ਭਾਰਤ ’ਚ ਕੋਰੋਨਾ ਵਾਇਰਸ ਹੁਣ ਤੱਕ 393 ਜਾਨਾਂ ਲੈ ਚੁੱਕਾ ਹੈ ਤੇ 11,487 ਪਾਜ਼ਿਟਿਵ ਹਨ। ਪਰ ਜੇ ਸਮੁੱਚੇ ਵਿਸ਼ਵ ਦੇ ਅੰਕੜੇ ਵੇਖੀਏ, ਤਾਂ ਸਾਡੇ ਦੇਸ਼ ਦੀ ਇਹ ਗਿਣਤੀ ਸੱਚਮੁਚ ਬਹੁਤ ਘੱਟ ਜਾਪਦੀ ਹੈ। ਦੁਨੀਆ ’ਚ ਇਸ ਵੇਲੇ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 20 ਲੱਖ ਹੋ ਗਈ ਹੈ ਤੇ 1 ਲੱਖ 26 ਹਜ਼ਾਰ 604 ਵਿਅਕਤੀ ਇਸ ਘਾਤਕ ਵਾਇਰਸ ਕਾਰਨ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਚੁੱਕੇ ਹਨ।
ਜੇ ਅੰਕੜਿਆਂ ਨੂੰ ਰਤਾ ਗਹੁ ਨਾਲ ਵੇਖੀਏ–ਪਰਖੀਏ, ਤਾਂ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਹੁਣ ਤੱਕ ਪਿਛਲੇ ਕੁਝ ਦਿਨਾਂ ਦੌਰਾਨ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਕੁਝ ਵਧੇਰੇ ਤੇਜ਼ੀ ਨਾਲ ਵਧਣ ਲੱਗ ਪਈ ਹੈ।
ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਇਸ ਵੇਲੇ ਮਹਾਰਾਸ਼ਟਰ ’ਚ ਹਨ; ਜਿੱਥੇ ਹੁਣ ਤੱਕ 160 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ ਮੱਧ ਪ੍ਰਦੇਸ਼ ’ਚ 43 ਵਿਅਕਤੀ ਇਸ ਵਾਇਰਸ ਦੀ ਭੇਟ ਚੜ੍ਹ ਚੁੱਕੇ ਹਨ।
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1,076 ਨਵੇਂ ਮਰੀਜ਼ ਸਾਹਮਣੇ ਆਏ ਹਨ। 1,306 ਮਰੀਜ਼ਾਂ ਨੂੰ ਠੀਕ ਕੀਤਾ ਜਾ ਚੁੱਕਾ ਹੈ। ਦਿੱਲੀ ਪੁਲਿਸ ਨੇ ਜ਼ਰੂਰੀ ਵਸਤਾਂ ਤੇ ਸੇਵਾਵਾਂ ਜਾਰੀ ਰੱਖਣ ਲਈ ਬਣਾਏ ਕਰਫ਼ਿਊ–ਪਾਸ ਦੀ ਮਿਆਦ ਤਿੰਨ ਮਈ ਤੱਕ ਅੱਗੇ ਵਧਾ ਦਿੱਤੀ ਗਈ ਹੈ। ਲੌਕਡਾਊਨ ਦੀ ਮਿਆਦ ਵਧਣ ਤੋਂ ਬਾਅਦ ਦਿੱਲੀ ਪੁਲਿਸ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ਨੇ ਇਸ ਸਬੰਧੀ ਇਹ ਅਹਿਮ ਆਦੇਸ਼ ਜਾਰੀ ਕੀਤੇ ਹਨ।
ਦਿੱਲੀ ਪੁਲਿਸ ਕਮਿਸ਼ਨਰ ਦੇ ਨਵੇਂ ਹੁਕਮ ਮੁਤਾਬਕ ਜਿਹੜੀਆਂ ਜ਼ਰੂਰੀ ਵਸਤਾਂ ਦੇ ਕਰਫ਼ਿਊ–ਪਾਸ ਬਣਾਏ ਗਏ ਸਨ, ਉਹ ਸਾਰੇ ਪਾਸ ਹੁਣ 3 ਮਈ ਤੱਕ ਲਈ ਲਾਗੂ ਰਹਿਣਗੇ।
ਉੱਧਰ ਅਮਰੀਕਾ ’ਚ ਇੱਕੋ ਦਿਨ ’ਚ ਇਸ ਵਾਇਰਸ ਨੇ 2,228 ਜਾਨਾਂ ਲੈ ਲਈਆਂ ਹਨ – ਜੋ ਆਪਣੇ ਆਪ ’ਚ ਹੀ ਇੱਕ ਰਿਕਾਰਡ ਹੈ ਕਿਉਂਕਿ ਇਸ ਤੋਂ ਪਹਿਲਾਂ ਦੁਨੀਆ ਦੇ ਹੋਰ ਕਿਸੇ ਵੀ ਦੇਸ਼ ’ਚ ਇਸ ਵਾਇਰਸ ਨੇ ਇੱਕੋ ਦਿਨ ’ਚ ਇੰਨੀਆਂ ਜਾਨਾਂ ਨਹੀਂ ਲਈਆਂ – ਚੀਨ ਦੇ ਸ਼ਹਿਰ ਵੁਹਾਨ ’ਚ ਵੀ ਨਹੀਂ, ਜਿੱਥੋਂ ਇਸ ਵਿਸ਼ਵ–ਪੱਧਰੀ ਮਹਾਮਾਰੀ (PANDEMIC) ਦੀ ਸ਼ੁਰੂਆਤ ਹੋਈ ਹੈ।
ਹੁਣ ਤੱਕ ਸਭ ਤੋਂ ਵੱਧ 26,047 ਮੌਤਾਂ ਅਮਰੀਕਾ ’ਚ ਹੋਈਆਂ ਹਨ ਤੇ 6.14 ਲੱਖ ਵਿਅਕਤੀ ਇਸ ਦੇਸ਼ ’ਚ ਪਾਜ਼ਿਟਿਵ ਹਨ। ਸਪੇਨ ’ਚ ਮੌਤਾਂ ਦੀ ਗਿਣਤੀ 18,255 ਹੈ ਤੇ ਪੌਣੇ ਦੋ ਲੱਖ ਕੋਰੋਨਾ–ਮਰੀਜ਼ ਇਸ ਦੇਸ਼ ’ਚ ਹਨ।
ਇਟਲੀ ’ਚ ਮੌਤਾਂ ਦੀ ਗਿਣਤੀ 21,067 ਹੈ ਤੇ ਕੁੱਲ 1.62 ਲੱਖ ਕੋਰੋਨਾ–ਪਾਜ਼ਿਟਿਵ ਹਨ। ਫ਼ਰਾਂਸ ’ਚ 15,729 ਮੌਤਾਂ ਹੋ ਚੁੱਕੀਆਂ ੲਨ ਤੇ 1.43 ਲੱਖ ਵਿਅਕਤੀ ਕੋਰੋਨਾ ਦੇ ਮਰੀਜ਼ ਹਨ।
ਜਰਮਨੀ ’ਚ ਕੋਰੋਨਾ ਹੁਣ ਤੱਕ 3,495 ਜਾਨਾਂ ਲੈ ਚੁੱਕਾ ਹੈ ਤੇ ਇੱਥੇ ਮਰੀਜ਼ਾਂ ਦੀ ਗਿਣਤੀ 1.32 ਲੱਖ ਤੋਂ ਵੱਧ ਹੈ। ਇੰਗਲੈਂਡ ’ਚ ਕੁੱਲ 93,873 ਕੋਰੋਨਾ ਦੇ ਮਰੀਜ਼ ਹਨ ਤੇ ਇੱਥੇ 12,107 ਜਾਨਾਂ ਹੁਣ ਤੱਕ ਜਾ ਚੁੱਕੀਆਂ ਹਨ।
ਪਾਕਿਸਤਾਨ ’ਚ ਕੋਰੋਨਾ ਨੇ ਹੁਣ ਤੱਕ 96 ਵਿਅਕਤੀਆਂ ਦੀ ਜਾਨ ਲੈ ਲਈ ਹੈ ਤੇ 5,837 ਮਰੀਜ਼ ਇਸ ਵੇਲੇ ਇਸ ਘਾਤਕ ਵਾਇਰਸ ਨਾਲ ਜੂਝ ਰਹੇ ਹਨ।
ਆਸਟ੍ਰੇਲੀਆ ’ਚ ਮੌਤਾਂ ਦੀ ਗਿਣਤੀ 61 ਹੈ ਤੇ ਕੁੱਲ 6,400 ਕੋਰੋਨਾ ਦੇ ਮਰੀਜ਼ ਹਨ। ਕੈਨੇਡਾ ’ਚ ਹੁਣ ਤੱਕ 903 ਕੋਰੋਨਾ ਮਰੀਜ਼ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ ਤੇ 27,063 ਵਿਅਕਤੀ ਪਾਜ਼ਿਟਿਵ ਹਨ।