ਫਿਰਦਾ ਸੀ ਜਿਹੜਾ ਘੋੜੇ ਤੇ ਚੜ੍ਹਿਆ , ਉਹੀ ਰਾਸ਼ਟਰਪਤੀ ਬਣ ਕੇ ਵਾਈਟ ਹਾਉਸ ‘ਚ ਵੜਿਆ

ਨਿਊਯਾਰਕ – ਹੈਰੀ ਟਰੂਮੈਨ ਨੂੰ ਸੈਨਿਕ ਜੀਵਨ ਨਾਲ ਮੋਹ ਸੀ। ਉਚੇਰੀ ਸਿੱਖਿਆ ਹਾਸਲ ਕਰਦਿਆਂ ਹੀ ਉਨ੍ਹਾਂ ਨਿਊਯਾਰਕ ਦੇ ਸੈਨਿਕ ਸਕੂਲ ਵਿਚ ਜਾਣਾ ਚਾਹਿਆ ਪਰ ਅੱਖਾਂ ਕਮਜ਼ੋਰ ਹੋਣ ਕਾਰਨ ਸਫਲ ਨਹੀਂ ਹੋ ਸਕੇ। ਲਗਾਤਾਰ ਕੋਸ਼ਿਸ਼ ਕਰਦੇ ਰਹਿਣ ਕਾਰਨ ਉਨ੍ਹਾਂ ਨੂੰ ਪਹਿਲੀ ਸੰਸਾਰ ਜੰਗ ਦੌਰਾਨ ਸੈਨਾ ਵਿਚ ਜਾਣ ਦਾ ਮੌਕਾ ਮਿਲ ਗਿਆ। ਉਹ ਆਮ ਸੈਨਿਕ ਦੇ ਰੂਪ ਵਿਚ ਭਰਤੀ ਹੋਏ ਸਨ।ਇਕ ਰਾਤ ਜਦੋਂ ਉਨ੍ਹਾਂ ਦੀ ਘੋੜਸਵਾਰ ਪਲਟਨ ਚੜ੍ਹਾਈ ਕਰਨ ਜਾ ਰਹੀ ਸੀ ਤਾਂ ਜਰਮਨ ਤੋਪਖਾਨੇ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਆਕਾਸ਼ ’ਚੋਂ ਵਰ੍ਹਦੇ ਬੰਬਾਂ ਵੱਲ ਦੇਖ ਕੇ ਪੂਰੀ ਪਲਟਨ ਵਿਚ ਹਫੜਾ-ਦਫੜੀ ਮਚ ਗਈ। ਟਰੂਮੈਨ ਵੀ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।ਇਸੇ ਦੌਰਾਨ ਟਰੂਮੈਨ ਦੇ ਘੋੜੇ ਨੂੰ ਸੱਟ ਲੱਗ ਗਈ, ਜਿਸ ਨਾਲ ਘੋੜਾ ਉਨ੍ਹਾਂ  ਉੱਪਰ ਡਿੱਗ ਪਿਆ। ਜ਼ਖਮੀ ਹਾਲਤ ਵਿਚ ਟਰੂਮੈਨ ਕਿਸੇ ਤਰ੍ਹਾਂ ਘੋੜੇ ਥੱਲਿਓਂ ਬਾਹਰ ਆਏ। ਉਨ੍ਹਾਂ ਖੁਦ ਨੂੰ ਠੀਕ-ਠਾਕ ਦੇਖ ਕੇ ਲੁਕਣ ਦੀ ਬਜਾਏ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ। ਉਹ ਆਪਣੇ ਸਾਰੇ ਸੈਨਿਕਾਂ ਨੂੰ ਬੋਲੇ, ‘‘ਉੱਠੋ ਤੇ ਲੜੋ। ਜਦੋਂ ਤਕ ਸਾਡੇ ਹੌਸਲੇ ਬੁਲੰਦ ਹਨ, ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਨਹੀਂ ਹਰਾ ਸਕਦੀ।’’ਸੈਨਿਕ ਵੀ ਜ਼ਖ਼ਮੀ ਟਰੂਮੈਨ ਦੀ ਬੁਲੰਦ ਆਵਾਜ਼ ਸੁਣ ਕੇ ਹੈਰਾਨ ਰਹਿ ਗਏ ਅਤੇ ਜੋਸ਼ ਨਾਲ ਖੁਦ ਨੂੰ ਨਵੇਂ ਸਿਰਿਓਂ ਤਿਆਰ ਕਰ ਕੇ ਜੰਗ ਕਰਨ ਲੱਗੇ।ਟਰੂਮੈਨ ਨੇ ਆਪਣੀ ਡਾਇਰੀ ਵਿਚ ਲਿਖਿਆ, ‘‘ਉਸ ਰਾਤ ਮੈਨੂੰ ਆਪਣੇ ਬਾਰੇ 2 ਗੱਲਾਂ ਪਤਾ ਲੱਗੀਆਂ। ਪਹਿਲੀ, ਮੇਰੇ ਵਿਚ ਥੋੜ੍ਹੀ ਹਿੰਮਤ ਸੀ ਅਤੇ ਦੂਜੀ ਮੈਨੂੰ ਅਗਵਾਈ ਕਰਨੀ ਪਸੰਦ ਸੀ।’’ਇਸ ਤੋਂ ਬਾਅਦ ਟਰੂਮੈਨ ਦਾ ਆਤਮ-ਵਿਸ਼ਵਾਸ ਤੇ ਅਗਵਾਈ ਕਰਨ ਦਾ ਗੁਣ ਦਿਨੋ-ਦਿਨ ਨਿੱਖਰਦਾ ਗਿਆ। ਇਕ ਦਿਨ ਅਜਿਹਾ ਵੀ ਆਇਆ, ਜਦੋਂ ਉਹ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ’ਤੇ ਪਹੁੰਚ ਗਏ। ਇਸ ਅਹੁਦੇ ’ਤੇ ਪਹੁੰਚਣ ਤੋਂ ਬਾਅਦ ਟਰੂਮੈਨ ਨੇ ਕਿਹਾ, ‘‘ਹਰੇਕ ਵਿਅਕਤੀ ਅਸੰਭਵ ਦੀ ਹੱਦ ਨੂੰ ਪਾਰ ਕਰਦਿਆਂ ਮੁਸ਼ਕਿਲ ਰਸਤੇ ਨੂੰ ਸੌਖਾ ਬਣਾ ਸਕਦਾ ਹੈ। ਬਸ ਇਸ ਦੇ ਲਈ ਥੋੜ੍ਹੀ ਜਿਹੀ ਹਿੰਮਤ ਤੇ ਆਤਮ-ਵਿਸ਼ਵਾਸ ਦੀ ਲੋੜ ਹੁੰਦੀ ਹੈ।’’

Leave a Reply

Your email address will not be published. Required fields are marked *