ਭਾਰਤ ਦੀ ਫਿਰ ਸਰਜੀਕਲ ਸਟ੍ਰਾਈਕ, LOC ਪਾਰ ਕਈ ਅੱਤਵਾਦੀ ਟਿਕਾਣੇ ਤਬਾਹ

0
120

ਨਵੀਂ ਦਿੱਲੀ/ਇਸਲਾਮਾਬਾਦ— ਪਾਕਿਸਤਾਨ ਖਿਲਾਫ ਭਾਰਤ ਨੇ ਇਕ ਵਾਰ ਫਿਰ ਸਰਜੀਕਲ ਸਟ੍ਰਾਈਕ ਕੀਤੀ ਹੈ। ਇਸ ਵਾਰ ਇਹ ਸਟ੍ਰਾਈਕ ਲੜਾਕੂ ਜਹਾਜ਼ਾਂ ਜ਼ਰੀਏ ਕੀਤੀ ਗਈ ਹੈ। ਰਿਪੋਰਟਾਂ ਮੁਤਾਬਕ, ਭਾਰਤੀ ਹਵਾਈ ਫੌਜ ਨੇ ਅੱਜ ਤੜਕੇ ਪਾਕਿਸਤਾਨ ‘ਚ ਘੁਸ ਕੇ ਵੱਡੀ ਕਾਰਵਾਈ ਕੀਤੀ। ਖਬਰਾਂ ਹਨ ਕਿ ਮੰਗਲਵਾਰ ਤੜਕੇ 3.30 ਵਜੇ ਪਾਕਿਸਤਾਨੀ ਕਸ਼ਮੀਰ ‘ਚ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਜੈਸ਼-ਏ-ਮੁਹੰਮਦ ਦੇ ਕਈ ਟਿਕਾਣੇ ਤਬਾਹ ਹੋਣ ਦੀਆਂ ਖਬਰਾਂ ਹਨ। ਸੂਤਰਾਂ ਮੁਤਾਬਕ, ਭਾਰਤੀ ਹਵਾਈ ਫੌਜ ਨੇ 12 ਮਿਰਾਜ ਲੜਾਕੂ ਜਹਾਜ਼ਾਂ ਜ਼ਰੀਏ ਹਵਾਈ ਸਟ੍ਰਾਈਕ ਕੀਤੀ ਹੈ। ਇਨ੍ਹਾਂ ਲੜਾਕੂ ਜਹਾਜ਼ਾਂ ਜ਼ਰੀਏ 1,000 ਕਿਲੋ ਬੰਬ ਸੁੱਟੇ ਗਏ, ਜਿਸ ‘ਚ ਅੱਤਵਾਦੀਆਂ ਦੇ ਕਈ ਟਿਕਾਣੇ ਤਬਾਹ ਹੋਏ ਹਨ। ਬਾਲਾਕੋਟ ‘ਚ ਜੈਸ਼ ਦਾ ਕੰਟਰੋਲ ਰੂਮ ਵੀ ਪੂਰੀ ਤਬਾਹ ਹੋਣ ਦੀ ਖਬਰ ਹੈ।
ਸੂਤਰਾਂ ਮੁਤਾਬਕ, ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਪਾਰ ਬਾਲਾਕੋਟ, ਚਕੋਟੀ, ਮੁਜ਼ੱਫਰਾਬਾਦ ‘ਚ ਜੈਸ਼ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਹੈ। ਬਾਲਾਕੋਟ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾਹ ‘ਚ ਸਥਿਤ ਹੈ।
ਪਾਕਿਸਤਾਨ ਦੀ ਜਵਾਬੀ ਕਾਰਵਾਈ ਦਾ ਜਵਾਬ ਦੇਣ ਨੂੰ ਲੈ ਕੇ ਬੀ. ਐੱਸ. ਐੱਫ., ਆਰਮੀ ਤੇ ਹਵਾਈ ਫੌਜ ਸਭ ਅਲਰਟ ‘ਤੇ ਹਨ। ਸਰਹੱਦ ‘ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ, ਭਾਰਤ ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੁਰੱਖਿਅਤ ਜਗ੍ਹਾ ‘ਤੇ ਸ਼ਿਫਟ ਕਰ ਦਿੱਤਾ ਹੈ।