਾਂ ਦੇ ਲਗਰਾਂ ਫੁੱਟੀਆਂ ਹੁੰਦੀਆਂ।
ਜੇ ਕਿਸੇ ਟੈਕਸੀ ਨੂੰ ਹੱਥ ਦਿਉ ਤਾਂ ਅੱਗੋਂ ਕੋਈ ਬੁੱਧ ਦੀ ਚੇਲੀ ਹੱਸ ਕੇ ਪੁੱਛਦੀ ਸੀ ਕਿੱਥੇ ਜਾਣਾ ਤਾਂ ਜੀਅ ਕਰਦਾ ਸੀ ਬਈ ਕਹੀਏ ਜਾਣਾ ਕਿਤੇ ਨੀ ਬੱਸ ਐਦਾਂ ਹੀ ਗੇੜੇ ਕਢਾਈ ਚਲ।

ਜਿਹੜੇ ਹੋਟਲ ’ਚ ਅਸੀਂ ਕਮਰਾ ਲਿਆ ਸੀ ਉਹ ਉਂਜ ਤਾਂ ਨੈੱਟ ’ਤੇ ਕਮਰਾ ਰਾਖਵਾਂ ਕਰਦੇ ਨੇ ਪਰ ਉਨ੍ਹਾਂ ਕੋਲ ਖਾਲੀ ਸੀ ਇਸ ਕਰਕੇ ਸਾਨੂੰ ਚਾਰਾਂ ਨੂੰ ਦੋ ਆਲੇ ਕਮਰੇ ’ਚ ਵਾੜ ਦਿੱਤਾ। ਉਂਜ ਉਹ ਕਮਰਾ ਖਾਸਾ ਮਹਿੰਗਾ ਸੀ ਪਰ ਸਾਨੂੰ ਲੋਟ ਰਿਹਾ। ਇਹ ਏਦਾਂ ਦੀ ਗੱਲ ਸੀ ਜਿਵੇਂ ਕੋਈ ਛਤੜਾ ਡਿੱਗਣ ’ਤੇ ਦੁੱਧ ਦੇਣ ਵਾਲੀ ਮੱਝ ਨੁੰ ਸੌਣ ਆਲੇ ਕਮਰੇ ’ਚ ਹੀ ਬੰਨ੍ਹ ਲਵੇ।

ਅਸੀਂ ਪਹਿਲਾ ਦਿਨ ਤਾਂ ਬੱਸ ਵਾਰਸ ਸ਼ਾਹ ਦੇ ਇਨ੍ਹਾਂ ਬੋਲਾਂ ਨੂੰ ਹੀ ਮਾਣਦੇ ਰਹੇ …….ਦੰਦ ਚੰਬੇ ਦੀ ਲੜੀ ਕੇ ਹੰਸ ਮੋਤੀ ਦਾਣੇ ਨਿਕਲੇ ਹੁਸਨ ਅਨਾਰ ਵਿਚੋਂ , ਵਾਰਸ ਸ਼ਾਹ ਜਦੋਂ ਨੈਣਾਂ ਦਾ ਦਾਅ ਲੱਗੇ ਕੋਈ ਬਚੇ ਨਾ ਜੂਏ ਦੀ ਹਾਰ ਵਿਚੋਂ।

ਅਸੀਂ ਪੰਜਾਬ ਤੋਂ ਪੰਜ ਦਿਨਾਂ ’ਚ ਥਿੰਪੂ ਪੁੱਜੇ ਸੀ ਇਸ ਕਰਕੇ ਸਾਡੇ ਕੱਪੜੇ ਯੂ ਪੀ, ਬਿਹਾਰ ਤੇ ਬੰਗਾਲੀਆਂ ਦੇ ਪੱਦਾਂ ਨਾਲ ਭਰੇ ਪਏ ਸਨ। ਅਸੀਂ ਕੱਪੜੇ ਧੋ ਕੇ ਉਨ੍ਹਾਂ ’ਚੋਂ ਪੱਦ ਕੱਢੇ। ਕੱਪੜੇ ਸੁੱਕਣੇ ਪਾ ਕੇ ਪੁਨਾਖਾ ਘੁੰਮਣ ਚਲੇ ਗਏ। ਅਸੀਂ ਸਕੀਮ ਬਣਾਈ ਕਿ ਅੱਜ ਰੋਟੀ ਹੋਟਲ ਦੀ ਮੈਨੇਜਰ ਕੋਇਲਾ ਛੇਤਰੀ ਕੋਲ ਖਾਵਾਂਗੇ। ਉਹ ਰੋਟੀ ਮਹਿੰਗੀ ਪੈਂਦੀ ਸੀ। ਪਰ ਸੋਚਿਆ ਕਿ ਅਗਲੇ ਦਿਨ ਅਸੀਂ ਚਲੇ ਜਾਣਾ ਇਸ ਕਰਕੇ ਚੰਗਿਆੜੇ ਕੱਢਾਂਗੇ।

ਜਦੋਂ ਅਸੀਂ ਸ਼ਾਮ ਨੂੰ ਹੋਟਲ ਪੁੱਜੇ ਤਾਂ ਉਥੇ ਉਹ ਗੱਲ ਹੋਈ ਪਈ ਸੀ ਕਿ ਉਹ ਫਿਰੇ ਨੱਥ ਘੜਾਉਣ ਨੁੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਸਾਡਾ ਸਾਰਾ ਸਾਮਾਨ ਕਮਰੇ ’ਚੋਂ ਬਾਹਰ ਕੱਢ ਕੇ ਰੱਖਿਆ ਹੋਇਆ ਸੀ। ਕੋਇਲਾ ਛੇਤਰੀ ਕਹਿੰਦੀ ਕਿ ਸਾਡੇ ਆਨ ਲਾਈਨ ਗਾਹਕ ਆ ਗਏ ਹਨ, ਹੁਣ ਤੁਸੀਂ ਕਿਤੇ ਹੋਰ ਜਾਉ। ਉਸ ਸਮੇਂ ਹਨੇਰਾ ਹੋ ਗਿਆ ਸੀ।

ਉਸ ਦੀ ਇਹ ਗੱਲ ਸੁਣਦਿਆਂ ਹੀ ਕਿਲ੍ਹਾ ਰਾਏਪੁਰੀਏ ਮੇਰੇ ਸਾਥੀਆਂ ਨੇ ਆਪਣੀਆਂ ਤੋਪਾਂ ਦੇ ਮੂੰਹ ਮੇਰੇ ਵੱਲ ਕਰ ਦਿੱਤੇ ,‘‘ ਕੈਹ ਹੁਣ ਆਪਣੀ ਮਾਮੀ ਨੂੰ ਜਿਸ ਨਾਲ ਸਾਰਾ ਦਿਨ ਦੰਦੀਆਂ ਕੱਢਦਾ ਰਹਿੰਦਾ ਸੀ। ਯਾਰ ਇਸ ਬੰਦੇ ਨੇ ਸਾਡੀ ਵੀ ਕੋਈ ਵੁੱਕਤ ਨੀ ਛੱਡੀ, ਜਿੱਥੇ ਸੋਹਣੀ ਤੀਵੀਂ ਵੇਖਦਾ ਉਥੇ ਹੀ ਧੂਣੀ ਲਾ ਕੇ ਬਹਿ ਜਾਂਦਾ। ਐਹਜੇ ਬੰਦੇ ਨਾਲ ਆ ਕੇ ਅਸੀਂ ਗਲਤੀ ਕਰ ਲੀ। ਅਸੀਂ ਹੁਣ ਭਾਰਤੀ ਅੰਬੈਸੀ ਜਾਵਾਂਗੇ।’’ ਉਥੇ ਜ਼ੋਰਦਾਰ ਬਹਿਸ ਛਿੜ ਪਈ।

ਮੈਨੂੰ ਪਤਾ ਸੀ ਕਿ ਬਹਿਸ ਇੱਥੇ ਕੋਈ ਮਸਲਾ ਹੱਲ ਨੀ ਕਰ ਸਕਦੀ। ਇੱਥੇ ਤਾਂ ਕੋਈ ਅਜਿਹੀ ਜੁਗਤ ਦੀ ਲੋੜ ਸੀ ਕਿ ਕਮਰਾ ਨਾ ਛੱਡਣਾ ਪਵੇ। ਸਾਡੇ ਕੋਲ ਹੋਰ ਕਮਰਾ ਲੈਣ ਜੋਗੇ ਪੈਸੇ ਵੀ ਨਹੀਂ ਸਨ। ਰਾਤ ਨੂੰ ਕਮਰੇ ਹੋਰ ਵੀ ਮਹਿੰਗੇ ਹੋ ਜਾਂਦੇ ਹਨ।

ਘਮੱਕੜਪੁਣੇ ਦੇ ਅਪਣੇ ਤਜਰਬੇ ਕਰਕੇ ਮੈਂ ਆਪਣੇ ਸਾਥੀਆਂ ਤੋਂ ਥੋੜ੍ਹਾ ‘ਸਿਆਣਾ’ ਸੀ। ਮੈਂ ਕੋਇਲਾ ਛੇਤਰੀ (ਤਸਵੀਰ ’ਚ ਮੂਹਰੇ ਖੜੀ) ਨੂੰ ਕਿਹਾ ਕਿ ਜੇ ਤੂੰ ਸਾਡੇ ਦੇਸ ਜਾਵੇਂ ਉਥੇ ਕੋਈ ਤੇਰਾ ਸਾਮਾਨ ਐਦਾਂ ਹੋਟਲ ਤੋਂ ਬਾਹਰ ਸੁੱਟ ਦੇਵੇ ਤਾਂ ਤੈਨੂੰ ਕਿਹੋ ਜਿਹਾ ਲਗੇਗਾ। ਕੋਇਲਾ ਛੇਤਰੀ ਦੇ ਮੂੰਹ ’ਤੇ ਤਣਾਅ ਦੀਆਂ ਲਕੀਰਾਂ ਨੇ ਗੋਤਾ ਖਾਧਾ।

ਫੇਰ ਮੈਂ ਉਸ ਤੇ ਆਪਣੇ ਭੱਥੇ ਦਾ ਸਭ ਤੋਂ ਵੱਡਾ ਤੀਰ ਚਲਾ ਦਿੱਤਾ, ਜਿਸ ਦੇ ਵਾਰ ਦਾ ਉਸ ਕੋਲ ਕੋਈ ਤੋੜ ਹੀ ਨਹੀਂ ਸੀ ।

ਮੈਂ ਕਿਹਾ ,‘‘ ਕੋਇਲਾ ਕੀ ਤੂੰ ਚਾਹੇਂਗੀ ਕਿ ਜਦੋਂ ਵੀ ਅਸੀਂ ਤੈਨੂੰ ਯਾਦ ਕਰੀਏ ਸਾਡਾ ਮੂੰੰਹ ਕੁੜੱਤਣ ਨਾਲ ਭਰ ਜਾਵੇ। ਕੀ ਤੈਨੂੰ ਚੰਗਾ ਨਹੀਂ ਲਗੇਗਾ ਕਿ ਅਸੀਂ ਤੈਨੂੰ ਯਾਦ ਕਰੀਏ ਕਿ ਕੋਇਲਾ ਛੇਤਰੀ ਵੇਖਣ ਵਿਚ ਹੀ ਸੋਹਣੀ ਨਹੀਂ ਸੀ, ਸੱਗੋਂ ਉਸ ਦੀ ਸੀਰਤ ਵੀ ਮਾਰੂਥਲ ’ਚ ਭਟਕਦਿਆਂ ਨੁੰ ਪਾਣੀ ਮਿਲਣ ਦੇ ਅਹਿਸਾਸ ਨਾਲ ਭਰ ਦਿੰਦੀ ਸੀ।

ਮੇਰੇ ਮੂੰਹੋਂ ਇਹ ਸੁਣਦਿਆਂ ਹੀ ਕੋਇਲਾ ਛੇਤਰੀ ਦਾ ਮੂੰਹ ਅਰਮਾਨਾਂ ਦੀ ਲਹਿਰ ਬਣ ਗਿਆ। ਉਹ ਕਹਿੰਦੀ, ਤੁਸੀਂ ਇੱਥੇ ਹੀ ਰਹੋ ਅਸੀਂ ਆਪਣੇ ਗਾਹਕਾਂ ਨੂੰ ਦੂਜੇ ਹੋਟਲ ਵਿਚ ਠਹਿਰਾਅ ਦਿੰਦੇ ਹਾਂ।

ਉਸ ਤੋਂ ਬਾਅਦ ਫੇਰ ਰਾਤ ਨੂੰ ਉਥੇ ਜੋ ਮਾਣ ਉਨ੍ਹਾਂ ਨੇ ਸਾਨੁੰ ਦਿੱਤਾ, ਉਸਨੂੰ ਯਾਦ ਕਰਕੇ ਅੱਜ ਵੀ ਰੂਹ ’ਚ ਸੱਧਰਾਂ ਦੀ ਛੱਲ ਉਠ ਪੈਂਦੀ ਹੈ। ਮੇਰੇ ਨਾਲ ਦੇ ਅੱਜ ਵੀ ਕਹਿੰਦੇ ਨੇ, ਬਾਈ ਉਹ ਤਾਂ ਐਂ ਲਗਦਾ ਜਿਵੇਂ ਕੋਈ ਸੁਪਨਾ ਸੀ। ਸਵੇਰੇ ਉਨ੍ਹਾਂ ਨੇ ਫੇਰ ਫਕੀਰਾਂ ਨੂੰ ਬਾਦਸ਼ਾਹਾਂ ਵਾਲੇ ਮਾਣ ਨਾਲ ਵਿਦਾ ਕੀਤਾ।

ਅੈਵੇਂ ਗੁਜ਼ਾਰ ਲਈ ਜ਼ਿੰਦਗੀ ਫਕੀਰ ਹੋ ਕੇ ਗਰੀਬ ਹੋ ਕੇ
ਮਿਲ ਗਈ ਬਾਦਸ਼ਾਹੀ ਕੇ ਮਿਲ ਗਿਆ ਬਹਿਣਾ ਤੇਰੇ ਕਰੀਬ ਹੋ ਕੇ (ਦਵਿੰਦਰ ਸੰਧੂ)

Leave a Reply

Your email address will not be published. Required fields are marked *