ਭਾਰਤੀ ਮੂਲ ਦੀ ਬੱਚੀ ਨੇ ਜਿੱਤੀ ”ਇਜ਼ਰਾਇਲ ਰਿਦਮਿਕ ਜਿਮਨਾਸਟਿਕਸ” ਚੈਂਪੀਅਨਸ਼ਿਪ

0
160

ਯੇਰੂਸ਼ਲਮ-ਭਾਰਤੀ ਮੂਲ ਦੀ 11 ਸਾਲਾ ਬੱਚੀ ਰਾਣੀ ਬੰਗਾ ਨੇ ‘ਇਜ਼ਰਾਈਲ ਰਿਦਮਿਕ ਜਿਮਨਾਸਟਿਕਸ’ ਸਾਲਾਨਾ ਚੈਂਪੀਅਨਸ਼ਿਪ ਜਿੱਤ ਲਈ ਹੈ। ਉਸ ਨੇ ਇਸ ਸਾਲ ਇਕ ਸੋਨ ਤਮਗਾ ਅਤੇ ਇਕ ਚਾਂਦੀ ਦਾ ਤਮਗਾ ਜਿੱਤਿਆ ਹੈ। ਇਜ਼ਰਾਈਲ ਦੇ ਉੱਤਰੀ ਹੋਲੋਨ ਸ਼ਹਿਰ ਵਿਚ ਸ਼ਨੀਵਾਰ ਨੂੰ ਆਯੋਜਿਤ ਸਾਲਾਨਾ ਚੈਂਪੀਅਨਸ਼ਿਪ ਵਿਚ ਰਾਣੀ ਬੰਗਾ ‘ਰੋਪ ਐਕਸਰਸਾਈਜ਼’ ਵਿਚ ਪਹਿਲੇ ਸਥਾਨ ‘ਤੇ ਰਹੀ ਅਤੇ ‘ਕਲੱਬਸ ਐਕਸਰਸਾਈਜ਼’ ਵਿਚ ਦੂਜੇ ਸਥਾਨ ‘ਤੇ ਰਹੀ।
ਭਾਰਤੀ ਕਲਾਕਾਰ ਚੰਚਲ ਬੰਗਾ ਦੀ ਬੇਟੀ ਰਾਣੀ ਨੂੰ ਆਸ ਹੈ ਕਿ ਉਹ ਇਕ ਦਿਨ ਓਲੰਪਿਕਸ ਵਿਚ ਇਜ਼ਰਾਈਲ ਦੀ ਨੁਮਾਇੰਦਗੀ ਕਰੇਗੀ ਅਤੇ ਮੈਡਲ ਜਿੱਤੇਗੀ। ਉਸ ਦੀ ਮਾਂ ਸਿੰਗਾਲ ਮਾਨੋਰ ਇਜ਼ਰਾਈਲ ਦੀ ਨਾਗਰਿਕ ਹੈ ਅਤੇ ਵੱਕਾਰੀ ਬੇਨ ਜਿਵੀ ਇੰਸਟੀਚਿਊਟ ਵਿਚ ਸ਼ੋਧਕਰਤਾ ਹੈ। ਰਾਣੀ ਨੇ ਪੀ.ਟੀ.ਆਈ. ਨੂੰ ਕਿਹਾ,”ਮੈਂ ਅਸਲ ਵਿਚ ਓਲੰਪਿਕਸ ਖੇਡਾਂ ਵਿਚ ਜਾਣਾ ਚਾਹੁੰਦੀ ਹਾਂ। ਮੈਂ ਜਾਣਦੀ ਹਾਂ ਕਿ ਮੈਨੂੰ ਉੱਥੇ ਪਹੁੰਚਣ ਲਈ ਸਖਤ ਮਿਹਨਤ ਕਰਨੀ ਹੋਵੇਗੀ ਪਰ ਮੈਂ ਕੋਸ਼ਿਸ਼ ਕਰਨਾ ਚਾਹੁੰਦੀ ਹਾਂ।”
ਇੱਥੇ ਇਹ ਮੁਕਾਬਲਾ ਇਕ ਮਹੀਨੇ ਤੱਕ ਚੱਲਦਾ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਯੋਜਿਤ ਹੁੰਦਾ ਹੈ। ਦੇਸ਼ ਵਿਚ 40 ਤੋਂ ਵੱਧ ਰਿਦਮਿਕ ਜਿਮਨਾਸਟਿਕ ਕਲੱਬ ਹਨ। ਰਾਣੀ ਨੇ ਸਿਰਫ 8 ਸਾਲ ਦੀ ਉਮਰ ਵਿਚ ਰਿਦਮਿਕ ਜਿਮਨਾਸਟਿਕ ਸਿੱਖਣਾ ਸ਼ੁਰੂ ਕੀਤਾ ਸੀ। ਇਜ਼ਰਾਈਲ ਅਤੇ ਵਿਦੇਸ਼ਾਂ ਵਿਚ ਕਈ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਰਾਣੀ ਨੇ ਲਗਾਤਾਰ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਭਾਰਤੀ ਮੂਲ ਦੀ ਇਹ ਬੱਚੀ ਭਾਰਤ ਦੀ ਯਾਤਰਾ ਕਰਨ ਅਤੇ ਜਮਸ਼ੇਦਪੁਰ ਵਿਚ ਆਪਣੀ ਦਾਦੀ ਨੂੰ ਮਿਲਣ ਲਈ ਉਤਸੁਕ ਹੈ। ਅਗਲੇ ਸਾਲ ਉਸ ਦਾ ‘ਬਾਟ ਮਿਤਜ਼ਵਾ’ (12 ਸਾਲ ਦੀ ਉਮਰ ਵਿਚ ਇਜ਼ਰਾਈਲ ਦੀਆਂ ਕੁੜੀਆਂ ਲਈ ਉਤਸਵ) ਹੈ ਅਤੇ ਇਸ ਮੌਕੇ ਪੂਰਾ ਪਰਿਵਾਰ ਭਾਰਤ ਯਾਤਰਾ ਦੀ ਯੋਜਨਾ ਬਣਾ ਰਿਹਾ ਹੈ।