ਫਾਂਸੀ ਦੀ ਨੀ ਆਈ ਵਾਰੀ, ਧਰਮ ਰਾਜ ਭੁੱਲ ਗਿਆ ਰੱਖ ਕੇ ਫਾਇਲ ਸਰਕਾਰੀ

0
95

ਤਿੰਨ ਵਾਰ ਫਾਂਸੀ ਦੀ ਸੂਚੀ ਵਿੱਚ ਨਾਂ ਆਇਆ, ਪਰ ਇੱਕ ਵਾਰ ਵੀ ਫਾਂਸੀ ਨਹੀਂ ਲੱਗੀ, ਕਿਉਂਕਿ ਹਰ ਵਾਰ ਜੱਲਾਦ ਫਾਂਸੀ ਦੇਣ ਤੋਂ ਪਹਿਲਾਂ ਕੰਮ ਬੰਦ ਕਰ ਦਿੰਦਾ ਸੀ।ਸੁਣਨ ਵਿੱਚ ਅਜੀਬ ਹੈ ਪਰ ਅਫਰੀਕਾ ਦੇ ਮਲਾਵੀ ਵਿੱਚ ਰਹਿੰਦੇ ਬਾਏਸਨ ਕਊਲਾ ਦੀ ਇਹ ਕਹਾਣੀ ਸੱਚੀ ਹੈ।ਤਿੰਨ ਵਾਰ ਲਗਾਤਾਰ ਮਰਦੇ-ਮਰਦੇ ਬਚਣ ਦੇ ਬਾਅਦ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਗਿਆ, ਕਿਵੇਂ, ਕਹਾਣੀ ਬੇਹੱਦ ਦਿਲਚਸਪ ਹੈ।ਬਾਏਸਨ ‘ਤੇ ਉਸ ਤੋਂ ਸੜ੍ਹਣ ਵਾਲੇ ਗੁਆਂਢੀਆਂ ਕਾਰਨ ਕਤਲ ਦਾ ਦੋਸ਼ ਲਗਿਆ। 1992 ਦੇ ਦਿਨਾਂ ਦੀ ਗੱਲ ਹੈ ਜਦ ਕਤਲ ਕਰਨ ‘ਤੇ ਮੌਤ ਦੀ ਸਜ਼ਾ ਹੁੰਦੀ ਸੀ।ਬਾਏਸਨ ਦੱਖਣੀ ਮਲਾਵੀ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ। ਜੋਹਾਨਸਬਰਗ ਦੀ ਗੈਸ ਇੰਡਸਟ੍ਰੀ ਵਿੱਚ ਕੰਮ ਕਰਕੇ ਬਾਏਸਨ ਨੇ ਕਾਫੀ ਪੈਸੇ ਕਮਾ ਲਏ ਸਨ ਅਤੇ ਉਹ ਵਾਪਸ ਘਰ ਪਰਤ ਗਿਆ ਸੀ।

ਉੱਥੇ ਉਸ ਨੇ ਜ਼ਮੀਨ ਖਰੀਦੀ ਤੇ ਪੰਜ ਲੋਕਾਂ ਨੂੰ ਕੰਮ ‘ਤੇ ਰੱਖਿਆ ਅਤੇ ਉੱਥੇ ਫਲ, ਆਟਾ, ਅਨਾਜ ਉਗਾਉਣ ਲਗਿਆ। ਗੁਆਂਢੀਆਂ ਨੇ ਉਸਦੇ ਇੱਕ ਮੁਲਾਜ਼ਮ ‘ਤੇ ਹਮਲਾ ਕੀਤਾ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਬਾਏਸਨ ਉਸਦੀ ਮਦਦ ਕਰ ਰਿਹਾ ਸੀ ਕਿ ਭਾਰੀ ਮੀਂਹ ਕਾਰਨ ਫਿਸਲਣ ਕਰਕੇ ਉਹ ਜ਼ਮੀਨ ’ਤੇ ਉਹ ਡਿੱਗ ਗਿਆ ਤੇ ਮੁਲਾਜ਼ਮ ਨੂੰ ਹੋਰ ਸੱਟਾਂ ਲੱਗ ਗਈਆਂ।ਬਾਅਦ ‘ਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਜਿਸ ਕਾਰਨ 40 ਸਾਲਾ ਬਾਏਸਨ ‘ਤੇ ਕਤਲ ਦਾ ਦੋਸ਼ ਲੱਗ ਗਿਆ।ਕੋਰਟ ਵਿੱਚ ਬਾਏਸਨ ਦੇ ਗੁਆਂਢੀਆਂ ਨੇ ਉਸਦੇ ਖਿਲਾਫ਼ ਬਿਆਨ ਦਿੱਤਾ।

ਇਹ ਘਟਨਾ ਉਸ ਵੇਲੇ ਦੀ ਹੈ ਜਦੋਂ ਹੇਸਟਿੰਗਜ਼ ਬਾਂਡਾ ਦੀ ਤਾਨਾਸ਼ਾਹੀ ਸਰਕਾਰ ਦਾ ਅੰਤ ਹੋ ਰਿਹਾ ਸੀ।

ਜੱਲਾਦ ਹਰ ਵਾਰ ਕਿਉਂ ਨਹੀਂ ਦਿੰਦਾ ਸੀ ਫਾਂਸੀ?

ਉਸ ਵੇਲੇ ਸਿਰਫ ਇੱਕ ਜੱਲਾਦ ਹੁੰਦਾ ਸੀ ਜੋ ਫਾਂਸੀ ਦੇਣ ਲਈ ਕਈ ਦੇਸਾਂ ਵਿੱਚ ਜਾਂਦਾ ਸੀ। ਕਈ ਮਹੀਨਿਆਂ ‘ਚ ਇੱਕ ਹੀ ਵਾਰ ਉਹ ਮਲਾਵੀ ਆਉਂਦਾ ਸੀ।ਇੱਕ ਦਿਨ ਬਾਏਸਨ ਨੂੰ ਦੱਸਿਆ ਗਿਆ ਕਿ ਉਸਦਾ ਨਾਂ ਫਾਂਸੀ ਵਾਲੀ ਸੂਚੀ ਵਿੱਚ ਸ਼ਾਮਲ ਹੈ ਤੇ ਉਸ ਨੂੰ ਦੁਆ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।ਜੱਲਾਦ ਨੇ ਦੋ ਘੰਟੇ ਤੱਕ ਕੰਮ ਕੀਤਾ ਪਰ ਸੂਚੀ ਖ਼ਤਮ ਨਹੀਂ ਹੋਈ ਜਿਸ ਕਾਰਨ ਅਗਲੀ ਵਾਰ ਲਈ ਤਿੰਨ ਲੋਕ ਬਚ ਗਏ।ਬਾਏਸਨ ਨੇ ਦੱਸਿਆ, ”ਜੱਲਾਦ ਨੇ ਕਿਹਾ, ਅੱਜ ਲਈ ਬਹੁਤ ਹੋ ਗਿਆ, ਮੈਂ ਅਗਲੇ ਮਹੀਨੇ ਫੇਰ ਆਵਾਂਗਾ।”

ਜੱਲਾਦ
ਬਾਏਸਨ ਆਪਣੀ ਮਾਂ ਨਾਲ ਰਹਿ ਕੇ ਉਨ੍ਹਾਂ ਦਾ ਧਿਆਨ ਰੱਖਦਾ ਹੈ

ਅਜਿਹਾ ਕੁਝ ਦੋ ਵਾਰ ਮੁੜ ਹੋਇਆ। ਤੀਜੀ ਵਾਰ ਸਾਰਿਆਂ ਨੂੰ ਫਾਂਸੀ ਮਿਲ ਗਈ ਪਰ ਬਾਏਸਨ ਬਚ ਗਿਆ।ਉਹ ਖੁਸ਼ਨਸੀਬ ਸੀ ਪਰ ਉਹ ਇੰਨਾ ਦੁਖੀ ਹੋ ਗਿਆ ਕਿ ਉਸਨੇ ਦੋ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੇਰ ਵੀ ਬਚ ਗਿਆ।1994 ਵਿੱਚ ਲੋਕਤੰਤਰ ਆਉਣ ਤੋਂ ਬਾਅਦ ਸਾਰੀਆਂ ਫਾਂਸੀਆਂ ਰੋਕ ਦਿੱਤੀਆਂ ਗਈਆਂ। ਮੌਤ ਦੀ ਸਜ਼ਾ ਅੱਜ ਵੀ ਦਿੱਤੀ ਜਾਂਦੀ ਹੈ ਪਰ ਪਿਛਲੇ 25 ਸਾਲਾਂ ਤੋਂ ਕਿਸੇ ਵੀ ਰਾਸ਼ਟਰਪਤੀ ਨੇ ਮੌਤ ਦੀ ਸਜ਼ਾ ਨੂੰ ਪ੍ਰਵਾਨਗੀ ਨਹੀਂ ਦਿੱਤੀ ਹੈ।ਅਜਿਹੇ ਵਿੱਚ ਕੈਦੀ ਜਾਂ ਤਾਂ ਪੂਰੀ ਉਮਰ ਜੇਲ੍ਹ ਵਿੱਚ ਆਪਣੀ ਫਾਂਸੀ ਦਾ ਇੰਤਜ਼ਾਰ ਕਰਦੇ ਹਨ ਜਾਂ ਫੇਰ ਉਨ੍ਹਾਂ ਦੀ ਸਜ਼ਾ ਘਟਾ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਜਾਂਦੀ ਹੈ।

ਬਾਏਸਨ ਨੂੰ ਜ਼ੋਮਬਾ ਦੀ ਸੈਂਟ੍ਰਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਹ ਜੇਲ੍ਹ ਸਿੱਖਿਆ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਗਿਆ, ਪੜ੍ਹਾਉਣ ਅਤੇ ਪੜ੍ਹਣ ਲਗਿਆ। ਉਸ ਨੂੰ ਆਪਣੇ ਰਿਹਾਅ ਹੋਣ ਦੀ ਕੋਈ ਉਮੀਦ ਨਹੀਂ ਸੀ।ਫੇਰ 2007 ਵਿੱਚ ਇੱਕ ਕੇਸ ਨੇ ਸਾਰਾ ਕੁਝ ਬਦਲ ਦਿੱਤਾ।ਨਸ਼ੇ ਦੇ ਆਦਿ ਇੱਕ ਸ਼ਖਸ ਨੂੰ ਆਪਣੇ ਮਤਰਿਆ ਪੁੱਤਰ ਨੂੰ ਮਾਰਨ ਲਈ ਮੌਤ ਦੀ ਸਜ਼ਾ ਸੁਣਾਈ ਗਈ। ਉਸਨੇ ਕੋਰਟ ਵਿੱਚ ਦਲੀਲ ਕੀਤੀ ਕਿ ਉਹ ਕੁਝ ਸਮੇਂ ਲਈ ‘ਪਾਗਲ’ ਹੋ ਗਿਆ ਸੀ।

ਉਸਨੇ ਅਦਾਲਤ ਨੂੰ ਕਿਹਾ ਕਿ ਮੌਤ ਦੀ ਸਜ਼ਾ ਮਲਾਵੀ ਦੇ ਸੰਵਿਧਾਨ ਦੇ ਖਿਲਾਫ ਹੈ ਕਿਉਂਕਿ ਸੰਵਿਧਾਨ ਕਹਿੰਦਾ ਹੈ ਕਿਸੇ ਨੂੰ ਬੇਗੈਰਤ ਕਰਨ ਵਾਲਾ ਗ਼ੈਰ – ਮਨੁੱਖੀ ਵਤੀਰਾ ਨਹੀਂ ਕੀਤਾ ਜਾਵੇਗਾ। ਕੋਰਟ ਨੇ ਵੀ ਕਿਹਾ ਕਿ ਹਰ ਮਾਮਲੇ ਵਿੱਚ ਕਾਤਲ ਨੂੰ ਇੱਕੋ ਸਜ਼ਾ ਨਹੀਂ ਦਿੱਤੀ ਜਾ ਸਕਦੀ।

‘ਮੈਨੂੰ ਵਿਸ਼ਵਾਸ ਨਹੀਂ ਹੋਇਆ ਕਿ ਜੱਜ ਨੇ ਮੈਨੂੰ ਜਾਣ ਲਈ ਕਿਹਾ’

ਇਸਦਾ ਮਤਲਬ ਸੀ ਕਿ ਸਾਰੀਆਂ ਫਾਂਸੀ ਦੀਆਂ ਸਜ਼ਾਵਾਂ ਨੂੰ ਫੇਰ ਤੋਂ ਵੇਖਿਆ ਜਾਏ। 170 ਸਜ਼ਾਵਾਂ ‘ਚੋਂ 139 ਮਾਫ ਕਰ ਦਿੱਤੀਆਂ ਗਈਆਂ, ਕਈਆਂ ਨੂੰ ਦਿਮਾਗੀ ਬਿਮਾਰੀਆਂ ਸੀ। ਕਈਆਂ ਦੇ ਰਿਕਾਰਡ ਹੀ ਨਹੀਂ ਮਿਲੇ ਕਿ ਆਖਰ ਉਹ ਜੇਲ੍ਹ ਵਿੱਚ ਸੀ ਕਿਉਂ।ਜਦ ਵਕੀਲਾਂ ਨੇ ਬਾਏਸਨ ਨੂੰ ਮੁੜ ਕੋਰਟ ਲਿਜਾਉਣਾ ਚਾਹਿਆ ਤਾਂ ਉਹ ਤਿਆਰ ਨਹੀਂ ਸੀ। ਪਰ ਆਖਰਕਾਰ ਉਹ ਗਿਆ ਅਤੇ ਉਸਨੂੰ ਆਜ਼ਾਦੀ ਮਿਲ ਗਈ।ਉਸਨੇ ਕਿਹਾ, ”ਉਨ੍ਹਾਂ ਕਿਹਾ ਤੁਸੀਂ ਜਾ ਸਕਦੇ ਹੋ, ਮੈਂ ਉੱਠ ਹੀ ਨਹੀਂ ਸਕਿਆ। ਮੈਂ ਕੰਭ ਰਿਹਾ ਸੀ, ਮੇਰਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ। ਜਿਵੇਂ ਮੈਂ ਸੁਫਨਾ ਦੇਖ ਰਿਹਾ ਹੋਵਾਂ। ਮੈਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ।”

ਬਾਏਸਨ ਨੂੰ ਮਦਦ ਘਰ ਵਿੱਚ ਲਿਜਾਇਆ ਗਿਆ ਜਿੱਥੇ ਉਸਨੇ ਨਵੀਆਂ ਚੀਜ਼ਾਂ ਸਿੱਖੀਆਂ ਤਾਂ ਜੋ ਵਾਪਸ ਆਮ ਜ਼ਿੰਦਗੀ ਜੀਅ ਸਕੇ। ਉੱਥੇ 60 ਸਾਲ ਦਾ ਬਾਏਸਨ ਸਭ ਤੋਂ ਬੁਜ਼ੁਰਗ ਸੀ।