ਪੰਜਾਬ ’ਚ 154 ਕੋਰੋਨਾ–ਪਾਜ਼ਿਟਿਵ, ਮੋਹਾਲੀ ਦਾ ਪਿੰਡ ਜਵਾਹਰਪੁਰ ਸਭ ਤੋਂ ਅੱਗੇ

ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 154 ਹੋ ਗਈ ਹੈ; ਜਿਨ੍ਹਾਂ ਵਿੱਚੋਂ 32 ਮਾਮਲੇ ਇਕੱਲੇ ਮੋਹਾਲੀ ਜ਼ਿਲ੍ਹੇ ਦੇ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ ਦੇ ਹਨ। ਚੰਡੀਗੜ੍ਹ ’ਚ 19 ਕੋਰੋਨਾ–ਪਾਜ਼ਿਟਿਵ ਹਨ। ਚੰਡੀਗੜ੍ਹ ਲਾਗਲੇ ਹਰਿਆਣਾ ਦੇ ਸ਼ਹਿਰ ਪੰਚਕੂਲਾ ’ਚ ਹੁਣ ਤੱਕ ਪੰਜ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ।

ਅੱਜ ਸਨਿੱਚਰਵਾਰ ਨੂੰ ਸਵੇਰੇ ਪਟਿਆਲਾ ਦੇ ਇੱਕ ਪੀਸੀਐੱਸ ਅਧਿਕਾਰੀ ਦਾ ਮਾਲੀ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਪਟਿਆਲਾ ਦੇ ਸਿਵਲ ਸਰਜਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅੱਜ ਹੀ ਦੋ ਹੋਰ ਮਰੀਜ਼ ਪਿੰਡ ਜਵਾਹਰਪੁਰ ‘ਚ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ।

ਮੋਹਾਲੀ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ 50 ਹੈ। ਕੱਲ੍ਹ ਸ਼ੁੱਕਰਵਾਰ ਨੂੰ ਮੋਹਾਲੀ ’ਚ 11 ਹੋਰ ਪਾਜ਼ਿਟਿਵ ਮਰੀਜ਼ ਸਾਹਮਣੇ ਆਏ। ਕੱਲ੍ਹ ਹੀ ਪਠਾਨਕੋਟ ਜ਼ਿਲ੍ਹੇ ’ਚ ਅੱਠ ਤੇ ਜਲੰਧਰ ’ਚ ਇੱਕ ਨਵੇਂ ਕੋਰੋਨਾ–ਮਰੀਜ਼ ਦਾ ਪਤਾ ਲੱਗਿਆ।

ਕੱਲ੍ਹ ਜਿਹੜੇ 11 ਮਾਮਲੇ ਮੋਹਾਲੀ ਜ਼ਿਲ੍ਹੇ ’ਚ ਸਾਹਮਣੇ ਆਏ ਸਨ, ਉਨ੍ਹਾਂ ਵਿੱਚੋਂ 10 ਇਕੱਲੇ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ ਦੇ ਹੀ ਸਨ।

ਕੱਲ੍ਹ ਹੀ 78 ਸਾਲਾਂ ਦੀ ਮੁੰਡੀ ਖਰੜ ਨਿਵਾਸੀ ਉਸ ਔਰਤ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ਦੀ ਮੌਤ ਬੀਤੀ 7 ਅਪ੍ਰੈਲ ਨੂੰ ਹੋ ਗਈ ਸੀ।

ਜਵਾਹਪੁਰ ਪਿੰਡ ਦੇ 64 ਵਿਅਕਤੀਆਂ ਦੇ ਸੈਂਪਲ ਬੀਤੇ ਵੀਰਵਾਰ ਨੂੰ ਲਏ ਗਏ ਸਨ, ਜਿਨ੍ਹਾਂ ਵਿੱਚੋਂ 32 ਨੈਗੇਟਿਵ ਮਿਲੇ ਹਨ ਤੇ 12 ਦੀ ਰਿਪੋਰਟ ਹਾਲੇ ਉਡੀਕੀ ਜਾ ਰਹੀ ਹੈ।

ਪਠਾਨਕੋਟ ’ਚ, ਹੁਣ ਤੱਕ 15 ਵਿਅਕਤੀ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ ਤੇ ਇਹ ਜ਼ਿਲ੍ਹਾ ਮੋਹਾਲੀ ਤੇ ਨਵਾਂਸ਼ਹਿਰ ਤੋਂ ਬਾਅਦ ਤੀਜਾ ਅਜਿਹਾ ਜ਼ਿਲ੍ਹਾ ਬਣ ਗਿਆ ਹੈ, ਜਿੱਥੇ ਇਸ ਵਾਇਰਸ ਨੇ ਵਧੇਰੇ ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲਿਆ ਹੈ।

ਕੱਲ੍ਹ ਪਠਾਨਕੋਟ ਜ਼ਿਲ੍ਹੇ ਦੇ ਕਸਬੇ ਸੁਜਾਨਪੁਰ ਦੇ ਇੱਕੋ ਪਰਿਵਾਰ ਦੇ ਛੇ ਮੈਂਬਰ ਤੇ ਉਨ੍ਹਾਂ ਦੀ ਨੌਕਰਾਣੀ ਕੁੱਲ ਸੱਤ ਜਣੇ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ। ਇੱਕ ਹੋਰ ਕੇਸ ਪਠਾਨਕੋਟ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਆਨੰਦਪੁਰਾ ਰਾੜਾ ’ਚੋਂ ਮਿਲਿਆ ਹੈ। ਇਹ ਮਰੀਜ਼ ਸ਼ਹਿਰ ’ਚ ਅਖ਼ਬਾਰ ਵੰਡਣ ਦਾ ਕੰਮ ਕਰਦਾ ਰਿਹਾ ਹੈ।

ਪਠਾਨਕੋਟ ਦੇ ਡਿਪਟੀ ਕਮਿਸ਼ਨਰ ਜੀਐੱਸ ਖੈਰਾ ਨੇ ਕਿਹਾ ਕਿ ਸੁਜਾਨਪੁਰ ਇਸ ਛੂਤ ਦਾ ਹੌਟ–ਸਪੌਟ ਬਣ ਚੁੱਕਾ ਹੈ।

ਉੱਧਰ ਜਲੰਧਰ ’ਚ ਕੱਲ੍ਹ 17 ਸਾਲਾਂ ਦਾ ਇੱਕ ਨੌਜਵਾਨ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਤੇ ਇੰਝ ਇਸ ਜ਼ਿਲ੍ਹੇ ’ਚ ਕੁੱਲ 12 ਕੋਰੋਨਾ ਮਰੀਜ਼ ਹਨ।

Leave a Reply

Your email address will not be published. Required fields are marked *