ਘਨੌਲੀ : ਪੰਜਾਬ ਭਰ ਦੇ ਸਮੂਹ ਪੈਟਰੋਲ ਪੰਪ ਡੀਲਰਾਂ ਨੇ ਅੱਧਾ ਘੰਟਾ ਕੰਮ ਬੰਦ ਰੱਖ ਕੇ ਖ਼ੁਦਕੁਸ਼ੀ ਕਰਨ ਵਾਲੇ ਪੈਟਰੋਲ ਪੰਪ ਮਾਲਕ ਗੁਰਕ੍ਰਿਪਾਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਜ਼ਿਲ੍ਹਾ ਪੈਟਰੋਲੀਅਮ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਅਤੇ ਜੈ ਅੰਬੇ ਫਿਲਿੰਗ ਸਟੇਸ਼ਨ ਭਰਤਗੜ੍ਹ ਦੇ ਮਾਲਕ ਸ਼ਿਵ ਕੁਮਾਰ ਜਗੋਤਾ ਨੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਗਲਤ ਵੈਟ ਨੀਤੀਆਂ ਕਾਰਨ ਗੁਰਪਾਲਕ੍ਰਿਪਾਲ ਚਾਵਲਾ ਨੇ ਪੰਚਕੂਲਾ ਦੇ ਨਿੱਜੀ ਹੋਟਲ ਵਿੱਚ ਬੀਤੇ ਦਿਨੀਂ ਖ਼ੁਦਕੁਸ਼ੀ ਕਰ ਲਈ ਸੀ। ਪੱਚੀ ਸਾਲਾਂ ਤੋਂ ਐਸੋਸੀਏਸ਼ਨ ਸੂਬੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਗੁਆਂਢੀ ਸੂਬਿਆਂ ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਤੋਂ ਜ਼ਿਆਦਾ ਹੋਣ ਦੇ ਮੁੱਦੇ ’ਤੇ ਸੰਘਰਸ਼ ਕਰ ਰਹੀ ਹੈ।
ਗੁਆਂਢੀ ਸੂਬਿਆਂ ਨਾਲੋਂ ਪੰਜਾਬ ਅੰਦਰ ਡੀਜ਼ਲ ਦਾ 2.5 ਰੁਪਏ ਤੋਂ 3.5 ਰੁਪਏ ਅਤੇ ਪੈਟਰੋਲ ਦਾ 5 ਰੁਪਏ ਪ੍ਰਤੀ ਲਿਟਰ ਦਾ ਫਰਕ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਚਾਵਲਾ ਦੇ ਮੁਹਾਲੀ ਵਿਖੇ ਪੈਟਰੋਲ ਪੰਪ ਸਨ ਅਤੇ ਆਰਥਿਕ ਤੌਰ ’ਤੇ ਘਾਟਾ ਪੈਣ ਕਾਰਨ ਉਨ੍ਹਾਂ ਖ਼ੁਦਕੁਸ਼ੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਸ੍ਰੀ ਚਾਵਲਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਧੇ ਘੰਟੇ ਦੀ ਹੜਤਾਲ ਕੀਤੀ ਗਈ ਹੈ ਅਤੇ 29 ਜੁਲਾਈ ਨੂੰ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਹੜਤਾਲ ਕੀਤੀ ਜਾਵੇਗੀ।