ਨਵਾਂਸ਼ਹਿਰ : ਬਲਾਚੌਰ ਵਿੱਚ ਇਕ 32 ਸਾਲਾ ਨੌਜਵਾਨ ਦੇ ਕਰੋਨਾ ਪੀੜਤ ਹੋਣ ਦੀ ਸੱਜਰੀ ਖ਼ਬਰ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਨੂੰ ਕਰੋਨਾ ਮੁਕਤ ਹੋਣ ਦਾ ਮਾਣ ਹਾਸਲ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਬਲਾਚੌਰ ਦੇ ਪਿੰਡ ਬੂਥਗੜ੍ਹ ਦੇ 32 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਉਹ ਟਰੱਕ ਡਰਾਈਵਰ ਹੈ ਅਤੇ ਕੁਝ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਤੋਂ ਆਇਆ ਸੀ। ਜਿਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਉਕਤ ਦੇ ਸੈਂਪਲ ਲੈ ਕੇ ਉਸ ਨੂੰ ਇਕਾਂਤਵਾਸ ਕਰ ਦਿੱਤਾ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ।
ਸਿਹਤ ਵਿਭਾਗ ਵਲੋਂ ਉਕਤ ਨੌਜਵਾਨ ਦੇ ਪਿਤਾ ਅਤੇ ਮਾਂ ਨੂੰ ਵੀ ਆਈਸੋਲੇਟ ਕੀਤਾ ਗਿਆ ਸੀ। ਹੁਣ ਜਦੋਂ ਬਲਾਚੌਰ ਵਿਚ ਇਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਤਾਂ ਇਸ ਨੇ ਲੋਕਾਂ ਨੂੰ ਇਕ ਵਾਰ ਫਿਰ ਚਿੰਤਾ ਵਿਚ ਪਾ ਦਿੱਤਾ ਹੈ। ਉਧਰ ਸਿਹਤ ਵਿਭਾਗ ਵਲੋਂ ਉਕਤ ਨੌਜਵਾਨ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ।