ਪੌੜੀ- ਇਕਬਾਲ ਰਾਮੂਵਾਲੀਆ

Iqbal Ramowalia
             ਇਕਬਾਲ ਰਾਮੂਵਾਲੀਆ

ਜੈਗ ਹੁਣ ਰੁੜ੍ਹਨ ਲੱਗ ਪਿਆ ਹੈ। ਉਹ ਵਾਰ ਵਾਰ, ਮੇਨ ਫ਼ਲੋਰ ਤੋਂ, ਉੱਪਰਲੀ ਫ਼ਲੋਰ ‘ਤੇ ਬਣੇ ਬੈਡਰੂਮਾਂ ਵੱਲ ਜਾਂਦੀ ਪੌੜੀ ਦੇ ਪਾਏਦਾਨ ਵੱਲ ਨੂੰ ਉੱਲਰਦਾ ਹੈ। ਉੱਪਰ ਵੱਲ ਨੂੰ ਉੱਠਣ ਦੀ ਤਾਂਘ ਕਾਰਨ, ਉਸ ਦੀ ਕੁਰਸੀਆਂ, ਮੇਜ਼ਾਂ ਤੇ ਸੋਫ਼ੇ ‘ਤੇ ਚੜ੍ਹਨ ਦੀ ਜ਼ਿੱਦ ਨਾਲ ਸਤਵੰਤ ਦੀ ਖਿਝ ਵਧਦੀ ਜਾ ਰਹੀ ਹੈ।
-ਇਹਨੂੰ ਵੀ ਪੈ ਗਿਐ ਚਸਕਾ ਪੌੜੀਆਂ ਚੜ੍ਹਨ ਦਾ, ਹੁਣੇ ਈ! ਸਤਵੰਤ ਦੇ ਨੱਕ ਨੂੰ ਚੜ੍ਹਿਆ ਵੱਟ ਹੋਰ ਕੱਸਿਆ ਜਾਂਦਾ ਹੈ। ਉਹਦੇ ਮੱਥੇ ‘ਤੇ ਗੁੱਛਾ ਹੋਏ ਸਿਆੜਾਂ ਹੇਠ ਉਸ ਦੀਆਂ ਲਾਲ ਹੋਈਆਂ ਅੱਖਾਂ ‘ਚ ਹਵਾ ਭਰਨ ਲਗਦੀ ਹੈ। -ਹਰਾਮਖੋਰ, ਹੱਟ ਪਿੱਛੇ! ਪੌੜੀ ਨਹੀਂ ਚੜ੍ਹਨਾ! ਹੱਟ ਪਿੱਛੇ, ਕੁੱਤੇ ਦੀ ਔਲਾਦ!
ਸਤਵੰਤ ਦੀ ਉੱਲਰੀ ਚਪੇੜ ਅਤੇ ਉਸ ਦੀਆਂ ਭਵਾਂ ਵਿਚਕਾਰ ਉੱਭਰੀਆਂ ਮੇਖਾਂ ਤੋਂ ਜੈਗ ਤ੍ਰਭਕਦਾ ਹੈ। ਪਿੱਠ ਭਾਰ ਪਿੱਛਲੇ ਪਾਸੇ ਨੂੰ ਘਸੜਦਾ ਹੋਇਆ, ਉਹ ਸੋਫ਼ੇ ‘ਤੇ ਬੈਠੀ ਮਾਤਾ ਜੀ ਵੱਲ ਆਸਮੰਦ ਨਜ਼ਰਾਂ ਨਾਲ਼ ਦੇਖਦਾ ਹੈ। ਬੇਜਾਨ ਪੱਤਿਆਂ ਵਾਂਗ ਥਿੜਕਦੇ, ਮਾਤਾ ਦੇ ਬੁੱਲ੍ਹਾਂ ਪਿੱਛੇ, ਬਣਾਉਟੀ ਦੰਦਾ ਦਾ ਉੱਪਰਲਾ ਪੀੜ੍ਹ ਕੰਬਦਾ ਹੈ। ਉਹ ਜਕਦਿਆਂ-ਜਕਦਿਆਂ ਆਖ਼ਰ ਕਹਿ ਹੀ ਦੇਂਦੀ ਹੈ: ਕਮਲੀਏ, ਕਿਉਂ ਸਵੇਰੋਂ ਸ਼ਾਮ ਤਾਈਂ ਗਰਜਦੀ ਰਹਿਨੀ ਐਂ ਇਸ ਦਰਵੇਸ਼ ‘ਤੇ! ਏਹਦਾ ਕੀ ਕਸੂਰ ਐ, ਵਿਚਾਰੇ ਬੇਜ਼ੁਬਾਨ ਦਾ?
-ਤੂੰ ਚੁੱਪ ਰਹਿ, ਮਾਤਾ! ਇਸ ਹਰਾਮੀ ਨੂੰ ਮੈਂ ਪੌੜੀ ਨਹੀਂ ਚੜ੍ਹਨ ਦੇਣਾ, ਸਤਵੰਤ, ਮਾਤਾ ਵੱਲ ਦੇਖੇ ਬਿਨਾਂ ਹੀ ਘੁਰਕਦੀ ਹੋਈ, ਜੈਗ ਨੂੰ ਘੜੀਸ ਕੇ ਲਿਵਿੰਗਰੂਮ ਵਿਚ ਸੁਟਦੀ ਹੈ, ਜਿਵੇਂ ਕੋਈ ਮਿੱਟੀ ਦੇ ਭਰੇ ਥੈਲੇ ਨੂੰ ਉੱਪਰਲੇ ਪਾਸਿਓਂ ਚੁੱਕ ਕੇ ਖੂੰਜੇ ਵੱਲ ਵਗਾਹ ਮਾਰਦਾ ਹੈ। -ਮੇਰਾ ਵੱਸ ਚੱਲੇ ਤਾਂ ਮੈਂ ਤਾਂ ਇਹਨੂੰ ਕੁੱਛੜ ਵੀ ਨਾ ਚੜ੍ਹਨ ਦੇਵਾਂ!
ਹੁਣ ਸਤਵੰਤ ਦੇ ਹੱਥ ਢਾਕਾਂ ਉੱਤੇ ਛਾਲ਼ ਮਾਰਦੇ ਨੇ ਅਤੇ ਅਪਣੇ ਸਿਰ ਨੂੰ ਹੇਠਾਂ ਨੂੰ ਝੁਕਾਅ ਕੇ ਉਹ ਡਾਟਵੇਂ ਅੰਦਾਜ਼ ਵਿਚ ਗਰਜਦੀ ਹੈ: ਬੈਠ ਐਥੇ ਅਰਾਮ ਨਾਲ, ਹਰਾਮ ਦੀ ਔਲਾਦ! ਪੌੜੀ ਵੱਲ ਨਹੀਂ ਜਾਣਾ ਮੁੜ ਕੇ! ਸੁਣਿਐਂ?

ਜੈਗ ਦੇ ਚਿੱਬੇ-ਹੋ-ਗਏ ਬੁੱਲ੍ਹਾਂ ਅਤੇ ਅੱਖਾਂ ‘ਚ ਛਲਕਣ ਲੱਗੀ ਮਸੂਮੀਅਤ ਦਾ ਸਤਵੰਤ ਉੱਤੇ ਅੱਜ ਵੀ ਕੋਈ ਅਸਰ ਨਹੀਂ ਹੋਇਆ। -ਰੋਈ ਚੱਲ ਜਿੰਨਾਂ ਰੋਣੈ! ਆਈ ਡਾਂਟ ਕੇਅਰ! ਗੋ ਟੂ ਹੈੱਲ!
ਮਾਤਾ ਜੀ ਦੇ ਚਿਹਰੇ ‘ਤੇ, ਇੱਕ-ਦੂਜੇ ਨੂੰ ਕਟਦੇ ਸਿਆੜ ਡੂੰਘੇ ਹੋ ਗਏ ਹਨ। ਲਫ਼ਜ਼, ਉਸ ਦੇ ਕੰਬਦੇ ਬੁਲ੍ਹਾਂ ‘ਚ ਛਲਕਦੀ ਮਰੀਅਲ ਜਿਹੀ ਹਰਕਤ ਦਾ ਸਾਥ ਦੇਣ ਤੋਂ ਇਨਕਾਰ ਕਰ ਦੇਂਦੇ ਹਨ। ਇਸ ਤਰਾਂ੍ਹ ਦੀ ਬੇਵਸੀ ਦੇ ਮੌਕੇ, ਐਨਕਾਂ ਉਤਾਰ ਕੇ, ਉਨ੍ਹਾਂ ਨੂੰ ਚੁੰਨੀ ਦੇ ਪੱਲੇ ਨਾਲ ਸਾਫ਼ ਕਰਨ ਦਾ ਬਹਾਨਾ ਮਾਤਾ ਜੀ ਨੂੰ ਰਾਹਤ ਦੇਣ ਲਈ ਅੱਜ ਵੀ ਹਾਜ਼ਰ ਹੋ ਗਿਆ ਹੈ।
ਮਾਤਾ ਕਹਿਣਾ ਚਾਹੁੰਦੀ ਹੈ, ‘ਨੀ, ਟੁਕੜਾ ਤਾਂ ਇਹ ਤੇਰੇ ਈ ਮਾਸ ਦਾ ਐ!’ ਪਰ ਉਸ ਨੂੰ ਪਤਾ ਹੈ ਕਿ ਸਤਵੰਤ ਨੇ ਜਵਾਬ ਵਿਚ ਇਹੀ ਆਖਣਾ ਹੈ, ‘ਮੇਰੇ ਮਾਸ ਦਾ ਟੁਕੜਾ ਨੀ, ਮਾਤਾ; ਇਹ ਤਾਂ ਮੇਰੀ ਖੋਪੜੀ ‘ਚ ਉੱਬਲਦਾ ਦਾ ਫ਼ੋੜਾ ਐ, ਫ਼ੋੜਾ! ਓਸ ਕੰਜਰ ਕਮੀਨੇ ਦੀ ਔਲਾਦ!’
ਮਾਤਾ ਦੇ ਦਿਮਾਗ਼ ‘ਚ ਏਹ ਸੁਆਲ ਵਾਰ-ਵਾਰ ਘੁੰਮਣ ਲੱਗ ਪਿਆ ਹੈ ਕਿ ਸਤਵੰਤ ਹਰ ਰੋਜ਼ ਬਿੰਦੇ-ਝੱਟੇ ਇਹ ਐਲਾਨ ਕਿਉਂ ਕਰਨ ਲੱਗ ਪਈ ਹੈ ਕਿ ਉਸ ਦਾ ਵੱਸ ਚੱਲੇ ਤਾਂ ਉਹ ਸਾਰੇ ਸੰਸਾਰ ਦੀਆਂ ਪੌੜੀਆਂ ਢਾਹ ਦੇਵੇ।
ਮਾਤਾ ਨੂੰ ਨਹੀਂ ਪਤਾ ਕਿ ਸਤਵੰਤ, ਹਰ ਦੂਸਰੇ-ਤੀਸਰੇ ਦਿਨ ਆਉਂਦੇ, ਉਸ ਸੁਪਨੇ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਹੈ ਜਿਸ ਵਿਚ ਦੋ ਕੁ ਗਿੱਠਾਂ ਕੱਦ ਵਾਲਾ ਇੱਕ ਬਿਲਕੁਲ ਹੀ ਓਪਰਾ ਵਿਅਕਤੀ ਪਹਿਲਾਂ ਤਾਂ ਉਸ ਦੇ ਪੈਰਾਂ ਕੋਲੋਂ ਛਾਲ ਮਾਰ ਕੇ ਉਸ ਦੇ ਗੋਡਿਆਂ ‘ਤੇ ਜਾ ਚੜ੍ਹਦਾ ਹੈ ਤੇ ਫਿਰ ਉਥੋਂ ਉਸ ਦੇ ਮੋਢਿਆਂ ਤੇ ਕੰਨ ਉੱਤੋਂ ਦੀ ਹੁੰਦਾ ਹੋਇਆ ਉਹ ਉਸ ਦੇ ਸਿਰ ‘ਤੇ ਜਾ ਬੈਠਦਾ ਹੈ। ਉਸ ਵਿਅਕਤੀ ਨੂੰ ਅਪਣੇ ਸਿਰ ਤੋਂ ਝਾੜਨ ਲਈ, ਜਦੋਂ ਉਹ ਅਪਣੇ ਹੱਥ ਅਪਣੇ ਸਿਰ ‘ਤੇ ਲਿਜਾਂਦੀ ਹੈ ਤਾਂ ਉਹ ਵਿਅਕਤੀ ਅਪਣੇ ਪੈਰਾਂ ਨਾਲ ਸਤਵੰਤ ਨੂੰ ਪੌੜੀ ਵਾਂਗ ਧੱਕ ਕੇ ਧਰਤੀ ‘ਤੇ ਚੌਪਾਲ ਸੁੱਟ ਦੇਂਦਾ ਹੈ। ਸਤਵੰਤ ਦੇਖਦੀ ਹੈ ਕਿ ਇਹ ਵਿਅਕਤੀ ਦੋ ਕੁ ਗਿੱਠਾਂ ਤੋਂ ਵਧਦਾ-ਵਧਦਾ ਦਸ-ਬਾਰਾਂ ਫੁੱਟਾਂ ਦਾ ਹੋ ਜਾਂਦਾ ਹੈ ਅਤੇ ਇੱਕ ਨਵੀਂ ਪੌੜੀ ਦੇ ਡੰਡਿਆਂ ਰਾਹੀਂ ਸਾਹੋ-ਸਾਹ ਉੱਪਰ ਨੂੰ ਚੜ੍ਹਦਾ ਜਾ ਰਿਹਾ ਹੈ।
ਉਸ ਨੂੰ ਸ਼ੱਕ ਹੈ ਕਿ ਇਹ ਸੁਪਨਾ ਵਾਰ-ਵਾਰ ਇਸ ਲਈ ਆਉਂਦਾ ਹੈ ਕਿਉਂਕਿ ਉਸ ਨੂੰ ਦਿਨ ‘ਚ ਕਈ ਵਾਰੀ ਇਸ ਨਿੱਕੇ ਜਿਹੇ ਘਰ ਦੀਆਂ ਪੌੜੀਆਂ ਤੋਂ ਹੇਠਾਂ-ਉੱਪਰ ਜਾਣਾ ਪੈਂਦਾ ਹੈ। ਉਹ ਕਈ ਵਾਰ ਮਾਤਾ ਨੂੰ ਕਹਿ ਚੁੱਕੀ ਹੈ, ਪੌੜੀਆਂ ਵਾਲੇ ਇਸ ਘਰ ‘ਚੋਂ ਮੈਂ ਜਲਦੀ ਤੋਂ ਜਲਦੀ ਨਿਕਲਣਾ ਚਾਹੁੰਦੀ ਹਾਂ! ਇਹਨੂੰ ਵੇਚ ਕੇ ਇੱਕੋ ਫ਼ਲੋਰ ਵਾਲੇ ਘਰ ‘ਚ ਰਹਿਣੈ ਜਿੱਥੇ ਪੌੜੀਆਂ ਦਾ ਨਾਮੋ-ਨਿਸ਼ਾਨ ਨਾ ਹੋਵੇ!

ਸਤਵੰਤ ਦੇ ਸੁਭਾਅ ‘ਚ ਆ ਗਈ ਕੁੜੱਤਣ ਨੂੰ ਮਾਤਾ ਜੀ ਅੰਦਰੇ-ਅੰਦਰ ਪੀਣਾ ਸਿੱਖ ਗਈ ਹੈ। ਉਹ, ਪਿਛਲੇ ਕਿੰਨੇ ਮਹੀਨਿਆਂ ਤੋਂ, ਸਤਵੰਤ ਵੱਲੋਂ ਵਰਤੇ ਜਾ ਰਹੇ ਕੋਸਵੇਂ ਲਫ਼ਜ਼ਾਂ ਨੂੰ ਸੁਣਨ ਦੀ ਆਦੀ ਹੋ ਗਈ ਹੈ: ਅਖੇ ਇਹ ਸਭ ਕੰਡੇ ਤੇਰੇ ਈ ਬੀਜੇ ਐ, ਮਾਤਾ, ਤੇ ਚੁਗਣੇ ਸਾਰੀ ਉਮਰ ਪੈਣੇ ਐਂ ਮੈਨੂੰ!
ਮਾਤਾ ਦਾ ਅੰਦਰੋ-ਅੰਦਰ ਤੜਫ਼ਣਾ ਸਤਵੰਤ ਨੂੰ ਨਜ਼ਰ ਨਹੀਂ ਆਉਂਦਾ। ਮਾਤਾ ਕਹਿਣਾ ਚਾਹੁੰਦੀ ਹੈ, -ਮੈਂ ਕਿਹੜਾ ਇਹ ਕੰਡੇ ਕਿਸੇ ਸ਼æੁਗਲ ਲਈ ਜਾਣ-ਬੁੱਝ ਕੇ ਖਿੰਡਾਏ ਸੀ! ਪਰ ਉਸ ਨੂੰ ਪਤਾ ਹੈ ਕਿ ਅਗਰ ਇਨ੍ਹਾਂ ਲਫ਼ਜਾਂæ ਨੇ ਉਸ ਦੀ ਜ਼æੁਬਾਨ ‘ਤੇ ਰਤਾ ਕੁ ਹਰਕਤ ਵੀ ਕਰ ਲਈ ਤਾਂ ਸਤਵੰਤ ਦੇ ਬੁੱਲ੍ਹਾਂ ‘ਚੋਂ ਬਲ਼ਦੇ ਹੋਏ ਕੋਲਿਆਂ ਨੇ ਉੱਡਣ ਲੱਗ ਜਾਣਾ ਹੈ।
ਮਾਤਾ ਹੁਣ ਡਾਕਟਰ ਦੇ ਜਾਣ ਤੋਂ ਵੀ ਪਾਸਾ ਵਟਦੀ ਹੈ। ਡਾਕਟਰ ਹਰ ਵਾਰ ਇਹੀ ਕਹਿੰਦੈ: ਮਾਤਾ ਜੀ, ਸਾਰੇ ਟੈਸਟ ਠੀਕ ਆਈ ਜਾਂਦੇ ਨੇ… ਮੇਰੇ ਖ਼ਿਆਲ ‘ਚ ਤੁਹਾਡੀ ਭੁੱਖ ਮਰਨ ਦਾ ਕਾਰਨ ਕੋਈ ਟੈਨਸ਼ਨ ਐਂ।
ਡਾਕਟਰ ਦੇ ਕਲੀਨਿਕ ‘ਚੋਂ ਨਿਕਲਦਿਆਂ ਹੀ, ਸਤਵੰਤ ਮਾਤਾ ਦੇ ਮੋਢੇ ਝੰਜੋੜ ਕੇ ਪੁੱਛਣ ਲਗਦੀ ਹੈ: ਦਸਦੀ ਨ੍ਹੀਂ ਤੂੰ ਮਾਤਾ, ਪਈ ਕਿਹੜੀ ਚਿੰਤਾ ਲੱਗੀ ਰਹਿੰਦੀ ਐ ਤੈਨੂੰ?
ਮਾਤਾ ਦੀ ਚੁੱਪ ‘ਤੇ ਸਤਵੰਤ ਦੀਆਂ ਤਿਊੜੀਆਂ ਸੰਘਣੀਆਂ ਹੋ ਜਾਂਦੀਆਂ ਨੇ ਤੇ ਬੁੱਲ੍ਹਾਂ ਦੀ ਮਰੋੜੀ ਹੋਰ ਕੱਸੀ ਜਾਂਦੀ ਹੈ।
***
ਮਾਤਾ ਦਾ ਪਛਤਾਵਾ ਗੂੜ੍ਹਾ ਹੁੰਦਾ ਜਾ ਰਿਹਾ ਹੈ: ਉਹ ਅੰਦਰੋ-ਅੰਦਰ ਅਪਣੇ-ਆਪ ਨੂੰ ਕੋਸਣ ਤੋਂ ਨਹੀਂ ਹਟ ਰਹੀ ਕਿ ਘਰ ‘ਚ ਉੱਗ ਰਹੀ ‘ਮਹਾਂ-ਭਾਰਤ’ ਨੂੰ ਟਾਲਣ ਲਈ ਉਹ ਕਿਹੜੀ ਘੜੀ ਇਹ ਕਹਿ ਬੈਠੀ ਸੀ: ਸਤਵੰਤ, ਚੱਲ ਤੂੰ ਈ ਜ਼ਿਦ ਛੱਡ ਦੇਹ; ਮੰਨ ਲਾ ਜਿਵੇਂ ਹਰਦੀਪ ਕਹਿੰਦੈ। ਵੱਡੇ ਭਰਾ ਦੀ ਨੀ ਮੋੜੀਦੀ ਹੁੰਦੀ!
ਮਾਤਾ ਦੇ ਇਹ ਲਫ਼ਜ਼ ਸੁਣਦਿਆਂ ਹੀ ਹਰਦੀਪ ਨੇ ਬੀਅਰ ਦੀ ਬੋਤਲ ਨੂੰ ਬੁੱਲ੍ਹਾਂ ‘ਚ ਅੜੁੰਗ ਕੇ, ਮੂੰਹ ਨੂੰ ਤੇ ਬੋਤਲ ਦੀ ਪਿੱਠ ਨੂੰ ਛੱਤ ਵੱਲ ਨੂੰ ਸੇਧ ਦਿੱਤਾ ਸੀ। ਖਾਲੀ ਬੋਤਲ ਨੂੰ ਫੇਰ ਉਸ ਨੇ ਜੇਤੂ ਜਰਨੈਲ ਵਾਂਗ ਫ਼ਰਸ਼ ‘ਤੇ ਰੋੜ੍ਹ ਦਿੱਤਾ ਸੀ: -ਬੱਸ ਹਾਅ ਈ ਨ੍ਹੀ ਇਹ ਸਮਝਦੀ, ਮਾਤਾ ਜੀ, ਬੱਸ ਹਾਅ ਈ! ਇਹ ਸਮਝਣ ਲੱਗ ਪੀ ਐ ਬਈ ਚਾਰ ਜਮਾਤਾਂ ਪੜ੍ਹ ਕੇ ਇਹ ਹੁਣ ਮੈਥੋਂ ਉਮਰ ‘ਚ ਵੀ ਵੱਡੀ ਹੋ ਗਈ ਹੈ… ਨਾ ਇਹਨੂੰ ਏਸ ਗੱਲ ਦੀ ਕਦਰ ਐ ਬਈ ਕਿੰਨੇ ਵਖ਼ਤਾਂ ਨਾਲ਼ ਮੰਗਾਇਐ ਮੈਂ ਇਹਨੂੰ ਕਨੇਡਾ ‘ਚ… ਲੋਕੀਂ ਵੀਹ ਵੀਹ ਲੱਖ ਰੁਪਿਆ ਚੁੱਕੀ ਫਿਰਦੇ ਐ ਏਸ ਮੁਲਕ ਦੀ ਹਵਾ ਸੁੰਘਣ ਨੂੰ, ਤੇ ਇਹਦੇ ਕੰਨ ਦੀ ਮੈਲ ਵੀ ਨੀ ਲੱਗੀ। ਏਥੋਂ ਦੇ ਕੋਰਸਾਂ ਬਾਰੇ ਏਹਨੂੰ ਬਹੁਤਾ ਪਤੈ ਸਾਲ ਪਹਿਲਾਂ ਆਈ ਨੂੰ ਕਿ ਮੈਨੂੰ ਪੰਜ ਸਾਲ ਇਥੇ ਖਾਕ ਛਾਣਦੇ ਨੂੰ? ਹੁਣ ਤੂੰ ਈ ਪੁੱਛ ਏਹਨੂੰ ਬਈ ਕੰਪਿਊਟਰ ਦੇ ਕੋਰਸ ‘ਚ ਜਾਣ ‘ਚ ਬਹੁਤਾ ਫਾਇਦੈ ਕਿ ਨਿੱਕੇ ਨਿਆਣਿਆਂ ਦੀਆਂ ਨਲੀਆਂ ਪੂੰਝਣ ਵਾਲੇ ਕੋਰਸ ‘ਚ?
‘ਡੇਅ-ਕੇਅਰ’ ਦੀ ਟੀਚਿੰਗ ਨੂੰ, ਹਰਦੀਪ ਵੱਲੋਂ ਦਿੱਤਾ, ‘ਨਲੀਆਂ ਪੂੰਝਣ’ ਦਾ ਖ਼ਿਤਾਬ! ਹਾਏ! ਹਾਏ! ਇਹ ਖ਼ਿਤਾਬ ਏਨੇ ਸਾਲ ਬੀਤ ਜਾਣ ‘ਤੇ ਵੀ ਸਤਵੰਤ ਦੇ ਕਾਲਜੇ ‘ਚ, ਉਂਝ ਦਾ ਉਂਝ ਖੁੱਭਿਆ ਪਿਆ ਹੈ।
-ਪਰ ਮੇਰੀ ਜਦੋਂ ਰੂਹ ਈ ਨ੍ਹੀ ਕੰਪਿਊਟਰ ‘ਚ, ਮਾਤਾ, ਤਾਂ ਮੈਂ ਵੀਰੇ ਦੇ ਮਗਰ ਲੱਗ ਕੇ ਕਿਉਂ ਕਰਾਂ ਕੰਪਿਊਟਰ ਦਾ ਕੋਰਸ? ਸਤਵੰਤ ਨੇ ਅਪਣੇ ਗਲ਼ੇ ‘ਚ ਭਰੇ ਗਏ ਰੁੱਗ ਨੂੰ ਮਸਾਂ ਈ ਨਰਮ ਕਰਦਿਆਂ ਕਿਹਾ ਸੀ।
-ਜੇ ਤਾਂ ਕਰਨੈਂ ਕੰਪਿਊਟਰ ਦਾ ਕੋਰਸ, ਫੇਰ ਤਾਂ ਮੈਂ ਕਰੂੰ ਤੇਰੀ ਮੱਦਦ ਪੂਰੀ: ਫ਼ੀਸ ਵੀ ਦੇਦੂੰ ਤੇ ਨਵਾਂ ਕੰਪਿਊਟਰ ਵੀ ਖਰੀਦ ਦੂੰ; ਪਰ ਜੇ ਕਰਨੈ ਹਾਅ ਡੇ-ਕੇਅਰ ਵਾਲਾ ਕੋਰਸ, ਤਾਂ ਮੈਂ ਨ੍ਹੀ ਦਿੰਦਾ ਪੈਨੀ ਵੀ! ਆਪੇ ਕਮਾਈਂ ਤੇ ਆਪੇ ਚੱਕੀਂ ਆਵਦੇ ਕੋਰਸ ਦਾ ਖਰਚਾ!
-ਨੀ ਏਨ੍ਹੇ ਅਪਣੀ ਜਿੱæਦ ਨੀ ਛੱਡਣੀ, ਨਿਕੜਮੇਂ ਨੇ! ਹਰਦੀਪ ਦੇ ਬੂਹਿਓਂ ਨਿਕਲਦਿਆਂ ਈ ਮਾਤਾ ਨੇ ਸਤਵੰਤ ਨੂੰ ਖ਼ਬਰਦਾਰ ਕੀਤਾ ਸੀ। -ਇਹ ਤਾਂ ਮੁੱਢ ਤੋਂ ਈ ਇਹੋ ਜਿਅ੍ਹੈ… ਜਿੱਦੀ ਆ… ਖੋਰੀ! ਹਾਅ ਨਿੱਕੇ ਨਿਆਣਿਆਂ ਵਾਲਾ ਕੋਰਸ ਮਗਰੋਂ ਕਰਦੀ ਫਿਰੀਂ; ‘ਕੇਰਾਂ ਜਿਵੇਂ ਇਹ ਕਹਿੰਦੈ ਓਵੇਂ ਕਰ ਲਾ!

ਉਂਝ ਸਤਵੰਤ ਸਮਝਦੀ ਸੀ ਕਿ ਸੱਚਾ ਅਪਣੀ ਥਾਂ ਹਰਦੀਪ ਵੀ ਸੀ। ਉਸ ਨੇ ਅਪਣੀ ਫੈਕਟਰੀ ‘ਚ ਇੱਕ ਫੋਰਮੈਨ ਵੱਲੋਂ ਪੜ੍ਹਾਈ ਹੋਈ ਪੱਟੀ ਨੂੰ ਦਿਲ ‘ਚ ਹੀ ਖੁਣ ਲਿਆ ਸੀ: ਅਖੇ ਬਈ ਅਗਾਹਾਂ ਨੂੰ ਨੌਕਰੀਆਂ ਜੇ ਮਿਲਣੀਐਂ, ਤਾਂ ਮਿਲਣੀਐਂ ਕੰਪਿਊਟਰ ਦੇ ਫੀਲਡ ‘ਚ! ਤੇ ਹਰਦੀਪ ਹੁਣ ਇਸ ਗੱਲ ‘ਤੇ ਜ਼ਿਦ ਫੜੀ ਬੈਠਾ ਸੀ ਕਿ ਉਹਦੀ ਭੈਣ ਵੀ, ਫੈਕਟਰੀ ਵਾਲੇ ਉਸ ਦੇ ਸਲਾਹਕਾਰ ਦੀ ਭੈਣ ਵਾਂਙ, ਕੰਪਿਊਟਰ ਦੇ ਕੋਰਸ ਵਿਚ ਹੀ ਦਾਖ਼ਲਾ ਲਵੇ।
***
ਸਤਵੰਤ ਨੂੰ ਪਤਾ ਹੈ ਕਿ ਤਿੰਨ ਸਾਲ ਪਹਿਲਾਂ ਹਰਦੀਪ ਦੀ ਜ਼ਿਦ ਮੂਹਰੇ ਹਥਿਆਰ ਸੁੱਟਣ ਦਾ ਪਛਤਾਵਾ ਕਰੀ ਜਾਣ ਦਾ ਹੁਣ ਉੱਕਾ ਈ ਕੋਈ ਫ਼ਾਇਦਾ ਨਹੀਂ ਸੀ। ਪਰ ਡੇਅ-ਕੇਅਰ ਵਿਚ ਨਿੱਕੇ-ਨਿੱਕੇ ਨਿਆਣਿਆਂ ਦੇ ਵਾਲ ਸੰਵਾਰਨ ਦੇ, ਕੱਪੜੇ ਠੀਕ ਕਰਨ ਦੇ ਅਤੇ ਅਪਣੇ ਉਦਾਲ਼ੇ ਬੱਚਿਆਂ ਦੇ ਝੁਰਮਟਾਂ ਦੇ ਸੁਪਨੇ ਉਸ ਨੂੰ ਹਰ ਦੂਸਰੀ, ਤੀਸਰੀ ਰਾਤ ਬੇਚੈਨ ਕਰਨ ਤੋਂ ਨਹੀਂ ਹਟਦੇ ਸਨ। ਕਈ ਵਾਰ ਤਾਂ ਉਹ ਉੱਠ ਕੇ ਬੈੱਡ ‘ਤੇ ਬੈਠ ਜਾਂਦੀ ਸੀ ਤੇ ਬੁੱਲ੍ਹਾਂ ਨੂੰ ਟੁਕਦੀ ਟੁਕਦੀ ਸਿਸਕਣ ਲੱਗ ਪੈਂਦੀ ਸੀ। ਫਿਰ ਉਹ ਲੇਟ ਜਾਂਦੀ ਤੇ ਜਿਉਂ ਹੀ ਉਸ ਦੀਆਂ ਅੱਖਾਂ ‘ਚ ਨੀਂਦਰ ਦੁਬਾਰਾ ਜੰਮਣ ਲਗਦੀ, ਤਾਂ ਡੇ-ਕੇਅਰ ਦੇ ਨਿਆਣਿਆਂ ਦੇ ਨਿੱਕੇ-ਨਿੱਕੇ ਹੱਥ ਉਸ ਦੀਆਂ ਉਂਗਲਾਂ ਉਦਾਲ਼ੇ ਲਿਪਟ ਕੇ ਉਸ ਨੂੰ ਪਾਰਕ ਵੱਲੀਂ ਖਿੱਚਣ ਲਗ ਜਾਂਦੇ। ਕਦੇ ਉਹ ਫ਼ਰਸ਼ ‘ਤੇ ਬੈਠੀ ਹੁੰਦੀ: ਕਈ ਜਾਣੇ ਉਸ ਦੇ ਗਲ਼ ਨੂੰ ਚਿੰਬੜ ਜਾਂਦੇ ਤੇ ਕਈ ਉਸ ਦੀ ਗੋਦ ‘ਚ ਲਿਟ ਜਾਂਦੇ। ਕੰਪਿਊਟਰ ਦੀ ਜਾਬ ਵਿਚ ਡਾਲਰਾਂ ਦੀ ਕਮੀ ਨਹੀਂ ਸੀ, ਪਰ ਰਬੜ ਦੀਆਂ ਗੁੱਡੀਆਂ ਵਰਗੇ ਨਿਆਣਿਆਂ ਦੀਆਂ ਮਾਸੂਮ ਗੱਲਾਂ ਅਤੇ ਭੋਲੀਆਂ ਹਰਕਤਾਂ ਨੂੰ ਮਾਨਣ ਦੀ ਰੀਝ ਉਸ ਦੇ ਅੰਦਰ ਛਲਕਣ ਤੋਂ ਨਹੀਂ ਸੀ ਰੁਕਦੀ।
ਹੁਣ ਉਹਦੇ ਦਿਲ ‘ਚੋਂ ਇਹ ਗੱਲ ਲੱਖ ਕੋਸ਼ਿਸ਼ ਕੀਤਿਆਂ ਵੀ ਨਹੀਂ ਨਿਕਲਦੀ ਬਈ ਜੇ ਉਹ ਅਪਣੀ ਮਾਤਾ ਦੇ ਤਰਲਿਆਂ ਕਾਰਨ ਡੇਅ-ਕੇਅਰ ਦੇ ਕੋਰਸ ਛੱਡ ਕੇ ਕੰਪਿਊਟਰ ਵੱਲ ਨਾ ਆਉਂਦੀ ਤਾਂ ਉਸ ਦਾ ਵਾਹ ਮਿਸਿਜ਼ ਛਾਬੜਾ ਨਾਲ ਸ਼ਾਇਦ ਕਦੇ ਵੀ ਨਹੀਂ ਸੀ ਪੈਣਾ। ਨਾ ਮਿਲਦੀ ਮਿਸਿਜ਼ ਛਾਬੜਾ ਤੇ ਨਾ ਹੀ ਤ੍ਰੇੜਾਂ-ਤ੍ਰੇੜਾਂ ਹੁੰਦਾ ਉਸ ਦੀ ਜ਼ਿੰਦਗੀ ਦਾ ਸਾਫ਼-ਪੱਧਰਾ ਸ਼ੀਸ਼ਾ!
ਮਿਸਿਜ਼ ਛਾਬੜਾ! ਮੱਥੇ ‘ਤੇ ਸੁਪਰਵਾਈਜ਼ਰੀ ਦਾ ਗ਼ੈਰ-ਹਾਜ਼ਰ ਟਿੱਕਾ ਤੇ ਦਫ਼ਤਰ ਦੀ ਹਰੇਕ ਕੁੜੀ ਦੀ ਝੋਲੀ ‘ਚ ਮੱਲੋ-ਮੱਲੀ ਸੁਟਦੀ ਰਹਿੰਦੀ ਮੱਤਾਂ ਦੀਆਂ ਢੇਰੀਆਂ: ਅਖੇ ਜ਼ਿੰਦਗੀ ‘ਚ ਐਂ ਨ੍ਹੀਂ ਕਰੀਦਾ, ਔਂ ਨ੍ਹੀ ਕਰੀਦਾ; ਮਰਦਾਂ ਨਾਲ ਬਹੁਤੀ ਹਸੂੰ-ਹਸੂੰ ਨ੍ਹੀਂ ਕਰੀਦੀ; ਇੰਡੀਆ ਜਾ ਕੇ ਵਿਆਹ ਕਰਾਉਣ ਦੀ ਥਾਂ ਕੈਨੇਡਾ ‘ਚ ਈ ਮੁੰਡੇ ਲੱਭੋ; ਵਿਆਹਾਂ ‘ਤੇ ਫ਼ਜ਼ੂਲ-ਖ਼ਰਚੀ ਦੀ ਥਾਂ ਬੱਚਤਾਂ ਕਰੋ!
ਤੇ ਉਸ ਦਿਨ ਲੰਚ ਟਾਈਮ ‘ਤੇ ਮਿਸਿਜ਼ ਛਾਬੜਾ ਸਤਵੰਤ ਵਾਲੇ ਟੇਬਲ ‘ਤੇ ਆ ਬੈਠੀ ਸੀ: ਅਖੇ, ਕੁੜੀਏ, ਚਵੀ ਸਾਲ ਦੀ ਹੋ ਗੀ ਐਂ; ਗੁੱਡ ਜਾਬ ‘ਤੇ ਲੱਗ ਕੇ ਪੈਸੇ-ਧੇਲੇ ਦੇ ਪੱਖੋਂ ਅਪਣੇ ਪੈਰਾਂ ‘ਤੇ ਐਂ; ਹੁਣ ਵਿਆਹ ਕਰਾ ਤੇ ਐਸ਼ਾਂ ਲੁੱਟ!

ਸਤਵੰਤ ਨੂੰ, ਦਿਲ ਦਾ ਬੋਝ ਹਲਕਾ ਕਰਨ ਲਈ, ਸ਼ਾਇਦ ਇਸੇ ਆਵਾਜ਼ ਦਾ ਹੀ ਇੰਤਜ਼ਾਰ ਸੀ। ਮਿੰਟਾਂ ‘ਚ ਅੰਦਰਲੀ ਪੀੜ ਨੂੰ ਅੱਖਾਂ ਰਾਹੀਂ ਵਹਾਉਣ ਲੱਗ ਪਈ ਸੀ।
-ਆਂਟੀ, ਪਤਾ ਈ ਆ ਤੁਹਾਨੂੰ, ਘੁੱਟੇ-ਹੋਏ-ਗਲ਼ੇ ‘ਚੋਂ ਆਵਾਜ਼ ਨੂੰ ਖਿਚਦੀ ਹੋਈ ਉਹ ਬੋਲਣ ਲੱਗੀ ਸੀ। -ਆਪ ਮੈਂ ਕਿੱਥੇ ਮੁੰਡੇ ਟੋਲਦੀ ਫ਼ਿਰਾਂ! ਪਿਤਾ ਜੀ ਹੁੰਦੇ ਤਾਂ ਹੁਣ ਨੂੰ…
-ਏਥੇ ਤਾਂ ਆਪ ਈ ਕਰਨਾ ਪਊ ਕੋਈ ਹੀਲਾ, ਮਿੱਠੂ ਜੀ!
-ਆਪ ਕੀਕਣ ਕਰਾਂ, ਆਂਟੀ…
-ਆ…ਪ? ਮਿਸਿਜ਼ ਛਾਬੜਾ ਨੇ ਅਪਣੀਆਂ ਫੈਲਾਈਆਂ ਹੋਈਆਂ ਅੱਖਾਂ ਸਤਵੰਤ ਦੇ ਚਿਹਰੇ ‘ਤੇ ਗੱਡ ਦਿੱਤੀਆਂ। -ਡੇਟਿੰਗ-ਸ਼ੇਟਿੰਗ ਸ਼æੁਰੂ ਕਰ! ਚੱਜ ਹਾਲ ਦੇ ਮੁੰਡੇ ਘਰਾਂ ਅੰਦਰ ਬੈਠਿਆਂ ਨੂੰ ਦਰਵਾਜ਼ੇ ਖੜਕਾਉਣ ਨ੍ਹੀਂ ਆਉਂਦੇ।
-ਨਹੀਂ, ਆਂਟੀ, ਏਹ ਸਾਥੋਂ ਪਿੰਡਾਂ ਵਾਲੀਆਂ ਤੋਂ ਕਿੱਥੇ ਹੁੰਦੈ!
-ਤੂੰ ਕਿਹੜਾ ਨਿਆਣੀ ਐਂ, ਹੁਣ! ਮੈਚਇਊਰ ਹੋ ਗਈ ਐਂ; ਮਿਲਣਾ-ਗਿਲਣਾ ਸ਼æੁਰੂ ਕਰ ਕਿਸੇ ਹਾਣੀ-ਪਰਮਾਣੀ ਨੂੰ… ਪਰ ਸਿਆਣਪ ਨਾਲ! ਤੈਨੂੰ ਘਰ ਬੈਠੀ ਨੂੰ ਕਿਸੇ ਨੇ ਇਨਵੀਟੇਸ਼ਨ ਤਾਂ ਦੇਣ ਨ੍ਹੀਂ ਆਉਣਾ।
-ਨਾ, ਆਂਟੀ ਜੀ, ਨਾ! ਆਪਾਂ ਤਾਂ ਰੱਬ ‘ਤੇ ਈ ਡੋਰੀਆਂ ਰੱਖੀਐਂ!
-ਨਹੀਂ ਤਾਂ ਫ਼ਿਰ ਦੂਸਰਾ ਤਰੀਕਾ ਵਰਤ ਲੈ!
-ਦੂਸਰਾ ਕਿਹੜਾ, ਆਂਟੀ ਜੀ?
-ਕਿਸੇ ਪੰਜਾਬੀ ਅਖ਼ਬਾਰ ‘ਚ ਮੈਟਰੀਮੋਨੀਅਲ ਦੇ ਦੇ। ਦੇਖੀਂ ਕਾਲ ‘ਤੇ ਕਾਲ ਖੜਕਦੀ।
-ਮੈਟਰੀਮੋਨੀਅਲ ਤਾਂ ਦੇ ਦਿਆਂ, ਆਂਟੀ ਜੀ, ਪਰ ‘ਗਾਹਾਂ ਵਾਲੇ ਨਾਲ ਗੱਲ ਕੌਣ ਕਰੂ?
-ਗੱਲ ਕਰਨ ਨੂੰ ਭਰਾ ਐ ਤੇਰਾ, ਹਰਦੀਪ।
-ਹਰਦੀਪ? ਸਤਵੰਤ ਦੇ ਚਿਹਰੇ ‘ਤੇ ਰਤਾ-ਕੁ-ਫੈਲਰੀ ਮੁਸਕਾਣ, ਪਲ ‘ਚ ਹੀ ਬੰਦ ਹੋਈ ਛਤਰੀ ਬਣ ਗਈ ਸੀ!
-ਹਾਂ, ਹਾਂ ਹਰਦੀਪ… ਅਪਣੇ ਕਲਚਰ ‘ਚ ਭਰਾ ਈ ਕਰਦੇ ਐ ਸਭ ਕੁਝ ਭੈਣਾਂ ਦਾ!
-ਪਰ ਬੋਤਲ ‘ਚੋਂ ਬਾਹਰ ਨਿਕਲ਼ੂ ਤਦ ਈ ਕਰੂ!
-ਚਲ, ਤੂੰ ਮੈਟਰੀਮੋਨੀਅਲ ਦੇਹ; ਫ਼ੋਨ ਨੰਬਰ ਬਿਸ਼ੱਕ ਦੇ ਦੇ ਮੇਰਾ! ਗੱਲ ਆਪਾਂ ਰਲ਼-ਮਿਲ ਕੇ ਕਰਲਾਂਗੇ।
***

ਰੋ ਰੋ ਕੇ ਆਪੇ ਈ ਚੁੱਪ ਕਰ ਗਏ ਜੈਗ ਦੇ ਚਿਹਰੇ ‘ਤੇ ਸੇਕ ਮਾਰਦੀਆਂ ਨਜ਼ਰਾਂ ਸੁੱਟ ਕੇ, ਸਤਵੰਤ ਬੁੜਬੁੜਾਉਂਦੀ ਹੈ: ਹਰਾਮੀ ਦਾ ਹਰ ਨਕਸ਼ ਪਿਓ ‘ਤੇ ਐ! ਬਿਲਕੁਲ ਏਹਦੇ ਵਰਗਾ ਸੀ ਜਦੋਂ ਮਿਸਿਜ਼ ਛਾਬੜਾ ਦੇ ਘਰ ਚਾਹ ‘ਤੇ ਸੱਦਿਆ ਸੀ। ਘਰ ‘ਚ ਇਉਂ ਵੜਿਆ ਸੀ ਜਿਵੇਂ ਪੁਲੀਸ ਦੇ ਪੇਸ਼ ਹੋ ਰਿਹਾ ਹੋਵੇ!
-ਕਿੰਨੀ ਦੇਰ ਹੋਗੀ ਕੈਨਡਾ ਆਇਆਂ? ਮਿਸਿਜ਼ ਛਾਬੜਾ ਦੇ ਪਹਿਲੇ ਸਵਾਲ ‘ਤੇ ਹੀ ਅੱਖਾਂ ‘ਚ ਉੱਮਡ ਆਇਆ ਸਹਿਮ ਹਰਿੰਦਰ ਨੇ ਮਸਾਂ ਸੰਭਾਲਿਆ ਸੀ।
-ਤ… ਤ… ਤਿੰਨ ਸਾਲ!
-ਭਾਰਤ ਤੋਂ ਕੀ ਪੜ੍ਹ ਕੇ ਆਏ ਓਂ?
-ਪਹਿਲਾਂ ਬੀæ ਐਸ-ਸੀæ ਤੇ ਮਗਰੋਂ ਕੰਪਿਊਟਰ ਦਾ ਡਿਪਲੋਮਾ!
-ਕੰਮ ਵਗੈਰਾ ਕਿੱਥੇ ਐ ਅੱਜ ਕੱਲ੍ਹ?
-ਕੰਮ ਅ… ਅ… ਅ…
ਹਰਿੰਦਰ ਦਾ ਹੇਠਲਾ ਬੁਲ੍ਹ ਉਸ ਦੇ ਦੰਦਾਂ ‘ਚ ਜਾਣ ਤੋਂ ਪਹਿਲਾਂ ਕੰਬਣ ਲੱਗ ਪਿਆ ਸੀ। ਉਸ ਦਾ ਸੱਜਾ ਹੱਥ ਵੀ ਕੰਬਦਿਆਂ, ਕੰਬਦਿਆਂ ਉੱਠਿਆ ਸੀ ਤੇ ਉਸ ਦੇ ਵਾਲਾਂ ‘ਤੋਂ ਹੁੰਦਾ ਹੋਇਆ, ਨਿਸਲ ਹੋਏ ਕਬੂਤਰ ਵਾਂਗ, ਉਸ ਦੀ ਧੌਣ ਉੱਤੇ ਜਾ ਡਿੱਗਿਆ ਸੀ। ਵਾਰ, ਵਾਰ ਬੰਦ-ਖੁਲ੍ਹ, ਬੰਦ-ਖੁਲ੍ਹ ਕਰਦੀਆਂ ਉਸ ਦੀਆਂ ਅੱਖਾਂ ਦੀ ਅਸਥਿਰਤਾ ਨੂੰ ਦੇਖ ਕੇ ਸਤਵੰਤ ਸਹਿਮ ਗਈ ਸੀ। ਹਰਿੰਦਰ ਦੀਆਂ ਅੱਖਾਂ ‘ਚੋਂ ਸਿੰਮਿਆ ਪਾਣੀ, ਉਸ ਦੀਆਂ ਡੂੰਘੀਆਂ ਕਰ ਕੇ ਕਤਰੀਆਂ ਮੁੱਛਾਂ ‘ਚ ਫੈਲ ਗਿਆ ਸੀ। ਹਰਿੰਦਰ ਦੇ ਕੰਬਦੇ ਬੁੱਲ੍ਹਾਂ ਵੱਲ ਦੇਖਦੀ ਹੋਈ ਸਤਵੰਤ ਨੂੰ ਜਾਪਿਆ ਸੀ ਜਿਵੇਂ ਉਸ ਦੀਆਂ ਮੁੱਛਾਂ ‘ਚ ਖਿੰਡ ਗਏ ਹੰਝੂਆਂ ਦੀ ਧਾਰ ਉਸ ਦੇ ਅਪਣੇ ਦਿਲ ‘ਚ ਵੀ ਉੱਬਲਦੇ ਪਾਣੀ ਵਾਂਗ ਡੁੱਲ੍ਹ ਗਈ ਹੋਵੇ।
ਬੇਚੈਨੀ-ਦੀ-ਹੱਦ-ਤੀਕ ਫੈਲ ਗਈ ਚੁੱਪ ਵਿਚ ਮਿਸਿਜ਼ ਛਾਬੜਾ ਜੇ ਰਸੋਈ ਵਿਚੋਂ ਕਲੀਨੈਕਸ ਦਾ ਡੱਬਾ ਲਿਆ ਕੇ ਮੇਜ਼ ‘ਤੇ ਨਾ ਟਿਕਾਉਂਦੀ ਤਾਂ ਹਰਿੰਦਰ ਲਈ ਉਥੇ ਬੈਠਣਾ ਹੀ ਮੁਸ਼ਕਲ ਹੋ ਜਾਣਾ ਸੀ। ਉਸ ਦੀ, ਡੱਬੇ ‘ਚੋਂ ਨੈਪਕਿਨ ਕੱਢਣ ਅਤੇ ਉਸ ਨੂੰ ਤਹਿ ਕਰ ਕੇ ਅੱਖਾਂ ਪੂੰਝਣ ਦੀ ਪ੍ਰਕਿਰਿਆ ਨੇ, ਕਮਰੇ ‘ਚ ਬੈਠੇ ਤਿੰਨਾਂ ਵਿਅਕਤੀਆਂ ਨੂੰ ਨਮੋਸ਼ ਹੋਣੋਂ ਬਚਾਅ ਲਿਆ ਸੀ।
-ਸੌਰੀ ਫੋਰ ਬੀਇੰਗ ਸੋ ਸਿੱਲੀ, ਕਹਿਣ ਮਗਰੋਂ ਹਰਿੰਦਰ ਗਿੱਲੇ ਹੋਏ ਨੈਪਕਿਨਾਂ ਨੂੰ ਕਾਫ਼ੀ ਦੇਰ ਦੋਹਾਂ ਹੱਥਾਂ ਵਿਚ ਓਨੀ ਦੇਰ ਤੀਕ ਮਸਲਦਾ ਰਿਹਾ ਸੀ ਜਦ ਤੀਕ ਉਹ ਨਿੱਕੀ ਜਿਹੀ ਗੋਲੀ ਬਣ ਕੇ ਉਸ ਦੇ ਹੱਥਾਂ ‘ਚੋਂ ਖਿਸਕ ਨਹੀਂ ਸੀ ਗਏ।

ਮੇਜ਼ ਉੱਪਰ ਇੱਕੋ ਬਿੰਦੂ ‘ਤੇ ਇਸ ਤਰ੍ਹਾਂ ਟਿਕੀ ਹੋਈ ਕਿਸੇ ਮਰਦ ਦੀ ਗੁਆਚੀ-ਹੋਈ ਨਜ਼ਰ ਸਤਵੰਤ ਨੇ ਪਹਿਲੀ ਵਾਰ ਦੇਖੀ ਸੀ।
ਉਂਝ ਉਸ ਵਕਤ ਸਤਵੰਤ ਨੂੰ ਏਸ ਗੱਲ ਦਾ ਹੀ ਧਰਵਾਸਾ ਸੀ ਕਿ ਉਸ ਬੇਚੈਨ ਘੜੀ ਦੌਰਾਨ ਉਸ ਨੂੰ ਕੁਝ ਵੀ ਨਹੀਂ ਸੀ ਔੜ ਰਿਹਾ। ਸਤਵੰਤ ਦਾ ਸਾਰਾ ਜ਼ੋਰ ਤਾਂ ਕਮਰੇ ‘ਚ ਛਾਈ ਚੁੱਪ ਅਤੇ ਉਸ ਦੀਆਂ ਅੱਖਾਂ ‘ਚ ਡੁੱਲੂੰ-ਡੁਲੂੰ ਕਰ ਰਹੀ ਝੀਲ ਨੂੰ ਸੰਭਾਲਣ ‘ਚ ਲੱਗਿਆ ਹੋਇਆ ਸੀ। ਉਹ ਲੋੜ ਤੋਂ ਵਧੇਰੇ ਲਮਕ ਗਈ ਖ਼ਾਮੋਸ਼ੀ ਦੀ ਰੱਜ ਕੇ ਸ਼ੁਕਰਗੁਜ਼ਾਰ ਸੀ: ਜੇ ਕਿਤੇ ਹਰਿੰਦਰ ਦੇ ਮੂੰਹੋਂ ਅੱਧਾ ਕੁ ਹੋਰ ਲਫ਼ਜ਼ ਵੀ ਨਿਕਲ ਜਾਂਦਾ, ਤਾਂ ਸਤਵੰਤ ਦੀਆਂ ਮਸਾਂ-ਸੰਭਾਲ ਕੇ ਰੱਖੀਆਂ ਸਿਸਕੀਆਂ ਨੇ ਦਾਣਿਆਂ ਵਾਂਗ ਕਿਰਨ ਲੱਗ ਜਾਣਾ ਸੀ।
-ਅਸਲ ‘ਚ… ਮੈਂ ਕਾਫ਼ੀ ਤਕਲੀਫ਼ ਵਿਚੋਂ ਗੁਜ਼ਰ ਰਿਹਾਂ ਅੱਜ ਕੱਲ੍ਹ, ਲੰਮੀ ਚੁੱਪ ਨੂੰ ਖੁਰਕਣ ਲਈ ਹਰਿੰਦਰ ਬੁੜਬੁੜਾਇਆ ਸੀ।
-ਆਈ ਕੈਨ ਸੀ ਦੈਟ, ਮਿਸਿਜ਼ ਛਾਬੜਾ ਨੇ ਅਪਣੇ ਸਿਰ ਨੂੰ ਹੇਠਾਂ-ਉੱਪਰ ਹਿਲਾਇਆ ਸੀ। ਸਤਵੰਤ ਨੇ ਸੋਚਿਆ ਸੀ ਕਿ ਕਿੱਡਾ ਚੰਗਾ ਹੁੰਦਾ ਜੇ ਸਿਰ ਹਿਲਾਉਣ ਦੇ ਨਾਲ ਹੀ ਮਿਸਿਜ਼ ਛਾਬੜਾ ਅਪਣੇ ਕੱਸੇ ਹੋਏ ਚਿਹਰੇ ਨੂੰ ਵੀ ਰਤਾ ਕੁ ਢਿੱਲਾ ਕਰ ਲੈਂਦੀ।
-ਮੈਨੂੰ ਕੈਨੇਡਾ ਭੇਜਣ ਦਾ ਝੱਲ ਸੀ ਮੇਰੇ ਘਰ ਦਿਆਂ ਨੂੰ। ਅਜੰਟ ਲੱਭ ਲਿਆ ਇੱਕ। ਕਾਫ਼ੀ ਸਾਰੀ ਜ਼ਮੀਨ ਵੇਚ ਕੇ ਅਜੰਟ ਰਾਹੀਂ ਵੀਜ਼ਾ ਲਿਆ ਤੇ ਟਰਾਂਟੋ ਆ ਉੱਤਰਿਆ। ਏਥੇ… ਗੱਲ ਕੋਈ ਬਣਦੀ ਨ੍ਹੀਂ ਸੀ। ਦੇਖਾ-ਦੇਖੀ ਮੈਂ ਵੀ ਰਫੂਜੀ ਅਪਲਾਈ ਕਰ ‘ਤਾ, ਤੇ… ਲੰਮੀ ਉਡੀਕ ਮਗਰੋਂ…
-ਕੇਸ ਫ਼ੇਅਲ੍ਹ… ਮਿਸਿਜ਼ ਛਾਬੜਾ ਨੇ ਅਪਣੀਆਂ ਸੇਹਲੀਆਂ ਨੂੰ ਉੱਪਰ ਵੱਲ ਨੂੰ ਖਿਚਦਿਆਂ ਹਰਿੰਦਰ ਦੇ ਲੁੜਕ ਗਏ ਵਾਕ ਨੂੰ ਪੂਰਾ ਕਰ ਦਿੱਤਾ ਸੀ।
ਹਰਿੰਦਰ ਨੇ ਅਪਣਾ ਸਿਰ ਦੋ ਕੁ ਵਾਰੀ ਉਤਾਂਹ-ਹਿਠਾਂਅ ਹਿਲਾਉਂਦਿਆਂ ਚੁੱਪ ਧਾਰ ਲਈ ਸੀ।
-ਅਪੀਲ ਵਗੈਰਾ ਕੀਤੀ? ਮਿਸਿਜ਼ ਛਾਬੜਾ ਦਾ ਅੰਦਾਜ਼, ਸਤਵੰਤ ਨੂੰ, ਬਹੁਤ ਖਰ੍ਹਵਾ ਜਾਪਿਆ ਸੀ।
-ਹਾਂ ਜੀ, ਕੀਤੀ ਸੀ!

ਸਤਵੰਤ ਦਾ ਦਿਲ ਸੀ ਕਿ ਮਿਸਿਜ਼ ਛਾਬੜਾ ਨਾ ਹੀ ਪੁੱਛੇ ਕਿ ਅਪੀਲ ਦਾ ਕੀ ਬਣਿਆ। ਉਸ ਨੂੰ ਵੀ ਤੇ ਮਿਸਿਜ਼ ਛਾਬੜਾ ਨੂੰ ਵੀ ਅੰਦਾਜ਼ਾ ਤਾਂ ਸੀ ਹੀ ਕਿ ਅਪੀਲ ਦਾ ਕੀ ਬਣਿਆ ਹੋਵੇਗਾ, ਪਰ ਮਿਸਿਜ਼ ਛਾਬੜਾ ਨੂੰ ਪਤਾ ਸੀ ਕਿ ਸ਼ਾਦੀ ਵਰਗੇ ਅਹਿਮ ਮੁੱਦੇ ਵਿਚਾਰਨ ਸਮੇਂ ਦਿਲ ਨੂੰ ਗੰਢ ਮਾਰ ਕੇ ਜੇਬ ਵਿਚ ਰੱਖੀਦਾ ਹੈ ਅਤੇ ਸਿਰਫ਼ ਦਿਮਾਗ ਵਿਚੋਂ ਹੀ ਬੋਲੀਦਾ ਹੈ।
-ਕੀ ਬਣਿਆ ਅਪੀਲ ਦਾ? ਮਿਸਿਜ਼ ਛਾਬੜਾ ਨੇ, ਅੰਦਰ ਵੱਲ ਨੂੰ ਸੰਗੋੜੀਆਂ ਸੇਹਲੀਆਂ ਹੇਠ ਦਗਦੀਆਂ ਅਪਣੀਆਂ ਅੱਖਾਂ ਨੂੰ, ਹਰਿੰਦਰ ਦੇ ਚਿਹਰੇ ‘ਚ ਚਾਕੂ ਵਾਂਗ ਗੱਡ ਦਿੱਤਾ ਸੀ।
ਹਰਿੰਦਰ ਦੇ ਬੁਲ੍ਹਾਂ ‘ਚ ਹਲਕੀ ਜਿਹੀ ਹਰਕਤ ਹੋਈ, ਪਰ ਉਹ ਤੁਰਤ ਹੀ ਮੁੜ ਕੇ ਸੁੰਗੜ ਗਏ ਸਨ। ਉਦਾ੍ਹ ਸਿਰ ਲਗਾਤਾਰ ਖੱਬੇ-ਸੱਜੇ ਹਿਲਦਾ ਰਿਹਾ ਸੀ ਤੇ ਹੇਠਲਾ ਬੁਲ੍ਹ ਦੰਦਾਂ ਦੀ ਜਕੜ ਵਿਚਕਾਰ ਘੁੱਟਿਆ ਗਿਆ ਸੀ।
ਸਤਵੰਤ ਨੇ ਸ਼æੁਕਰ ਕੀਤਾ ਸੀ ਕਿ ਅਪੀਲ ਦੀ ਨਾਕਾਮਯਾਬੀ ਘੱਟੋ ਘੱਟ ਉਸ ਨੂੰ ਹਰਿੰਦਰ ਦੀ ਜ਼ੁæਬਾਨੋਂ ਨਹੀਂ ਸੀ ਸੁਣਨੀ ਪਈ।
-ਤੇ ਹੁਣ? ਮਿਸਿਜ਼ ਛਾਬੜਾ ਦੀ ਤਫ਼ਤੀਸ਼ੀਆ ਸੁਰ ਗੂੜ੍ਹੀ ਹੋ ਗਈ ਸੀ।
-ਹੁਣ… ਬੱਸ ਡੀਪੋਰਟੇਸ਼ਨ ਲੱਗੀ ਹੋਈ ਐ!
ਸਤਵੰਤ ਨੇ ਮਿਸਿਜ਼ ਛਾਬੜਾ ਵੱਲੀਂ ਝਾਕਣਾ ਵਾਜਬ ਨਹੀਂ ਸੀ ਸਮਝਿਆ; ਉਹ ਡੀਪੋਰਟੇਸ਼ਨ ਨਾਮ ਦਾ ਲਫ਼ਜ਼ ਸੁਣਨ ‘ਤੇ, ਮਿਸਿਜ਼ ਛਾਬੜਾ ਵੱਲੋਂ ਉਸ ਵੱਲ ਸੁੱਟੀ ਜਾਣ ਵਾਲੀ, ਕਾਟਵੀਂ ਨਜ਼ਰ ਤੋਂ ਬਚਣਾ ਚਹੁੰਦੀ ਸੀ।
-ਕੰਮ ਵਗੈਰਾ ਕਿਵੇਂ ਐ, ਹੁਣ? ਸਤਵੰਤ ਨੇ ਇਹ ਸਵਾਲ, ਡੀਪੋਰਟੇਸ਼ਨ ਦੇ ਜ਼ਿਕਰ ਨਾਲ ਹਰਿੰਦਰ ਦੇ ਚਿਹਰੇ ‘ਤੇ ਉੱਭਰੀ ਹੀਣਤ ਨੂੰ ਨਰਮ ਕਰਨ ਲਈ ਹੀ ਕੀਤਾ ਸੀ।
-ਕਨੂੰਨੀ ਤੌਰ ‘ਤੇ ਤਾਂ ਕੰਮ ਹੁਣ ਕਰ ਨ੍ਹੀਂ ਸਕਦਾ।
-ਹੂੰ, ਹੂੰ! ਸਤਵੰਤ ਨੇ ਸਿਰ ਹਿਲਾਇਆ ਸੀ।
-ਪਰ ਇੱਕ ਗੈਸ ਸਟੇਸ਼ਨ ‘ਤੇ ਲੱਗਾ ਹੋਇਆਂ… ਕੈਸ਼ ‘ਤੇ।
-ਅਗਾਂਹਾਂ ਕਿਵੇਂ ਲਗਦੈ?
-… ਰੱਬ ਆਸਰੇ!

ਜੇ ਭਲਾ ਇੰਮੀਗਰੇਸ਼ਨ ਠੀਕ-ਠਾਕ ਹੋ ਜਾਵੇ ਤਾਂ ਕਿਹੜੀ ਲਾਈਨ ‘ਚ ਜਾਣ ਦਾ ਇਰਾਦਾ ਐ? ਮਿਸਿਜ਼ ਛਾਬੜਾ ਨੇ ਅਪਣੀਆਂ ਉਂਗਲਾਂ ਦੇ ਪਟਾਕੇ ਪਾਉਂਦਿਆਂ ਸਵਾਲ ਕੀਤਾ ਸੀ।
ਸਤਵੰਤ ਅਸਲ ਵਿਚ ਇਹ ਗੱਲ ਹਰਿੰਦਰ ਨੂੰ ਆਪ ਪੁੱਛਣਾ ਚਾਹੁੰਦੀ ਸੀ ਪਰ ਉਹ ਹਾਲੇ ਲਫ਼ਜ਼ਾਂ ਨੂੰ ਮਿਣਨ-ਤੋਲਣ ਵਿਚ ਹੀ ਉਲਝੀ ਹੋਈ ਸੀ ਕਿ ਮਿਸਿਜ਼ ਛਾਬੜਾ ਅਚਾਨਕ ਹੀ ਟੁਣਕ ਉੱਠੀ ਸੀ।
-ਗੱਲ ਅਸਲ ‘ਚ ਏਦੈਂ, ਆਂਟੀ ਜੀ, ਬਈ ਮੈਂ ਇੱਕ ਕੰਪਿਊਟਰ ਕੰਪਨੀ ਨਾਲ ਕੰਮ ਕੀਤੈ ਦੋ ਕੁ ਸਾਲ। ਉਨ੍ਹਾਂ ਨੇ ਮੈਨੂੰ ਕਾਫ਼ੀ ਐਡਵਾਂਸਡ ਸਟੇਜ ਦੀ ਸਿਖਲਾਈ ਦੇ ਦਿੱਤੀ ਸੀ। ਪੈਸੇ ਵੀ ਚੰਗੇ ਦਿੰਦੇ ਸੀ, ਪਰ ਹੁਣ… ਵਰਕ ਪਰਮਿਟ ਰੱਦ ਹੋਣ ਮਗਰੋਂ ਉਨ੍ਹਾਂ ਨੇ ਵੀ…
-ਜੇ ਭਲਾ ਕਿਸੇ ਵਿਧੀ ਨਾਲ ਦੁਬਾਰਾ ਇੰਮੀਗਰੇਸ਼ਨ ਦਾ ਕੇਸ ਚਾਲੂ ਹੋ ਜਾਵੇ? ਮਿਸਿਜ਼ ਛਾਬੜਾ ਨੇ ਅਪਣੀਆਂ ਤਿਊੜੀਆਂ ਨੂੰ ਇੱਕ ਮਰੋੜਾ ਹੋਰ ਦੇ ਲਿਆ ਸੀ।
-ਰੱਖ ਲੈਣਗੇ ਉਹੀ ਮੁੜ ਕੇ…
-ਅੱਛਾ?
-ਹਾਂ ਜੀ, ਮੈਨੇਜਰ ਬਹੁਤ ਹੀ ਨੇਕ ਔਰਤ ਐ। ਮੇਰੇ ਕੰਮ ‘ਤੇ ਬਹੁਤ ਖ਼ੁਸ਼ ਸੀ; ਜਦੋਂ ਮੈਂ ਡੀਪੋਰਟੇਸ਼ਨ ਬਾਰੇ ਦੱਸਿਆ ਤਾਂ ਬਹੁਤ ਉਦਾਸ ਹੋਈ। ਕਹਿੰਦੀ ਮੈਂ ਤੇਰੀ ਹੈਲਪ ਕਰਨਾ ਚਹੁੰਦੀ ਆਂ ਪਰ…
***
ਸਤਵੰਤ ਉਸ ਰਾਤ, ਹਰਿੰਦਰ ਦੀ ਮੈਨੇਜਰ ਵਾਂਗ ਹੀ, ਬਹੁਤ ਉਦਾਸ ਰਹੀ ਸੀ। ਪਾਸੇ ਮਾਰਦਿਆਂ ਜਿਓਂ ਹੀ ਨੀਂਦ ਦੀ ਪਤਲੀ ਜਿਹੀ ਤਹਿ ਜੁੜਦੀ, ਹਰਿੰਦਰ ਦੀ ਮੈਨੇਜਰ ਦੀ ਤਸੱਵਰੀ ਤਸਵੀਰ ਉਸ ਦੇ ਮਨ ਵਿਚ ਝੂਲਣ ਲੱਗ ਜਾਂਦੀ ਸੀ। ਨੀਂਦ ਦਾ ਹੁਲਾਰਾ ਜਦੋਂ ਕੁਝ ਲੰਮੇਰਾ ਹੋ ਜਾਂਦਾ ਸੀ ਤਾਂ ਉਸ ਦੇ ਮੱਥੇ ‘ਚ ਮੈਨੇਜਰ ਦੇ ਸ਼ਬਦ ਗੂੰਜਣ ਲੱਗ ਪੈਂਦੇ ਸਨ: ਮੈਂ ਤੇਰੀ ਹੈਲਪ ਕਰਨਾ ਚਹੁੰਦੀ ਆਂ!
***
-ਬਹੁਤਾ ਸੁਨੱਖਾ ਤਾਂ ਨ੍ਹੀਂ ਲੱਗਿਆ ਤੇ ਕੱਦ ਵੱਲੀਓਂ ਵੀ ਸੁੱਖ ਨਾ… ਅਗਲੀ ਸਵੇਰ, ਮਿਸਿਜ਼ ਛਾਬੜਾ, ਕਾਫ਼ੀ-ਬਰੇਕ ਤੋਂ ਪਹਿਲਾਂ ਹੀ, ਸਤਵੰਤ ਦੇ ਡੈਸਕ ‘ਤੇ ਆ ਧਮਕੀ ਸੀ।
ਉਹ ਸਤਵੰਤ ਵੱਲ ਦੇਖ ਕੇ ਬੜੀ ਹੈਰਾਨ ਹੋ ਗਈ ਸੀ। ਸਤਵੰਤ ਨਾਲ ਸ਼ਰਾਰਤਾਂ ਕਰਨ ਦਾ ਜਿਹੜਾ ਇਰਾਦਾ ਲੈ ਕੇ ਮਿਸਿਜ਼ ਛਾਬੜਾ ਆਈ ਸੀ, ਉਹ ਉਸ ਨੂੰ ਬਿਨਾਂ-ਖੋਲ੍ਹਿਆਂ ਹੀ ਅੰਦਰ ਲੁਕੋਈ ਰੱਖਣਾ ਪਿਆ ਸੀ।
-ਕੀ ਹੋਇਐ ਤੈਨੂੰ ਅੱਜ, ਸਤਵੰਤ? ਘਰੇ ਤਾਂ ਸੁੱਖ ਸਾਂਦ ਐ?
ਸਤਵੰਤ ਕੁਝ ਬੋਲਣ ਲੱਗੀ ਅਚਾਨਕ ਰੁਕ ਗਈ ਸੀ।
-ਕੀ ਹੋਇਐ, ਮਿੱਠੂ ਜੀ? ਬੋਲਦੀ ਨ੍ਹੀਂ!
ਸਤਵੰਤ ਸਿਰਫ਼ ਬਿਟ-ਬਿਟ ਤੱਕੀ ਜਾ ਰਹੀ ਸੀ।
-ਘਰ ਸਭ ਠੀਕ ਐ?
ਹਾਂ, ਆਂਟੀ… ਘਰ ਤਾਂ… ਸਭ ਠੀਕ ਐ! ਸਤਵੰਤ ਨੇ ਔਖੇ ਸੌਖੇ ਇਹ ਵਾਕ ਪੂਰਾ ਕਰ ਈ ਦਿਤਾ ਸੀ।
-ਫਿਰ ਆਹ ਉਦਾਸੀ ਜਿਹੀ ਕਾਹਦੀ?
-ਕੁੱਛ ਨੀ ਆਂਟੀ…
-ਕੁੱਛ ਤਾਂ ਹੈ!
-ਨ੍ਹੀਂ ਆਂਟੀ, ਕੁੱਛ ਨੀ!
ਮਿਸਿਜ਼ ਛਾਬੜਾ ਦਾ ਹੱਥ ਸਤਵੰਤ ਦੇ ਸਿਰ ‘ਤੇ ਜਾਣ ਦੀ ਦੇਰ ਹੀ ਸੀ ਕਿ ਸਤਵੰਤ ਦੇ ਹਾਉਕੇ ਉਸ ਦੀ ਡੈਸਕ ‘ਤੇ ਢੇਰੀ ਹੋਣ ਲੱਗ ਪਏ ਸਨ।
-ਕੀ ਹੋ ਗਿਆ, ਮੇਰੀ ਬਿਟੀਆ ਨੂੰ! ਮਿਸਿਜ਼ ਛਾਬੜਾ ਨੇ ਕੁਰਸੀ ‘ਤੇ ਬੈਠੀ ਸਤਵੰਤ ਦਾ ਸਿਰ ਅਪਣੇ ਪੇਟ ਨਾਲ ਲਾ ਕੇ ਘੁੱਟ ਲਿਆ ਸੀ। -ਦੱਸ ਕੀ ਹੋਇਆ, ਮੇਰੀ ਧੀ!
-ਹਰਿੰਦਰ… ਤੇ ਸਤਵੰਤ ਦਾ ਗਲ਼ਾ ਅੰਦਰਲੇ ਪਾਸਿਓਂ ਮੁੱਠੀ ਵਾਂਗ ਸੁੰਗੜ ਗਿਆ ਸੀ।
-ਹਰਿੰਦਰ? ਕੀ ਹੋਇਆ ਉਹਨੂੰ?
-ਵਿਚਾਰਾ ਹਰਿੰਦਰ… ਆਂਟੀ, ਦ ਪੂਅਰ ਮੈਨ ਨੀਡਜ਼ ਹੈਲਪ!
***

ਮਾਤਾ ਦੇ ਕਮਰੇ ‘ਚੋਂ ਰਹਿਰਾਸ ਦੇ ਬੋਲ ਪੋਲੇ-ਪੋਲੇ ਪੌੜੀਆਂ ਉੱਤਰਦੇ ਹਨ। ਜੈਗ ਡੁਸਕਦਾ, ਡੁਸਕਦਾ ਕਾਰਪੈੱਟ ‘ਤੇ ਹੀ ਸੌਂ ਗਿਆ ਹੈ। ਦੋ-ਕੁ ਮਿੰਟਾਂ ਬਾਅਦ ਉਹ ਹਲਕਾ ਜਿਹਾ ਫੜ-ਫੜਾਉਂਦਾ ਹੈ। ਸਤਵੰਤ ਦੀ ਨਜ਼ਰ ਦਾ ਸੇਕ ਜੈਗ ‘ਤੇ ਲਗਾਤਾਰ ਕੇਂਦਰਤ ਰਹਿਣਾ ਜਾਰੀ ਹੈ।
-ਹੋਰ ਤੜਫ, ਹਰਾਮੀਆ, ਹੋਰ ਕੰਬ ਠੰਢ ਨਾਲ਼! ਉਹ ਬੁੜਬੁੜਾਉਂਦੀ ਹੋਈ ਇੱਕ ਬੇਬੀ-ਕੰਬਲ ਉਸ ਉੱਤੇ ਵਗਾਹ ਮਾਰਦੀ ਹੈ।
ਟੀæਵੀæ ਹਰ ਰੋਜ਼ ਵਾਂਗ ਚੁੱਪ ਹੈ। ਬਾਹਰ ਉੱਤਰਿਆ ਹਨੇਰਾ ਗਾੜ੍ਹਾ ਹੋਣ ਲੱਗ ਪਿਆ ਹੈ ਜਿਸ ਕਰ ਕੇ ਸਤਵੰਤ ਨੂੰ ਅਪਣਾ ਅਕਸ ਖਿੜਕੀ ਦੇ ਸ਼ੀਸ਼ਿਆਂ ਦੇ ਬਾਹਰਲੇ ਪਾਸੇ ਨਜ਼ਰ ਆਉਣ ਲੱਗ ਪਿਆ ਹੈ। ਲਿਵਿੰਗ ਰੂਮ ਦੇ ਵਿਚਕਾਰ ਲਮਕਦਾ ਬਲਬਾਂ ਦਾ ਗੁੱਛਾ ਬਾਰੀ ਦੇ ਬਾਹਰ ਵੀ ਜਗਦਾ ਹੋਇਆ ਦਿੱਸਣ ਲੱਗ ਪਿਆ ਹੈ। ਸਤਵੰਤ ਨੂੰ ਬਾਹਰਲੇ ਹਨੇਰੇ ਦੇ ਸੰਘਣੇ ਹੋਣ ਦੇ ਅਹਿਸਾਸ ਨਾਲ ਕੰਬਣੀ ਜਿਹੀ ਆਉਂਦੀ ਹੈ। ਉਹ, ਜੈਗ ਦੀਆਂ ਕੱਛਾਂ ‘ਚ ਉਂਗਲਾਂ ਗੱਡਦੀ ਹੈ ਤੇ ਹਜੋਕੇ ਨਾਲ ਚੁੱਕ ਕੇ, ਉਸ ਨੂੰ ਸੋਫ਼ੇ ‘ਤੇ ਸੁੱਟ ਦੇਂਦੀ ਹੈ।
-ਸੌਂ ਭੁੱਖਾ ਈ, ਸੂਰ ਦਿਆ ਪੁੱਤਾ! ਕਹਿ ਕੇ ਉਹ ਲਿਵਿੰਗ ਰੂਮ ‘ਚ ਪਏ ਦੀਵਾਨ ‘ਤੇ ਜਾ ਲੇਟਦੀ ਹੈ। ਬਲਬਾਂ ਦਾ ਗੁੱਛਾ ਅੱਖਾਂ ਮੀਚਦਾ ਹੈ। ਬਾਹਰੋਂ ਸੜਕ ਉਤਲੀਆਂ ਬੱਤੀਆਂ ਦਾ ਹਲਕਾ ਹਲਕਾ ਚਾਨਣ, ਲਿਵਿੰਗ ਰੂਮ ਵਿਚ ਇੱਕ ਦਮ ਅੰਨ੍ਹੀਂ ਹੋ ਗਈ ਹਰ ਵਸਤੂ ਨੂੰ ਸਹਿਜੇ, ਸਹਿਜੇ ਸੁਜਾਖੀ ਕਰਨ ਲਗਦਾ ਹੈ।
ਸਿਰ ਤੀਕ ਓੜੇ ਕੰਬਲ ਹੇਠ, ਸਤਵੰਤ, ਪੌੜੀਆਂ ‘ਚੋਂ, ਮਾਤਾ ਜੀ ਦੇ ਪੋਲੇ ਕਦਮਾਂ ਦੀ ਆਹਟ ਦੀ ਇੰਤਜ਼ਾਰ ਕਰਦੀ ਹੈ। ਉਸ ਨੂੰ ਪਤਾ ਹੈ ਮਾਤਾ ਉਸ ਦੇ ਘੁਰਾੜੇ ਦੀ ਉਡੀਕ ਵਿਚ ਹੈ। ਅਗਲੇ ਹੀ ਪਲ ਸਤਵੰਤ ਦੇ ਘੁਰਾੜੇ ਪੌੜੀਆਂ ਚੜ੍ਹ ਕੇ ਮਾਤਾ ਦੇ ਕਮਰੇ ਨੂੰ ਠਕੋਰਨ ਲਗਦੇ ਹਨ।
ਪੌੜੀਆਂ ‘ਚੋਂ ਉੱਤਰਦੀ ਪੋਲੀ, ਪੋਲੀ ਚੀਂ-ਚੀਂ, ਠੱਕ-ਠੱਕ, ਕਿਚਨ ‘ਚ ਜਾ ਕੇ ਮੋਨ ਧਾਰਦੀ ਹੈ।
ਫ਼ਰਿੱਜ ਦੇ ਹੋਠ ਮਲਕੜੇ ਜਿਹੇ ਖੁਲ੍ਹਦਿਆਂ ਹੀ ਸਤਵੰਤ ਅਪਣੇ ਘੁਰਾੜੇ ਨੂੰ ਜ਼ਰਾ ਲੰਮੇਰਾ ਕਰਨ ਲੱਗ ਜਾਂਦੀ ਹੈ।
ਕਿਚਨ ਦੇ ਸਿੰਕ ‘ਚ ਪਾਣੀ ਵਾਲੀ ਟੂਟੀ ਪੋਲਾ ਜਿਹਾ ਡਕਾਰ ਮਾਰਦੀ ਹੈ।
ਸਤਵੰਤ ਅੰਦਾਜ਼ਦੀ ਹੈ ਕਿ ਦੁੱਧ ਵਾਲੀ ਬੋਤਲ ਗਰਮ ਪਾਣੀ ਦੇ ਹੇਠ ਅਪਣਾ ਮੂੰਹ-ਮੱਥਾ ਸਾਫ਼ ਕਰ ਰਹੀ ਹੈ।
ਕੁਝ ਪਲਾਂ ਬਾਅਦ ਸੋਫ਼ੇ ‘ਤੇ ਹਲਕੀ ਜਿਹੀ ਹਰਕਤ ਉਗਦੀ ਹੈ। ਬੋਤਲ ‘ਚੋਂ, ਦੁੱਧ ਚੁੰਘੇ ਜਾਣ ਦੇ, ਕਾਹਲ਼ੇ-ਕਾਹਲ਼ੇ ਪਚਾਕੇ ਉਦੇ ਹੁੰਦੇ ਹਨ।
ਪਚਾਕੇ ਸੁਣਦਿਆਂ ਹੀ ਸਤਵੰਤ ਗੂੜ੍ਹੀ ਨੀਂਦ ਵਿਚ ਉਤਰਨ ਲਗਦੀ ਹੈ।
-ਖਰਚ ਨ੍ਹੀਂ ਕਰਨਾ ਬਹੁਤਾ, ਕਾਕਾ! ਨਾ ਕਿਸੇ ਬੜੀ-ਪਾਰਟੀ ਦਾ ਜੁਗਾੜ ਕਰਨੈ! ਮਿਸਿਜ਼ ਛਾਬੜਾ ਦਾ ਹੁਕਮੀ ਅੰਦਾਜ਼ ਸਤਵੰਤ ਦੀ ਨੀਂਦਰ ‘ਚ ਗੂੰਜਣ ਲਗਦਾ ਹੈ। -ਚਾਰ ਲਾਵਾਂ ਗੁਰਦਵਾਰੇ ਤੇ ਸ਼ਾਮ ਨੂੰ ਨਿਆਗਰਾ ਫ਼ਾਲਜ਼ ਚਲੇ ਜਾਇਓ!
ਹਰਿੰਦਰ ‘ਹਾਂ’ ਵਿਚ ਸਿਰ ਹਿਲਾਉਂਦਾ ਹੈ।

-ਸਤਵੰਤ ਦੇ ਚਾਰ ਕੁ ਸਕੇ ਸਬੰਧੀ ਹੋਣਗੇ ਗੁਰਦਵਾਰੇ ਤੇ ਤੂੰ ਅਪਣੇ ਦੋਸਤ ਮਿੱਤਰ ਸੱਦ ਲੀਂ! ਬਹੁਤੇ ਲੰਮੇ ਚੱਕਰਾਂ ‘ਚ ਪੈਣ ਦੀ ਲੋੜ ਨਹੀਂ!
-ਮੇਰੇ ਵੀ ਐਵੇਂ ਤਿੰਨ ਕੁ ਦੋਸਤ ਨੇ, ਆਂਟੀ ਜੀ!
ਫਿਰ ਸਤਵੰਤ ਦੀ ਨੀਂਦਰ ‘ਚ ਨਿਆਗਰਾ ਫ਼ਾਲਜ਼ ਜੁੜਨ ਲਗਦਾ ਹੈ। ਬੇਅਥਾਹ ਪਾਣੀ ਦੀਆਂ ਧਾਰਾਂ ਦਾ ਸ਼ੋਰ ਸਤਵੰਤ ਦੀਆਂ ਅੱਖਾਂ ‘ਚ ਆਰੇ ਵਾਂਗ ਚਲਦਾ ਹੈ। ਜਿਸ ਬਹੁਤ ਡੂੰਘੀ ਜਗ੍ਹਾ ਜਿੱਥੇ ਧਾਰਾਂ ਕਿਸੇ ਮੋਟੇ ਖੰਜਰ ਵਾਂਗ ਦਰਿਆ ‘ਚ ਖੁਭਦੀਆਂ ਹਨ, ਸਤਵੰਤ ਓਥੇ ਖਲੋਤੀ ਪਾਣੀ ਦੀ ਉਥਲ-ਪੁਥਲ ਦੇਖ ਰਹੀ ਹੈ। ਮੱਛੀਆਂ ਟਪੂਸੀਆਂ ਮਾਰ-ਮਾਰ ਕੇ ਧਾਰਾਂ ਨੂੰ ਚੁੰਮਦੀਆਂ ਹਨ। ਲਗਾਤਾਰ ਡਿੱਗ ਰਹੇ ਅਥਾਹ ਪਾਣੀ ਦੀ ਕੰਧ ਸਤਵੰਤ ਨੂੰ ਚਕਾਚੂੰਧ ਕਰਦੀ ਹੈ।
ਅਚਾਨਕ ਵੱਡੀ ਸਾਰੀ ਮੱਛੀ ਸਤਵੰਤ ਵੱਲ ਨੂੰ ਵਧਦੀ ਹੈ: ‘ਸ਼ਾਰਕ!’ ਸਤਵੰਤ ਬੁੜ-ਬੁੜਾਉਂਦੀ ਹੈ। ਫਿਰ ਮੱਛੀ ਦਾ ਸਿਰ ਇਨਸਾਨੀ ਸਿਰ ‘ਚ ਤਬਦੀਲ ਹੋਣ ਲਗਦਾ ਹੈ। ਉਸ ਦੇ ਮੋਢਿਆਂ ਉੱਪਰ ਬਾਹਾਂ ਉੱਗ ਆਉਂਦੀਆਂ ਹਨ। ਬਾਹਾਂ ‘ਚੋਂ ਹੱਥ ਖਿੜਨ ਲਗਦੇ ਨੇ। ਸਤਵੰਤ ਕੰਬਦੀ ਹੋਈ ਪਿੱਛੇ ਨੂੰ ਹਟਦੀ ਹੈ।
-ਬਚਾਓ! ਬਚਾਓ!! ਮੱਛਲੀ ਤੋਂ ਮਨੁੱਖ ਬਣਿਆ ਬੰਦਾ ਕੂਕਣ ਲਗਦਾ ਹੈ।
ਸਤਵੰਤ ਦੇ ਹੱਥ ਉਸ ਦੀ ਛਾਤੀ ‘ਤੇ ਇਕੱਠੇ ਹੋ ਜਾਂਦੇ ਹਨ। ਉਹਦੀਆਂ ਕੂਹਣੀਆਂ ਉਹਦੀਆਂ ਪੱਸਲ਼ੀਆਂ ਨੂੰ ਅੰਦਰ ਵੱਲ ਨੂੰ ਧਕਣ ਲੱਗ ਜਾਂਦੀਆਂ ਹਨ। ਉਹਦੀਆਂ ਅੱਖਾਂ ਚੌੜੀਆਂ ਹੋਣ ਲਗਦੀਆਂ ਨੇ। ਤੇ ਉਹਦੀ ਧੌਣ ਉਸ ਦੇ ਮੋਢਿਆਂ ਵਿਚਕਾਰ ਧਸ ਜਾਂਦੀ ਹੈ। ਡੁੱਬ ਰਿਹਾ ਬੰਦਾ ਬਿਲਕੁਲ ਕਿਨਾਰੇ ਦੇ ਨਜ਼ਦੀਕ ਹੈ; ਕਿਨਾਰੇ ਦਾ ਪਾਣੀ ਬਹੁਤ ਡੂੰਘਾ ਹੈ। ਕਿਨਾਰੇ ਕੋਲ ਲੋਹੇ ਦੀਆਂ ਮੋਟੀਆਂ ਤਾਰਾਂ ਦੇ ਜਾਲ ‘ਚ ਬੰਨ੍ਹੀਂ, ਰੋੜੀ ਦੀ ਅੱਧੀਓਂ ਬਹੁਤੀ ਕੰਧ, ਹੇਠਾਂ ਪਾਣੀ ‘ਚ ਹੈ। ਬੰਦੇ ਦਾ ਸਿਰ ਪਾਣੀ ‘ਚ ਡੁੱਬਦਾ ਹੈ। ਉਸ ਦੇ ਹੱਥਾਂ ਦੀ ਫੜਫੜਾ੍ਹਟ ਨਾਲ ਉਡਦਾ ਪਾਣੀ ਸਤਵੰਤ ਦੇ ਮੂੰਹ ‘ਤੇ ਚਪੇੜਾਂ ਵਾਂਗ ਵਜਦਾ ਹੈ। ਡੁੱਬ ਰਿਹਾ ਬੰਦਾ ਬਾਹਾਂ ਉਲਾਰਦਾ ਹੈ: ਬਚਾਓ! ਬਚਾਓ!

ਸਤਵੰਤ ਜੱਕੋ-ਤੱਕੀ ‘ਚ ਝੁਕਦੀ ਹੈ। ਉਸ ਦੇ ਗੋਡੇ ਅਪਣੇ ਆਪ ਨੂੰ ਕਿਨਾਰੇ ‘ਤੇ ਝੁਕੇ ਹੋਏ ਪਾਉਂਦੇ ਨੇ। ਉਸ ਦਾ ਖੱਬਾ ਹੱਥ, ਘਾਹ ਦੇ ਇੱਕ ਮਰੇ ਜਿਹੇ ਬੂਟੇ ਨੂੰ ਪਕੜ ਵਿਚ ਲੈਂਦਾ ਹੈ। ਸੱਜਾ ਹੱਥ ਅਪਣੇ-ਆਪ ਉਸ ਡੁੱਬ ਰਹੇ ਬੰਦੇ ਵੱਲ ਵਧਣ ਲਗਦਾ ਹੈ। ਓਪਰੀਆਂ ਉਂਗਲਾਂ ਇੱਕ ਦੂਜੀ ‘ਚ ਫਸਦੀਆਂ ਹਨ।
-ਉੱਪਰ ਨੂੰ ਖਿੱਚ ਲਾ ਮੈਨੂੰ! ਡੁੱਬ ਰਿਹਾ ਬੰਦਾ ਪੁਕਾਰਦਾ ਹੈ। -ਨਹੀਂ ਤਾਂ ਮੈਂ ਬੱਸ ਗਿਆ ਕਿ ਗਿਆ!
ਸਤਵੰਤ ਉਸ ਨੂੰ ਖਿਚਦੀ, ਖਿਚਦੀ ਆਪ ਪਾਣੀ ਵਿਚ ਡਿੱਗਣ ਦੇ ਨੇੜੇ ਪਹੁੰਚ ਜਾਂਦੀ ਹੈ। ਬੰਦਾ ਸਾਹੋ-ਸਾਹ ਹੋਇਆ ਬਾਹਰ ਆ ਜਾਂਦਾ ਹੈ।
-ਸ਼æੁਕਰੀਆ! ਥੈਂਕ ਯੂ! ਬੰਦੇ ਦੇ ਠਰੇ ਹੋਏ ਬੁਲ੍ਹ ਫਰਕਦੇ ਹਨ।
-ਕੌਣ ਐਂ ਤੂੰ? ਡੌਰ ਭੌਰ ਹੋਈ ਸਤਵੰਤ ਦੇ ਗਿੱਲੇ ਬੁੱਲ੍ਹ ਖੁਲ੍ਹਦੇ ਹਨ।
-ਮੈਂ ਹਰਿੰਦਰ!
-ਤੂੰ ਤਾਂ ਡੁੱਬ ਚੱਲਿਆ ਸੀ ਇਸ ਘੁੰਮਣ-ਘੇਰੀ ‘ਚ!
-ਹਾਂ, ਮੈਨੂੰ ਇਸ ਘੁੰਮਣਘੇਰੀ ‘ਚੋਂ ਨਿੱਕਲਣ ਲਈ ਇੱਕ ਹੱਥ ਚਾਹੀਦਾ ਸੀ!
ਸਤਵੰਤ ਮੁਸਕਰਾਉਂਦੀ ਹੈ: ਦੇਖ, ਮੈਂ ਬਚਾ ਲਿਆ ਤੈਨੂੰ!
ਹਰਿੰਦਰ ਟਿਕ-ਟਿਕੀ ਲਾ ਕੇ ਵਾਪਸੀ ਮੁਸਕਰਾਹਟ ਸੁਟਦਾ ਹੈ। ਉਸ ਦਾ ਸੱਜਾ ਹੱਥ ਉਸ ਦੀ ਭਿੱਜੀ ਹੋਈ ਪੈਂਟ ਦੀ ਜੇਬ ਵੱਲ ਵਧਦਾ ਹੈ। ਜੇਬ ਵਿਚੋਂ ਹੌਲੀ-ਹੌਲੀ ਇੱਕ ਟੈਲੀਫ਼ੋਨ ਬਾਹਰ ਨਿਕਲਦਾ ਹੈ:
-ਹੈਲੋ, ਕਿਰਨ! ਹੈਲੋ!!
-…
-ਹਾਂ, ਕਿਰਨ, ਮੈਂ ਪੱਕਾ ਹੋ ਗਿਆਂ ਕੈਨੇਡਾ ‘ਚ, ਪੱਕਾ!
-…
-ਬੱਸ ਇਹੀ ਉਡੀਕਦਾ ਸਾਂ ਪਿਛਲੇ ਐਨੇ ਵਰ੍ਹਿਆਂ ਤੋਂ!
-…
-ਫ਼ਿਕਰ ਨਾ ਕਰ, ਮੇਰੀ ਮਿੱਠੋ! ਮੈਂ ਬੱਸ ਆਇਆ ਕਿ ਆਇਆ!
-…
-ਹਾਂ, ਸ਼ਿਮਲੇ ਚੱਲਾਂਗੇ ਉਨ੍ਹਾਂ ਪਹਾੜੀਆਂ ‘ਤੇ ਈ!

ਸਤਵੰਤ ਦੇ ਸਿਰ ‘ਚ ਇੱਕ ਚੱਕਰ ਉੱਠਦਾ ਹੈ। ਉਸ ਦੇ ਪੈਰਾਂ ਹੇਠੋਂ ਰੋੜੀਆਂ ਖਿਸਕਣ ਲਗਦੀਆਂ ਨੇ। ਰੋੜੀਆਂ ਵਾਲਾ ਕਿਨਾਰਾ ਭੁਰਨ ਲਗਦਾ ਹੈ।
ਪਾਣੀ ‘ਚ ਹੱਥ ਪੈਰ ਮਾਰਦੀ, ਉਹ ਚੀਕਦੀ ਹੈ: ਕੌਣ ਐ ਇਹ ਕਿਰਨ?
-ਇਹ ਮੇਰੀ ਕਿਰਨ, ਮੇਰੀ ਚਾਨਣੀ ਹੈ, ਚਾਨਣੀ!
-ਤੇ ਮੈਂ ਕੌਣ ਆਂ, ਤੇਰੀ?
-ਤੂੰ? ਹਾ, ਹਾ, ਹਾ, ਹਾ!
ਹਰਿੰਦਰ ਵੱਲੋਂ ਵਗਾ੍ਹ ਕੇ ਸੁੱਟਿਆ ਸੈੱਲਫ਼ੋਨ, ਸਤਵੰਤ ਦੇ ਮੱਥੇ ‘ਚ ਛੁਰੇ ਵਾਂਗ ਖੁੱਭ ਜਾਂਦਾ ਹੈ।
ਤ੍ਰਭਕ ਕੇ ਉੱਠੀ ਸਤਵੰਤ, ਅਪਣੇ ਮੱਥੇ ਨੂੰ ਟੋਂਹਦੀ ਹੈ। ਹੱਥ ਪਸੀਨੇ ਨਾਲ ਗੱਚ ਹੋ ਜਾਂਦਾ ਹੈ। ਡੌਰ-ਭੌਰ ਹੋਈ ਉਹ ਹਨੇਰੇ ਨੂੰ ਅਪਣੀਆਂ ਨਜ਼ਰਾਂ ਨਾਲ ਛਾਣਦੀ ਹੈ। ਉਸ ਦਾ ਖੱਬਾ ਹੱਥ ਸਵਿੱਚ ਵੱਲ ਵਧਦਾ ਹੈ। ਬਲਬਾਂ ਦਾ ਗੁੱਛਾ ਖਿੜਦਾ ਹੈ। ਚੁੰਧਿਆਈਆਂ ਅੱਖਾਂ ਨਾਲ ਉਹ ਸੋਫ਼ੇ ‘ਤੇ ਗੁੱਛਾ-ਮੁੱਛਾ ਹੋਏ ਜੈਗ ਨੂੰ ਘੂਰਦੀ ਹੈ!
-ਹਰਾਮਖੋਰ! ਅਕ੍ਰਿਤਘਣ ਦੀ ਔਲਾਦ!
ਸਤਵੰਤ ਦੇ ਹੱਥ ਕੰਬਲ ਵੱਲ ਵਧਦੇ ਹਨ। ਉਸ ਦੀਆਂ ਉਂਗਲਾਂ ਜੈਗ ਦੇ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਲਈ ਇਧਰ-ਓਧਰ ਫੈਲਦੀਆਂ ਹਨ। ਜੈਗ ਦਾ ਸਰੀਰ ਕੁਝ ਨਿੱਘ ਜਿਹਾ ਮਹਿਸੂਸ ਕਰਦਾ ਹੈ।
ਕਿਚਨ ਲਈ, ਸਤਵੰਤ ਦੀ ਪੈੜਚਾਲ ਦੀ ਇੰਤਜ਼ਾਰ ਦਾ ਵਕਤ ਹੋ ਗਿਆ ਹੈ। ਫਰਿੱਜ ਵਿਚ ਬੈਠੀ ਦੁੱਧ ਵਾਲੀ ਦੂਸਰੀ ਬੋਤਲ ਸਤਵੰਤ ਦੇ ਹੱਥਾਂ ਨੂੰ ‘ਜੀ ਆਇਆਂ’ ਆਖਦੀ ਹੈ!
-ਕੰਪਿਊਟਰ ਕੰਪਨੀ ‘ਚ ਸੁਪਰਵਾਈਜ਼ਰ! ਹੂੰ! ਸਤਵੰਤ ਦੇ ਨੱਕ ‘ਚੋਂ ਨਿਕਲਿਆ ਫ਼ੁੰਕਾਰਾ ਕਮਰੇ ‘ਚ ਫੈਲਦਾ ਹੈ। ਸੁੱਤੇ ਹੋਏ ਜੈਗ ਦੇ ਬੁੱਲ੍ਹ, ਬੋਤਲ ਦੀ ਨਿੱਪਲ ਦੀ ਛੋਹ ਮਿਲਦਿਆਂ ਹੀ, ਹਰਕਤ ਵਿਚ ਆਉਂਦੇ ਨੇ। ਸਤਵੰਤ ਦੰਦ ਕਿਰਚਦੀ ਹੈ ਤੇ ਉਸ ਦਾ ਹੱਥ ਬੋਤਲ ਦਾ ਦੁੱਧ ਖ਼ਤਮ ਹੋਣ ਦੀ ਬੇਚੈਨ ਇੰਤਜ਼ਾਰ ਕਰਦਾ ਹੈ।
***
-ਸਬਰ ਕਰ, ਸਤਵੰਤ, ਬੱਸ ਸਬਰ ਕਰ! ਮਿਸਿਜ਼ ਛਾਬੜਾ ਦੇ ਦਿਲਾਸੇ ਸਤਵੰਤ ਦੇ ਕੰਨਾਂ ‘ਚ ਗੂੰਜਦੇ ਨੇ। -ਇਹ ਮਰਦ ਤਾਂ ਜੁਗਾਂ-ਜੁਗਾਂਤਰਾਂ ਤੋਂ ਇਓਂ ਈ ਪੌੜੀਆਂ ਬਣਾ ਕੇ ਵਰਤਦੇ ਆਏ ਨੇ ਔਰਤਾਂ ਨੂੰ! ਏਸ ਕਮੀਨੇ ਨੂੰ ਵੀ ਬੱਸ ਇੱਕ ਪੌੜੀ ਚਾਹੀਦੀ ਸੀ!

-ਵਿਆਹ ਨ੍ਹੀਂ ਸੀ ਇਹ, ਆਂਟੀ; ਰੇਪ ਕੀਤੈ ਮੇਰਾ, ਉਸ ਬਦਮਾਸ਼ ਨੇ ਪੂਰੇ ਦਸ ਮਹੀਨੇ! ਦੁੱਖ ਤਾਂ ਮੈਨੂੰ ਇਹ ਐ ਬਈ ਮੇਰੇ ਢਿੱਡ ‘ਚ ਆਹ ਗੰਦਗੀ ਕਿਉਂ ਛੱਡੀ ਉਸ ਕੁੱਤੇ ਬੰਦੇ ਨੇ ਜੇ ਉਹਨੇ ਸਿਰਫ਼ ਇੰਮੀਗਰੇਸ਼ਨ ਲਈ ਹੀ ਵਰਤਣਾ ਸੀ ਮੈਨੂੰ?
-ਚੱਲ ਏਨਾ ਸ਼ੁਕਰ ਕਰ ਤੇਰਾ ਜੀਅ ਲਾਉਣ ਨੂੰ ਤੈਨੂੰ ਇਹ ਖਿਡਾਉਣਾ ਦੇ ‘ਤਾ ਰੱਬ ਨੇ!
-ਨਾ ਆਂਟੀ ਨਾ! ਮੈਂ ਕੀ ਕਰਨਾ ਸੀ ਇਹ ਬਲਾਤਕਾਰ ਦਾ ਬੀ? ਹਰਾਮੀ ਦੇ ਸਾਰੇ ਨਕਸ਼ ਉਸੇ ਬਦਮਾਸ਼ ‘ਤੇ ਗਏ ਐ। ਜਦੋਂ ਇਸ ਨੂੰ ਦੇਖਦੀ ਆਂ, ਮੇਰਾ ਤਾਂ ਜੀਅ ਕਰਦੈ ਗਲ਼ ਘੁੱਟ ਕੇ ਮਾਰ ਦਿਆਂ ਇਹਨੂੰ ਈ!
***

ਸਤਵੰਤ ਉਠ ਕੇ ਪੌੜੀਆਂ ਕੋਲ ਜਾ ਖਲੋਂਦੀ ਹੈ। ਮਾਤਾ ਦੇ ਬੈਡਰੂਮ ‘ਚ ਘੁਰਾੜਿਆਂ ਦੀ ਅਟੁੱਟ ਲੜੀ ਚੱਲ ਰਹੀ ਹੈ। ਸਤਵੰਤ ਦੇ ਪੋਲੇ, ਪੋਲੇ ਪੈਰਾਂ ਹੇਠ ਪੌੜੀ ਦੇ ਪਾਇਆਦਾਨ ਹੂੰਗਦੇ ਹਨ। ਸਤਵੰਤ ਮਲਕੜੇ ਜੇਹੇ ਮਾਤਾ ਦਾ ਦਰਵਾਜ਼ਾ ਬੰਦ ਕਰਦੀ ਹੈ।
ਪੌੜੀਆਂ ਉੱਤਰਦੀ ਉਹ ਹਫ਼ਣ ਲਗਦੀ ਹੈ। ਸਭ ਤੋਂ ਹੇਠਲੇ ਪਾਇਆਦਾਨ ‘ਤੇ ਖਲੋ ਕੇ ਉਹ ਸਿਖ਼ਰਲੇ ਪਾਇਆਦਾਨ ਵੱਲ ਨਜ਼ਰ ਸੁਟਦੀ ਹੈ। ਹਲਕੇ ਜਿਹੇ ਹਨੇਰੇ ‘ਚ ਉਹ ਸਿਖ਼ਰਲੀ ਪੌੜੀ ‘ਤੇ ਜੈਗ ਦਾ ਚਿਹਰਾ ਚਿਤਰਦੀ ਹੈ। ਇਹ ਚਿਹਰਾ ਹੌਲੀ, ਹੌਲੀ ਹਰਿੰਦਰ ‘ਚ ਬਦਲਣ ਲਗਦਾ ਹੈ। ਢਾਕਾਂ ‘ਤੇ ਹੱਥ ਰੱਖੀ ਉਹ ਖਚਰੀ ਹਾਸੀ ਹਸਦਾ ਹੈ।
ਪੌੜੀ ਦੇ ਸਿਖ਼ਰ ‘ਤੇ ਕੰਪਿਊਟਰਾਂ ਦੀ ਢੇਰੀ ਲੱਗਣ ਲਗਦੀ ਹੈ। ਹਰਿੰਦਰ ਅਪਣਾ ਪਾਸਪੋਰਟ ਖੋਲ੍ਹਦਾ ਹੈ। ਉਸ ਵਿਚੋਂ ਕਿਰਨ ਉਦੇ ਹੁੰਦੀ ਹੈ। ਦੋਵੇਂ ਛਾਲ ਮਾਰ ਕੇ ਇਸ ਢੇਰੀ ਦੇ ਸਿਖ਼ਰ ਜਾ ਬੈਠਦੇ ਨੇ। ਉਥੇ ਉਹ ਲਮਕੀਆਂ ਲੱਤਾਂ ਨੂੰ ਹਿਲਾ ਕੇ ਵਜਦ ਵਿਚ ਸੀਟੀ ਵਜਾਉਂਦਾ ਹੈ। ਉਸ ਦੇ ਬੁੱਲ੍ਹਾਂ ‘ਤੇ ਛਲਕਦੀ ਮੁਸਕਾਣ, ਸਤਵੰਤ ਦੀ ਛਾਤੀ ‘ਚ ਖੁਭਦੀ ਹੈ। ਕੰਪਿਊਟਰਾਂ ਦੀ ਢੇਰੀ ਖਿਸਕ ਕੇ ਸਤਵੰਤ ‘ਤੇ ਡਿੱਗ ਪੈਂਦੀ ਹੈ। ਹਰਿੰਦਰ ਦੇ ਹਾਸੇ ਨਾਲ ਸਾਰੇ ਘਰ ਦੀਆਂ ਕੰਧਾਂ ਕੰਬਦੀਆਂ ਹਨ।
-ਤੈਨੂੰ ਸਿੱਟੂੰਗੀ ਮੈਂ ਪੌੜੀ ਤੋਂ ਥੱਲੇ, ਹਰਾਮਜ਼ਾਦੇ! ਸਤਵੰਤ ਤੇਜ਼ੀ ਨਾਲ਼ ਲਿਵਿੰਗ ਰੂਮ ਵਿਚਲੇ ਸੋਫ਼ੇ ਵੱਲ ਵਧਦੀ ਹੈ।
ਢਾਕਾਂ ‘ਤੇ ਹੱਥ ਰੱਖੀ, ਸਤਵੰਤ ਸੋਫ਼ੇ ‘ਤੇ ਝੁਕਦੀ ਹੈ। ਜਮੂਰ ਵਾਂਗ ਕੱਸੇ ਹੋਏ ਉਸ ਦੇ ਬੁਲ੍ਹਾਂ ‘ਚੋਂ ਨਿਕਲ ਰਹੇ ਭਰਵੇਂ ਸਾਹਾਂ ਨਾਲ ਜੈਗ ਤ੍ਰਭਕਦਾ ਹੈ। ਸਤਵੰਤ, ਜੈਗ ਨੂੰ ਸੋਫ਼ੇ ਤੋਂ ਇੱਕ ਹੁਜਕੇ ਨਾਲ ਚੁਕਦੀ ਹੈ। ਸਾਹੋ-ਸਾਹ ਹੋਈ ਉਹ ਪੌੜੀ ਦੇ ਸਿਖ਼ਰ ‘ਤੇ ਜਾ ਕੇ ਰੁਕਦੀ ਹੈ।
-ਰੋੜ੍ਹ ਦੇ ਏਸ ਹਰਾਮੀ ਨੂੰ ਹੇਠਾਂ ਵੱਲ ਨੂੰ! ਸਤਵੰਤ ਅਪਣੇ ਆਪ ਨੂੰ ਲਲਕਾਰਦੀ ਹੈ। -ਰੋੜ੍ਹ ਦੇ ਇਸ ਨੂੰ!

ਜੈਗ ਉਸ ਦੇ ਹੱਥਾਂ ‘ਚ ਤੁਲਦਾ ਹੈ। ਸਤਵੰਤ ਦੀ ਨਜ਼ਰ, ਹੇਠਲੇ ਪਾਏਦਾਨ ਕੋਲ ਪਏ ਭਾਰੇ ਗਮਲੇ ਨਾਲ ਟਕਰਾਉਂਦੀ ਹੈ। ਉਹ ਜੈਗ ਨੂੰ ਉਪਰਲੀ ਪੌੜੀ ਤੋਂ ਰੁੜ੍ਹਦਾ ਹੋਇਆ ਦੇਖਦੀ ਹੈ। ਲੋਟਣੀਆਂ ਖਾਂਦਾ ਉਹ ਪੌੜੀਓਂ-ਪੌੜੀ ਥੱਲੇ ਨੂੰ ਜਾਂਦਾ ਹੈ। ਸਭ ਤੋਂ ਹੇਠਲੇ ਪਾਏਦਾਨ ਤੋਂ ਬੁੜ੍ਹਕ ਕੇ ਉਹ ਗਮਲੇ ਨਾਲ ਟਕਰਾਉਂਦਾ ਹੈ। ਉਸ ਦੇ ਮੱਥੇ ‘ਚੋਂ ਲਹੂ ਦੇ ਫ਼ੁਹਾਰੇ ਫ਼ੁਟਦੇ ਹਨ। ਦੋ ਕੁ ਚੀਕਾਂ ਤੋਂ ਬਾਅਦ ਉਹ ਅਹਿੱਲ ਹੋ ਜਾਂਦਾ ਹੈ। ਐਂਬੂਲੈਂਸ ਦੀ ਗੱਡੀ ਕੂਕਦੀ ਹੈ। ਪੈਰਾਮੈਡਿਕਸ ਨਬਜ਼ ਟਟੋਲਦੇ ਹਨ। ਜੈਗ ਦੇ ਮੂੰਹ ‘ਚ ਮੂੰਹ ਪਾ ਕੇ, ਉਹ ਸਾਹ ਅੰਦਰ ਬਾਹਰ ਕੱਢਦੇ ਹਨ। ਧੜਕਣ ਲੱਭਣ ਦੀ ਕੋਸ਼ਿਸ਼ ‘ਚ ਉਹ ਜੈਗ ਦੀ ਛਾਤੀ ਨੂੰ ਹੇਠਾਂ-ਉੱਪਰ ਦਬਾਉਂਦੇ ਹਨ। ਪੈਰਾਮੈਡਿਕਾਂ ਦਾ ਮੁਖੀ ਸਿਰ ਨੂੰ ਖੱਬੇ-ਸੱਜੇ ਗੇੜਦਾ ਹੈ। ਦਗੜ, ਦਗੜ ਪੁਲਸੀਏ ਅੰਦਰ ਵੱਲ ਨੂੰ ਆਉਂਦੇ ਨੇ: ਹੱਥਕੜੀਆਂ, ਸਤਵੰਤ ਦੀਆਂ ਕਲਾਈਆਂ ਉਦਾਲੇ ਚੱਕਰ ਕਟਦੀਆਂ ਨੇ!
ਸਤਵੰਤ ਕੰਬਦੀ ਹੈ। ਉਸ ਦੇ ਹੱਥ ਘੁੱਟੇ ਜਾਂਦੇ ਹਨ। ਹੱਥਾਂ ਦੀ ਪੀਢੀ ਹੋ ਰਹੀ ਘੁਟਣ ਵਿਚ ਜੈਗ ਚੀਕਦਾ ਹੈ।
-ਸਿੱਟੂੰਗੀ ਤੈਨੂੰ ਪੌੜੀ ਤੋਂ ਹੇਠਾਂ, ਹਰਾਮਜ਼ਾਦੇ! ਸਤਵੰਤ ਗਰਜਦੀ ਹੈ। -ਸਿੱਟੂੰਗੀ! ਸਿੱਟੂੰ ਤੈਨੂੰ ਫੁੜਕਾਅ ਕੇ ਪੌੜੀ ਦੇ ਸਿਖ਼ਰੋਂ! ਮੈਨੂੰ ਨ੍ਹੀਂ ਪਰਵਾਹ ਹੱਥਕੜੀਆਂ ਦੀ! ਮੈਂ ਤੈਨੂੰ ਪੌੜੀ ਤੋਂ ਹੇਠਾਂ ਸੁੱਟਣੈ, ਜ਼ਾਲਮ ਬੰਦਿਆ! ਸਤਵੰਤ ਦਾ ਝੱਗੋ-ਝੱਗ ਹੋਇਆ ਮੂੰਹ, ਜੈਗ ਦੇ ਮੂੰਹ ਕੋਲ ਜਾਂਦਾ ਹੈ। -ਡਿੱਗ ਪੌੜੀਆਂ ਤੋਂ ਕੁੱਤੇ ਦੀ ਔਲਾਦ, ਮੈਂ ਤੈਨੂੰ ਦੇਖਾਂ ਲੋਟਣੀਆਂ ਖਾਂਦੇ ਨੂੰ!
ਸਤਵੰਤ ਦੇ ਹੱਥਾਂ ‘ਚ ਘੁੱਟੇ ਗਏ ਜੈਗ ਦੀ ਚੀਕ ਸਾਰੇ ਘਰ ‘ਚ ਗੂੰਜਦੀ ਹੈ।
-ਹੁਣ ਚੀਕਦੈਂ ਕੁੱਤੇ ਦਿਆ ਪੁੱਤਾ? ਮੈਂ ਵੀ ਤੇਰੀ ਡੰਗੀ ਹੋਈ ਇਉਂ ਈ ਚੀਕਦੀ ਆਂ ਦਿਨੇ ਰਾਤੀਂ! ਸਤਵੰਤ, ਜੈਗ ਨੂੰ ਉੱਪਰ ਨੂੰ ਉਲਾਰ ਕੇ, ਕੂਕਦੀ ਹੈ। ਜੈਗ ਦੀਆਂ ਚੀਕਾਂ ਨਾਲ ਸਾਰਾ ਘਰ ਵਿਲਕਣ ਲੱਗਦਾ ਹੈ।
ਮਾਤਾ ਦਾ ਬੂਹਾ ਜ਼ੋਰ ਨਾਲ ਖੁਲ੍ਹਦਾ ਹੈ। ਉਸ ਦੀਆਂ ਕੰਬਦੀਆਂ ਬਾਹਾਂ ਸਤਵੰਤ ਵੱਲ ਵਧਦੀਆਂ ਹਨ: ਕੀ ਹੋ ਗਿਆ ਤੈਨੂੰ? ਨੀ ਕਮਲੀਏ, ਕੀ ਪਾਪ ਕਰਨ ਡe੍ਹੀ ਐਂ! ਕਤਲ ਗਲ ਪੈਜੂ, ਮੂਰਖੇ! ਜੇਲ੍ਹ ‘ਚ ਰੁਲੇਂਗੀ ਸਾਰੀ ਉਮਰ, ਬੇਵਕੂਫ਼ੇ! ਫੜਾ ਮੈਨੂੰ ਨਿਆਣਾ!

ਤੇ ਮਾਤਾ, ਸਤਵੰਤ ਦੇ ਸੇਕ ਮਾਰਦੇ ਹੱਥਾਂ ‘ਚੋਂ, ਜੈਗ ਨੂੰ ਤੋੜ ਕੇ, ਹੇਠਾਂ ਉੱਤਰ ਜਾਂਦੀ ਹੈ।
ਸਤਵੰਤ ਦੇ ਕਮਰੇ ‘ਚੋਂ ਜੈਗ ਦੇ ਕੱਪੜੇ, ਸਿਰਹਾਣੇ, ਡਾਇਪਰ, ਸ਼ੀਸ਼ੀਆਂ, ਤੇ ਖਿਡਾਉਣੇ ਪੌੜੀ ਵੱਲ ਉੱਡਣ ਲਗਦੇ ਨੇ।
ਜੈਗ ਮਾਤਾ ਦੇ ਗਲ਼ ਨੂੰ ਚਿੰਬੜਿਆ ਹੋਇਆ ਹੈ। ਹੌਕਿਆਂ ਨਾਲ ਉਸ ਦਾ ਸਰੀਰ ਬਿੰਦੇ-ਝੱਟੇ ਝਟਕੇ ਮਾਰਦਾ ਹੈ।
ਹਫ਼ੀ ਹੋਈ ਸਤਵੰਤ ਜੈਗ ਦੀ ‘ਕੱਲੀ, ‘ਕੱਲੀ ਵਸਤੂ ਨੂੰ ਠੁੱਡਿਆਂ ਨਾਲ ਪੌੜੀ ਤੋਂ ਹਿਠਾਂਹ ਵੱਲ ਨੂੰ ਸੁੱਟਦੀ ਹੈ। -ਡਿੱਗ ਗੰਦਗੀ ਵਾਂਗੂੰ ਪੌੜੀ ਦੇ ਉੱਪਰਲੇ ਸਿਰਿਓਂ, ਪਾਪੀਆ, ਡਿੱਗ! ਮੈਂ ਤਾਂ ਤੇਰੇ ਪਰਛਾਵੇਂ ਨੂੰ ਵੀ ਪੌੜੀ ਦੇ ਸਿਰੇ ‘ਤੋਂ ਖੁਰਚਦਿਆਂ, ਪਾਪੀਆ! ਡਿੱਗ ਹੇਠਾਂ!
ਹੁਣ ਜਦੋਂ ਜੈਗ ਦੇ ਖਿਡਾਉਣੇ, ਦੁੱਧ-ਬੋਤਲਾਂ, ਡਾਇਪਰਾਂ ਦੇ ਡੱਬੇ, ਨਿੱਕੀਆਂ ਨਿੱਕੀਆਂ ਕਮੀਜ਼ਾਂ, ਨਿੱਕੇ ਨਿੱਕੇ ਬੂਟ, ਜੁਰਾਬਾਂ ਦੇ ਜੋੜੇ ਤੇ ਬਾਕੀ ਸਾਮਾਨ ਪੌੜੀ ਦੇ ਹੇਠਲੇ ਪਾਇਦਾਨ ‘ਤੇ ਢੇਰੀ ਹੋ ਗਿਆ ਹੈ ਤਾਂ ਸਤਵੰਤ ਥੱਕੇ ਹੋਏ ਜੇਤੂ ਜਰਨੈਲ ਵਾਂਗ ਅਪਣੇ ਬਿਸਤਰੇ ‘ਤੇ ਜਾ ਡਿਗਦੀ ਹੈ।
ਕੁਝ ਪਲਾਂ ਬਾਅਦ ਉਸ ਦੀਆਂ ਸਿਸਕੀਆਂ ਉਸ ਦੇ ਕਮਰੇ ‘ਚੋਂ ਨਿਕਲ ਕੇ ਪੌੜੀਆਂ ਉਤਰਨ ਲਗਦੀਆਂ ਹਨ   

ਮੋਬਾਈਲ : 001-905-792-7357

Leave a Reply

Your email address will not be published. Required fields are marked *