”ਪੰਛੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ, ਕਿ ਉਹ ਇੱਧਰ ਦੇ ਹਨ ਜਾਂ ਉੱਧਰ ਦੇ

ਪਾਕਿਸਤਾਨ ਅਤੇ ਭਾਰਤ ਦੇ ਕਬੂਤਰ ਦੋਵਾਂ ਦੇਸਾਂ ਦੇ ਬਾਰਡਰ ‘ਤੇ ਪੈਂਦੇ ਚੜ੍ਹਦੇ ਪੰਜਾਬ ਦੇ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਕੁਝ ਕੰਮ ਅਤੇ ਕੁਝ ਆਮਦਨ ਦਾ ਸਾਧਨ ਬਣ ਰਹੇ ਹਨ।
ਬਿਨਾਂ ਨੌਕਰੀਆਂ ਦੇ ਨੌਜਵਾਨਾਂ ਨੂੰ ਕਬੂਤਰਾਂ ਤੋਂ ਦੋ ਵਕਤ ਦੀ ਰੋਜ਼ੀ ਕਮਾਉਣ ਦਾ ਮੌਕਾ ਮਿਲ ਰਿਹਾ ਹੈ, ਉਹ ਵੀ ਬਿਨਾਂ ਕਿਸੇ ਕਸਟਮ ਜਾਂ ਫੌਰਮੈਲਿਟੀ ਦੇ।
ਬਾਰਡਰ ਤੋਂ ਕੁਝ ਹੀ ਦੂਰੀ ‘ਤੇ ਪਿੰਡ ਡੌਕੇ ਦੇ ਵਧੇਰੇ ਨੌਜਵਾਨ ਕਬੂਤਰ ਪਾਲਣ ਦਾ ਕੰਮ ਕਰਦੇ ਹਨ। ਇੱਥੋਂ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਕਿਹਾ, ”ਬਿਨਾਂ ਨੌਕਰੀ ਟਾਈਮ ਕੱਢਣਾ ਔਖਾ ਹੋ ਜਾਂਦਾ ਹੈ ਪੜ੍ਹੇ ਲਿਖੇ ਨੌਜਵਾਨਾਂ ਲਈ, ਇਸ ਲਈ ਸ਼ੌਂਕੀਆ ਕਬੂਤਰ ਪਾਲ ਰਹੇ ਹਨ।”
ਪਾਕਿਸਤਾਨ ਤੋਂ ਆਉਂਦੇ ਹਨ ਪੰਛੀ?
ਇਹ ਪਿੰਜਰੇ ਸਿਰਫ਼ ਭਾਰਤ ਹੀ ਨਹੀਂ ਬਲਕਿ ਸਰਹੱਦ ਪਾਰੋਂ ਆਏ ਕਬੂਤਰਾਂ ਨੂੰ ਵੀ ਪਨਾਹ ਦਿੰਦੇ ਹਨ।
ਨੌਜਵਾਨ ਮੰਨਦੇ ਹਨ ਕਿ ਪਾਕਿਸਤਾਨ ਦੇ ਕਬੂਤਰ ਭਾਰਤ ਵੱਲ ਆਉਂਦੇ ਹਨ ਤੇ ਭਾਰਤ ਤੋਂ ਉਸ ਪਾਸੇ ਜਾਂਦੇ ਹਨ।
ਸੁਰਿੰਦਰ ਸਿੰਘ ਨੇ ਕਿਹਾ, ”ਪੰਛੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ, ਕਿ ਉਹ ਇੱਧਰ ਦੇ ਹਨ ਜਾਂ ਉੱਧਰ ਦੇ। ਪੰਛੀ ਤਾਂ ਪੰਛੀ ਹਨ, ਕਦੇ ਵੀ ਪਾਕਿਸਤਾਨ ਤੋਂ ਭਾਰਤ ਆ ਸਕਦੇ ਹਨ ਅਤੇ ਭਾਰਤ ਤੋਂ ਪਾਕਿਸਤਾਨ ਜਾ ਸਕਦੇ ਹਨ।”
ਕੀ ਇਹ ਕਬੂਤਰ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਦਾ ਸਾਧਨ ਬਣ ਰਹੇ ਹਨ?
ਕੁਝ ਪਿੰਡ ਵਾਲਿਆਂ ਨੇ ਦੱਸਿਆ ਕਿ ਕਬੂਤਰਾਂ ਦੀਆਂ ਵੱਖ ਵੱਖ ਕਿਸਮਾਂ ਭਾਰਤ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਜਾਂਦੀਆਂ ਹਨ।
ਇੱਥੇ ਦੇ ਲੋਕਾਂ ਨੇ ਇਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਨਾਂ ਦਿੱਤੇ ਹੋਏ ਹਨ ਜਿਵੇਂ ਕਿ ਭੁਰਾ, ਬਾਗਾ, ਚੀਨਾ।
ਪਰ ਕੀ ਇਹ ਸਿਰਫ ਸ਼ੌਂਕ ਹੈ?
ਵਧੇਰੇ ਨੌਜਵਾਨ ਇਹੀ ਮੰਨਦੇ ਹਨ ਕਿ ਉਨ੍ਹਾਂ ਨੇ ਸਿਰਫ ਸ਼ੌਂਕੀਆ ਕਬੂਤਰ ਪਾਲ ਰੱਖੇ ਹਨ। ਪਰ ਨਾਲ ਹੀ ਉਹ ਇਹ ਵੀ ਕਬੂਲਦੇ ਹਨ ਕਿ ਕਦੇ ਕਦੇ ਕੁਝ ਰੁਪਇਆਂ ਜਾਂ ਆਪਣਾ ਘਰ ਚਲਾਉਣ ਲਈ ਉਹ ਇਨ੍ਹਾਂ ਕਬੂਤਰਾਂ ਨੂੰ ਵੇਚ ਵੀ ਦਿੰਦੇ ਹਨ।
ਪਾਕਿਤਸਾਨੀ ਕਬੂਤਰਾਂ ਦਾ ਜੋੜਾ 2000 ਰੁਪਏ ਤੱਕ ਵਿਕ ਜਾਂਦਾ ਹੈ ਤੇ ਭਾਰਤੀ ਜੋੜਾ 700 ਰੁਪਏ ਤੱਕ।
ਹੋਰ ਪਿੰਡਾਂ ਦੇ ਨੌਜਵਾਨ ਜਿਵੇਂ ਕਿ ਨੌਸ਼ੇਰਾ ਡੱਲਾ, ਭੈਣੀ ਅਤੇ ਭਾਰੋਪਾਲ ਵੀ ਇਹ ਕੰਮ ਕਰਦੇ ਹਨ।

Leave a Reply

Your email address will not be published. Required fields are marked *