ਪੜ੍ਹ-ਪੜ੍ਹ ਕਿਤਾਬਾਂ ਲਾ ਤੇ ਗੰਜ ,ਫਿਰ ਵੀ ਕਹਿੰਦਾ ‘ਦੋ ਦੂਣੀ ਪੰਜ’

0
106

ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਅੰਮ੍ਰਿਤ ਮਾਨ ਦੀ ਨਵੀਂ ਫ਼ਿਲਮ ‘ਦੋ ਦੂਣੀ ਪੰਜ’ ਸਿੱਖਿਆ ਵਿਭਾਗ ਦੀਆਂ ਕਮੀਆਂ ਅਤੇ ਦਿਨੋ-ਦਿਨ ਵਧ ਰਹੀ ਬੇਰੁਜ਼ਗਾਰੀ ‘ਤੇ ਤਿੱਖਾ ਵਿਅੰਗ ਕਰਦੀ ਹਾਸਿਆਂ ਭਰਪੂਰ ਕਾਮੇਡੀ ਫ਼ਿਲਮ ਹੋਵੇਗੀ। ਅੱਪਰਾ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਮਾਤਾ ਮਸ਼ਹੂਰ ਬਾਲੀਵੁੱਡ ਗਾਇਕ ਬਾਦਸ਼ਾਹ ਹੈ ਜੋ ਮੌਜੂਦਾ ਵਿਆਹ ਸੱਭਿਆਚਾਰ (ਕਲਚਰ) ਵਾਲੇ ਸਿਨੇਮੇ ਦੀ ਭੀੜ ‘ਚ ਇਕ ਨਵੇਂ ਵਿਸ਼ੇ ਦੀ ਫਿਲ਼ਮ ਲੈ ਕੇ ਆਇਆ ਹੈ। ਫ਼ਿਲਮ ਦੇ ਨਿਰਦੇਸ਼ਕ ਹੈਰੀ ਭੱਟੀ ਨੇ ਦੱਸਿਆ ਕਿ ਇਹ ਇਕ ਅਜਿਹੇ ਬੇਰੁਜ਼ਗਾਰ ਨੌਜਵਾਨ ਦੀ ਕਹਾਣੀ ਹੈ ਜੋ ਨੌਕਰੀ ਨਾ ਮਿਲਣ ਕਰਕੇ ਸਮਾਜ ਅਤੇ ਘਰਦਿਆਂ ਤੋਂ ਦੁਖੀ ਹੈ। ਉਹ ਸਿੱਖਿਆ ਵਿਭਾਗ ਦੀਆਂ ਖਾਮੀਆ ਲੱਭ ਕੇ ਅਖੀਰ ਆਪਣੀ ਆਵਾਜ਼ ਸਰਕਾਰੀ ਕਟਹਿਰੇ ਤੱਕ ਲੈ ਜਾਂਦਾ ਹੈ। ਫ਼ਿਲਮ ਵਿਚ ਸਮਾਜ ਦੇ ਅਨੇਕਾਂ ਅਜਿਹੇ ਮੁੱਦਿਆਂ ਨੂੰ ਛੂਹਿਆ ਗਿਆ ਹੈ ਜੋ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਸੋਚਣ ਲਈ ਵੀ ਮਜਬੂਰ ਕਰਦੇ ਹਨ।
ਇਸ ਫ਼ਿਲਮ ਵਿਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦਾ ਰੁਮਾਂਸ ਵੀ ਹੈ ਜੋ ਬੇਰੁਜ਼ਗਾਰੀ ਦੀ ਭੇਟ ਚੜ੍ਹਦਾ ਨਜ਼ਰ ਆਉਂਦਾ ਹੈ। ਸਰਦਾਰ ਸੋਹੀ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਨਿਰਮਲ ਰਿਸ਼ੀ, ਰਾਣਾ ਰਣਬੀਰ, ਮਲਕੀਤ ਰੌਣੀ, ਰੁਪਿੰਦਰ ਰੂਪੀ, ਹਰਬੀ ਸੰਘਾ, ਤਰਸੇਮ ਪੌਲ, ਪ੍ਰੀਤੋ ਸਾਹਨੀ, ਗੁਰਿੰਦਰ ਮਕਨਾ, ਸੰਜੂ ਸੋਲੰਕੀ, ਜੱਗੀ ਧੂਰੀ ਆਦਿ ਫ਼ਿਲਮ ਦੇ ਬਾਕੀ ਅਹਿਮ ਕਲਾਕਾਰ ਹਨ। ਫ਼ਿਲਮ ਦਾ ਸੰਗੀਤ ਬਾਦਸ਼ਾਹ, ਦਾ ਬੌਸ, ਜੱਸੀ ਕਤਿਆਲ ਤੇ ਮੀਤ ਸੀਰਾ ਨੇ ਦਿੱਤਾ ਹੈ। ਫ਼ਿਲਮ ਦੇ ਗੀਤ ਅੰਮ੍ਰਿਤ ਮਾਨ ‘ਰੱਬ ਸੁੱਖ ਰੱਖੇ’, ਬੰਟੀ ਬੈਂਸ ਅਤੇ ਬਿੰਦਰ ਨੱਥੂਮਾਜਰਾ ਨੇ ਲਿਖੇ ਹਨ ਜਿਨ੍ਹਾਂ ਨੂੰ ਰਾਹਤ ਫ਼ਤਹਿ ਅਲੀ ਖਾਂ, ਬਾਦਸ਼ਾਹ, ਨੇਹਾ ਕੱਕੜ, ਅੰਮ੍ਰਿਤ ਮਾਨ, ਜੌਰਡਨ ਸੰਧੂ ਤੇ ਦਾ ਲੈਂਡਰਜ਼ ਨੇ ਪਲੇਅ ਬੈਕ ਗਾਇਆ ਹੈ। 11 ਜਨਵਰੀ ਲੋਹੜੀ ‘ਤੇ ਰਿਲੀਜ਼ ਕੀਤੀ ਜਾ ਰਹੀ ਹੈ।