ਬਹੁਤ ਕਰ ਲਈ ਤਰੱਕੀ ,ਹੁਣ ਧੂੰਆਂ ਜਾਉ ਫੱਕੀ

ਜਲੰਧਰ – ਸ਼ਹਿਰ ਦਾ ਪ੍ਰਦੂਸ਼ਣ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਰੇ ਦਾਅਵੇ ਹਵਾ ਹੁੰਦੇ ਨਜ਼ਰ ਆ ਰਹੇ ਹਨ। ਗਰਮੀਆਂ ‘ਚ ਵੈਸੇ ਹੀ ਪ੍ਰਦੂਸ਼ਣ ਦਾ ਲੈਵਲ ਹਾਈ ਰਹਿੰਦਾ ਹੈ ਤੇ ਸਰਦੀਆਂ ‘ਚ ਨਮੀ ਦਾ ਬਹਾਨਾ ਲਾ ਕੇ ਵਿਭਾਗ ਵਾਲੇ ਕਹਿੰਦੇ ਹਨ ਕਿ ਪ੍ਰਦੂਸ਼ਿਤ ਕਣ ਵਾਯੂਮੰਡਲ ‘ਚ ਜ਼ਿਆਦਾ ਉੱਪਰ ਤੱਕ ਨਹੀਂ ਜਾਂਦੇ। ਇਸ ਲਈ ਪ੍ਰਦੂਸ਼ਣ ਹਾਈ ਰਹਿੰਦਾ ਹੈ ਪਰ ਇਸ ਸਭ ਦੌਰਾਨ ਸ਼ਹਿਰ ਵਾਸੀਆਂ ਦਾ ਸਾਹ ਲੈਣਾ ਆਪਣੇ-ਆਪ ‘ਚ ਬੀਮਾਰੀਆਂ ਨੂੰ ਅੰਦਰ ਖਿੱਚਣ ਜਿਹਾ ਬਣਦਾ ਜਾ ਰਿਹਾ ਹੈ।
ਕੀ ਕਹਿੰਦੇ ਹਨ ਅੰਕੜੇ
ਗੱਲ ਅੰਕੜਿਆਂ ਦੀ ਕਰੀਏ ਤਾਂ ਸਰਕਟ ਹਾਊਸ ‘ਚ ਲਾਏ ਗਏ ਵਾਯੂ ਪ੍ਰਦੂਸ਼ਣ ਮਾਪਕ ਯੰਤਰ ਦੇ ਡਾਟਾ ਅਨੁਸਾਰ ਬੀਤੇ ਦਿਨ ਦੁਪਹਿਰ 3 ਵਜੇ ਵਾਯੂਮੰਡਲ ‘ਚ ਪ੍ਰਦੂਸ਼ਣ ਬੇਹੱਦ ਖਰਾਬ ਸਥਿਤੀ ਪੈਦਾ ਕਰ ਚੁੱਕਾ ਸੀ। ਅੰਕੜਿਆਂ ਅਨੁਸਾਰ ਦੁਪਹਿਰ 3 ਵਜੇ ਸ਼ਹਿਰ ‘ਚ ਪੀ. ਐੱਮ. 2.5 ਦਾ ਅੰਕੜਾ ਵੱਧ ਤੋਂ ਵੱਧ 108 ਸੀ ਤੇ ਪੀ. ਐੱਮ. 10 ਦਾ ਅੰਕੜਾ ਵੱਧ ਤੋਂ ਵੱਧ 328 ਤੱਕ ਪਹੁੰਚ ਚੁੱਕਾ ਸੀ, ਜੋ ਪੂਅਰ ਕੰਡੀਸ਼ਨ ਦਾ ਸਬੂਤ ਹੈ। ਇਹ ਦੋਵੇਂ ਅੰਕੜੇ 50 ਤੋਂ 100 ਤੱਕ ਰਹਿਣੇ ਚਾਹੀਦੇ ਹਨ ਪਰ ਇਥੇ ਤਾਂ 300 ਪਾਰ ਕਰਦੇ ਨਜ਼ਰ ਆ ਰਹੇ ਹਨ। ਸਵਾਲ ਇਹ ਉਠਦਾ ਹੈ ਕਿ ਸ਼ਹਿਰ ਦੇ ਬੱਚੇ ਤੇ ਬਜ਼ੁਰਗ ਸਾਹ ਦੀਆਂ ਬੀਮਾਰੀਆਂ ਤੋਂ ਬਚ ਸਕਣਗੇ। ਇਨ੍ਹਾਂ ਸਵਾਲਾਂ ਦੇ ਜਵਾਬ ਲਈ ਅਸੀਂ ਕਈ ਜਾਣਕਾਰਾਂ ਨਾਲ ਗੱਲ ਕੀਤੀ।
ਫਿਊਲ ਦੀ ਵਰਤੋਂ ਘੱਟ ਹੋਵੇ ਤੇ ਵਾਹਨਾਂ ਦੇ ਗੰਦੇ ਧੂੰਏਂ ਤੋਂ ਬਚੋ : ਡਾ. ਛਾਬੜਾ
ਮਾਮਲੇ ਬਾਰੇ ਡਾ. ਆਰ. ਪੀ. ਐੱਸ. ਛਾਬੜਾ ਦਾ ਕਹਿਣਾ ਹੈ ਕਿ ਸਰਕਾਰ ਹਵਾ ਪ੍ਰਦੂਸ਼ਣ ਸਬੰਧੀ ਸਖ਼ਤੀ ਨਾਲ ਕਾਨੂੰਨ ਲਾਗੂ ਕਰੇ। ਲੋਕ ਸਰਦੀ ਤੋਂ ਬਚਣ ਲਈ ਜੋ ਫਿਊਲ ਪੱਤੇ ਤੇ ਲੱਕੜਾਂ ਸਾੜਦੇ ਹਨ, ਉਸ ਨਾਲ ਵਾਤਾਵਰਣ ‘ਚ ਕਾਰਬਨ ਡਾਇਆਕਸਾਈਡ ਵਧਦੀ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਉੱਚਾ ਹੁੰਦਾ ਹੈ। ਇਸ ਤੋਂ ਇਲਾਵਾ ਆਟੋ ਤੇ ਹੋਰ ਕਮਰਸ਼ੀਅਲ ਵਾਹਨਾਂ ਨਾਲ ਵਾਤਾਵਰਣ ‘ਚ ਪ੍ਰਦੂਸ਼ਣ ਵਧ ਰਿਹਾ ਹੈ। ਇਸ ਲਈ ਸੀ. ਐੱਨ. ਜੀ. ਦੀ ਵਰਤੋਂ ਵਧਾਈ ਜਾਵੇ ਤਾਂ ਜੋ ਪ੍ਰਦੂਸ਼ਣ ‘ਚ ਕਮੀ ਆਵੇ। ਇਸ ਤੋਂ ਇਲਾਵਾ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਹੋਵੇ ਕਾਨੂੰਨੀ ਕਾਰਵਾਈ : ਐੱਡ. ਸਚਦੇਵਾ
ਮਾਮਲੇ ਬਾਰੇ ਸੀਨੀਅਰ ਐਡਵੋਕੇਟ ਮਨਦੀਪ ਸਿੰਘ ਸਚਦੇਵਾ ਦਾ ਕਹਿਣਾ ਹੈ ਕਿ ਜੇਕਰ ਸਾਹ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਣਾ ਹੈ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਸਿਹਤਮੰਦ ਵਾਤਾਵਰਣ ਦੇਣਾ ਹੈ ਤਾਂ ਜੋ ਨਿਯਮ-ਕਾਨੂੰਨ ਸਰਕਾਰ ਨੇ ਪ੍ਰਦੂਸ਼ਣ ਤੋਂ ਬਚਣ ਲਈ ਬਣਾਏ ਹਨ, ਉਨ੍ਹਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਜੋ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਬਾਰੇ ਜ਼ਿਲਾ ਪੱਧਰ ‘ਤੇ ਕਮੇਟੀਆਂ ਦਾ ਗਠਨ ਕਰ ਕੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਖਿਲਾਫ ਮੁਹਿੰਮ ਚਲਾਉਣੀ ਚਾਹੀਦੀ ਹੈ, ਜਿਸ ਨੂੰ ਸਿੱਧਾ ਡੀ. ਸੀ. ਤੇ ਪੁਲਸ ਕਮਿਸ਼ਨਰ ਲੀਡ ਕਰਨ।

Leave a Reply

Your email address will not be published. Required fields are marked *