ਪੌਂਡਾਂ ਤੇ ਡਾਲਰਾਂ ਨਾਲ ਜੁੜੇ ਲੋਕ ਊੜਾ ਐੜਾ ਨਾਲ ਕਿਵੇਂ ਜੁੜਨ

ਕਦੇ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਿਹਾ ਸੀ
ਮੁੱਠਾਂ ਮੀਟ ਕੇ ਹਾਂ ਨੁਕਰੇ ਬੈਠੀ , ਟੁਟੀ ਹੋਈ ਰਬਾਬ ਰਬਾਬੀਆਂ ਦੀ,
ਸ਼ਰਫ ਪੁੱਛੀ ਨਾ ਜਿਹਨਾਂ ਨੇ ਵਾਤ ਮੇਰੀ, ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ
ਪੰਜਾਬੀ ਹੁਣ ਸੱਚੀ ਹੀ ਟੁੱਟੀ ਹੋਈ ਰਬਾਬ ਵਰਗੀ ਹੋ ਗਈ ਹੈ । ਜਿਸ ਦੀਆਂ ਤਾਰਾਂ ਨੂੰ ਸੁਰ ਕਰਨ ਵਾਲਾ ਕਿਧਰੇ ਨਹੀਂ ਲੱਭ ਰਿਹਾ। ਇਸੇ ਸੰਤਾਪ ਨੂੰ ਬਿਆਨ ਕਰਦੀ ਹੈ ਫਿਲਮ ਊੜਾ ਐੜਾ।ਪੰਜਾਬੀਆਂ ਲਈ ਰੁਪਈਆ ਰੱਬ ਬਣ ਗਿਆ ਹੈ ਤੇ ਜਿਹੜੀ ਘਰ ਦੀ ਕੋਈ ਚੀਜ਼ ਉਸ ਰੱਬ ਦੇ ਘਰ ਤੱਕ ਪਹੁੰਚਣ ਦਾ ਰਾਹ ਨਹੀਂ ਦੱਸਦੀ ਉਸਨੂੰ ਚੱਕ ਕੇ ਬਾਹਰ ਸੁੱਟਿਆ ਜਾ ਰਿਹਾ ਹੈ।ਪੰਜਾਬੀ ਵੀ ਉਹਨਾਂ ਚੀਜ਼ਾਂ ਵਿੱਚ ਸ਼ਾਮਿਲ ਹੋ ਗਈ ਹੈ।ਸਰਕਾਰੀ ਸਕੂਲ ਹੁਣ ਸਿਰਫ ਗਰੀਬਾਂ ਦੀਆਂ ਸ਼ਰਨਗਾਹਾਂ ਨੇ।ਅਮੀਰਾਂ ਦੇ ਸਟੇਟਸ ਹੁਣ ਕਾਨਵੈਂਟ ਸਕੂਲ ਹੀ ਪੂਰੇ ਕਰਦੇ ਨੇ।ਇਸ ਤਰ੍ਹਾਂ ਹੀ ਫਿਲਮ ਵਿੱਚ ਇਕ ਬਿਹਾਰੀ ਦੇ ਡਾਈਲਾਗ ਸੁਣਨ ਵਾਲੇ ਹਨ ਕਿ ਪੰਜਾਬੀਆਂ ਦੇ ਨਿਆਣੇ ਤਾਂ ਅੰਗਰੇਜ਼ੀ ਸਕੂਲਾਂ ਵਿੱਚ ਚਲੇ ਗਏ ਤੇ ਹੁਣ ਸਾਡੇ ਨਿਆਣੇ ਹੀ ਪੰਜਾਬੀ ਬੋਲਣਗੇ ਤੇ ਸਿਖਣਗੇ,ਹੁਣ ਅਸੀ ਹੀ ਪੰਜਾਬੀ ਸਾਂਭਣੀ ਹੈ ।ਜਿਵੇਂ ਆਮ ਜ਼ਿੰਦਗੀ ‘ਚ ਬੀਬੀਆਂ ਬਹੁਤ ਛੇਤੀ ਕਿਸੇ ਦੇ ਪਿਛੇ ਲੱਗ ਜਾਂਦੀਆਂ ਹਨ ਉਵੇਂ ਫਿਲਮ ‘ਚ ਦਿਖਾਇਆ ਗਿਆ ਹੈ ਕਿ ਬਹੁਤੇ ਕਾਨਵੈਂਟ ਸਕੂਲ ਵੀ ਬੀਬੀਆਂ ਦੇ ਸਿਰ ਤੇ ਹੀ ਚੱਲ ਰਹੇ ਹਨ।ਫਿਲਮ ਦੀ ਹੀਰੋਇਨ ਨੀਰੂ ਬਾਜਵਾ ਦਾ ਡਾਈਲਾਗ ਸਾਰੀ ਬੀਬੀਆਂ ਦੀ ਤਰਜਮਾਨੀ ਕਰਦਾ ਹੈ ਜਦੋਂ ਉਹ ਕਹਿੰਦੀ ਹੈ ਕਿ ਮੇਰੇ ਮੁੰਡੇ ਨੂੰ ਇੰਟਰਨੈਸ਼ਨਲ ਸਕੂਲ ਵਿੱਚ ਲਗਾਉ ਨਹੀਂ ਮੈਂ ਆਤਮਹੱਤਿਆ ਕਰ ਲੈਣੀ ਐ।ਇਹਨਾਂ ਸਕੂਲਾਂ ਦੀਆਂ ਸਾਲ ਦੀਆਂ ਲੱਖਾਂ ਰੁਪਏ ਦਾਖਲੇ ਫੀਸਾਂ ਤੇ ਨਿਆਣਿਆਂ ਨੂੰ ਨਾਸਾ ਭੇਜਣ ਵਰਗੇ ਡਰਾਮੇ ਕਿਵੇਂ ਲੋਕਾਂ ਨੂੰ ਖੋਖਲਾ ਕਰ ਰਹੇ ਹਨ, ਇਹ ਦੇਖ ਕੇ ਹਾਸਾ ਵੀ ਆਉਂਦਾ ਹੈ ਤੇ ਰੋਣਾ ਵੀ।ਹੁਣ ਪੰਜਾਬੀ ਦੀਆ ਕਹਾਵਤਾਂ ਤੇ ਪੇਂਡੂ ਖੇਡਾਂ ਕਾਨਵੈਂਟ ਸਕੂਲਾਂ ਵਿੱਚ ਜੁਰਮ ਵਾਗ ਦੇਖੀਆਂ ਜਾਂਦੀਆਂ ਹਨ।
ਇਕ ਨਿਆਣੇ ਦੇ ਬਚਪਨ ਨੂੰ ਇਹਨਾਂ ਸਕੂਲਾਂ ਵਿੱਚ ਕਿਵੇਂ ਮਧੋਲਿਆ ਜਾ ਰਿਹਾ ਹੈ ਉਸਨੂੰ ਵੇਖ ਕੇ ਲੱਗਦਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਬਚਪਨ ਵਾਲੀ ਕੋਈ ਚੀਜ਼ ਨਹੀਂ ਹੋਵੇਗੀ।ਫਿਲਮ ਵੇਖਣ ਗਿਆ ਬੰਦਾ ਸਿਨਮੇ ‘ਚ ਜਾ ਕੇ ਹੋਰ ਵੀ ਹੈਰਾਨ ਹੁੰਦਾ ਜਦੋਂ ਮੰਜੇ ਬਿਸਤਰੇ, ਪ੍ਰੋਹਣਾ ,ਵੇਖ ਬਰਾਤਾਂ ਚੱਲੀਆਂ ਦੇਖ ਕੇ ਬੱਕਰੇ ਬੁਲਾਉਣ ਵਾਲੀ ਕੌਮ ਦੇ ਢਾਈ ਟੋਟਰੂ ਵੀ ਸਿਨਮੇ ‘ਚ ਨਹੀਂ ਲੱਭਦੇ।ਫਿਲਮ ਦੇਖਣ ਵਾਲੇ ਇਕ ਬੰਦੇ ਦੀ ਟਿੱਪਣੀ ਸ਼ੇਰਾਂ ਦੀ ਕੌਮ ਦੀ ਤਰਜਮਾਨੀ ਕਰਦੀ ਹੈ ਜਦੋਂ ਉਹ ਕਹਿੰਦਾ ਕਿ ਫਿਲਮ ਬੋਰ ਬਹੁਤ ਕਰਦੀ ਹੈ।ਅਪਣੀ ਬੋਲੀਂ ਦੀ ਗੱਲ ਤੋਂ ਸ਼ੇਰ ਹੁਣ ਬੋਰ ਹੋਣ ਲੱਗ ਗਏ ਹਨ।ਇਸ ਤੋਂ ਪੰਜਾਬੀ ਦੇ ਆਉਣ ਵਾਲੇ ਕੱਲ੍ਹ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਤਰਸੇਮ ਜੱਸੜ ਫਿਲਮ ਵਿੱਚ ਊੜਾ ਐੜਾ ਨਾਲ ਜੁੜਨ ਦਾ ਸੁਨੇਹਾ ਦਿੰਦਾ ਹੈ ਪਰ ਪੌਂਡਾਂ ਤੇ ਡਾਲਰਾਂ ਨਾਲ ਜੁੜੇ ਲੋਕ ਕੀ ਊੜਾ ਐੜਾ ਨਾਲ ਜੁੜਨਗੇ ਇਸੇ ਸਵਾਲ ਦੇ ਜਵਾਬ ਵਿੱਚ ਪੰਜਾਬ ਦਾ ਭਵਿੱਖ ਲੁਕਿਆ ਹੋਇਆ ਹੈ।
ਰਜਵਿੰਦਰ ਕੌਰ

Leave a Reply

Your email address will not be published. Required fields are marked *