ਜੋਹਾਨਸਬਰਗ — ਭਾਰਤੀ ਮੂਲ ਦੀ ਵਕੀਲ ਸ਼ਮਿਲਾ ਬਟੋਹੀ ਨੇ ਆਪਣੇ ਵਿਦੇਸ਼ ਵਿਚ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਨੂੰ ਦੱਖਣੀ ਅਫਰੀਕਾ ਵਿਚ ਉੱਚ ਪੱਧਰੀ ਅਪਰਾਧਿਕ ਮਾਮਲਿਆਂ ਦੀ ਜਾਂਚ ਕਰਨ ਵਾਲੀ ਸੰਵਿਧਾਨਕ ਸੰਸਥਾ ‘ਨੈਸ਼ਨਲ ਡਾਇਰਕੈਟਰ ਆਫ ਪਬਲਿਕ ਪ੍ਰੋਸੀਕਿਊਸ਼ਨ’ (ਐੱਨ.ਡੀ.ਪੀ.ਪੀ.) ਦੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਮੰਗਲਵਾਰ ਨੂੰ ਰਾਸ਼ਟਰੀ ਟੀ.ਵੀ. ‘ਤੇ ਸੰਬੋਧਨ ਵਿਚ ਬਟੋਹੀ ਦੀ ਨਿਯੁਕਤੀ ਦਾ ਐਲਾਨ ਕੀਤਾ।
ਸ਼ਮਿਲਾ ਕਿੰਗ ਕਮਿਸ਼ਨ ਦੇ ਸਾਹਮਣੇ ਸੁਣਵਾਈ ਦੌਰਾਨ ਐਵੀਡੈਂਸ ਲੀਡਰ (ਵਕੀਲ) ਦੇ ਤੌਰ ‘ਤੇ ਚਰਚਾ ਵਿਚ ਆਈ। ਕਿੰਗ ਕਮਿਸ਼ਨ ਨੇ ਸਾਲ 2000 ਵਿਚ ਦੱਖਣੀ ਅਫਰੀਕੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਹੈਂਸੀ ਕ੍ਰੋਨੀਏ ਵਿਰੁੱਧ ਮੈਚ ਫਿਕਸਿੰਗ ਮਾਮਲੇ ਦੀ ਜਾਂਚ ਕੀਤੀ ਸੀ। ਉਨ੍ਹਾਂ ਦੀ ਚੋਣ 11 ਉਮੀਦਵਾਰਾਂ ਵਿਚੋਂ ਕੀਤੀ ਗਈ। ਇਸ ਅਹੁਦੇ ਲਈ ਇਨ੍ਹਾਂ ਲੋਕਾਂ ਦੇ ਇੰਟਰਵਿਊ ਲਏ ਗਏ ਸਨ। ਉਹ ਫਰਵਰੀ 2019 ਤੋਂ ਆਪਣੀ ਨਵੀਂ ਭੂਮਿਕਾ ਵਿਚ ਹੋਵੇਗੀ। ਬਟੋਹੀ, ਸ਼ਾਨ ਅਬਰਾਹਮਜ਼ ਦੀ ਜਗ੍ਹਾ ਲਵੇਗੀ। ਉਨ੍ਹਾਂ ‘ਤੇ ਵਿਰੋਧੀ ਧਿਰ ਅਤੇ ਅਧਿਕਾਰ ਸਮੂਹਾਂ ਦਾ ਦੋਸ਼ ਸੀ ਕਿ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ ਉਨ੍ਹਾਂ ਦੇ 9 ਸਾਲ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਚਾਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1986 ਵਿਚ ਚੈਟਸਵਰਥ ਮਜਿਸਟ੍ਰੇਟ ਕੋਰਟ ਵਿਚ ਜੂਨੀਅਰ ਵਕੀਲ ਦੇ ਰੂਪ ਵਿਚ ਕੀਤੀ ਸੀ।