ਭੁੱਖਿਆਂ ਦੇ ਮੂੰਹੋਂ ਖਾਣਾ ਖੋਹ ਰਹੇ ਹਨ ਬਾਗੀ

ਸਨਾ- ਯਮਨ ‘ਚ ਰਾਹਤ ਸਮੱਗਰੀ ਪਹੁੰਚਾ ਰਹੇ ਵਿਸ਼ਵ ਖੁਰਾਕ ਪ੍ਰੋਗਰਾਮ ਨੇ ਹੂਤੀ ਬਾਗੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਕਬਜ਼ੇ ਵਾਲੇ ਇਲਾਕਿਆਂ ਵਿਚੋਂ ਲੋੜਵੰਦਾਂ ਤੱਕ ਖੁਰਾਕ ਸਮੱਗਰੀ ਪਹੁੰਚਣ ਦੇਣ। ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਦੇ ਇਕ ਸਰਵੇ ਮੁਤਾਬਕ ਰਾਜਧਾਨੀ ਸਨਾ ਦੇ ਲੋਕਾਂ ਤੱਕ ਉਨ੍ਹਾਂ ਦੇ ਹਿੱਸੇ ਦੀ ਜ਼ਰੂਰੀ ਰਾਹਤ ਸਮੱਗਰੀ ਨਹੀਂ ਪਹੁੰਚ ਰਹੀ ਹੈ। ਏਜੰਸੀ ਦਾ ਕਹਿਣਾ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਖੁਰਾਕ ਸਮੱਗਰੀ ਵੰਡੀ ਜਾ ਰਹੀ ਸੀ ਉਥੋਂ ਇਸ ਨੂੰ ਜ਼ਬਰਦਸਤੀ ਹਟਾ ਕੇ ਜਾਂ ਤਾਂ ਖੁਲ੍ਹੇ ਬਾਜ਼ਾਰ ਵਿਚ ਵੇਚਿਆ ਜਾ ਰਿਹਾ ਹੈ ਜਾਂ ਫਿਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਇਸ ਦੇ ਸਹੀ ਹੱਕਦਾਰ ਨਹੀਂ ਹਨ। ਹੂਤੀ ਬਾਗੀਆਂ ਨੇ ਇਨ੍ਹਾਂ ਦੋਸ਼ਾਂ ‘ਤੇ ਕੋਈ ਪ੍ਰਤੀਕਿਰਿਆ ਦਿੱਤੇ ਬਿਨਾਂ ਕਿਹਾ ਹੈ ਕਿ ਉਹ ਰਾਹਤ ਸਮੱਗਰੀ ਦਾ ਰਸਤਾ ਨਹੀਂ ਬਦਲ ਰਹੇ ਹਨ। ਸੰਯੁਕਤ ਰਾਸ਼ਟਰ ਮੁਤਾਬਕ ਯਮਨ ਵਿਚ ਦੋ ਕਰੋੜ ਲੋਕ ਖੁਰਾਕ ਸੰਕਟ ਝੱਲ ਰਹੇ ਹਨ ਅਤੇ ਇਨ੍ਹਾਂ ਵਿਚੋਂ ਇਕ ਕਰੋੜ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਨੂੰ ਅਗਲੇ ਸਮੇਂ ਦਾ ਖਾਣਾ ਮਿਲ ਵੀ ਸਕੇਗਾ ਜਾਂ ਨਹੀਂ।
ਹੂਤੀ ਬਾਗੀਆਂ ਦੇ ਦੇਸ਼ ਦੇ ਜ਼ਿਆਦਾਤਰ ਪੱਛਮੀ ਹਿੱਸਿਆਂ ‘ਤੇ ਕੰਟਰੋਲ ਕਰਨ ਅਤੇ ਸਾਊਦੀ ਅਰਬ ਹਮਾਇਤੀ ਰਾਸ਼ਟਰਪਤੀ ਅਬਦੂਰੱਬੂ ਮੰਸੂਰ ਹਾਦੀ ਨੂੰ ਦੇਸ਼ ਛੱਡ ਕੇ ਭੱਜਣ ‘ਤੇ ਮਜਬੂਰ ਕਰਨ ਤੋਂ ਬਾਅਦ ਸਾਊਦੀ ਅਰਬ ਦੀ ਅਗਵਾਈ ਵਾਲੇ ਫੌਜੀ ਗਠਜੋੜ ਨੇ ਯਮਨ ਦੀ ਜੰਗ ਵਿਚ ਦਖਲ ਦਿੱਤਾ ਸੀ। ਇਸ ਤੋਂ ਬਾਅਦ ਯਮਨ ਦੇ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ। ਸੰਯੁਕਤ ਰਾਸ਼ਟਰ ਮੁਤਾਬਕ ਹੁਣ ਤੱਕ ਦੀ ਲੜਾਈ ਵਿਚ ਘੱਟੋ-ਘੱਟ 6800 ਆਮ ਨਾਗਰਿਕ ਮਾਰੇ ਗਏ ਹਨ ਅਤੇ 10700 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 10 ਹਜ਼ਾਰ ਨਾਗਰਿਕਾਂ ਦੀ ਮੌਤ ਇਸ ਕਾਰਨ ਹੋਈ ਹੈ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ, ਇਸ ਵਿਚ ਕੁਪੋਸ਼ਣ, ਬੀਮਾਰੀ ਅਤੇ ਭੁੱਖਮਰੀ ਸ਼ਾਮਲ ਹੈ। ਵਿਸ਼ਵ ਖੁਰਾਕ ਪ੍ਰੋਗਰਾਮ ਦਾ ਕਹਿਣਾ ਹੈ ਕਿ ਹਾਲ ਦੇ ਮਹੀਨਿਆਂ ਵਿਚ ਕੀਤੀ ਗਈ ਸਮੀਖਿਆ ਵਿਚ ਖੁਰਾਕ ਸਮੱਗਰੀ ਦੀ ਵੰਡ ਵਿਚ ਗੜਬੜੀ ਸਾਹਮਣੇ ਆਈ ਹੈ। ਰਾਜਧਾਨੀ ਸਨਾ ਦੇ ਖੁਲ੍ਹੇ ਬਾਜ਼ਾਰ ਵਿਚ ਰਾਹਤ ਸਮੱਗਰੀ ਵਿਕਣ ਦੀ ਰਿਪੋਰਟ ਵੀ ਆ ਰਹੀ ਸੀ।ਏਜੰਸੀ ਮੁਤਾਬਕ ਖੁਰਾਕ ਸਮੱਗਰੀ ਵੰਡਣ ਦੇ ਕੰਮ ਵਿਚ ਸਹਾਇਤਾ ਕਰ ਰਹੀ ਘੱਟੋ-ਘੱਟ ਇਕ ਏਜੰਸੀ ਘੁਟਾਲਾ ਕਰ ਰਹੀ ਸੀ। ਇਹ ਸੰਸਥਾ ਹੂਤੀ ਬਾਗੀਆਂ ਦੇ ਸਿੱਖਿਆ ਮੰਤਰਾਲੇ ਨਾਲ ਜੁੜੀ ਹੋਈ ਹੈ। ਇਕ ਬਿਆਨ ਵਿਚ ਡਬਲਿਊ.ਪੀ.ਐਫ ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਬੀਸਲੇ ਨੇ ਕਿਹਾ ਕਿ ਇਹ ਭੁੱਖੇ ਲੋਕਾਂ ਦੇ ਮੂੰਹ ਵਿਚੋਂ ਖਾਣਾ ਖੋਹਣ ਵਰਗਾ ਹੈ। ਡੇਵਿਡ ਬੀਸਲੇ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਵਿਚ ਜਦੋਂ ਭਰਪੂਰ ਖਾਣਾ ਨਾ ਹੋਣ ਨਾਲ ਯਮਨ ਵਿਚ ਬੱਚੇ ਭੁੱਖ ਨਾਲ ਮਰ ਰਹੇ ਹਨ। ਇਹ ਘਿਨੌਣਾ ਜ਼ੁਲਮ ਹੈ। ਇਹ ਅਪਰਾਧਕ ਵਰਤਾਓ ਤੁਰੰਤ ਰੁਕਣਾ ਚਾਹੀਦਾ ਹੈ। ਡਬਲਿਊ.ਪੀ.ਐਫ. ਦਾ ਕਹਿਣਾ ਹੈ ਕਿ ਉਸ ਦੇ ਸੁਪਰਵਾਈਜ਼ਰਾਂ ਨੇ ਲਾਰੀਆਂ ਵਿਚੋਂ ਖੁਰਾਕ ਸਮੱਗਰੀ ਚੋਰੀ ਕਰਨ ਅਤੇ ਖੁਲ੍ਹੇ ਬਾਜ਼ਾਰ ਵਿਚ ਵੇਚਣ ਦੀਆਂ ਤਸਵੀਰਾਂ ਲਈਆਂ ਹਨ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਲਾਭਕਾਰੀਆੰ ਵਿਚ ਫਰਜ਼ੀ ਨਾਂ ਵੀ ਜੋੜੇ ਜਾ ਰਹੇ ਹਨ ਅਤੇ ਗਲਤ ਪਤਿਆਂ ‘ਤੇ ਵੀ ਸਮੱਗਰੀ ਪਹੁੰਚਾਈ ਜਾ ਰਹੀ ਹੈ।ਕੁਝ ਸਮੱਗਰੀ ਅਜਿਹੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜੋ ਉਸ ਦੇ ਹੱਕਦਾਰ ਨਹੀਂ ਹਨ ਅਤੇ ਕੁਝ ਨੂੰ ਬਾਜ਼ਾਰ ਵਿਚ ਵੇਚਿਆ ਜਾ ਰਿਹਾ ਹੈ। ਹੂਤੀ ਬਾਗੀਆਂ ਦੇ ਚਿਤਾਵਨੀ ਦਿੰਦੇ ਹੋਏ ਡੇਵਿਡ ਬੀਸਲੇ ਨੇ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਨਹੀਂ ਕੀਤੀ ਗਈ ਤਾਂ ਸੰਸਥਾ ਕੋਲ ਸਮੱਗਰੀ ਵਿਚ ਘੁਟਾਲਾ ਕਰਨ ਵਾਲਿਆਂ ਦੇ ਨਾਲ ਕੰਮ ਰੋਕਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੋਵੇਗਾ। ਸੋਮਵਾਰ ਨੂੰ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ਵਿਚ ਕਿਹਾਸੀ ਕਿ ਜੰਗ ਵਿਚ ਸ਼ਾਮਲ ਸਾਰੀਆਂ ਧਿਰਾਂ ਰਾਹਤ ਸਮੱਗਰੀ ਵਿਚ ਘੁਟਾਲਾ ਕਰ ਰਹੇ ਹਨ। ਇਸ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਲੜਾਕਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ ਜਾਂ ਫਾਇਦੇ ਲਈ ਬਾਜ਼ਾਰ ਵਿਚ ਵੇਚਿਆ ਜਾ ਰਿਹਾ ਹੈ। 13 ਦਸੰਬਰ ਨੂੰ ਬਾਗੀਆਂ ਅਤੇ ਯਮਨ ਸਰਕਾਰ, ਸੰਯੁਕਤ ਰਾਸ਼ਟਰ ਦੀ ਵਿਚੋਲਗੀ ਵਿਚ ਹੋਈ ਸ਼ਾਂਤੀ ਵਾਰਤਾ ਵਿਚ ਹੁਦੈਦਾ ਸ਼ਹਿਰ ਵਿਚ ਜੰਗ ਬੰਦੀ ਕਰਨ ਲਈ ਤਿਆਰ ਹੋ ਗਏ ਸਨ। ਲਾਲ ਸਾਗਰ ਦੇ ਤਟ ‘ਤੇ ਵਸਿਆ ਇਹ ਸ਼ਹਿਰ ਰਾਹਤ ਸਮੱਗਰੀ ਪਹੁੰਚਾਉਣ ਲਈ ਬੇਹਦ ਅਹਿਮ ਮੰਨਿਆ ਜਾਂਦਾ ਹੈ।

Leave a Reply

Your email address will not be published. Required fields are marked *