ਪ੍ਰਗਤੀਸ਼ੀਲ ਮੰਚ ਵੱਲੋਂ ਚੋਣ ਮੈਨੀਫ਼ੈਸਟੋ ਦੀ ਕਾਨੂੰਨੀ ਜਵਾਬਦੇਹੀ ਤਹਿ ਕਰਨ ਦੀ ਮੰਗ

ਮੋਗਾ- ਪ੍ਰਗਤੀਸ਼ੀਲ ਮੰਚ, ਜ਼ਿਲ੍ਹਾ ਮੋਗਾ ਵੱਲੋਂ ਪਿੰਡ ਸਿੰਘਾਂ ਵਾਲਾ ਇੱਕ ਇਕੱਤਰਤਾ ਕੀਤੀ ਗਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੰਚ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸਿੰਘਾਂ ਵਾਲਾ ਤੇ ਸਕੱਤਰ ਨਵਜੋਤ ਸਿੰਘ ਜੋਗੇਵਾਲਾ ਨੇ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ ਪਰ ਇਸ ਦੇਸ਼ ਦੀਆ ਸਰਕਾਰਾਂ ਨੇ ਨੌਜਵਾਨਾਂ ਨੂੰ ਸਿਵਾਏ ਧੋਖ਼ੇ ਅਤੇ ਫ਼ਰੇਬ ਦੇ ਕੁੱਝ ਨਹੀਂ ਦਿੱਤਾ। ਸਰਕਾਰ ਬਨਣ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਆਪਣੇ ਚੋਣ ਮੈਨੀਫ਼ੈਸਟੋ ਵਿੱਚ ਬਹੁਤ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਪਰ ਸਰਕਾਰ ਬਣਦਿਆਂ ਹੀ ਲੋਕਾਂ ਨਾਲ ਕੀਤੇ ਵਾਅਦੇ ਭੁਲਾ ਦਿੱਤੇ ਜਾਂਦੇ ਹਨ। ਜਿਸ ਤੋਂ ਮਗਰੋਂ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ। ਇਸ ਲਈ ਪ੍ਰਗਤੀਸ਼ੀਲ ਮੰਚ ਮੰਗ ਕਰਦਾ ਹੈ ਕਿ ਚੋਣ ਮੈਨੀਫ਼ੈਸਟੋ ਵਿੱਚ ਕੀਤੇ ਵਾਅਦਿਆਂ ਲਈ ਕਾਨੂੰਨੀ ਤੌਰ ‘ਤੇ ਜਵਾਬਦੇਹੀ ਤਹਿ ਕੀਤੀ ਜਾਵੇ। ਰਾਜਨੀਤਕ ਪਾਰਟੀਆਂ ਚੋਣ ਮੈਨੀਫ਼ੈਸਟੋ ਵਿੱਚ ਕੀਤੇ ਜਾਂਦੇ ਵਾਅਦਿਆਂ ਨੂੰ ਲਾਗੂ ਕਰਨ ਲਈ ਕਾਨੂੰਨੀ ਤੌਰ ‘ਤੇ ਪਾਬੰਦ ਹੋਣ। ਇਕੱਤਰਤਾ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਲੋਕ ਚੇਤਨਾ ਤੇ ਲੋਕ ਲਾਮ-ਬੰਦੀ ਲਈ 22 ਅਪਰੈਲ ਨੂੰ ਲੈਨਿਨ ਦੇ ਜਨਮ ਦਿਨ ਤੋਂ ਲੈ ਕੇ 5 ਮਈ ਕਾਰਲ ਮਾਰਕਸ ਦੇ ਜਨਮ ਦਿਨ ਨੂੰ ਸਮਰਪਿਤ ਸਿਧਾਂਤਕ ਪੰਦਰ੍ਹਵਾੜਾ ਮਨਾਇਆ ਜਾਵੇਗਾ। ਇਸ ਲੜੀ ਵਿੱਚ ਪਹਿਲਾ ਟਰੇਨਿੰਗ ਕੈਂਪ 21 ਅਪ੍ਰੈਲ ਨੂੰ ਪਿੰਡ ਸਿੰਘਾਂ ਵਾਲਾ (ਮੋਗਾ) ਵਿਖੇ ਲਗਾਇਆ ਜਾਵੇਗਾ। ਜਿਸ ਵਿੱਚ ਜ਼ਿਲ੍ਹਾ ਭਰ ਤੋਂ ਚੋਣਵੇਂ ਸਾਥੀ ਸ਼ਾਮਿਲ ਹੋਣਗੇ। ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘਾਂ ਵਾਲਾ, ਮਨਪ੍ਰੀਤ ਸਿੰਘ ਦੌਲੇਵਾਲਾ, ਸੁਖਮੰਦਰ ਸਿੰਘ ਬਾਘਾ ਪੁਰਾਣਾ, ਸੁਰਜੀਤ ਸਿੰਘ ਨਿਹਾਲ ਸਿੰਘ ਵਾਲਾ, ਚਰਨਜੀਤ ਸਿੰਘ ਧਰਮਕੋਟ, ਲਾਡੀ ਝੰਡੇਵਾਲਾ, ਜਗਦੀਪ ਸਿੰਘ, ਤਰਨਵੀਰ ਸਿੰਘ ਮਹੇਸ਼ਰੀ ਹਾਜ਼ਰ ਸਨ।

Leave a Reply

Your email address will not be published. Required fields are marked *