ਬੰਦੇ ਅੰਦਰਲਾ ਬੰਦਾ- ਪਰਗਟ ਸਿੰਘ ਸਤੌਜ

pargat singh satauj
        ਪਰਗਟ ਸਿੰਘ ਸਤੌਜ

”ਭਾਣਜੇ ਬੰਦੇ ਅੰਦਰ ਇੱਕ ਹੋਰ ਬੰਦਾ ਬੈਠਾ ਹੁੰਦੈ! ਜਦੋਂ ਅੰਦਰਲਾ ਬੰਦਾ ਸਿਰ ਚੁਕਦੈ ਨਾਹ, ਫੇਰ ਅਪਣੇ ਹੱਥ-ਵੱਸ ਕੁਛ ਨੀ ਰਹਿੰਦਾ। ਫੇਰ ਤਾਂ ਬੱਸ ਅੱਖਾਂ ਮੂਹਰੇ ਧਰਤੀ ਡੋਲਦੀ ਐ, ਉਤਲੀ ਹੇਠਾਂ ਹੋ ਜਾਂਦੀ ਐ…
… !” ਛੋਟੇ ਮਾਮੇ ਨੇ ਇਹ ਟਿੱਪਣੀ ਗੁਲਜ਼ਾਰੇ ਵੱਲੋਂ ਅਪਣੇ ਪੰਜ ਸਾਲਾਂ ਦੇ ਭਤੀਜੇ ਦਾ ਕਤਲ ਕਰ ਦੇਣ ‘ਤੇ ਕੀਤੀ ਸੀ। ਉਸ ਦਿਨ ਛੋਟਾ ਮਾਮਾ ਮੈਨੂੰ ਕਈ ਸਦੀਆਂ ਭੋਗ ਚੁੱਕਿਆ ਕੋਈ ਤਪੱਸਵੀ ਲੱਗਿਆ ਸੀ। ਮੈਂ
ਹੈਰਾਨੀ ਵਿਚ ਅੱਖਾਂ ਨਾਲ ਮੂੰਹ ਵੀ ਟੱਡੀ ਮਾਮੇ ਦੀਆਂ ਅਲੋਕਾਰ ਗੱਲਾਂ ਸੁਣ ਰਿਹਾ ਸੀ। ਮੈਨੂੰ ਗੱਲਾਂ ਦੀ ਦਿਲਚਸਪੀ ‘ਚ ਬੁੱਤ ਬਣੇ ਬੈਠੇ ਨੂੰ ਵੇਖ ਕੇ ਮਾਮਾ ਬੋਲੀ ਜਾ ਰਿਹਾ ਸੀ, ”… … !”
”ਐਂ ਕਿਮੇਂ ਭਲਾਂ ਮਾਮਾ ਬੰਦੇ ‘ਚ ਬੰਦਾ ਹੋ ਸਕਦੈ?” ਮੈਨੂੰ ਮਾਮੇ ਦੀਆਂ ਗੱਲਾਂ ਨੇ ਭੰਬਲਭੂਸੇ ਵਿਚ ਪਾ ਦਿੱਤਾ ਸੀ।
ਮਾਮਾ ਮੇਰੇ ਵੱਲ ਭੈਂਗਾ ਜਿਹਾ ਝਾਕਿਆ ਜਿਵੇਂ ਮੈਂ ਮਾਮੇ ਦੇ ਪੱਧਰ ਤੋਂ ਬਹੁਤ ਨੀਵਾਂ ਉਤਰ ਕੇ ਐਵੇਂ ਹੀ ਫੋਕਾ ਜਿਹਾ ਸਵਾਲ ਪੁੱਛ ਲਿਆ ਹੋਵੇ। ਮਾਮੇ ਨੇ ਜਵਾਬ ਦੇਣ ਤੋਂ ਪਹਿਲਾਂ ਬੀੜੀ ਦਾ ਕਸ਼ ਖਿੱਚਿਆ। ਦੋਵੇਂ ਬੁੱਲ੍ਹਾਂ
ਨੂੰ ਗੁਲਾਈ ਦੇ ਕੇ, ਰੁਕ ਕੇ ਤੁਰੇ ਰੇਲ ਇੰਜਣ ਵਾਂਗ ਧੂੰਆਂ ਛੱਡਿਆ ਤੇ ਬੋਲਿਆ, ”ਲੈ ਭਾਣਜੇ! ਜਿਹੜੇ ਆਹ ਰੋਜ਼ ਈ ਨਵੇਂ ਨਵੇਂ ਵਾਕੇ ਹੁੰਦੇ ਨੇ, ਕਦੇ ਕਿਸੇ ਨੇ ਮਾਂ ਮਾਰਤੀ, ਕਦੇ ਮਾਂ ਨੇ ਪੁੱਤ ਮਾਰਤਾ। ਕਦੇ ਧੀ ਨਾਲ
ਬਲਾਤਕਾਰ ਕਰਤਾ। ਕਦੇ ਦਸ ਸਾਲ ਦੀ ਕੁੜੀ ਨਾਲ਼… । ਇਹ ਸਾਰਾ ਕੁਛ ਅਪਣੇ ਅੰਦਰ ਬੈਠਾ ਆਦਮੀ ਓ ਕਰਵਾਉਂਦੈ। ਕਦੇ ਇਹ ਛਲੇਡੇ ਮਾਂਗੂੰ ਦੇਹ ਪਲਟਦਾ ਰਾਖਸ਼ਸ ਦਾ ਰੂਪ ਧਾਰਦੈ। ਕਦੇ ਇਹ ਕਾਮ ‘ਚ
ਅੰਨ੍ਹਾ ਹੋ ਜਾਂਦੈ। ਬੱਸ ਫੇਰ ਅਪਣੇ ਰਿਸ਼ਤੇ-ਨਾਤੇ ਕੋਈ ਨੀ ਰਹਿਣ ਦਿੰਦਾ। ਅਪਣੇ ਤਾਂ ਤੂੰ ਲਾ ਲੈ ਵੀ ਅੱਖਾਂ ‘ਤੇ ਪੱਟੀ ਓ ਬੰਨ੍ਹੀ ਜਾਂਦੀ ਐ! ਬੰਦਾ ਅੰਨ੍ਹਾ ਹੋ ਜਾਂਦੈ!”
”ਮਾਮੇ ਮੈਂ ਕਈ ਦਿਨ ਹੋ ਗਏ ਟੀ. ਵੀ. ਵਿਚ ਸੁਣਿਆ ਸੀ, ਅਖੇ ਇਹ ਕੋਈ ਮਾਨਸਿਕ ਬਿਮਾਰੀ ਐ। ਇਹਦਾ ‘ਲਾਜ ਹੋ ਸਕਦੈ! ਉਨ੍ਹਾਂ ਨੇ ਪੀਡੋ-ਫੀਲੀਆ, ਫੂਲੀਆ ਜਾ ਏਹੇ ਜੇ ਕਈ ਨਾਂ ਜੇ ਵੀ ਲਏ ਸੀ”
”ਭਾਣਜੇ ਹੈ ਤਾਂ ਇਹ ਬੰਦੇ ਅੰਦਰ ਬੈਠਾ ਬੰਦਾ ਈ ਐ, ਪਰ ਸਭ ਨੇ ਆਪੋ-ਅਪਣੇ ਨਾਂ ਰੱਖ ਛੱਡੇ ਨੇ। ਡਾਕਟਰਾਂ ਦਾ ਅਪਣਾ ਨਾਂ ਐ, ਧਾਰਮਕ ਲੋਕਾਂ ਦਾ ਅਪਣਾ ਨਾਂ ਐ, ਤੇਰਾ ਅਪਣਾ, ਮੇਰਾ ਅਪਣਾ। ਨਾਂ ਜਿਹੜਾ
ਮਰਜ਼ੀ ਲੈ ਲੈ। ਜਦੋਂ ਬੰਦੇ ਅੰਦਰਲਾ ਕ੍ਰੋਧ, ਮੋਹ, ਕਾਮ ਅਪਣੀ ਹੱਦ ਤੋਂ ਬਾਹਰ ਨਿਕਲ ਆਵੇ ਫੇਰ ਬੰਦਾ ਪਾਗਲ ਹੋ ਜਾਂਦੈ। ਅੱਖਾਂ ਮੂਹਰੇ ਧੁੰਦੂ-ਘਾਰਾ!”
ਚਾਹੇ ਓਦੋਂ ਮਾਮੇ ਦੀ ਕਹੀ ਗੱਲ ਮੈਨੂੰ ਅਪਣੀ ਸਮਝਂੋ ਬਾਹਰੀ ਲੱਗੀ ਸੀ ਪਰ ਅੱਜ ਮੈਂ ਵੀ ਮਹਿਸੂਸ ਕਰਦਾ ਹਾਂ ਕਿ ਬੰਦੇ ਵਿਚ ਇੱਕ ਬੰਦਾ ਜ਼ਰੂਰ ਬੈਠਾ ਹੁੰਦੈ।
ਅੱਜ ਜਦ ਮੇਰੇ ਅੰਦਰਲਾ ਬੰਦਾ ਸਿਰ ਚੁੱਕੀਂ ਫਿਰਦਾ ਹੈ ਤਾਂ ਮੈਨੂੰ ਮਾਮੇ ਦੀਆਂ ਕਈ ਸਾਲ ਪਹਿਲਾਂ ਕਹੀਆਂ ਉਨ੍ਹਾਂ ਗੱਲਾਂ ਦੀ ਹੁਣ ਸਮਝ ਆਉਣ ਲੱਗ ਪਈ ਹੈ। ਮੈਂ ਹੁਣ ਅਪਣੇ ਅੰਦਰਲੇ ਬੰਦੇ ਨਾਲ ਹੀ ਘੋਲ ਕਰ
ਰਿਹਾ ਹਾਂ। ਇੱਕੋ ਜਿਹੇ ਦਮ-ਖਮ ਵਾਲੇ ਮੱਲਾਂ ਵਾਂਗ ਕਦੇ ਉਹ ਮੇਰੇ ਉੱਤੋਂ ਦੀ ਪੈ ਜਾਂਦਾ ਹੈ ਤੇ ਕਦੇ ਮੈਂ ਉਹਦੇ! ਅਸੀਂ ਆਪਸ ਵਿਚ ਹੀ ਇੱਕ-ਦੂਜੇ ਨੂੰ ਮੱਲਾਂ ਵਾਲੀਆਂ ਪਲਟੀਆਂ ਇੰਝ ਮਾਰ ਰਹੇ ਹਾਂ। ਤੁਸੀਂ ਦੇਖੋ ਤਾਂ
ਸਹੀ… !

ਪਹਿਲੀ ਘਟਨਾ –
ਸਕੂਲ ਦਾ ਟੂਰ ਗਿਆ ਸੀ। ਉਹ ਕੁੜੀ ਸਾਰੇ ਰਾਹ, ਜਦ ਵੀ ਮੌਕਾ ਮਿਲਦਾ, ਅੱਖਾਂ ਮਟਕਾਉਂਦੀ ਮੈਨੂੰ ਕੁਝ ਨਾ ਕੁਝ ਬੋਲ ਜਾਂਦੀ ਸੀ। ਮੈਂ ਉਸਦਾ ਜਵਾਬ ਦੇਣ ਤੋਂ ਪਹਿਲਾਂ ਆਲੇ-ਦੁਆਲੇ ਵੇਖਦਾ। ਜੇ ਕੋਈ ਹੋਰ ਬੱਚਾ
ਜਾਂ ਅਧਿਆਪਕ ਮੇਰੇ ਕੋਲ ਹੁੰਦਾ ਤਾਂ ਮੈਂ ਬੁੱਲ੍ਹਾਂ ਵਿਚ ਹੀ ਮੁਸਕਰਾ ਕੇ ਚੁੱਪ ਕਰ ਜਾਂਦਾ, ਨਹੀਂ ਫੇਰ ਮੇਰੇ ਅੰਦਰਲਾ ਬੰਦਾ ਉਠਦਾ ਤੇ ਉਸ ਨੂੰ ਢੁਕਵਾਂ ਜਵਾਬ ਦੇ ਦਿੰਦਾ। ਚਿੜੀਆ-ਘਰ ਵਿਚ ਇਕੱਲੇ ਬਣ-ਮਾਨਸ ਨੂੰ
ਵੇਖ ਕੇ ਉਸਨੇ ਮੈਨੂੰ ਪੁੱਛਿਆ ਸੀ, ”ਸਰ ਜੀ ਇਹਦੀ ਕੋਈ ਸਾਥਣ ਤਾਂ ਹੈ ਨੀ! ਇਹਦਾ ਜੀਅ ਕਿਮੇਂ ਲਗਦਾ ਹੋਊ?”
”ਤੇਰੇ ਵਰਗੀਆਂ ਆਥਣ ਨੂੰ ਹਜ਼ਾਰਾਂ ਆਉਂਦੀਆਂ ਨੇ ਇਹਨੂੰ ਵੇਖਣ। ਉਨ੍ਹਾਂ ‘ਤੇ ਭਲ ਪੂਰੀ ਕਰ ਲੈਂਦੈ ਵਿਚਾਰਾ।” ਮੇਰੇ ਅੰਦਰਲੇ ਬੰਦੇ ਨੇ ਜਵਾਬ ਦਿੱਤਾ।
”ਮੈਂ ਨਾਹ ਰਹਾਂ ਅੱਜ ਇਹਦੇ ਕੋਲੇ।” ਉਸ ਦੀਆਂ ਅੱਖਾਂ ਵਿਚਲੇ ਸੁਰਮੇ ਦੀ ਬਰੀਕ ਧਾਰੀ ਵਿਚ ਕਾਮ ਛਲਕਿਆ।
”ਮਰਜ਼ੀ ਐ ਤੇਰੀ। ਕਿਤੇ… .? ਦੇਖ ਲੈ ਫੇਰ!” ਕੋਈ ਗੁੱਝੀ ਗੱਲ ਕਰਦੇ ਅੰਦਰਲੇ ਬੰਦੇ ਨੂੰ ਮੈਂ ਝਿੜਕਿਆ ਤਾਂ ਉਹ ਗੱਲ ਗੋਲ-ਮੋਲ ਕਰ, ਇੰਝ ਸਿਰ ਲੁਕਾ ਕੇ ਬੈਠ ਗਿਆ ਜਿਵੇਂ ਮੈਂ ਰੇਤੇ ਦੀ ਮੁੱਠੀ ਉਸਦੇ ਨੰਗੇ ਸਿਰ
ਵਿਚ ਦੇ ਮਾਰੀ ਹੋਵੇ।
”ਹੀ… .ਹੀ… .ਹੀ… .!” ਹੋਰ ਬੱਚੇ ਨੇੜੇ ਆਉਂਦੇ ਦੇਖ ਕੇ ਉਸ ਨੇ ਖਿੜ ਖਿੜ ਹਸਦੀ ਨੇ ਮੈਥੋਂ ਦੂਰੀ ਬਣਾ ਲਈ ਸੀ।
ਸਾਡਾ ਝਾਕਾ ਅੱਜ ਨਹੀਂ, ਉਸ ਦਿਨ ਹੀ ਖੁੱਲ੍ਹ ਗਿਆ ਸੀ ਜਦ ਮੈਨੂੰ ਜੀਤਗੜ੍ਹ ਪੀ. ਟੀ. ਆਈ. ਦੀ ਪੋਸਟ ‘ਤੇ ਆਇਆਂ ਤਿੰਨ-ਚਾਰ ਕੁ ਦਿਨ ਹੀ ਹੋਏ ਸਨ।
ਮੈਂ ਸੱਤਵੀਂ ਕਲਾਸ ਵਿਚ ਬੱਚਿਆਂ ਨੂੰ ਉਨ੍ਹਾਂ ਦੇ ਸ਼ੌਕ ਬਾਰੇ ਪੁੱਛ ਰਿਹਾ ਸੀ। ਜਦ ਸਾਰੇ ਬੱਚਿਆਂ ਦੀ ਵਾਰੀ ਪੁੱਗ ਗਈ ਤਾਂ ਬੱਚਿਆਂ ਦੇ ਪੁੱਛਣ ‘ਤੇ ਮੈਂ ਅਪਣੇ ਸ਼ੌਕ ਦੱਸਣ ਲੱਗ ਪਿਆ, ”ਸੋਹਣੇ ਸੋਹਣੇ ਕੱਪੜੇ ਪਾਉਣਾ,
ਵਾਲੀਵਾਲ ਖੇਡਣਾ, ਕ੍ਰਿਕਟ ਦਾ ਮੈਚ ਦੇਖਣਾ ਤੇ ਵੱਧ ਤੋਂ ਵੱਧ ਦੋਸਤ ਮਿੱਤਰ ਬਣਾਉਣਾ।”
”ਸਹੇਲੀਆਂ ਬਣਾਉਣ ਦਾ ਵੀ ਸ਼ੌਕ ਐ ਜੀ?” ਮੈਂ ਉਸਦਾ ਜਵਾਬ ਸੁਣ ਅਕਲ-ਵਕਲ ਹੋ ਗਿਆ ਸੀ। ਮੈਨੂੰ ਕਿੰਨੀ ਹੀ ਦੇਰ ਕੁਝ ਨਹੀਂ ਸੁੱਝਿਆ ਸੀ। ਮੈਂ ਤਾਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਸੱਤਵੀਂ ਵਿਚ
ਪੜ੍ਹਦੀ ਕੁੜੀ ਅਜਿਹਾ ਸਵਾਲ ਪੁੱਛ ਸਕਦੀ ਹੈ ਤੇ ਉਹ ਵੀ ਸਾਰੀ ਕਲਾਸ ਦੇ ਸਾਹਮਣੇ! ਸ਼ਰੇਆਮ!! ਜਦ ਮੈਂ ਸੰਭਲਿਆ ਤਾਂ ਮੈਂ ਗੱਲ ਗੋਲ-ਮੋਲ ਕਰ ਦਿੱਤੀ ਤੇ ਪਾਠ ਪੜ੍ਹਾਉਣ ਲੱਗ ਪਿਆ।
ਪਾਠ – ”ਸਰੀਰ ਵਿਚ ਦੋ ਤਰ੍ਹਾਂ ਦੀਆਂ ਮਾਸ-ਪੇਸ਼ੀਆਂ ਹੁੰਦੀਆਂ ਹਨ। ਇੱਕ ਇੱਛਤ ਮਾਸ-ਪੇਸ਼ੀਆਂ ਦੂਜੀਆਂ ਅਣ-ਇੱਛਤ ਮਾਸ-ਪੇਸ਼ੀਆਂ। ਇੱਛਤ ਮਾਸ-ਪੇਸ਼ੀਆਂ ਸਾਡੇ ਕੰਟਰੋਲ ਵਿਚ ਹੁੰਦੀਆਂ ਹਨ ਤੇ ਅਣ-ਇੱਛਤ
ਮਾਸ-ਪੇਸ਼ੀਆਂ ਸਾਡੇ ਕੰਟਰੋਲ ਵਿਚ ਨਹੀਂ ਹੁੰਦੀਆਂ… !” ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੀਆਂ ਸਾਰੀਆਂ ਮਾਸ-ਪੇਸ਼ੀਆਂ ਹੀ ਅਣ-ਇੱਛਤ ਹੋ ਰਹੀਆਂ ਹੋਣ।
”ਸਰ ਜੀ ਤੁਸੀਂ ਮੇਰੀ ਗੱਲ ਦਾ ਜਵਾਬ ਈ ਨੀ ਦਿੱਤਾ?” ਅੱਧੀ ਛੁੱਟੀ ਵੇਲੇ ਮੈਨੂੰ ਇਕੱਲਾ ਵੇਖ ਕੇ ਉਹ ਮੇਰੇ ਕੋਲ ਆ ਖੜ੍ਹੀ। ਉਸ ਦੀਆਂ ਅੱਖਾਂ ਜੇਤੂ ਅੰਦਾਜ਼ ‘ਚ ਹੱਸਦੀਆਂ ਲੱਗ ਰਹੀਆਂ ਸਨ।
”ਕਲਾਸ ‘ਚ ਚਲੋ!” ਮੈਂ ਕਹਿ ਕੇ ਦਫ਼ਤਰ ਜਾ ਵੜਿਆ।

ਫਿਰ ਹੌਲੀ ਹੌਲੀ ਮੇਰੇ ਅੰਦਰ ਬੈਠੇ ਬੰਦੇ ਨੂੰ ਉਸਨੇ ਜਗਾ ਲਿਆ ਸੀ। ਮੈਂ ਉਸਦੇ ਸਵਾਲਾਂ ਦੇ ਜਵਾਬ ਦੇਣ ਲੱਗ ਪਿਆ ਤੇ ਫਿਰ ਅਸੀਂ ਦੋਵੇਂ ਇੱਕ ਸਵਾਲ ਬਣਦੇ ਗਏ।
ਅੱਜ ਜਦੋਂ ਅਸੀਂ ਟੂਰ ਤੋਂ ਮੁੜੇ ਤਾਂ ਸਾਨੂੰ ਨੌਂ ਵੱਜ ਗਏ ਸਨ। ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਸਾਰੇ ਬੱਚਿਆਂ ਦੇ ਘਰ ਵਾਲੇ ਉਨ੍ਹਾਂ ਨੂੰ ਲੈਣ ਆਏ ਸਨ। ਪਰ ਉਸ ਨੂੰ ਕੋਈ ਨਹੀਂ ਲੈਣ ਆਇਆ ਸੀ।
”ਸਰ ਜੀ ਤੁਸੀਂ ਮੈਨੂੰ ਲੈਜੋ ਨਾਲ।” ਉਹ ਮੇਰੇ ਨਾਲ ਤੁਰ ਪਈ। ਇਹੀ ਤਾਂ ਮੈਂ ਚਾਹੁੰਦਾ ਸੀ। ਜਿੱਧਰ ਮੇਰਾ ਕਮਰਾ ਲਿਆ ਹੋਇਆ ਸੀ, ਉਧਰ ਹੀ ਰਸਤੇ ਵਿਚ ਇਨ੍ਹਾਂ ਦਾ ਘਰ ਪੈਂਦਾ ਸੀ। ਰਾਹ ਜਾਂਦੇ ਮੇਰੇ ਅੰਦਰਲੇ
ਬੰਦੇ ਨੂੰ ਕਾਮ ਦਾ ਦੌਰਾ ਪਿਆ, ਮੈਂ ਉਸਦਾ ਹੱਥ ਫੜ੍ਹ ਲਿਆ। ਫਿਰ ਸੱਜੀ ਬਾਂਹ ਉਸਦੀ ਗਰਦਨ ਉਪਰੋਂ ਵਲ ਕੇ ਗੱਲਾਂ ‘ਤੇ ਹੱਥ ਫੇਰਨ ਲੱਗ ਪਿਆ। ਉਸਨੇ ਮੇਰੀ ਉਂਗਲ ਮੂੰਹ ਵਿਚ ਲੈ ਕੇ ਪੋਲੀ ਜਿਹੀ ਦੰਦੀ ਵੱਢ
ਲਈ। ਮੇਰਾ ਕਾਮ-ਕੀੜਾ ਹੋਰ ਭੜਕ ਗਿਆ ਜਿਵੇਂ ਠੂਹੇਂ ਦੀ ਪੂਛ ‘ਤੇ ਹੱਥ ਲਾ ਦਿੱਤਾ ਹੋਵੇ। ਮੈਂ ਉਨ੍ਹਾਂ ਦੇ ਬਾਰ ਅੱਗੇ ਜਾ ਕੇ ਉਸਦੇ ਬੁੱਲ੍ਹਾਂ ‘ਤੇ ਬੁੱਲ੍ਹ ਟਿਕਾ ਲਏ।
”ਹਾਏ ਕੋਈ ਦੇਖਲੂ!” ਉਸਨੇ ਮੇਰੀ ਗਲਵਕੜੀ ਵਿਚੋਂ ਨਿਕਲਣ ਦਾ ਵਿਖਾਵਾ ਜਿਹਾ ਕੀਤਾ ਪਰ ਉਸਦੇ ‘ਹਾਏ ਕੋਈ ਦੇਖਲੂ’ ਨੇ ਮੈਨੂੰ ਪੱਕਾ ਸਰਟੀਫ਼ਿਕੇਟ ਦੇ ਦਿੱਤਾ ਸੀ। ਮੈਂ ਕੁੰਡਾ ਖੜਕਾ ਕੇ ਉਨ੍ਹਾਂ ਦਾ ਬਾਰ
ਖੁਲ੍ਹਵਾਇਆ।
”ਬਹੁਤ ਚੰਗਾ ਕੀਤਾ ਭਾਈ, ਤੂੰ ਛੱਡ ਗਿਆ।” ਉਸਦੀ ਮਾਂ ਨੇ ਕੁੰਡਾ ਖੋਲ੍ਹਦਿਆਂ ਮੈਨੂੰ ਸਾਹਮਣੇ ਖੜ੍ਹਾ ਵੇਖ ਕੇ ਕਿਹਾ।
‘ਬਹੁਤ ਚੰਗਾ ਕੀਤਾ ਭਾਈ’ ਸੁਣ ਕੇ ਤਾਂ ਮੈਨੂੰ ਇੱਕ ਵਾਰ ਇੰਝ ਲੱਗਿਆ ਸੀ ਜਿਵੇਂ ਮੇਰੀ ਹੁਣੇ ਹੁਣੇ ਕੀਤੀ ਹਰਕਤ ‘ਤੇ ਉਸਨੇ ਇਹ ਗੱਲ ਖੁਸ਼ੀ ਵਿਚ ਕਹੀ ਹੋਵੇ। ਪਿਛਲੇ ਬੋਲ ‘ਤੂੰ ਛੱਡ ਗਿਆ’ ਮੈਨੂੰ ਬੜੇ ਬਕਬਕੇ
ਜਿਹੇ ਲੱਗੇ।
ਕਮਰੇ ਵਿਚ ਗਿਆ, ਮੇਰੀ ਰੋਟੀ ਟਿਫ਼ਨ ਵਿਚ ਪਾਈ ਪਈ ਸੀ। ਮੈਂ ਰੋਟੀ ਤੱਤੀ ਕਰਕੇ ਖਾਣ ਲੱਗ ਪਿਆ। ਹੁਣੇ ਵਾਪਰੀ ਘਟਨਾ ਦਾ ਸਵਾਦ ਜਿਵੇਂ ਮੇਰੀ ਰੋਟੀ ਵਿਚ ਘੁਲ ਕੇ ਮੇਰੇ ਅੰਦਰ ਸਮਾ ਰਿਹਾ ਹੋਵੇ। ਮੈਂ ਇੱਕ
ਇੱਕ ਬੁਰਕੀ ਨੂੰ ਕਿੰਨਾ ਕਿੰਨਾ ਚਿਰ ਮੂੰਹ ਵਿਚ ਹੀ ਚਿੱਥਦਾ ਰਿਹਾ। ਜਿਸ ਘਰ ਦੀ ਮੈਂ ਸਿਰੇ ਵਾਲੀ ਬੈਠਕ ਕਿਰਾਏ ‘ਤੇ ਲਈ ਹੈ, ਮੇਰੀ ਰੋਟੀ ਵੀ ਉਹ ਹੀ ਪਕਾ ਦਿੰਦੇ ਹਨ। ਜਦੋਂ ਮੈਂ ਬਾਹਰ ਜਾਵਾਂ ਤਾਂ ਮੈਂ ਪਹੇ ਵਿਚ
ਖੁੱਲ੍ਹਦੇ ਗੇਟ ਨੂੰ ਜਿੰਦਾ ਮਾਰ ਜਾਂਦਾ ਹਾਂ ਤੇ ਅੰਦਰ ਵਿਹੜੇ ‘ਚ ਖੁੱਲ੍ਹਦਾ ਬਾਰ ਖੁੱਲ੍ਹਾ ਛੱਡ ਜਾਂਦਾ ਹਾਂ। ਜੇ ਮੈਂ ਲੇਟ ਹੋਵਾਂ ਤਾਂ ਉਹ ਟਿਫ਼ਨ ਵਿਚ ਰੋਟੀ ਪਾ ਕੇ ਰੱਖ ਦਿੰਦੇ ਹਨ। ਰੋਟੀ ਬਦਲੇ ਮੈਂ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾ
ਦਿੰਦਾ ਹਾਂ।
ਮੈਂ ਅਜੇ ਰੋਟੀ ਖਾ ਕੇ ਹਟਿਆ ਹੀ ਹਾਂ ਕਿ ਪਤਨੀ ਦਾ ਮੋਬਾਈਲ ਖੜਕ ਪੈਂਦਾ ਹੈ, ‘ਦੂਰ ਵਸੇਂਦਿਆ ਸੱਜਣਾਂ ਵੇ ਸਾਨੂੰ ਭੁੱਲ ਨਾ ਜਾਵੀਂ… .ਹਾਏ… .!’ ਅਪਣੇ ਨੰਬਰ ‘ਤੇ ਉਸਨੇ ਸਪੈਸ਼ਲ ਰਿੰਗ ਟੋਨ ਲਾ ਦਿੱਤੀ ਸੀ।
”ਹੈਲੋ… .!”
”ਹਾਂ ਜੀ! ਪਹੁੰਚ ਗਏ?” ਅੱਗੋਂ ਪਤਨੀ ਬੜੇ ਪਿਆਰ ਨਾਲ ਬੋਲੀ ਹੈ।
”ਹਾਂ ਹੁਣੇ ਆ ਕੇ ਖੜ੍ਹਿਆਂ।”
”ਵਧੀਆ ਰਿਹਾ ਟੂਰ?” ਮੈਨੂੰ ਲਗਦਾ ਹੈ ਜਿਵੇਂ ਪਤਨੀ ਨੇ ਮੈਥੋਂ ਕੋਈ ਗੁੱਝੀ ਗੱਲ ਪੁੱਛ ਲਈ ਹੋਵੇ।
”ਹਾਂ ਠੀਕ… . ਰਿਹਾ।” ਮੈਂ ਰੁੱਖਾ ਜਿਹਾ ਜਵਾਬ ਦਿੰਦਾ ਹਾਂ।
ਉਹ ਮੇਰੇ ਨਾਲ ਰੁਮਾਂਟਿਕ ਗੱਲਾਂ ਕਰਨ ਲਗਦੀ ਹੈ ਤੇ ਹਰ ਰੋਜ਼ ਵਾਂਗ ਅਖੀਰ ਵਿਚ ਉਹੀ ਸ਼ਬਦ, ”ਚੰਗਾ ਸੋਹਣਿਆ ਆਈ ਲਵ ਯੂ ਅਪਣਾ ਖ਼ਿਆਲ ਰੱਖੀਂ। ਸਾਨੂੰ ਨਾ ਭੁੱਲ ਜੀਂ!” ਆਖਦੀ ਹੈ।
”ਆਈ ਲਵ ਯੂ ਪ੍ਰੀਤ। ਤੂੰ ਤਾਂ ਮੇਰੇ ਦਿਲ ‘ਚ ਵਸਦੀ ਐਂ। ਚੰਗਾ ਓ.ਕੇ. ਬਾਏ ।”
”ਬਾਏ… .!” ਉਹ ਮੋਬਾਇਲ ਕੱਟ ਦਿੰਦੀ ਹੈ।

ਮੇਰੀ ਪਤਨੀ ਬਹੁਤੀ ਸੋਹਣੀ ਨਹੀਂ। ਇੱਕ ਵਾਰ ਤਾਂ ਮੈਂ ਫੋਟੋ ਵੇਖ ਕੇ ਜਵਾਬ ਵੀ ਦੇ ਦਿੱਤਾ ਸੀ ਪਰ ਘਰਦਿਆਂ ਦੇ ਜ਼ੋਰ ਪਾਉਣ ‘ਤੇ ਮੈਂ ਅਣ-ਮੰਨੇ ਮਨ ਨਾਲ ‘ਹਾਂ’ ਕਹਿ ਦਿੱਤੀ ਸੀ। ਵਿਆਹ ਤੋਂ ਬਾਅਦ ਹੌਲੀ ਹੌਲੀ
ਉਸਦਾ ਸੁਚੱਜਾ-ਪਨ, ਭੋਲਾਪਨ ਮੈਨੂੰ ਚੰਗਾ ਚੰਗਾ ਲੱਗਣ ਲੱਗ ਪਿਆ ਸੀ। ਹੌਲੀ ਹੌਲੀ ਮੈਂ ਉਸ ਨਾਲ ਰਚ ਜਿਹਾ ਗਿਆ।
ਪਤਨੀ ਦਾ ਫੋਨ ਸੁਣ ਕੇ ਮੈਨੂੰ ਅਪਣਾ-ਆਪ ਭੈੜਾ ਜਿਹਾ ਲੱਗਣ ਲੱਗ ਪਿਆ ਹੈ। ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਪਤਨੀ ਦੇ ਭੋਲੇਪਨ ਦਾ ਨਾਜਾਇਜ਼ ਫਾਇਦਾ ਉਠਾ ਰਿਹਾ ਹੋਵਾਂ। ਉਹ ਮੇਰਾ ਕਿੰਨਾ ਮੋਹ ਕਰਦੀ ਹੈ।
ਦਿਨ ਵਿਚੋਂ ਦੀ ਕਈ ਕਈ ਵਾਰ ਫੋਨ ਕਰਦੀ ਹੈ, ”ਕੀ ਕਰਦੇ ਹੋਂ? ਰੋਟੀ ਖਾ ਲਈ ਸੀ? ਜੀਅ ਲੱਗਿਆ ਹੈ? ਸਾਡੀ ਯਾਦ ਤਾਂ ਨੀ ਆਉਂਦੀ? ਕਦੋਂ ਆਓਗੇ?” ਵਿਚਾਰੀ ਨੂੰ ਮੇਰੇ ‘ਤੇ ਕਿੰਨਾ ਵਿਸ਼ਵਾਸ ਹੈ। ਕਿੰਨਾ
ਚਾਹੁੰਦੀ ਹੈ ਮੈਨੂੰ। ਪਰ ਮੈਂ ਹੀ ਕਦੇ ਕਦੇ ਭਟਕ ਜਾਨਾਂ। ਭਟਕ ਤਾਂ ਮੈਂ ਹੁਣ ਵੀ ਗਿਆ ਸੀ। ਬੱਸ ਐਨ ਤਿਲਕਦਾ ਤਿਲਕਦਾ ਬਚਿਆ ਹਾਂ। ਜੇ ਮੈਂ ਤਿਲਕ ਜਾਂਦਾ ਤਾਂ… ? ਮੈਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ।
ਮੈਂ ਭਾਂਡੇ ਸਾਂਭ ਕੇ ਅਖ਼ਬਾਰ ਚੁੱਕ ਲੈਂਦਾ ਹਾਂ। ਅਖ਼ਬਾਰ ਦੀਆਂ ਸੁਰਖ਼ੀਆਂ ਤੋਂ ਨਜ਼ਰ ਤਿਲਕਦੀ ਤਿਲਕਦੀ ਇੱਕ ਥਾਂ ਅਟਕ ਜਾਂਦੀ ਹੈ। ”ਵਿਦਿਆਰਥਣ ਨਾਲ ਛੇੜ-ਛਾੜ ਕਰਨ ਵਾਲਾ ਅਧਿਆਪਕ ਸਸਪੈਂਡ!”
ਖ਼ਬਰ ਪੜ੍ਹਦਾ ਮੈਂ ਅੰਦਰ ਤੱਕ ਕੰਬ ਜਾਂਦਾ ਹਾਂ। ‘ਜੇ ਕਿਤੇ ਮੈਂ… ? ਮੇਰੇ ਘਰ ਦਾ ਕੀ ਹੋਵੇਗਾ? ਲੋਕਾਂ ਵਿਚ ਬਣੇ ਮੇਰੇ ਅਕਸ ਦਾ ਕੀ ਹੋਵੇਗਾ? ਜਿਨ੍ਹਾਂ ਦੀਆਂ ਨਜ਼ਰਾਂ ਵਿਚ ਮੈਂ ਕਾਮਰੇਡੀ ਵਿਚਾਰਾਂ ਦਾ ਆਦਰਸ਼
ਅਧਿਆਪਕ ਹਾਂ। ਇੰਨੀ ਮਿਹਨਤ ਕਰਕੇ ਲਈ ਮੇਰੀ ਨੌਕਰੀ?’ ਮੈਨੂੰ ਇੱਕ ਪਲ ਲਈ ਲਗਦਾ ਹੈ ਜਿਵੇਂ ਮੈਂ ਲੱਖੋਂ ਕੱਖ ਦਾ ਹੋ ਗਿਆ ਹੋਵਾਂ। ਲੋਕ ਮੇਰੇ ‘ਤੇ ਥੂ ਥੂ ਕਰ ਰਹੇ ਹਨ। ਮੇਰਾ ਮੂੰਹ ਕਾਲਾ ਕਰਕੇ, ਗਧੇ ‘ਤੇ
ਚੜ੍ਹਾ ਪਿੰਡ ਵਿਚ ਫੇਰਿਆ ਜਾ ਰਿਹਾ ਹੈ। ਗਲ ਵਿਚ ਛਿੱਤਰਾਂ ਦਾ ਹਾਰ ਪਾਇਆ ਹੈ। ਬੱਚੇ ਪਿੱਛੇ ਹੋ ਹੋ ਕਰਦੇ ਭੱਜ ਰਹੇ ਹਨ ਤੇ… ਤੇ… ਤੇ… !!
ਮੈਂ ਸਿਰ ਝਟਕਿਆ ਹੈ। ਮੇਰੀ ਸੁਰਤ ਪਰਤ ਪਈ ਹੈ। ਹੇਠਾਂ ਨਿਗ੍ਹਾ ਮਾਰਦਾ ਹਾਂ। ਸ਼ੁਕਰ ਹੈ! ਮੇਰੇ ਹੇਠਾਂ ਗਧਾ ਨਹੀਂ ਹੈ। ਮੈਂ ਜ਼ਮੀਨ ‘ਤੇ ਖੜ੍ਹਾ ਹਾਂ। ਉਂਝ ਮੇਰੀ ਹਾਲਤ ਥੱਕੇ ਹੋਏ ਗਧੇ ਵਰਗੀ ਹੋਈ ਪਈ ਹੈ ਜਿਹੜਾ
ਹੁਣੇ ਹੁਣੇ ਇੱਕ ਸਵਾਰੀ ਨੂੰ ਢੋਹ ਕੇ ਆਇਆ ਹੋਵੇ। ਡਰ ਨਾਲ ਮੇਰੀਆਂ ਲੱਤਾਂ ਕੰਬਣ ਲੱਗਦੀਆਂ ਹਨ। ਮੈਂ ਕੱਪੜਾ ਵਿਛਾ ਕੇ ਪੈ ਤਾਂ ਜਾਂਦਾ ਹਾਂ ਪਰ ਅੱਧੀ ਰਾਤ ਤੱਕ ਮੇਰੀ ਅਜੀਬੋ-ਗਰੀਬ ਹਾਲਤ ਹੋਈ ਰਹਿੰਦੀ ਹੈ।
ਫਿਰ ਪਤਾ ਨਹੀਂ ਕਦੋਂ ਮੈਨੂੰ ਨੀਂਦ ਆ ਜਾਂਦੀ ਹੈ।

ਦੂਜੀ ਘਟਨਾ –
ਅੱਜ ਉਸ ਨੇ ਸਕੂਲ ਟਾਈਮ ਤੋਂ ਬਾਅਦ ਮੇਰੇ ਕਮਰੇ ਵਿਚ ਆਉਣ ਦਾ ਵਾਅਦਾ ਕੀਤਾ ਹੈ। ਮੈਂ ਛੇਤੀ ਛੇਤੀ ਚਾਹ ਪੀ ਕੇ ਕੰਪਿਊਟਰ ਅੱਗੇ ਬੈਠ ਜਾਂਦਾ ਹਾਂ। ਕੰਪਿਊਟਰ ਵਿਚੋਂ ‘ਬਿਕਨੀ ਗਰਲ’ ਫਾਈਲ ਖੋਲ੍ਹ ਲਈ ਹੈ
ਤਾਂ ਕਿ ਉਸਦੇ ਇੱਥੇ ਆਉਣ ‘ਤੇ ਉਸ ਨੂੰ ਇਹ ਵਿਖਾ ਸਕਾਂ।
ਉਸ ਨੇ ਤਾਂ ਕਿਹਾ ਸੀ ‘ਬਸਤਾ ਰੱਖ ਕੇ ਓਦੀਂ ਆਜੂੰ।’ ਪਤਾ ਨਹੀਂ ਉਹ ਹੀ ਲੇਟ ਹੋ ਗਈ ਹੈ ਜਾਂ ਮੈਂ ਹੀ ਬਹੁਤਾ ਬੇਸਬਰਾ ਹੋ ਗਿਆ ਹਾਂ। ਮੈਨੂੰ ਅੱਚਵੀ ਲੱਗੀ ਪਈ ਹੈ। ਉਹ ਛੇਤੀ ਆ ਜਾਵੇ! ਬੱਸ! ਛੇਤੀ ਤੋਂ ਛੇਤੀ!!
ਸ਼ੁਕਰ ਹੈ ਅੱਜ ਮਾਮਾ ਚਲਾ ਗਿਆ, ਨਹੀਂ ਤਾਂ ਮੌਕਾ ਹੱਥੋਂ ਲੰਘ ਜਾਣਾ ਸੀ। ਮੇਰੀ, ਮਾਮੇ ਨਾਲ ਚੰਗੀ ਸੱਥਰੀ ਪੈਂਦੀ ਹੈ। ਜਿਸ ਦਾ ਇੱਕ ਕਾਰਨ ਸਾਡੀ ਉਮਰ ਦਾ ਵੀ ਬਹੁਤਾ ਫ਼ਰਕ ਨਾ ਹੋਣਾ ਹੈ। ਮਾਮਾ ਮੈਥੋਂ ਸਿਰਫ਼
ਦਸ ਸਾਲ ਵੱਡਾ ਹੈ। ਜਿਸ ਪਿੰਡ ਮੇਰੀ ਪੋਸਟਿੰਗ ਹੈ ਇੱਥੋਂ ਸਿਰਫ਼ ਸੱਤ ਕਿਲੋਮੀਟਰ ਮੇਰੇ ਨਾਨਕੇ ਹਨ। ਜਿੱਥੋਂ ਮਾਮਾ ਕੁਝ ਦਿਨਾਂ ਬਾਅਦ ਮਿਲਣ ਆ ਜਾਂਦਾ ਹੈ। ਮੈਂ ਵੀ ਕਦੇ ਕਦੇ ਇੱਕ ਅੱਧ ਛੁੱਟੀ ਵਿਚ ਪਿੰਡ ਅੱਸੀ
ਨੱਬੇ ਕਿਲੋਮੀਟਰ ਜਾਣ ਦੀ ਬਜਾਏ ਨਾਨਕੇ ਜਾ ਕੇ ਮੁੜ ਆਉਂਦਾ ਹਾਂ।
ਬਾਹਰ ਕੋਈ ਸਕੂਲ ਦੀ ਵਰਦੀ ਪਾਈ ਲੰਘੀ ਹੈ। ਮੈਂ ਭੱਜ ਕੇ ਬਾਰ ਵਿਚ ਜਾਂਦਾ ਹਾਂ। ਉਹ ਨਹੀਂ ਸੀ। ਮੈਂ ਮੁੜ ਅੰਦਰ ਆ ਕੰਪਿਊਟਰ ‘ਤੇ ਬੈਠ ਜਾਂਦਾ ਹਾਂ।
ਪਹਿਲੇ ਦਿਨ ਦੀ ਘਟਨਾ ਤੋਂ ਅਗਲੇ ਦਿਨ ਮੈਂ ਪਤਨੀ ਕੋਲ ਗੇੜਾ ਮਾਰ ਆਇਆ ਸੀ। ਹੁਣ ਮੈਨੂੰ ਹੋਰ ਵੀ ਮਹਿਸੂਸ ਹੋਣ ਲੱਗਿਆ ਸੀ ਕਿ ਮੈਂ ਬਹੁਤ ਭਾਰੀ ਗ਼ਲਤੀ ਵੱਲ ਕਦਮ ਪੁੱਟ ਬੈਠਾ ਸਾਂ। ਮੇਨੂੰ ਅਪਣੀ ਉਸ
ਹਰਕਤ ‘ਤੇ ਬਹੁਤ ਪਛਤਾਵਾ ਸੀ। ਇੱਕ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਮਾਤਾ-ਪਿਤਾ ਤੋਂ ਵੱਡਾ ਹੁੰਦਾ ਹੈ। ਤੇ ਮੈਂ… ? ਮੈਂ ਮਨ ਹੀ ਮਨ ਇਹ ਪੱਕਾ ਧਾਰ ਲਿਆ ਸੀ ਕਿ ਹੁਣ ਇਹ ਕਦੇ ਨਹੀਂ
ਦੁਹਰਾਵਾਂਗਾ। ਮੈਂ ਕਿੰਨੇ ਹੀ ਦਿਨ ਉਸ ਨੂੰ ਨਜ਼ਰਅੰਦਾਜ਼ ਕਰਦਾ ਰਿਹਾ। ਜੇ ਉਹ ਮੇਰੇ ਕੋਲ ਆਉਂਦੀ ਤਾਂ ਮੈਨੂੰ ਉਸ ‘ਤੇ ਖਿਝ ਚੜ੍ਹਦੀ। ਜੇ ਕੁਝ ਪੁੱਛਦੀ ਤਾਂ ਮੈਂ ਟਾਲਾ ਵੱਟ ਜਾਂਦਾ। ਮੇਰੇ ‘ਕੱਲੇ ਕੋਲ ਦਫ਼ਤਰ ਜਾਂਦੀ, ਮੈਂ
ਬਾਹਰ ਨਿਕਲ ਆਉਂਦਾ।

ਮੇਰੀ ਇਹ ਸਥਿਤੀ ਵੀ ਬਹੁਤਾ ਸਮਾਂ ਨਾ ਕੱਟ ਸਕੀ। ਮੇਰੇ ਅੰਦਰਲਾ ਬੰਦਾ ਫਿਰ ਅੰਗੜਾਈ ਲੈਣ ਲੱਗਿਆ ਸੀ। ਮੈਨੂੰ ਇਸ ਸਭ ਦੇ ਨਿਕਲਣ ਵਾਲੇ ਭੈੜੇ ਨਤੀਜੇ ਵਿਖਾਈ ਦੇਣੋਂ ਹਟ ਗਏ ਸਨ। ਹੌਲੀ ਹੌਲੀ ਮੇਰੀ
ਨਜ਼ਰ ਉਸ ਉੱਤੇ ਫਿਰ ਅਟਕਣ ਲੱਗ ਪਈ।
ਅੱਜ ਉਹ ਮੈਨੂੰ ਇਕੱਲੇ ਨੂੰ ਦਫ਼ਤਰ ਬੈਠਾ ਵੇਖ ਕੋਲ ਆ ਗਈ, ”ਹੋਰ ਕੀ ਹਾਲ ਐ ਸਰ ਜੀ… .!” ਉਹ ਨਖ਼ਰੇ ਨਾਲ ਬੋਲੀ।
”ਠੀਕ ਨੇ ਤੁਸੀਂ ਸੁਣਾਓ।” ਮੈਨੂੰ ਲੱਗਿਆ ਜਿਵੇਂ ਮੇਰੇ ਅੰਦਰਲਾ ਬੰਦਾ ਉੱਠਣ ਲਈ ਤਿਆਰ ਹੋ ਰਿਹਾ ਹੋਵੇ।
”ਠੀਅਕ.. … . ਨੇ ਬੱਸ!” ਉਹ ਮੇਰੇ ਵੱਲ ਝਾਕੀ ਤੇ ਫਿਰ ਨੀਵੀਂ ਪਾ ਕੇ ਹਵਾ ਨਾਲ ਝੂਲਦੀ ਟਾਹਣੀ ਵਾਂਗ ਨਖ਼ਰੇ ਵਿਚ ਝੂਲਣ ਲੱਗੀ।
”ਕਿਉਂ ਐਨਾ ਔਖਾ ਜਾ ਬੋਲਿਓਂ।” ਮੈਂ ਪੁੱਛਿਆ।
”ਊਂਈ ਬੱਸ! ਕੁਛ ਨੀ!”
”ਚੰਗਾ ਇੱਕ ਗੱਲ ਦੱਸ।” ਮੇਰੇ ਅੰਦਰਲਾ ਆਦਮੀ ਮੁੱਛਾਂ ਨੂੰ ਵਟ ਚਾੜ੍ਹ ਕੇ ਮੁਕਾਬਲੇ ਲਈ ਤਿਆਰ ਹੋ ਗਿਆ।
”ਹਾਂ ਪੁੱਛੋ ਜੀ।”
”ਅੱਗੇ ਨਾ ਦੱਸੀਂ!”
”ਹਾਂ ਠੀਕ ਐ।”
”ਮੇਰੇ ਨਾਲ ਸੈਕਸ ਕਰੇਂਗੀ?”
”ਊਂ… .ਦੇਖਾਂ… .ਗੇ!” ਉਹ ਆਲੇ-ਦੁਆਲੇ ਅੱਖਾਂ ਘੁਮਾਉਂਦੀ ਬੁੱਲ੍ਹਾਂ ਵਿਚ ਮੁਸਕਰਾ ਪਈ।
”ਹਾਂ ਜਾਂ ਨਾ ਕਹਿ।” ਮੈਂ ਸੋਚਿਆ ਸੀ ਕਿ ਜੇ ‘ਹਾਂ’ ਕਹਿ ਦਿੱਤੀ ਤਾਂ ਕਹਾਣੀ ਅੱਗੇ ਤੋਰਾਂਗਾ। ਜੇ ‘ਨਾ’ ਕਹੀ ਤਾਂ ਅੱਜ, ਇਸੇ ਵਕਤ ‘ਦ ਐਂਡ!’
”ਊਂ… … ਹਾਂ!” ਉਹ ਕਹਿ ਕੇ ਤੁਰਨ ਲੱਗੀ ਮੈਂ ਹੱਥ ਖੜ੍ਹਾ ਕਰਕੇ ਰੋਕ ਲਈ।
”ਸੈਕਸ ਕਰਨਾ ਪਤੈ ਕੀ ਹੁੰਦੈ?” ਮੈਂ ਪੁੱਛਿਆ।
”ਕੁੜੀਆਂ ਨੂੰ ਸਭ ਪਤਾ ਹੁੰਦੈ।” ਇਹ ਜਵਾਬ ਦੇ ਕੇ ਉਹ ਮੈਨੂੰ ਬੱਚਾ ਬਣਾ, ਮੂੰਹ ਚੁੰਘਣੀ ਦੇ ਗਈ।
”ਚੰਗਾ ਅੱਜ ਛੁੱਟੀ ਤੋਂ ਬਾਅਦ ਆਜੀਂ ਕਮਰੇ ‘ਚ।”
”ਠੀਕ ਐ ਜੀ।” ਉਹ ਵਾਅਦਾ ਕਰਕੇ ਚਲੀ ਗਈ ਸੀ।
ਟਾਈਮ ਲੰਘਦਾ ਜਾ ਰਿਹਾ ਹੈ। ਪਰ ਉਹ ਅਜੇ ਤੱਕ ਨਹੀਂ ਆਈ। ਜੇ ਚਾਹ-ਪਾਣੀ ਵੀ ਪੀਣ ਲੱਗ ਗਈ ਹੋਣੀ ਤਾਂ ਵੀ ਐਨਾ ਟਾਈਮ ਨਹੀਂ ਲੱਗਣਾ ਸੀ। ਮੇਰਾ ਜੀਅ ਕਰਦਾ ਹੈ ਉਸ ਨੂੰ ਘਰੋਂ ਜਾ ਕੇ ਬੁਲਾ ਲਿਆਵਾਂ।
ਪਰ ਕਿਸੇ ਝੇਪ ਦਾ ਮਾਰਿਆ ਜਾ ਨਹੀਂ ਸਕਦਾ। ਹੁਣ ਸਮਾਂ ਏਨਾ ਹੋ ਗਿਆ ਹੈ ਕਿ ਜਿਉਂ ਜਿਉਂ ਸੂਈ ਅੱਗੇ ਸਰਕ ਰਹੀ ਹੈ, ਉਸ ਦੇ ਆਉਣ ਦੀ ਉਮੀਦ ਵੀ ਮੱਧਮ ਪੈਂਦੀ ਜਾਂਦੀ ਹੈ।
”ਸੱਜਣਾ ਵੇ ਸਾਨੂੰ ਭੁੱਲ ਨਾ ਜਾਵੀਂ… .ਹਾਏ… .!” ਪਤਨੀ ਦਾ ਫੋਨ ਖੜਕ ਗਿਆ ਹੈ। ਮੈਂ ਅਣ-ਮੰਨੇ ਜਿਹੇ ਮਨ ਨਾਲ ਫੋਨ ਚੁੱਕਦਾ ਹਾਂ।
”ਹਾਂ ਜੀ! ਕੀ ਕਰ ਰਹੇ ਓਂ।” ਅੱਗੋਂ ਪਤਨੀ ਦੀ ਪਿਆਰ ਰਲੇ ਭਾਵਾਂ ਵਾਲੀ ਆਵਾਜ਼ ਆਉਂਦੀ ਹੈ।
”ਬੱਸ ਤੈਨੂੰ ਯਾਦ ਕਰ ਰਹੇ ਸੀ।”
”ਅੱਛਿਆ ਜੀ! ਝੂਠ ਤਾਂ ਨੀ ਬੋਲਦੇ?”
”ਜਨਾਬ! ਪਹਿਲਾਂ ਥੋਡੇ ਕੋਲ ਕਦੇ ਝੂਠ ਮਾਰਿਐ?”
”ਐਂ ਤਾਂ ਮੈਨੂੰ ਮੇਰੇ ਸੋਹਣੇ ‘ਤੇ ਯਕੀਨ ਐ। ਆਈ ਲਵ ਯੂ ਸੋਹਣਿਆ।”
”ਆਈ ਲਵ ਯੂ ਪ੍ਰੀਤ।”
ਫਿਰ ਉਹ ਕਿੰਨੀ ਹੀ ਦੇਰ ਮੇਰੇ ਨਾਲ ਰੋਮਾਂਟਿਕ ਗੱਲਾਂ ਕਰਦੀ ਰਹਿੰਦੀ ਹੈ। ਅਪਣੇ ਹੋਣ ਵਾਲੇ ਬੱਚੇ ਬਾਰੇ ਦੱਸਦੀ ਹੈ, ਉਹ ਕਿਵੇਂ ਪੇਟ ਵਿਚ ਹਿਲਦਾ ਹੈ। ਲੱਤਾਂ ਬਾਹਾਂ ਮਾਰਦਾ ਹੈ। ਇੱਕ ਵਾਰ ਫਿਰ ਅਖ਼ੀਰ ਵਾਲੇ
ਸ਼ਬਦ ਦੁਹਰਾਉਂਦੀ ਹੈ ਤੇ ਫੋਨ ਕੱਟ ਦਿੰਦੀ ਹੈ।
ਮੈਨੂੰ ਹੁਣ ਉਸ ਕੁੜੀ ਦੀ ਉਡੀਕ ਨਹੀਂ ਹੈ। ਸ਼ਾਇਦ ਸਾਡੇ ਦੋਵਾਂ ਦੇ ਗੱਲਾਂ ਕਰਦੇ ਕਰਦੇ ਮੇਰੇ ਅੰਦਰਲੇ ਬੰਦੇ ਦੀ ਅੱਖ ਲੱਗ ਗਈ ਹੈ।

ਅਖ਼ੀਰੀ ਘਟਨਾ –
ਰਾਤ ਦੇ ਨੌਂ ਵੱਜ ਚੁੱਕੇ ਹਨ। ਅਜੇ ਦੋ ਘੰਟੇ ਬਾਕੀ ਪਏ ਹਨ। ਉਸ ਨੇ ਗਿਆਰਾਂ ਵਜੇ ਆਉਣ ਨੂੰ ਕਿਹਾ ਸੀ। ਮੈਨੂੰ ਮਿੰਟ ਮਿੰਟ ਪਹਾੜ ਵਰਗਾ ਲੱਗ ਰਿਹਾ ਹੈ, ਫਿਰ ਵੀ ਖਿੱਚ-ਧੂਹ ਕੇ ਸਮਾਂ ਲੰਘਾ ਰਿਹਾ ਹਾਂ। ਪਿੰਡ
ਕੋਲ ਮੇਰੀ ਬਦਲੀ ਹੋ ਚੁੱਕੀ ਹੈ। ਅੱਜ ਦੀ ਰਾਤ ਇਥੇ ਮੇਰੀ ਅਖ਼ੀਰੀ ਰਾਤ ਹੈ। ਕੱਲ੍ਹ ਨੂੰ ਮੈਂ ਇਥੋਂ ਚਲੇ ਜਾਣਾ ਹੈ ਜਿਸ ਕਰਕੇ ਹੁਣ ਮੈਨੂੰ ਬਹੁਤਾ ਡਰ ਨਹੀਂ। ਮੇਰੇ ਅੰਦਰਲਾ ਬੰਦਾ ਸਭ ਹੱਦਾਂ-ਬੰਨੇ ਪਾਰ ਕਰਨ ਲਈ
ਹੱਥਾਂ ਵਿਚ ਥੁੱਕੀਂ ਫਿਰਦਾ ਹੈ।
ਬੱਸ ਉਸ ਦੀ ਤਸਵੀਰ ਹੀ ਮੇਰੀਆਂ ਅੱਖਾਂ ਅੱਗੇ ਚੱਕਰ ਕੱਟ ਰਹੀ ਹੈ। ਮੈਂ ਅਪਣੀ ਹੀ ਕਲਪਣਾ ਵਿਚ ਉਸਨੂੰ ਕਿੰਨੀ ਵਾਰ ਮਿਲ ਵੀ ਆਇਆ ਹਾਂ। ਕਦੇ ਕਦੇ ਮੇਰੇ ਅੰਦਰ ਡਰ ਵੀ ਪ੍ਰਵੇਸ਼ ਕਰਨ ਲਗਦਾ ਹੈ। ਪਰ
ਮੇਰੇ ਅੰਦਰਲਾ ਬੰਦਾ ਉਸਨੂੰ ਮੱਖਣ ‘ਚੋਂ ਵਾਲ ਵਾਂਗ ਕੱਢ ਕੇ ਬਾਹਰ ਵਗਾਹ ਮਾਰਦਾ ਹੈ ਤੇ ਮੈਂ ਦੁਬਾਰਾ ਸਭ ਕੁਝ ਕਰਨ ਲਈ ਲੋਹੇ ਵਰਗੀ ਮਜ਼ਬੂਤੀ ਫੜ ਜਾਂਦਾ ਹਾਂ।
ਪਰਸੋਂ ਛੋਟਾ ਮਾਮਾ ਵੀ ਆਇਆ ਸੀ। ਮੈਂ ਅਪਣੇ ਮਨ ‘ਚ ਧੜਕਦਾ ਸਵਾਲ ਹੌਂਸਲਾ ਜਿਹਾ ਕਰਕੇ ਉਸ ਨੂੰ ਪੁੱਛ ਹੀ ਲਿਆ ਸੀ, ”ਜੇ ਭਲਾਂ ਮਾਮਾ ਤੇਰੇ ਕਹਿਣ ਜਿਉਂ, ਅੰਦਰਲਾ ਬੰਦਾ ਸਿਰ ਚੁੱਕ ਲੇ, ਫੇਰ ਉਹਨੂੰ
ਕਿਮੇਂ ਦਵਾਇਆ ਜਾਂਦੈ?”
ਮਾਮਾ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਭੇਤ ਭਰਿਆ ਜਿਹਾ ਝਾਕਿਆ ਸੀ। ਮੈਨੂੰ ਲੱਗਿਆ ਸੀ ਜਿਵੇਂ ਮਾਮਾ ਅੱਖਾਂ ਰਾਹੀਂ ਮੇਰੇ ਅੰਦਰ ਉਤਰ ਜਾਵੇਗਾ ਤੇ ਮੇਰੇ ਅੰਦਰ ਬੈਠੇ ਬੰਦੇ ਨੂੰ ਗਲੋਂ ਫੜ ਕੇ ਬਾਹਰ ਧੂੰਹਦਾ
ਪੁੱਛੇਗਾ, ”ਤੂੰ ਭਲਾਂ ਭਾਣਜੇ ਇਹਦੀ ਗੱਲ ਕਰਦੈ?” ਪਰ ਮਾਮੇ ਨੇ ਮੁਸਕਰਾ ਕੇ ਸਿਰਫ਼ ਏਨਾ ਹੀ ਕਿਹਾ ਸੀ, ”ਕਿਉਂ ਤੇਰੇ ਅੰਦਰਲਾ ਬੰਦਾ ਤਾਂ ਨੀ ਉਠ ਖੜ੍ਹਿਆ?”
”ਨਾਹ ਮੈਂ ਤਾਂ ਵੈਸੇ ਹੀ ਪੁੱਛਿਐ।” ਮੈਂ ਬੇਸ਼ਰਮ ਜਿਹਾ ਮੁਸਕਰਾ ਪਿਆ ਸੀ ਜਿਵੇਂ ਮਾਮੇ ਨੇ ਮੈਨੂੰ ਨੰਗਾ ਕਰ ਦਿੱਤਾ ਹੋਵੇ।
”ਭਾਣਜੇ ਜਿਹੜੇ ਆਹ ਸਾਰੇ ਧਰਮ ਨੇ… ., ਆਹ ਸਾਰੇ ਰੀਤੀ ਰਿਵਾਜ਼… , ਰਿਸ਼ਤੇ ਨਾਤੇ, ਵਿਆਹ ਸ਼ਾਦੀ, ਇਹ ਸਾਰੇ ਅੰਦਰਲੇ ਬੰਦੇ ‘ਤੇ ਕਾਬੂ ਪਾਉਣ ਵਾਸਤੇ ਈ ਬਣਾਏ ਗਏ ਨੇ। ਸਮਝ ਲੈ ਵੀ ਇਹ ਸਾਰਾ ਕੁਛ
ਬੰਦੇ ਦੇ ਬਲਦ ਮਾਂਗੂੰ ਨੱਥ ਪਾਉਂਦੈ। ਪਰ ਮੈਨੂੰ ਲਗਦੈ ਮਨੁੱਖ ਅੰਦਰਲਾ ਬੰਦਾ ਹੌਲੀ ਹੌਲੀ ਇਨ੍ਹਾਂ ਨੂੰ ਮੰਨਣੋ ਆਕੀ ਹੋ ਰਿਹੈ। ਨੱਥਾਂ ਨੂੰ ਤੋੜ ਕੇ ਬਾਹਰਲੇ ਢੱਠੇ ਮਾਂਗੂੰ ਬੜਕਾਂ ਮਾਰਨ ਲੱਗ ਪਿਐ।”
ਮਾਮੇ ਦੀ ਗੱਲ ਸੱਚੀ ਸੀ। ਅੱਜ ਮੇਰੇ ਅੰਦਰਲੇ ਬੰਦੇ ਨੇ ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਵੀ ਭੁਲਾ ਦਿੱਤਾ ਸੀ ਤੇ ਮੈਂ… .!
ਸਾਢੇ ਦਸ ਵੱਜ ਗਏ ਹਨ। ਮੈਂ ਬਿਨਾਂ ਆਵਾਜ਼ ਕੀਤੇ ਮੰਜੇ ਵਿਚੋਂ ਉੱਠ ਖੜ੍ਹਿਆ ਹਾਂ। ਮੋਬਾਈਲ ਦੀ ਸਵਿਚ ਆਫ ਕਰਕੇ ਕਮਰੇ ਵਿਚ ਹੀ ਰੱਖ ਦਿੱਤੀ ਹੈ। ਲੋਈ ਦੀ ਬੁੱਕਲ ਮਾਰ, ਬਾਹਰਲਾ ਬਾਰ ਖੋਲ੍ਹ ਕੇ ਬੀਹੀ ਵਿਚ
ਆ ਜਾਂਦਾ ਹਾਂ। ਬੀਹੀ ਵਿਚ ਖੜ੍ਹੇ ਕੁੱਤੇ ਮੈਨੂੰ ਭੌਂਕਣ ਲਗਦੇ ਹਨ। ਕੁੱਤਿਆਂ ਦੀ ‘ਟਊਂ ਟਊਂ’ ਵਿਚ ਘਿਰਿਆ ਖੜ੍ਹਾ ਇੱਕ ਵਾਰ ਤਾਂ ਮੈਂ ਅਪਣੇ-ਆਪ ਨੂੰ ਵੀ ਕੁੱਤਾ ਮਹਿਸੂਸ ਕਰਦਾ ਹਾਂ, ਜਿਹੜਾ ਕਦੇ ਏਸ ਕੌਲੇ, ਕਦੇ
ਓਸ ਕੌਲੇ ਪੂਛ ਹਿਲਾਉਂਦਾ ਫਿਰਦਾ ਰਹਿੰਦਾ ਹੈ। ਪਰ ਜਦ ਮੇਰੇ ਅੰਦਰਲਾ ਮੈਨੂੰ ਘੁਰਕੀ ਦਿੰਦਾ ਹੈ ਮੈਂ ਝੱਟ ਸਭ ਭੁੱਲ ਕੇ ਉਨ੍ਹਾਂ ਦੇ ਘਰ ਵੱਲ ਚੱਲ ਪੈਂਦਾ ਹਾਂ। ਮੇਰੇ ਤੁਰੇ ਜਾਂਦੇ ਦੇ ਨਾਲ ਨਾਲ ਕੁੱਤਿਆਂ ਦੀ ‘ਟਊਂ ਟਊਂ’
ਵੀ ਤੁਰੀ ਜਾ ਰਹੀ ਹੈ। ਮੈਂ ਅੱਗੇ ਭੀੜੀ ਬੀਹੀ ਮੁੜ ਜਾਂਦਾ ਹਾਂ। ਕੁੱਤੇ ਮੈਨੂੰ ‘ਛੱਡ ਪਰ੍ਹਾਂ’ ਕਹਿੰਦੇ ਉਥੇ ਹੀ ਰੁਕ ਜਾਂਦੇ ਹਨ। ਮੈਂ ਉਨ੍ਹਾਂ ਦੇ ਘਰ ਕੋਲ ਜਾ ਕੇ ਪੈਰ ਮਲਦਾ ਅੱਗੇ ਲੰਘ ਜਾਂਦਾ ਹਾਂ। ਸਾਰਾ ਪਿੰਡ ਘੂਕ ਸੁੱਤਾ
ਪਿਆ ਹੈ। ਸਾਂ ਸਾਂ ਕਰਦੀ ਸਿਆਲੂ ਰਾਤ ਵਿਚ ਮੈਂ ਇਕੱਲਾ ਹੀ ਕਾਮ ਨੂੰ ਕੰਧੇੜੇ ਚੜ੍ਹਾਈਂ ਲੰਡਰ ਕੁੱਤਿਆਂ ਵਾਂਗ ਲਲਕ-ਲਲਕ ਕਰਦਾ ਫਿਰਦਾ ਹਾਂ। ਹਨੇਰੀ ਗਲੀ ਵਿਚ ਥੋੜ੍ਹਾ ਦੂਰ ਜਾ ਕੇ ਮੈਂ ਫਿਰ ਮੁੜ ਆਉਂਦਾ ਹਾਂ।
ਮੱਲਕ-ਮੱਲਕ ਉਨ੍ਹਾਂ ਦੇ ਘਰ ਅੱਗੋਂ ਦੀ ਦੋ ਤਿੰਨ ਗੇੜੇ ਦਿੰਦਾ ਹਾਂ ਪਰ ਘਰ ਵਿਚ ਤਾਂ ਕੋਈ ਚਿੜੀ ਵੀ ਨਹੀਂ ਫੜਕ ਰਹੀ। ਫਿਰ ਮੈਂ ਧਰਮਸ਼ਾਲਾ ਵਿਚ ਜਾ ਵੜਦਾ ਹਾਂ। ਧਰਮਸ਼ਾਲਾ ਦੀ ਬੰਦਿਆਂ ਦੇ ਮੋਢੇ ਤੱਕ ਆਉਂਦੀ
ਕੰਧ ਓਹਲੇ ਖੜ੍ਹਾ, ਮੋਰਚੇ ‘ਚ ਖੜ੍ਹੇ ਫ਼ੌਜੀ ਵਾਂਗ ਉਨ੍ਹਾਂ ਦੇ ਬਾਰ ਉਪਰ ਨਿਗ੍ਹਾ ਟਿਕਾ ਲੈਂਦਾ ਹਾਂ।

ਮੈਂ ਖੜ੍ਹਾ ਖੜ੍ਹਾ ਥੱਕ ਗਿਆ ਹਾਂ ਪਰ ਬਾਰ ਉਵੇਂ ਹੀ ਬੰਦ ਪਿਆ ਮੇਰਾ ਮੂੰਹ ਚਿੜਾ ਰਿਹਾ ਹੈ। ਮੈਂ ਧਰਮਸ਼ਾਲਾ ਤੋਂ ਬਾਹਰ ਆਉਂਦਾ ਹਾਂ। ਬੀਹੀ ‘ਚ ਆਲੇ-ਦੁਆਲੇ ਕਿਸੇ ਆਦਮੀ ਦੀ ਪੜਤਾਲ ਲੈਂਦਾ ਹਾਂ। ਸਭ
ਸੁੱਖ-ਸਾਂਦ ਹੈ। ਮੈਂ ਧਰਤੀ ‘ਤੇ ਟਿਕਦੇ ਕਦਮਾਂ ਦੀ ਆਵਾਜ਼ ਬੋਚਦਾ, ਖ਼ੈਰ ਪਵਾਉਣ ਵਾਲਿਆਂ ਵਾਂਗ ਉਨ੍ਹਾਂ ਦੇ ਬਾਰ ਅੱਗੇ ਜਾ ਖੜ੍ਹਦਾ ਹਾਂ। ਜੀਅ ਕਰਦਾ ਹੈ ਬੋਲ ਮਾਰ ਕੇ ਬਾਰ ਖੁਲ੍ਹਵਾ ਲਵਾਂ ਪਰ ਮੈਂ ਇਹ ਕਰ ਨਹੀਂ
ਸਕਦਾ। ਮੈਂ ਪੰਜ ਮਿੰਟ ਹੋਰ ਬਾਰ ‘ਚ ਖੜ੍ਹਾ ਉਡੀਕਦਾ ਹਾਂ। ਬੇਸਬਰੀ ਵਿਚ ਮੇਰੀ ਚੀਕ ਨਿਕਲਣ ਵਾਲੀ ਹੋਈ ਪਈ ਹੈ। ਬਾਰ ਦੀਆਂ ਝੀਤਾਂ ਥਾਂਈਂ ਅੰਦਰ ਨਿਗ੍ਹਾ ਵੀ ਮਾਰਦਾ ਹਾਂ, ਹਨੇਰੇ ਤੋਂ ਬਿਨਾਂ ਕੁਝ ਦਿਖਾਈ
ਨਹੀਂ ਦਿੰਦਾ। ਮੈਨੂੰ ਖਿਝ ਚੜ੍ਹ ਗਈ ਹੈ। ਮੇਰੇ ਮੂੰਹੋਂ ਗੰਦੀ ਗਾਲ ਨਿਕਲੀ ਹੈ। ਮੈਂ ਉਮੀਦ ਦੀ ਖ਼ਾਲੀ ਝੋਲੀ ਲਈ ਵਾਪਸ ਮੁੜ ਪਿਆ ਹਾਂ।
ਹੁਣ ਮੈਨੂੰ ਮੇਰੀ ਪਤਨੀ ਯਾਦ ਆਉਣ ਲੱਗ ਪਈ ਹੈ। ਉਸਦਾ ਕਿਹਾ ‘ਆਈ ਲਵ ਯੂ ਸੋਹਣਿਆ’ ਮੈਨੂੰ ਵਾਰ ਵਾਰ ਸੁਣਾਈ ਦੇਣ ਲੱਗ ਪਿਆ ਹੈ। ਪੈਦਾ ਹੋਣ ਵਾਲਾ ਬੱਚਾ ਮੇਰੀਆਂ ਅੱਖਾਂ ਅੱਗੇ ਖੇਡਦਾ ਦਿਖਾਈ ਦਿੰਦਾ
ਹੈ। ਮੇਰੇ ਅੰਗ ਪੈਰ ਬਰਫ਼ ਵਾਂਗ ਠਰਨ ਲੱਗ ਪਏ ਹਨ। ਮੈਂ ਅੰਦਰਲੇ ਬੰਦੇ ਨੂੰ ਇੱਕ ਪਲਟੀ ਮਾਰੀ ਹੈ। ਉਹ ਹੌਲੀ-ਹੌਲੀ ਸ਼ਾਂਤ ਹੋ ਰਿਹਾ ਹੈ ਜਿਵੇਂ ਉਸ ਨੂੰ ਨੀਂਦ ਦੀ ਗੋਲੀ ਖਾਣ ਨਾਲ ਘੂਕੀ ਚੜ੍ਹ ਗਈ ਹੋਵੇ।
ਮੋਬਾ. 9592274200, 9417241787

Leave a Reply

Your email address will not be published. Required fields are marked *