ਭਾਂਡੇ ਪਕਾਉਣ ਲਈ ਜਿਵੇਂ ਚਾਹੀਦਾ ਤੱਤਾ ਆਵਾ, ਉਵੇਂ ਸੰਤ ਭਾਲਦਾ ਕਿਸੇ ਸੋਹਣੀ ਤੀਵੀਂ ਦਾ ਨਿੱਘਾ ਕਲਾਵਾ

ਮਨਜੀਤ ਸਿੰਘ ਰਾਜਪੁਰਾ

ਸੋਹਣੀ ਤੀਵੀਂ ’ਤੇ ਸੰਤ ਦੀ ਨਿਗਾਹ ਇਸ ਤਰ੍ਹਾਂ ਖੜਦੀ ਆ ਜਿਵੇਂ ਪਾਣੀ ’ਚ ਖੜੇ ਬੁਗਲੇ ਦੀ ਨਜ਼ਰ ਡੱਡੀ ’ਤੇ ਜਾਂਦੀ ਹੈ। ਇਕ ਦਿਨ ਮੈਂ ਰਾਜਪੁਰੇ ਨੇੜੇ ਇਕ ਪਿੰਡ ਵਿਚ ਗਿਆ। ਜਿਸ ਬੰਦੇ ਨੂੰ ਮੈਂ ਮਿਲਣਾ ਸੀ ਉਹ ਤਾਂ ਮਿਲਿਆ ਨੀ। ਮੈਂ ਫੇਰ ਪਿੰਡ ਵਿਚ ਬਣੇ ਡੇਰੇ ਵਿਚ ਜਾ ਵੜਿਆ। ਅੱਗੇ ਡੇਰੇ ਦਾ ਝੋਟਾ,ਕਹਿ ਲਉ ਸੰਤ, ਅਪਣੇ ਕਮਰੇ ਅੱਗੇ ਬੀਬੀਆਂ ’ਚ ਘਿਰਿਆ ਇਸ ਤਰ੍ਹਾਂ ਖੜਿਆ ਸੀ, ਜਿਵੇਂ ਗੋਹੇ ਦੁਆਲੇ ਭੂੰਡ ਇਕੱਠੇ ਹੋਏ ਹੁੰਦੇ ਹਨ। ਏਨੇ ਚਿਰ ਨੂੰ ਸਕੂਟਰ ’ਤੇ ਸਵਾਰ ਇਕ ਬੰਦਾ ਤੇ ਤੀਵੀਂ ਡੇਰੇ ਵਿਚ ਦਾਖਲ ਹੋਏ।
ਤੀਵੀਂ ਅੱਤ ਦੀ ਸੋਹਣੀ ਸੀ। ਉਸ ਨੂੰ ਵੇਖ ਕੇ ਮੈਨੂੰ ਵਾਰਸ ਸ਼ਾਹ ਦੇ ਬੋਲ ਯਾਦ ਆ ਗੲੇ….
” ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ ,ਦਾਣੇ ਨਿਕਲੇ ਹੁਸਨ ਅਨਾਰ ਵਿਚੋਂ
ਵਾਰਸ ਸ਼ਾਹ ਜਦੋਂ ਨੈਣਾਂ ਦਾ ਦਾਅ ਲੱਗੇ,ਕੋਈ ਬਚੇ ਨਾ ਜੂਏ ਦੀ ਹਾਰ ਵਿਚੋਂ “…
ਤੀਵੀਂ ਸਕੂਟਰ ਤੋਂ ਉਤਰ ਗੲੀ ਤੇ ਬੰਦਾ ਪਰੇ ਕਰਕੇ ਅਪਣਾ ਸਕੂਟਰ ਖੜਾਉਣ ਚਲਾ ਗਿਆ। ਡੇਰੇ ਦਾ ਝੋਟਾ ਤੀਵੀਂ ਨੂੰ ਵੇਖ ਕੇ ਕਹਿਣ ਲੱਗਾ ,‘‘ ਆ ਜਾ ਭਾਈ ਜਸਬੀਰ ਕੁਰੇ ਮੈਂ ਤੁਹਾਨੂੰ ਹੀ ਉਡੀਕ ਰਿਹਾ ਸੀ।’’
ਜਸਬੀਰ ਕੌਰ ਜਿਹੜੀ ਕਿ ਦੂਰ ਤੋਂ ਹੀ ਹੱਥ ਜੋੜੀ ਝੋਟੇ ਵੱਲ ਆ ਰਹੀ ਸੀ ਇਕਦਮ ਆ ਕੇ ਬਾਬੇ ਦੀ ਛਾਤੀ ਨਾਲ ਲੱਗ ਕੇ ਖੜ ਗਈ ਤੇ ਝੋਟੇ ਨੇ ਉਸ ਨੂੰ ਅਪਣੇ ਕਲਾਵੇ ਵਿਚ ਲੈ ਲਿਆ ਤੇ ਉਸ ਦੀ ਕੰਡ ’ਤੇ ਹੱਥ ਫੇਰਦਾ ਹੋਇਆ ਪ੍ਰਵਚਨ ਕਰਨ ਲੱਗਾ।
‘‘ਨਾਮ ਜਪਣ ਵਾਲਿਆਂ ਦੇ ਤਾਂ ਭਾਈ ਬੇੜੇ ਪਾਰ ਹੋ ਜਾਂਦੇ ਹਨ’’…. ਸਚਮੁੱਚ ਸਾਧ ਦਾ ਬੇੜਾ ਤਾਂ ਮੇਰੇ ਸਾਹਮਣੇ ਤਰ ਰਿਹਾ ਸੀ।
ਏਨੇ ਨੂੰ ਉਸ ਤੀਵੀਂ ਦਾ ਬੰਦਾ ਵੀ ਸਕੂਟਰ ਖੜਾ ਕੇ ਝੋਟੇ ਕੋਲ ਆਣ ਕੇ ਖੜ ਗਿਆ।
ਸਾਧ ਨੇ ਅਗਲਾ ਪ੍ਰਵਚਨ ਕਿਹਾ
‘‘ਇਹੋ ਜਿਹੀ ਸੁਲੱਖਣੀ ਘੜੀ ਤਾਂ ਭਾਈ ਭਾਗਾਂ ਨਾਲ ਮਿਲਦੀ ਹੈ’’…. ਸਚਮੁੱਚ ਇਸ ਤੋਂ ਵੱਧ ਸੁਲੱਖਣੀ ਘੜੀ ਹੋਰ ਕੀ ਹੋ ਸਕਦੀ ਸੀ ਕਿ ਝੋਟਾ,ਬੰਦੇ ਦੀ ਹਾਜ਼ਰੀ ਵਿਚ ਉਸ ਦੀ ਤੀਵੀਂ ਨੂੰ ਕਲਾਵੇ ’ਚ ਲਈ ਖੜਾ ਸੀ।
ਜਦੋਂ ਝੋਟਾ ਇਹ ਪ੍ਰਵਚਨ ਕਰ ਰਿਹਾ ਸੀ ਤਾਂ ਆਲੇ ਦੁਆਲੇ ਤੀਵੀਂਆਂ ਇੰਜ ਹੱਥ ਬੰਨ੍ਹੀ ਖੜੀਆਂ ਸਨ ਜਿਵੇਂ ਕਹਿ ਰਹੀਆਂ ਹੋਣ, ਬਾਬਾ ਜੀ ਸਾਡੀ ਵਾਰੀ ਕਦੋਂ ਆਵੇਗੀ…!!
ਝੋਟਾ ਲਗਾਤਾਰ ਜਸਬੀਰ ਕੌਰ ਦੀ ਕੰਡ ’ਤੇ ਹੱਥ ਫੇਰ ਰਿਹਾ ਸੀ ਤੇ ਉਹ ਉਸ ਦੇ ਨਾਲ ਇਸ ਤਰ੍ਹਾਂ ਲੱਗੀ ਖੜੀ ਸੀ ਜਿਵੇਂ ਕੀੜੀ ਨੇ ਥਮਲੇ ਨੁੂੰ ਜੱਫੀ ਪਾਈ ਹੁੰਦੀ ਅਾ।
ਝੋਟਾ ਫੇਰ ਕਹਿੰਦਾ ,‘‘ਭਾਈ ਆ ਬਿੱਕਰ ਸਿਹੁੰ, ਮਤਲਬ ਤੀਵੀਂ ਦਾ ਘਰ ਵਾਲਾ, ਵੀ ਧਰਮਾਤਮਾ ਬੰਦਾ, ਅੱਜ ਕੱਲ ਇਹੋ ਜਿਹੇ ਬੰਦੇ ਕਿੱਥੇ ਮਿਲਦੇ ਆ।’’… ਸਚਮੁੱਚ ਇਹੋ ਜਿਹੇ ‘ਧਰਮਾਤਮਾ ਬੰਦਿਆਂ’ ਕਰਕੇ ਹੀ ਤਾਂ ਝੋਟੇ ‘ਲੱਸੀਆਂ’… ਪੀ ਰਹੇ ਹਨ..!
ਸਿਆਲ ਦੇ ਦਿਨ ਸਨ । ਜਦੋਂ ਝੋਟੇ ਨੇ ਉਸ ਤੀਵੀਂ ਨੂੰ ਅਪਣੇ ਕਲਾਵੇ ’ਚੋਂ ਛੱਡਿਆ ਤਾਂ ਉਸ ਦਾ ਮੂੰਹ ਵੇਖ ਕੇ ਇੰਜ ਲੱਗਿਆ ਜਿਵੇਂ ਕਹਿ ਰਹੀ
ਹੋਵੇ ,‘‘….ਬਾਬਾ ਜੀ ਤੁਹਾਡੇ ਕਲਾਵੇ ਵਰਗਾ ਨਿੱਘ ਤਾਂ ਰਜਾਈ ਵਿਚ ਵੀ ਨਹੀਂ ਮਿਲਦਾ….

Leave a Reply

Your email address will not be published. Required fields are marked *