ਪੱਤਰਕਾਰੀ ਦੇ ਗੁਲਗਲੇ

ਪੱਤਰਕਾਰੀ ਦੇ ਗੁਲਗਲੇ ਜਿਨ੍ਹਾਂ ਦੇ ਮੂੰਹ ਨੂੰ ਲਗ ਜਾਂਦੇ ਐ, ਉਹ ਫੇਰ ਜਲੇਬੀਆਂ ਖਾਣੀਆਂ ਛੱਡ ਜਾਂਦੇ ਐ। ਗੈਲੇ ਗੁਲਗਲੇ ਸੁਆਦ ਵੀ ਬਹੁਤ ਲਗਦੇ ਐ। ਜਲੇਬੀਆਂ ਖਾਣ ਵਾਸਤੇ ਤਾਂ ਬੰਦੇ ਨੂੰ ਆਪਣਾ ਹੱਥ ਹਿਲਾਉਣਾ ਪੈਂਦਾ ਪਰ ਪੱਤਰਕਾਰੀ ਦੇ ਗੁਲਗਲਿਆਂ ਲਈ ਤਾਂ ਬੱਸ ਮੂੰਹ ਅੱਡਣਾ ਹੁੰਦਾ, ਗੁਲਗਲਾ ਸਿੱਧਾ ਮੂੰਹ ‘ਚ ਪੈਂਦਾ ਜਿਵੇਂ ਡਲਾ ਖੂਹ ‘ਚ ਡਿੱਗਦਾ ਹੁੰਦਾ।ਕਈ ਪੱਤਰਕਾਰ ਤਾਂ ਵੋਟਾਂ ਦੇ ਦਿਨਾਂ ‘ਚ ਰੋਟੀ ਨੀ ਖਾਂਦੇ। ਜੇ ਘਰ ਦੇ ਪੁੱਛਦੇ ਨੇ ਤਾਂ ਉਹ ਕਹਿ ਦਿੰਦੇ ਨੇ ਕਿ ਗੁਲਗਲੇ ਬਹੁਤ ਖਾ ਲਏ ਸੀ, ਹੋਰ ਕੁੱਝ ਖਾਧਾ ਨੀ ਜਾਣਾ। ਛੱਤਰਪਤੀ ਆਲੇ ਮਾਮਲੇ ‘ਚ ਪੱਤਰਕਾਰਾਂ ਨੇ ਸਾਧ ਦੇ ਐਨੇ ਗੁਲਗਲੇ ਖਾਧੇ ਬਈ ਵਿਚਾਰੇ ਛੱਤਰਪਤੀ ਦੇ ਮੁੰਡੇ ਦੀ ਚਟਣੀ ਆਲੀ ਰੋਟੀ ਦੀ ਕਿਸੇ ਨੇ ਬਾਤ ਨੀ ਪੁੱਛੀ। ਉਸ ਨੇ ਬੜਾ ਕਿਹਾ ਕਿ ਮੇਰਾ ਬਾਪੂ ਕਤਲ ਹੋਇਆ, ਮੈਨੂੰ ਇਨਸਾਫ ਦਿਵਾਉਣ ‘ਚ ਮੇਰੀ ਸਹਾਇਤਾ ਕਰੋ ਪਰ ਪੱਤਰਕਾਰ ਕਹਿੰਦੇ ਕਿ ਤੈਨੂੰ ਇਨਸਾਫ ਚਾਹੀਦਾ ਪਰ ਸਾਨੂੰ ਗੁਲਗਲੇ ਚਾਹੀਦੇ ਐ।ਇਸ ਮਾਮਲੇ ‘ਚ ਅਖਬਾਰਾਂ ਦੇ ਮਾਲਕਾਂ ਦਾ ਹਾਲ ਉਸ ਤੋਤੇ ਵਰਗਾ ਜਿਹੜਾ ਕੱਲੇ ਕੱਲੇ ਅਮਰੂਦ ਨੂੰ ਟੁੱਕ ਕੇ ਵੇਖਦਾ ਤੇ ਜਿਹੜਾ ਜ਼ਿਆਦਾ ਮਿੱਠਾ ਲੱਗੇ, ਉਹ ਫੇਰ ਉਸੇ ਨੂੰ ਵੱਢ ਲਾਉਂਦਾ। ਜਿਸ ਦੇ ਗੁਲਗਲੇ ਜਿੰਨੇ ਜ਼ਿਆਦਾ ਮਿੱਠੇ ਹੁੰਦੇ ਐ, ਹੀਰਾ ਮੰਡੀ ਦੇ ਕੋਠੇ ਵਾਂਗ ਉਹ ਫੇਰ ਅਖਬਾਰ ‘ਚ ਰੋਜ਼ ਹੀ ਲਿਸ਼ਕਾਂ ਮਾਰਦੇ ਐ। ਇਸ ਕਰਕੇ ਅਖਬਾਰਾਂ ‘ਚ ਛਪਣ ਵਾਲੀਆਂ ਖਬਰਾਂ ‘ਚੋਂ ਬਹੁਤੀਆਂ ਗੁਲਗਲਿਆਂ ਦੇ ਮਿੱਠੇ ਹੋਣ ਦਾ ਸਬੂਤ ਹੁੰਦੀਆਂ। ਜਿਨ੍ਹਾਂ ਦੇ ਗੁਲਗਲਿਆਂ ‘ਚ ਜਾਨ ਨੀ ਹੁੰਦੀ ਉਨ੍ਹਾਂ ਦੀਆਂ ਖਬਰਾਂ ਦੀ ਹਾਲਤ ਅਖਬਾਰ ਦੇ ਦਫਤਰ ‘ਚ ਇੰਜ ਹੁੰਦੀ ਐ ਜਿਵੇਂ ਖੁਰਚੇ ਹੋਏ ਪਿੜ ‘ਚ ਮਰਿਆ ਹੋਇਆ ਖਰਗੋਸ਼ ਪਿਆ ਹੁੰਦਾ ਤੇ ਹਵਾ ਨਾਲ ਉਸ ਦੇ ਵਾਲ ਉਡ ਰਹੇ ਹੁੰਦੇ ਐ।ਮ੍ਹਾਰੇੇ ਲਾਕੇ ਕੇ ਛੋਕਰਿਆਂ ਨੈ ਪੱਤਰਕਾਰੀ ਆਲਾ ਜ੍ਹੋ ਵਰਕਾ ਬਣਾਇਆ। ਗੁਲਗਲਿਆਂ ਤੇ ਬਚ ਕੈ ਪੱਤਰਕਾਰੀ ਕਰਨੀ ਬਹੁਤ ਔਖੀ ਐ। ਨੇਂਹ ਕਹਾਂ ਬਈ ਹਮੇਂ ਚਟਣੀ ਆਲੀ ਰੋਟੀ ਗੈਲ ਏ ਪੱਤਰਕਾਰੀ ਕਰੇਂਗੇ। ਚੰਗੀ ਬਾਤ ਐ। ਸੋ ਬਈ ਥਮ੍ਹੇ ਇਸ ਵਰਕੇ ਨੂੰ ਪਸੰਦ ਕਰਿਓ । ਥਾਨੂੰ ਇਸ ਵਰਕੇ ਪਾ ਚਟਣੀ ਆਲੀ ਪੱਤਰਕਾਰੀ ਦੇਖਣੇ ਨੂੰ ਮਿਲੇਗੀ।

Leave a Reply

Your email address will not be published. Required fields are marked *