ਭਾਰਤ ’ਚ 1649 ਕੋਰੋਨਾ–ਪਾਜ਼ਿਟਿਵ, ਹੁਣ ਤੱਕ ਦੇਸ਼ ‘ਚ 48 ਤੇ ਦੁਨੀਆ ‘ਚ 41,261 ਮੌਤਾਂ

ਭਾਰਤ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 1,649 ਤੱਕ ਪੁੱਜ ਗਈ ਹੈ ਤੇ ਹੁਣ ਤੱਕ ਇਹ ਘਾਤਕ ਕੋਰੋਨਾ ਵਾਇਰਸ 48 ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ। ਇਹ ਖ਼ਬਰ ਲਿਖੇ ਜਾਣ ਤੱਕ ਪੂਰੀ ਦੁਨੀਆ ’ਚ ਇਸ ਵਬਾਅ ਦੀ ਲਪੇਟ ’ਚ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਵਧ ਕੇ 8 ਲੱਖ 55 ਹਜ਼ਾਰ 61 ਹੋ ਗਈ ਹੈ ਤੇ ਹੁਣ ਤੱਕ 41,261 ਵਿਅਕਤੀ ਪੂਰੀ ਦੁਨੀਆ ’ਚ ਇਸ ਘਾਤਕ ਵਾਇਰਸ ਦੀ ਭੇਟ ਚੜ੍ਹ ਕੇ ਸਦਾ ਦੀ ਨੀਂਦਰ ਸੌਂ ਚੁੱਕੇ ਹਨ।

 

 

ਉੱਧਰ ਅਮਰੀਕਾ ’ਚ ਇਸ ਵੇਲੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਰੋਜ਼ਾਨਾ ਔਸਤਨ 700 ਤੋਂ ਵੱਧ ਮੌਤਾਂ ਕੋਰੋਨਾ ਕਰਕੇ ਹੋ ਰਹੀਆਂ ਹਨ। ਵ੍ਹਾਈਟ ਹਾਊਸ ਨੇ ਤਾਂ ਇੱਥੋਂ ਤੱਕ ਵੀ ਆਖ ਦਿੱਤਾ ਹੈ ਕੋਰੋਨਾ ਨਾਲ ਜੂਝਦਿਆਂ ਅਮਰੀਕਾ ’ਚ 1 ਲੱਖ ਤੋਂ ਲੈ ਕੇ ਢਾਈ ਲੱਖ ਜਾਨਾਂ ਜਾ ਸਕਦੀਆਂ ਹਨ।

 

 

ਇਟਲੀ ’ਚ ਹੁਣ ਤੱਕ ਕੋਰੋਨਾ ਵਾਇਰਸ 12,428 ਜਾਨਾਂ ਲੈ ਚੁੱਕਾ ਹੈ ਤੇ 1 ਲੱਖ 6 ਹਜ਼ਾਰ ਦੇ ਲਗਭਗ ਲੋਕ ਇਸ ਮਾਰੂ ਬੀਮਾਰੀ ਨਾਲ ਜੂਝ ਰਹੇ ਹਨ। ਇਸ ਵਾਇਰਸ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਬਹੁਤ ਘੱਟ 15 ਹਜ਼ਾਰ ਦੇ ਲਗਭਗ ਹੈ।

 

 

ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਮੁਖੀ ਐਨਟੋਨੀਓ ਗੁਤੇਰਸ ਨੇ ਕਿਹਾ ਹੈ ਕਿ ਦੂਜੇ ਵਿਸ਼ਵ–ਯੁੱਧ ਤੋਂ ਬਾਅਦ ਇਹ ਕੋਰੋਨਾ ਵਾਇਰਸ ਇੱਕ ਤਰ੍ਹਾਂ ਸਭ ਤੋਂ ਵੱਡਾ ਇਮਤਿਹਾਨ ਹੈ। ਅਮਰੀਕਾ ’ਚ ਹੁਣ ਤੱਕ ਇਸ ਕਾਰਨ 3,700 ਜਾਨਾਂ ਜਾ ਚੁੱਕੀਆਂ ਹਨ।

 

 

ਅਮਰੀਕਾ ਦੇ ਸੂਬੇ ਲੂਸੀਆਨਾ ’ਚ ਸਭ ਤੋਂ ਵੱਧ ਤੇਜ਼ੀ ਨਾਲ ਕੋਰੋਨਾ ਦੇ ਮਰੀਜ਼ ਵਧਦੇ ਜਾ ਰਹੇ ਹਨ।

 

 

ਭਾਰਤ ’ਚ ਲੌਕਡਾਊਨ ਕਾਰਨ ਬਹੁਤ ਸਾਰੇ ਸ਼ਹਿਰਾਂ ਵਿੱਚ ਲੱਖਾਂ ਲੋਕ ਫਸੇ ਹੋਏ ਹਨ। ਇਸ ਲੌਕਡਾਊਨ ’ਚ ਉਹ ਆਪੋ–ਆਪਣੇ ਘਰਾਂ ਨੂੰ ਪਰਤਣਾ ਚਾਹ ਰਹੇ ਹਨ ਪਰ ਅਜਿਹਾ ਸੰਭਵ ਨਹੀਂ ਹੋ ਰਿਹਾ।

 

 

ਸਭ ਤੋਂ ਵੱਧ ਔਖ ਰੋਜ਼ਾਨਾ ਦਿਹਾੜੀਦਾਰ ਮਜ਼ਦੂਰਾਂ ਤੇ ਕਾਮਿਆਂ ਨੂੰ ਹੋ ਰਹੀ ਹੈ। ਪਰ ਆਮ ਜਨਤਾ ਨੇ ਉਨ੍ਹਾਂ ਲਈ ਲੰਗਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇੰਝ ਅਜਿਹੇ ਫਸੇ ਹੋਏ ਲੋਕਾਂ ਦਾ ਗੁਜ਼ਾਰਾ ਹੋ ਰਿਹਾ ਹੈ।

 

 

ਕੁੱਲ ਮਿਲਾ ਕੇ ਕੋਰੋਨਾ ਵਾਇਰਸ ਨੇ ਦੁਨੀਆ ਵਿੱਚ ਹਾਲਾਤ ਕਾਫ਼ੀ ਭਿਆਨਕ ਬਣਾ ਦਿੱਤੇ ਹੋਏ ਹਨ। ਅਜਿਹੇ ਵੇਲੇ ਖੌਫ਼ਜ਼ਦਾ ਤੇ ਦਹਿਸ਼ਤਜ਼ਦਾ ਹੋਣ ਦੀ ਵੀ ਜ਼ਰੂਰਤ ਨਹੀਂ ਹੈ। ਜਿੰਨਾ ਅਸੀਂ ਲੌਕਡਾਊਨ ਦੀ ਪੂਰੀ ਪਾਲਣਾ ਕਰ ਕੇ ਘਰਾਂ ਅੰਦਰ ਰਹਾਂਗੇ, ਓਨੀ ਛੇਤੀ ਹੀ ਇਹ ਵਬਾ ਦੇਸ਼ ’ਚੋਂ ਦੂਰ ਹੋਵੇਗੀ।

Leave a Reply

Your email address will not be published. Required fields are marked *