ਪੰਜਾਬੀ ਬੱਚੇ ਨੇ ਮਾਰੀਆਂ ਮੱਲਾਂ, ਬਾਰਕਿੰਗ ਤੇ ਡੈਗਨਹਮ ਕੌਂਸਲ ਦਾ ਬਣਿਆ ਮੇਅਰ

0
95

ਲੰਡਨ— ਇੰਗਲੈਂਡ ‘ਚ ਰਹਿ ਰਹੇ 16 ਸਾਲਾ ਬੱਚੇ ਨੂੰ ਕੌਂਸਲ ਦਾ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਹੈ। ਬਾਰਕਿੰਗ ਦੇ ਸਕੂਲੀ ਬੱਚਿਆਂ ਨੂੰ ਸਿਆਸਤ ਵੱਲ ਪ੍ਰੇਰਿਤ ਕਰਨ ਲਈ ਚਲਾਈ ਗਈ ਯੋਜਨਾ ਤਹਿਤ ਇੱਥੋਂ ਦੇ 16 ਸਾਲਾਂ ਪੰਜਾਬੀ ਬੱਚੇ ਨੂੰ ਬਾਰਕਿੰਗ ਅਤੇ ਡੈਗਨਹਮ ਕੌਂਸਲ ਨੇ ਨੌਜਵਾਨ ਮੇਅਰ ਚੁਣਿਆ ਹੈ। 16 ਸਾਲਾਂ ਜੈਸੁਆ ਸਿੰਘ ਪੰਜ ਉਮੀਦਵਾਰਾਂ ‘ਚੋਂ ਇੱਕ ਵੋਟ ਦੇ ਫਰਕ ਨਾਲ ਜੇਤੂ ਰਿਹਾ ਅਤੇ ਉਹ ਫਰਵਰੀ 2020 ਤੱਕ ਆਪਣੀਆਂ ਸੇਵਾਵਾਂ ਪੇਸ਼ ਕਰੇਗਾ।
ਆਲ ਸੈੱਟ ਕੈਥੋਲਿਕ ਸਕੂਲ ਦੇ ਵਿਦਿਆਰਥੀ ਜੈਸੁਆ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੀ ਚੋਣ ‘ਤੇ ਬੇਹੱਦ ਖੁਸ਼ੀ ਹੈ ਅਤੇ ਉਹ ਸਥਾਨਕ ਯੂਥ ਫੋਰਮ ਦੀ ਸਲਾਹ ਨਾਲ ਕਿਸੇ ਚੈਰਿਟੀ ਦੀ ਮਦਦ ਕਰਨ ਲਈ ਚੋਣ ਕਰੇਗਾ। ਉਸ ਨੇ ਕਿਹਾ ਕਿ ਉਹ ਚੈਰਿਟੀ ਲਈ ਵੱਧ ਤੋਂ ਵੱਧ ਪੈਸੇ ਇਕੱਠੇ ਕਰਨ ਦਾ ਚਾਹਵਾਨ ਹੈ ਪਰ ਉਸ ਦਾ ਮੌਜੂਦਾ ਟੀਚਾ 4770 ਪੌਂਡ ਇਕੱਠੇ ਕਰਨ ਦਾ ਹੈ। ਆਉਂਦੇ ਸਾਲ ਦੌਰਾਨ ਉਹ 15 ਸਮਾਗਮਾਂ ਵਿਚ ਹਾਜ਼ਰੀ ਭਰੇਗਾ ਅਤੇ ਉਸ ਦਾ ਪਹਿਲਾ ਸਮਾਗਮ ਦਿਨ ਬੁੱਧਵਾਰ 6 ਮਾਰਚ ਨੂੰ ਹੋਇਆ ਹੈ। ਉਸ ਨੇ ਸਾਬਕਾ ਨੌਜਵਾਨ ਮੇਅਰ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਸ ਦਾ ਰਿਕਾਰਡ ਤੋੜਨ ਦੀ ਗੱਲ ਵੀ ਆਖੀ ਹੈ।