ਪਾਣੀ ਦੇ ਪਹਾੜ- ਸਲੀਮ ਖ਼ਾਂ ਗਿਮੀ

ਬੇਰਾਂ ਕੰਜਰੀ ਨੇ ਰੇਸ਼ਮੀ ਸਲਵਾਰ ਚੁੱਕ ਕੇ ਗੋਰੀ ਪਿੰਨੀ ‘ਤੇ ਖੁਰਕਿਆ ਤੇ ਫ਼ਿਰ ਬੁਰਾ ਜਿਹਾ ਮੂੰਹ ਬਣਾ ਕੇ ਸਾਰੰਗੀ ਨਵਾਜ਼ ਉਸਤਾਦ ਨੂੰ ਪੁੱਛਿਆ:
“ਵੇ ਉਸਤਾਦ , ਪਾਣੀ ਸਰੋ ਸਿਰ ਉਤਾਂਹ ਚੜ੍ਹਿਆ ਜਾ ਰਿਹਾ ਏ। ਥੱਲੇ ਕਦੋਂ ਉਤਰੇਗਾ।”
ਉਸਤਾਦ ਰਹੀਮੂ ਨੇ ਠਾਂਹ ਡਿਗਦੀਆਂ ਮੁੱਛਾਂ ਨੂੰ ਥੁਕ ਲਾ ਕੇ ਉਤਾਂਹ ਖੜਾ ਕੀਤਾ ਤੇ ਬੋਲਿਆ:
“ਜਿਉਂਦੀ ਰਹਵੇਂ , ਲੋਕਾਂ ਨੂੰ ਠਾਨ੍ਹ ਤਾਨ੍ਹਾ ਲਾ ਕੇ ਠਾਨ੍ਹਾ ਜਾਵੇਗਾ ਨਾ।”
ਬੇਰਾਂ ਕੰਜਰੀ ਤੋਂ ਦਸ ਕਰੂ ਪਰਾਂਹ ਸੱਯਦ ਲਹਿਰੀ ਸ਼ਾਹ ਦਾ ਡੇਰਾ ਸੀ। ਇਕ ਸੂਈ ਦੇ ਨੱਕੇ ਵਿਚੋਂ ਦੀ ਲੰਘ ਜਾਣ ਵਾਲੇ ਮਾਚੜੋ ਜਿਹੇ ਮੁਰੀਦ ਨੇ ਹਰੀ ਸ਼ਾਹ ਬਾਦਸ਼ਾਹ ਦੇ ਪੈਰ ਘੁਟਦਿਆਂ ਹੋਇਆਂ ਬੜੀ ਤਮੀਜ਼
ਨਾਲ ਸਵਾਲ ਕੀਤਾ।
“ਸ਼ਾਹ ਜੀ ਹੜ੍ਹ ਦਾ ਪਾਣੀ ਹੌਲੀ ਹੌਲੀ ਸਾਡੇ ਵੱਲ ਆ ਰਿਹਾ ਏ। ਇਹ ਹੌਲੀ ਹੌਲੀ ਪਰਾਂਹ ਕਿਉਂ ਨਹੀਂ ਜਾਂਦਾ?”
ਸੱਯਦ ਲਹਿਰੀ ਸ਼ਾਹ ਬਾਦਸ਼ਾਹ ਨੇ ਅੱਖਾਂ ਪੁੱਟ ਕੇ ਦਰਿਆ ਵੱਲ ਨਜ਼ਰ ਮਾਰੀ। “ਜੋ ਕਰੇ ਸੋ ਹੋ।” ਦਾ ਨਾਅਰਾ ਮਾਰਿਆ ਤੇ ਬੋਲਿਆ:
“ਪਿਆਰਿਓ ਹੜ੍ਹ ਦੇ ਪਾਣੀ ਨੂੰ ਇਹੋ ਹੁਕਮ ਏ ਪਈ ਅੱਗੇ ਵਧੀ ਚੱਲ।”ਇਹ ਕਹਿ ਕੇ ਪੀਰ ਜੀ ਅੱਖਾਂ ਬੰਦ ਕਰ ਕੇ ਫ਼ਿਰ ਜਪ ਤਪ ਵਿਚ ਲੱਗ ਗਏ ।
ਪੀਰ ਤੋਂ ਦੂਰ ਹਟਵਾਂ ਇਕ ਮਜ਼ਾਰਾ ਰੁਕਨੂਦੀਨ , ਚੌਧਰੀ ਕੁਦਰਤ ਉਲ੍ਹਾ ਦੇ ਪੈਰਾਂ ਦੀਆਂ ਉਂਗਲਾਂ ਦੇ ਕੜਾਕੇ ਕੱਢ ਰਿਹਾ ਸੀ ਤੇ ਦਾਣਾ ਖਾਂਦੀ ਘੋੜੀ ਨੂੰ ਤੱਕ ਰਿਹਾ ਸੀ । ਕੜਾਕੇ ਕੱਢਦਾ ਉਹ ਚੌਧਰੀ ਕੁਦਰਤ ਉਲ੍ਹਾ
ਨੂੰ ਕਹਿਣ ਲੱਗਾ:

“ਚੌਧਰੀ ਜੀ ! ਘੋੜੀ ਸੋਹਣੀ ਏ। ਪੰਜ ਸੌ ਦੀ ਸਸਤੀ ਏ, ਨਿੱਕਾ ਚੌਧਰੀ ਬਾਕੀ ਦੋ ਘੋੜਿਆਂ ਨਾਲੋਂ ਏਸ ਨੂੰ ਪਸੰਦ ਕਰੇਗਾ।”
“ਆਹੋ ਇਹ ਗੱਲ ਤੇ ਤੇਰੀ ਠੀਕ ਏ, ਪਰ ਘਰ ਅਪੜਨਾ ਮੁਸ਼ਕਲ ਨਜ਼ਰ ਆਉਂਦਾ ਏ। ਹੜ੍ਹ ਦਾ ਜ਼ੋਰ ਹੁੰਦਾ ਜਾ ਰਿਹਾ ਏ। ਮੈਨੂੰ ਤੇ ਇਹ ਸਮਝ ਆਉਂਦੀ ਏ ਪਈ ਪਹਾੜਾਂ ਵੱਲ ਬਹੁਤ ਬਾਰਸ਼ ਹੋਈ ਏ”
ਬੇਰਾਂ ਕੰਜਰੀ ਸੱਜੀ ਪਿੰਨੀ ਖੁਰਕ ਕੇ ਹੁਣ ਖੱਬੀ ਪਿੰਨੀ ਖੁਰਕ ਰਹੀ ਸੀ ਤੇ ਉਹਦੇ ਚੜ੍ਹਦੇ ਪਾਸੇ ਬੈਠਾ ਹੋਇਆ ਇਕ ਪੇਂਡੂ ਮੁੰਡਾ ਬੜੇ ਗ਼ੌਰ ਨਾਲ਼ ਤੱਕ ਰਿਹਾ ਸੀ। ਪੱਤਣ ਦਾ ਬੁੱਢਾ ਮਲਾਹ ਕੰਜਰੀ ਵੱਲ ਤੱਕ ਰਹੇ
ਪੇਂਡੂ ਮੁੰਡੇ ਨੂੰ ਤੱਕ ਰਿਹਾ ਸੀ। ਮੁੰਡਾ ਬੋਲਿਆ:
“ਚਾਚਾ! ਮੇਰਾ ਵੱਸ ਚਲੇ ਤੇ ਮੈਂ ਏਸ ਕੰਜਰੀ ਨੂੰ ਸਣੇ ਉਸਤਾਦ ਦਰਿਆ ਵਿਚ ਸੁੱਟ ਦਿਆਂ। ਵੇਖ ਕਿੰਨੀ ਬੇ ਹਯਾਈ ਨਾਲ ਲੋਕਾਂ ਨੂੰ ਪਿੰਨੀਆਂ ਵਿਖਾ ਰਹੀ ਏ।”
“ਉਹ ਵਿਖਾ ਰਹੀ ਏ ਤੇ ਅਸੀਂ ਵੇਖ ਰਹੇ ਆਂ। ਕਿਆਮਤ ਦੀਆਂ ਨਿਸ਼ਾਨੀਆਂ ਨੇਂ, ਹੋਰ ਕੀ ਏ ਪਾਣੀ ਦਾ ਹੋਰ ਰੁਮਕਾ ਆ ਗਿਆ ਤੇ ਇਹ ਸੁਕੀ ਜਗ੍ਹਾ ਵੀ ਤਰ-ਬ-ਤਰ ਹੋ ਜਾਏਗੀ, ਜਿਥੇ ਅਸੀਂ ਬੈਠੇ ਆਂ।”
ਉਨ੍ਹਾਂ ਦੇ ਸਿਰਾਂ ‘ਤੇ ਚਾਰ ਚੁਫੇਰੇ ਬੱਦਲ ਈ ਬੱਦਲ ਸਨ। ਤੇ ਅੱਗੇ-ਪਿਛੇ ਪਾਣੀ ਈ ਪਾਣੀ। ਉਹ ਸਾਰੇ ਅੱਜ ਦੁਪਹਿਰ ਵੇਲੇ ਪਾਣੀ ਦਾ ਛਰਾ ਪਾਰ ਕਰ ਕੇ ਦਰਿਆ ਦੇ ਤਪਣ ਉਤੇ ਆਏ ਸਨ। ਸਾਵਣ ਦੇ ਦਿਨ ਸਨ ਤੇ
ਪਹਾੜਾਂ ਉਤੇ ਗਹਿਰੇ ਬੱਦਲ ਵਸਦੇ ਜਾਪਦੇ ਸਨ। ਜਦ ਉਹ ਆਏ ਸਨ ਤੇ ਬੁੱਢੇ ਮੱਲਾਹ ਨੇ ਉਨ੍ਹਾਂ ਨੂੰ ਦੱਸਿਆ ਸੀ ਪਈ ਦਰਿਆ ਲਾਂਘਾ ਨਹੀਂ ਦੇ ਰਿਹਾ। ਪਾਣੀ ਉਤਰ ਗਿਆ ਤੇ ਉਹ ਬੇੜੀ ਦਰਿਆ ਵਿਚ ਪਾ
ਦੇਵੇਗਾ। ਆਉਣ ਵਾਲਿਆਂ ਨੇ ਮਲਾਹ ਦੀ ਗੱਲ ਸੁਣੀ-ਅਣਸੁਣੀ ਕਰ ਦਿੱਤੀ ਤੇ ਪੱਤਣ ਦੀ ਸਿਲ੍ਹੀ ਰੇਤ ਉਤੇ ਚਾਦਰਾਂ, ਕੰਬਲ, ਖੇਸ ਤੇ ਫੁਲਕਾਰੀਆਂ ਵਿਛਾ ਕੇ ਬਹਿ ਗਏ। ਇਨ੍ਹਾਂ ਦਾ ਖ਼ਿਆਲ ਸੀ ਪਈ ਦਰਿਆ ਦਾ
ਪਾਣੀ ਮਿੰਟ ਵਿਚ ਚੜ੍ਹਦਾ ਏ ਤੇ ਮਿੰਟ ਵਿਚ ਉਤਰ ਜਾਏਗਾ। ਫ਼ਿਕਰ ਵਾਲੀ ਕਿਹੜੀ ਗੱਲ ਏ… .ਪਰ ਪਾਣੀ ਉਤਰਣ ਦੀ ਬਜਾਏ ਹੌਲੀ ਹੌਲੀ ਚੜ੍ਹਦਾ ਰਿਹਾ ਤੇ ਹੁਣ ਸਾਰਿਆਂ ਨੂੰ ਏਸ ਸੋਚ ਨੇ ਘੇਰ ਲਿਆ ਪਈ ਜੇ
ਪਾਣੀ ਨਾ ਉਤਰਿਆ ਤੇ ਕੀ ਬਣੇਗਾ।

ਬੇਰਾਂ ਕੰਜਰੀ ਤੇ ਉਸਤਾਦ ਰਹਿਮੋ ਇਕ ਜੰਜ ਕਮਾ ਕੇ ਆਏ ਸਨ। ਉਨ੍ਹਾਂ ਦੇ ਬਾਕੀ ਸਾਥੀ ਇਕ ਦਿਨ ਪਹਿਲਾਂ ਦਰਿਆ ਟੱਪ ਕੇ ਅਪਣੇ ਸ਼ਹਿਰ ਚਲੇ ਗਏ ਸਨ, ਪਰ ਬੇਰਾਂ ਕੰਜਰੀ ਤੇ ਉਹਦੇ ਉਸਤਾਦ ਨੂੰ ਲਾੜ੍ਹੇ ਦੇ
ਸ਼ੌਕੀਨ ਪਿਓ ਨੇ ਇਕ ਦਿਨ ਵਾਸਤੇ ਮਹਿਮਾਨ ਰੱਖ ਲਿਆ ਸੀ। ਇਕ ਸੂਟ ਵੇਲੇ ਸਿਰ ਨਹੀਂ ਸੀ ਦਿੱਤਾ ਗਿਆ। ਇਹ ਸੂਟ ਲਾੜੇ ਦੇ ਪਿਓ ਨੇ ਬੇਰਾਂ ਦੇ ਗੀਤਾਂ ਤੇ ਨਾਚ ਤੋਂ ਖ਼ੁਸ਼ ਹੋ ਕੇ ਦਿੱਤਾ ਸੀ।
“ਵੇ ਉਸਤਾਦ, ਸੂਟ ਤੇ ਸੋਹਣਾ ਏ?” ਬੇਰਾਂ ਨੇ ਸੂਟ ਵੇਖਦਿਆਂ ਹੋਇਆਂ ਪੁੱਛਿਆ।
“ਬੀਬੀ ਤੋਂ ਪਨ੍ਹਾ ਏ।” ਉਸਤਾਦ ਰਹਿਮੋ ਨੇ ਸੁੱਕੇ ਸਕੇ ਮੂੰਹ ਨਾਲ਼ ਆਖਿਆ। “ਤੂੰ ਵੀ ਤੇ ਲੱਖਾਂ ਵਿਚੋਂ ਇਕ ਐਂ ਬੀਬੀ, ਮੈਂ ਵੇਖਦਾ ਸਾਂ, ਜਦ ਤੂੰ ਪੌਂਚੇ ਉਤਾਂਹ ਕਰਕੇ ਨੱਚਦੀ ਸੀਂ , ਮੁੰਡੇ ਦਾ ਪਿਓ ਲਿਫ਼ ਲਿਫ਼ ਕੇ ਤੈਨੂੰ
ਵੇਖਦਾ ਸੀ।”
” ਮੁੱਛਾਂ ਵੀ ਮਰੋੜਦਾ ਸੀ ਉਸਤਾਦ ।”ਬੀਬੀ ਅੱਖੀਆਂ ਨਚਾ ਕੇ ਬੋਲੀ ਤੇ ਉਸਤਾਦ ਹੱਸ ਪਿਆ ।
“ਤੂੰ ਹੁਣ ਆਪ ਸਿਆਣੀ ਐਂ।”
“ਇਹੋ ਜਿਹਿਆਂ ਬੰਦਿਆਂ ਨੂੰ ਮੁੱਛਣਾ ਬੜਾ ਸੌਖਾ ਹੁੰਦਾ ਏ। ਬੱਸ ਅੱਖ ਦੇ ਇਸ਼ਾਰੇ ‘ਤੇ ਜਾਨ ਦਿੰਦੇ ਨੇਂ।”
” ਤੇ ਨੋਟ ਵੀ।” ਉਸਤਾਦ ਨੇ ਲੁਕਮਾ ਦਿੱਤਾ।
ਦਰਿਆ ਦਾ ਹੜ੍ਹ ਪੈਰੋਂ ਪੈਰ ਅੱਗੇ ਵੱਧ ਰਿਹਾ ਸੀ। ਲੰਮੇ ਚੌੜੇ ਦਰਿਆ ਵਿਚ ਘੁੰਮਣ ਘੇਰੀਆਂ ਤੇ ਛੱਲਾਂ ਪੈ ਰਹੀਆਂ ਸਨ। ਕੱਖ ਕਾਨੇ ਤੇ ਲੰਮੇ ਲੰਮੇ ਸ਼ਹਿਤੀਰ ਦਰਿਆ ਵਿਚ ਰੁੜ੍ਹਦੇ ਜਾਂਦੇ ਸਨ। ਕਿਸਮ ਕਿਸਮ ਦੇ
ਮੱਛੀ ਖ਼ੋਰ ਜਾਨਵਰ ਉਡਦੇ ਫਿਰਦੇ ਸਨ। ਦੂਰ ਗਿਰਝਾਂ ਪਈਆਂ ਬੋਲਦੀਆਂ ਸਨ। ਖ਼ੌਰੇ ਉਨ੍ਹਾਂ ਨੂੰ ਕੋਈ ਮੁਰਦਾ ਡੰਗਰ ਲੱਭ ਗਿਆ ਸੀ। ਪੀਰ ਲਹਿਰੀ ਸ਼ਾਹ ਬਾਦਸ਼ਾਹ ਅੱਖੀਆਂ ਮੀਟ ਕੇ ਅੱਲ੍ਹਾ ਹੂ, ਅੱਲ੍ਹਾ ਹੂ ਕਰ
ਰਿਹਾ ਸੀ। ਸੂਈ ਦੇ ਨੱਕੇ ਵਿਚੋਂ ਦੀ ਨਿਕਲ ਜਾਣ ਵਾਲਾ ਮਾਚੜੂ ਜਿਹਾ ਮੂਰੀਦ ਅੱਖਾਂ ਪਾੜ ਪਾੜ ਕੇ ਹੜ੍ਹ ਵਲੇ ਵੇਖ ਰਿਹਾ ਸੀ ਤੇ ਇੱਕ ਮੋਟਾ ਬਾਲਕਾ ਪੀਰ ਜੀ ਦੀਆਂ ਲੱਤਾਂ ਘੁੱਟ ਰਿਹਾ, ਸੀ। “ਸ਼ਾਹ ਜੀ ਹੜ੍ਹ ਨੂੰ
ਰੁਕ ਜਾਣਾ ਚਾਹੀਦਾ ਏ, ਤੁਸੀਂ ਫੂਕ ਈ ਮਾਰ ਦਿਓ।” ਮਾਚੜੂ ਮੁਰੀਦ ਬੋਲਿਆ।

“ਸਾਨੂੰ ਹਾਲੀ ਹੁਕਮ ਨਹੀਂ ਹੋਇਆ ਫੂਕ ਮਾਰਣ ਦਾ। ਜਦ ਹੋਵੇਗਾ, ਫੂਕ ਮਾਰ ਕੇ ਹੜ੍ਹ ਰੋਕ ਦਿਆਂਗੇ।” ਪੀਰ ਜੀ ਉਂਝ ਡੂੰਘੀ ਆਵਾਜ਼ ਵਿਚ ਬੋਲੇ ਜਿਵੇਂ ਕੋਈ ਟੋਬ੍ਹਾ ਖੂਹ ਵਿਚ ਬੋਲ ਰਿਹਾ ਹੋਵੇ।
“ਤੇ ਫ਼ਿਰ ਦਰਿਆ ਵਿਚ ਗੋਡੇ ਗੋਡੇ ਪਾਣੀ ਹੋ ਜਾਏਗਾ, ਸ਼ਾਹ ਜੀ।?” ਮੁਰੀਦ ਨੇ ਪੁੱਛਿਆ।
“ਹਾਂ ਬਚੜਾ, ਫ਼ਿਰ ਦਰਿਆ ਲਾਂਘਾ ਦੇ ਦੇਗਾ। ਸਾਰੇ ਇਨਸਾਨ ਪਾਰ ਲੰਘ ਜਾਣਗੇ।”
“ਰੇਤ ਉਤੇ ਲੰਮੀ ਪਈ ਹੋਈ ਕੰਜਰੀ ਤੇ ਉਹਦੇ ਨਾਲ਼ ਬੁੱਢਾ ਉਸਤਾਦ ਵੀ?”
“ਹਾਂ ਉਹ ਵੀ ਪਾਰ ਲੰਘ ਜਾਣਗੇ। ਸਾਡੀ ਰਹਿਮਤ ਸਾਰਿਆਂ ਲਈ ਏ।” ਸ਼ਾਹ ਜੀ ਨੇ ਕਿਹਾ ਤੇ ਅੱਖਾਂ ਨੂਟ ਲਈਆਂ।
“ਕੁਰਬਾਨ ਸੱਚੀ ਸਰਕਾਰ ਦੇ।”ਮੁਰੀਦ ਨੇ ਕਿਹਾ ਤੇ ਲੰਮੀ ਪਈ ਕੰਜਰੀ ਵੱਲ ਗ਼ੌਰ ਨਾਲ ਤੱਕਣ ਲੱਗ ਪਿਆ।
ਛਰਾ ਚੜ੍ਹ ਗਿਆ ਸੀ ਤੇ ਉਹਦੇ ਪਾਣੀ ਦੀ ਘੂਕਰ ਦਰਿਆ ਵਿਚ ਆਏ ਹੋਏ ਹੜ੍ਹ ਦੀ ਘੂਕਰ ਨਾਲ਼ ਮਿਲ ਗਈ ਸੀ। ਛਰਾ ਦਰਿਆ ਵਿਚੋਂ ਨਿਕਲਦਾ ਸੀ ਤੇ ਦਰਿਆ ਵਿਚ ਈ ਅੱਗੇ ਜਾ ਕੇ ਪੈ ਜਾਂਦਾ ਸੀ। ਪਾਣੀ ਦੀ
ਏਸ ਛੋਟੀ ਜਿਹੀ ਨਦੀ ਵਿਚ ਸਾਰਾ ਸਾਲ ਪਾਣੀ ਨਾ ਆਉਂਦਾ। ਬੱਸ ਜਦੋਂ ਸਾਵਣ ਭਾਦਰੋਂ ਨੂੰ ਪਾਣੀ ਦੇ ਦਰਿਆ ਵਿਚ ਹੁੜੱਲ ਆ ਜਾਂਦੇ ਤੇ ਨਦੀ ਦਾ ਇਹ ਛਰਾ ਛੋਟਾ ਜਿਹਾ ਦਰਿਆ ਬਣ ਜਾਂਦਾ ਤੇ ਜੇ ਬਹੁਤ
ਜ਼ਿਆਦਾ ਹੜ੍ਹ ਆਉਂਦਾ ਤੇ ਫ਼ਿਰ ਦਰਿਆ ਤੇ ਛਰਾ ਇੱਕ-ਮਿੱਕ ਹੋ ਜਾਂਦੇ। ਛਰਾ ਅਪਣੀ ਹਸਤੀ ਗੁਆ ਕੇ ਦਰਿਆ ਵਿਚ ਮਿਲ ਜਾਂਦਾ ਤੇ ਆਲੇ-ਦੁਆਲੇ ਦੇ ਸਾਰੇ ਇਲਾਕੇ ਨੂੰ ਅਪਣੀ ਮੁੱਠੀ ਵਿਚ ਲੈ ਕੇ ਹਲੂਣ ਛਡਦਾ।
ਤਬਾਹ ਕਰ ਦਿੰਦਾ। ਮਕਾਨ ਡਿੱਗ ਪੈਂਦੇ, ਹਵੇਲੀਆਂ ਤਬਾਹ ਹੋ ਜਾਂਦੀਆਂ। ਡੰਗਰ ਰੁੜ੍ਹ ਜਾਂਦੇ ਤੇ ਲੋਕ ਦਰੱਖ਼ਤਾਂ ਉੱਤੇ ਚੜ੍ਹ ਕੇ ਅਪਣੀ ਜਾਨ ਬਚਾਉਂਦੇ। ਪਰ ਏਸ ਕਿਸਮ ਦਾ ਹੜ੍ਹ ਪੰਜ-ਛੇ ਸਾਲ ਬਾਅਦ ਆਉਂਦਾ।
ਪੰਜ-ਛੇ ਸਾਲ ਬਾਅਦ ਪਾਣੀ ਦੇ ਪਹਾੜ ਦਰਿਆ ਦੇ ਕੰਢੇ ਵਸਣ ਵਾਲੇ ਲੋਕਾਂ ਨੂੰ ਤਬਾਹ ਕਰਕੇ ਕਿਤੇ ਗੁੰਮ ਹੋ ਜਾਂਦੇ।

ਮਜ਼ਾਰਾ ਰੁਕਨੂਦੀਨ ਨੇ ਘੋੜੀ ਵੱਲ ਧਿਆਨ ਮਾਰਿਆ। ਉਹਨੇ ਦਾਣਾ ਖਾਣਾ ਛੱਡ ਦਿੱਤਾ ਸੀ ਤੇ ਕੰਨ ਚੁੱਕ ਕੇ ਛਰੇ ਤੇ ਦਰਿਆ ਦੀ ਘੂਕਰ ਸੁਣ ਰਹੀ ਸੀ।
“ਚੌਧਰੀ, ਘੋੜੀ ਨੇ ਦਾਣਾ ਖਾਣਾ ਛੱਡ ਦਿੱਤਾ ਏ ਤੇ ਮੂੰਹ ਚੁੱਕ ਕੇ ਦਰਿਆ ਵੱਲ ਪਈ ਤੱਕਦੀ ਏ।” ਰੁਕਨੂਦੀਨ ਮਜ਼ਾਰਾ ਜਾਗੋ ਮੀਟੀ ਕੁਦਰਤ ਉਲ੍ਹਾ ਨੂੰ ਹਲੂਣਦਿਆਂ ਹੋਇਆਂ ਬੋਲਿਆ।
ਚੌਧਰੀ ਕੁਦਰਤ ਉਲ੍ਹਾ ਖੇਸ ਵਿਛਾ ਕੇ ਰੇਤ ਉਤੇ ਲੰਮਾ ਪਿਆ ਹੋਇਆ ਸੀ। ਛੇਤੀ ਨਾਲ ਉਠਿਆ, ਪਗੜੀ ਦੋਵਾਂ ਹੱਥਾਂ ਨਾਲ ਠੀਕ ਕੀਤੀ ਤੇ ਆਨੇ ਪਾੜ ਕੇ ਦਰਿਆ ਵੱਲ ਵੇਖਦਿਆਂ ਹੋਇਆਂ ਬੋਲਿਆ:
ਰੁਕਨੂਦੀਨ ਭਰਾਵਾ, ਇਹ ਤੂਫ਼ਾਨੀ ਹੜ੍ਹ ਜਾਪਦਾ ਏ। ਉਠ ਛੇਤੀ ਕਰ ਵਾਪਸ ਚਲੀਏ।”
ਰੁਕਨੂਦੀਨ ਨੇ ਚੌਧਰੀ ਦੇ ਮੂੰਹੋਂ ਪਹਿਲੀ ਵਾਰ ਭਰਾ ਦਾ ਲਫ਼ਜ਼ ਸੁਣਿਆ। ਉਹਦੇ ਸੀਨੇ ਠੰਢ ਪੈ ਗਈ, ਪਰ ਉਹ ਪੁਰਾਣੀ ਤਾਬੇਦਾਰੀ ‘ਤੇ ਚਲਦਾ ਹੋਇਆ ਬੜੀ ਹਲੀਮੀ ਨਾਲ ਬੋਲਿਆ:
“ਚੌਧਰੀ ਜੀ! ਉਹਦੇ ਵਿਚੋਂ ਦੀ ਹੜ੍ਹ ਦਾ ਪਾਣੀ ਗੋਲੀ ਦੀ ਸੱਟ ਵਾਂਗਰ ਲੰਘ ਰਿਹਾ ਏ। ਕਿਸੇ ਵੀ ਇਨਸਾਨ ਹੈਵਾਨ ਦੇ ਪੈਰ ਨਹੀਂ ਜੰਮ ਸਕਦੇ।”
“ਤੂੰ ਉਠ ਤੇ ਸਹੀ, ਢੱਗੀ ਕਿਉਂ ਢਾਹ ਬੈਠਾ ਐਂ।?”ਚੌਧਰੀ ਰੁਅਬ ਵਿਚ ਆ ਗਿਆ। ਰੁਕਨੂਦੀਨ ਨੇ ਚੌਧਰੀ ਦੀ ਜੁੱਤੀ ਚੁੱਕੀ, ਸਾਫ਼ ਕੀਤੀ ਤੇ ਕੱਛ ਵਿਚ ਮਾਰ ਲਈ। ਫ਼ਿਰ ਉਹ ਲਗਾਮ ਫੜਕੇ ਛਰੇ ਵੱਲ ਹੋ ਪਿਆ ਤੇ
ਚੌਧਰੀ ਉਹਦੇ ਪਿੱਛੇ ਪਿੱਛੇ ਟੁਰ ਪਿਆ।
ਜਿਥੇ ਬੇੜੀ ਦਾ ਪੂਰ ਬੈਠਾ ਹੋਇਆ ਸੀ, ਪਾਣੀ ਅੱਗੋਂ ਪਿੱਛੋਂ ਉਥੇ ਖ਼ਰਗੋਸ਼ ਦੀ ਚਾਲ ਨਾਲ਼ ਚਲਿਆ ਆ ਰਿਹਾ ਸੀ। ਦੂਰ ਤਕ ਦਰਿਆ ਵਿਚ ਕੱਪਰਾਂ ਪੈ ਰਹੀਆਂ ਸਨ। ਛਲਾਂ ਦੀਆਂ ਪਹਾੜੀਆਂ ਚਾਰ ਚੁਫੇਰੇ ਉਸਰ
ਰਹੀਆਂ ਸਨ ਤੇ ਬੇੜੀ ਦਾ ਪੂਰ ਇਨ੍ਹਾਂ ਪਹਾੜੀਆਂ ਦੇ ਵਿਚਕਾਰ ਇੰਜ ਬੈਠਾ ਸੀ ਜਿਵੇਂ ਕਿਸੇ ਵਾਦੀ ਵਿਚ ਬੈਠਾ ਹੋਵੇ। ਪੱਤਣ ਦੀ ਜਗ੍ਹਾ ਭਾਵੇਂ ਉਚੀ ਸੀ ਪਰ ਦਰਿਆ ਤੇ ਛਰੇ ਵਿਚ ਉਠਣ ਵਾਲੀਆਂ ਲਹਿਰਾਂ, ਮੌਜਾਂ ਤੇ
ਕੱਪਰਾਂ ਦੇ ਮੁਕਾਬਲੇ ਵਿਚ ਨਿਵਾਣ ਪਈ ਜਾਪਦੀ ਸੀ। ਅਸਮਾਨੀਂ ਬੱਦਲ ਹੋਰ ਗਹਿਰੇ ਤੇ ਭਾਰੇ ਹੋ ਗਏ ਸਨ। ਮੱਛੀ ਖ਼ੋਰ ਜਨੌਰਾਂ ਦਾ ਪੁਕਾਰਾ ਹੋਰ ਵੱਧ ਗਿਆ ਸੀ ਤੇ ਬੇੜੀ ਦੇ ਪੂਰ ਦੇ ਦਿਲਾਂ ਵਿਚ ਇਹ ਸਵਾਲ
ਨੇਜ਼ੇ ਦੀ ਅੱਨੀ ਵਾਂਗਰ ਖੁੱਭ ਗਿਆ ਸੀ, ਪਈ ਉਹ ਬਚਣਗੇ ਜਾਂ ਰੁੜ੍ਹ ਜਾਵਣਗੇ।

ਬੇਰਾਂ ਕੰਜਰੀ ਨੰਗੇ ਪੈਰੀਂ ਰੇਤ ਉਤੇ ਟਹਿਲ ਰਹੀ ਸੀ। ਉਹਦੇ ਸੂਟ ਵਿਚੋਂ ਇਤਰ ਫੁਲੇਲ ਦੇ ਭਭਾਕੇ ਹਵਾ ਰਾਹੀਂ ਪੇਂਡੂ ਮੁੰਡੇ ਤੇ ਬੇੜੀ ਦੇ ਮਲਾਹ ਤਕ ਅੱਪੜ ਰਹੇ ਸਨ। ਮਲਾਹ ਤੇ ਅਪਣੀਆਂ ਨਾਸਾਂ ਇੰਜ ਚੜ੍ਹਾ ਰਿਹਾ
ਸੀ ਜਿਵੇਂ ਕੋਈ ਨਰਕ ਦੀ ਬਦਬੂ ਸੁੰਘ ਰਿਹਾ ਹੋਵੇ, ਪਰ ਪੇਂਡੂ ਜਵਾਨ ਅਪਣਾ ਲੋਟੇ ਵਰਗਾ ਮੂੰਹ ਖੋਲ੍ਹ ਕੇ ਇੰਜ ਲੰਮੇ ਲੰਮੇ ਸਾਹੀਂ ਖ਼ੁਸ਼ਬੂ ਪੀ ਰਿਹਾ ਸੀ ਜਿਵੇਂ ਮਿਠੇ ਦੁੱਧ ਦਾ ਗਿਲਾਸ ਪੀ ਰਿਹਾ ਹੋਵੇ।
“ਬੜੀ ਧੱਕੜ ਜਵਾਨ ਏ।”ਪੇਂਡੂ ਮੁੰਡੇ ਨੇ ਬੇਰਾਂ ਦਾ ਕੱਦ ਕਾਠ ਅੱਖੀਆਂ ਵਿਚ ਬਿਉਂਤ ਕੇ ਆਖਿਆ।
“ਹਰਾਮ ਦੀ ਕਮਾਈ ਉਤੇ ਪਲੀ ਹੋਈ ਏ।” ਮਲਾਹ ਨੇ ਆਖਿਆ।
“ਇਹਦੇ ਨਾਲ ਦਾ ਬੁੜ੍ਹਾ ਤੇ ਕਬਰ ਦਾ ਮੁਰਦਾ ਜਾਪਦਾ ਏ।” ਜਵਾਨ ਮੁੰਡਾ ਬੋਲਿਆ।
“ਭੰਗ, ਚਰਸ, ਅਫ਼ੀਮ ਤੇ ਦੂਜੇ ਨਸ਼ੇ ਜ਼ਿਆਦਾ ਕਰਦਾ ਹੋਵੇਗਾ। ਵੇਖੀਂ ਨਾ, ਅੱਖਾਂ ਇੰਜ ਮੀਟੀਆਂ ਹੋਈਆਂ ਨੇਂ ਜਿਵੇਂ ਕੁੱਕੜ ਨੂੰ ਮਹਿਰਕੀ ਤਾਪ ਚੜ੍ਹਿਆ ਹੋਵੇ।”
ਬੇਰਾਂ ਨੂੰ ਅਚੋਵਾਹੀ ਲੱਗੀ ਹੋਈ ਸੀ। ਉਹ ਹਿਰਨੀ ਸੀ, ਜਿਹੜੀ ਦੋ ਪਾਣੀਆਂ ਦੀ ਕੈਦ ਵਿਚ ਫਸ ਗਈ ਸੀ। ਉਹ ਸੁਬਹਾਨ ਅੱਲ੍ਹਾ ਕਹਿਣ ਵਾਲੀਆਂ ਅੱਖੀਆਂ ‘ਤੇ ਕੁਰਬਾਨ ਜਾਵਾਂ, ਬੋਲਣ ਵਾਲੇ ਹੱਥਾਂ ਤੋਂ ਦੂਰ ਪਾਣੀ
ਦੇ ਪਹਾੜਾਂ ਵਿਚ ਜਾ ਡਿੱਗੀ ਸੀ। ਉਹ ਸਮਝ ਰਹੀ ਸੀ ਉਹਦਾ ਬਚਣਾ ਮੁਹਾਲ ਏ। ਕਠੋਰ ਦਿਲ ਹੜ੍ਹ ਉਹਦੀ ਸੁੰਦਰਤਾ ਦਾ ਜਾਣੂ ਨਹੀਂ। ਇਸ ਕਠੋਰ ਦਿਲ ਲਈ ਉਹਦੇ ਨਖ਼ਰੇ ਫ਼ਜ਼ੂਲ ਨੇ।
“ਵੇ ਉਸਤਾਦ ਉਠ, ਕੀ ਸੁਸਰੀ ਵਾਂਗੂੰ ਸੌਂ ਗਿਆ ਐਂ।”
ਉਹ ਫ਼ਿਕਰਮੰਦੀ ਨਾਲ ਬੋਲੀ। ਉਸਤਾਦ ਬੇਰਾਂ ਦੀ ਫੁਲਕਾਰੀ ਉਤੇ ਮਜ਼ੇ ਨਾਲ਼ ਮੂਧਾ ਪਿਆ ਰਿਹਾ।
ਉਹਨੇ ਅੱਗੇ ਵੱਧ ਕੇ ਹਲੂਣਿਆ।”ਵੇ ਉਸਤਾਦ ਸਿਰ ਉੱਤੇ ਮੌਤ ਘੂਕ ਰਹੀ ਏ ਤੇ ਤੂੰ ਲੱਤਾਂ ਲੰਮੀਆਂ ਕਰ ਕੇ ਸੁਤਾ ਹੋਇਆ ਐਂ।”
“ਬੀਬੀ ਲੱਤਾਂ ਕੱਠੀਆਂ ਕਰ ਕੇ ਸੌਂ ਜਾਨਾਂ”
“ਉਠ, ਨਹੀਂ ਤੇ ਦੋ ਹਥੜ ਮਾਰਾਂਗੀ ਆਹੋ।”ਬੇਰਾਂ ਨੇ ਉਸਤਾਦ ਨੂੰ ਹੋਰ ਹਲੂਣਿਆ।
“ਦੋ ਹਥੜ ਨਾ ਮਾਰੀਂ ਬੀਬੀ, ਫੁੱਲਾਂ ਵਰਗੀਆਂ ਨਾਜ਼ੁਕ ਉਂਗਲੀਆਂ ਮਚਕੋੜੀਆਂ ਜਾਣਗੀਆਂ।”
ਗੁੱਸੇ ਵਿਚ ਆ ਕੇ ਬੇਰਾਂ ਫੁਲਕਾਰੀ ਉਤੇ ਬਹਿ ਗਈ ਤੇ ਰੇਸ਼ਮੀ ਸਲਵਾਰ ਦਾ ਪੌਂਹਚਾ ਉਤਾਂਹ ਚੁੱਕ ਕੇ ਪਿੰਨੀ ਖੁਰਕਣ ਲੱਗ ਪਈ।
ਪੀਰ ਲਹਿਰੀ ਸ਼ਾਹਬਾਦ ਸ਼ਾਹ ਦੇ ਡੇਰੇ ਵਿਚ ਇੱਕ ਦਮ ਖਲਬਲੀ ਮੱਚ ਗਈ। ਉਹਦੇ ਮੁਰੀਦ ਤੇ ਬਾਲਕੇ ਰੌਲਾ ਤੇ ਖੱਪ ਪਾਉਂਦੇ ਪਛੋੜੇ ਨੱਸ ਪਏ। ਮਾਚੜੂ ਮੁਰੀਦ ਤੇ ਮੋਟੇ ਬਾਲਕੇ ਨੇ ਕੁਰਲਾਵਾ ਪਾ ਦਿੱਤਾ।
“ਸੱਪ-ਓ–, ਸੱਪ ਓਏ।”

ਮਲਾਹ ਅਪਣਾ ਡੰਡਾ ਲੈ ਕੇ ਦੌੜਿਆ। ਉਹਦੇ ਨਾਲ ਪੇਂਡੂ ਮੁੰਡਾ ਵੀ ਨੱਸਿਆ। ਇਨ੍ਹਾਂ ਵੇਖਿਆ ਸੱਪ ਮੁੰਡੀ ਚੁੱਕ ਕੇ ਖਲੋਤਾ ਹੋਇਆ ਏ। ਅੱਖੀਆਂ ਤਾੜੇ ਲੱਗੀਆਂ ਹੋਈਆਂ ਨੇ। ਮਲਾਹ ਨੇ ਡੰਡੇ ਦੇ ਇੱਕੋ ਵਾਰ ਨਾਲ ਉਸ
ਨੂੰ ਲੰਮਾ ਪਾ ਦਿੱਤਾ।
“ਬੜਾ ਜ਼ਹਿਰੀ ਸੱਪ ਸੀ।”ਪੀਰ ਜੀ ਬੋਲੇ।
“ਨਹੀਂ ਜੀ ਮਿੱਠਾ ਸੱਪ ਸੀ ਪਾਣੀ ਦਾ। ਇਹ ਇਕੱਲ ਤੇ ਲੜਦਾ ਨਹੀਂ। ਪਰ ਜੇ ਲੜੇ ਤੇ ਇਹਦਾ ਅਸਰ ਕੋਈ ਨਹੀਂ ਹੁੰਦਾ।
“ਇਹ ਜ਼ਹਿਰੀ ਸੱਪ ਨਹੀਂਂ ਸੀ।” ਮਲਾਹ ਨੇ ਸੱਪ ਨੂੰ ਡੰਡੇ ‘ਤੇ ਲਮਕਾਇਆ ਤੇ ਪਰ੍ਹਾਂ ਪਾਣੀ ਵਿਚ ਸੁੱਟ ਦਿੱਤਾ।
ਪੀਰ ਜੀ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਪਈ ਮਲਾਹ ਨੇ ਇਹ ਕਹਿ ਕੇ ਉਹਦੀ ਬੇਇੱਜ਼ਤੀ ਕੀਤੀ ਏ ਪਈ ਸੱਪ ਜ਼ਹਿਰੀ ਨਹੀਂ ਸੀ।
ਮਾੜਚੂ ਮੁਰੀਦ ਬੋਲਿਆ। “ਏਸ ਮਲਾਹ ਨੂੰ ਕੀ ਪਤਾ ਪਈ ਜ਼ਹਿਰੀ ਸੱਪ ਕੀ ਹੁੰਦਾ ਏ?”
ਸਾਰੇ ਬਾਲਕੇ ਤੇ ਮੁਰੀਦ ਬੋਲੇ।” ਆਹੋ ਏਸ ਬੁੜ੍ਹੇ ਨੂੰ ਕੀ ਪਤਾ।?” ਪੀਰ ਜੀ ਘਰੋਂ ਸਾਲਾਨਾ ਦੌਰੇ ‘ਤੇ ਨਿਕਲੇ ਸਨ। ਉਹ ਹਰ ਸਾਲ ਅਪਣੇ ਮੁਰੀਦਾਂ ਦੇ ਘਰੀਂ ਜਾਂਦੇ ਸਨ। ਨਿਆਜ਼ਾਂ ਵਸੂਲ ਕਰਦੇ ਤੇ ਤਾਵੀਜ਼ ਧਾਗੇ
ਦਿੰਦੇ ਸਨ। ਨਜ਼ਰ ਨਿਆਜ਼ਾਂ ਦੇ ਛੇ ਸੱਤ ਹਜ਼ਾਰ ਰੁਪਏ ਕਾਬੂ ਕਰਨ ਦੇ ਬਾਦ ਉਹ ਅਪਣੇ ਗਰਾਂ ਆਉਂਦੇ ਸਨ ਤੇ ਮੇਲਾ ਲੁਵਾਂਦੇ ਸਨ, ਜਿਹਦੇ ਵਿਚ ਕੰਜਰੀਆਂ, ਨਾਚੇ, ਭੰਡ, ਭਗਤੀਏ ਤੇ ਰਾਸ ਧਾਰੀਏ ਅਪਣੇ ਫ਼ਨ
ਦਾ ਮੁਜਾਹਰਾ ਕਰਕੇ, ਲੋਕਾਂ ਦੇ ਖੀਸੇ ਖਾਲੀ ਕਰਦੇ ਸਨ। ਮੇਲੇ ‘ਤੇ ਫ਼ਸਾਦ ਵੀ ਹੁੰਦਾ ਸੀ ਤੇ ਚੋਰੀ ਚਕਾਰੀ ਤੇ ਅਗ਼ਵਾ ਦੀਆਂ ਵਾਰਦਾਤਾਂ ਜਿੰਨੀਆਂ ਜ਼ਿਆਦਾ ਹੁੰਦੀਆਂ ਸਨ, ਮੇਲੇ ਤੇ ਪੀਰ ਦੀ ਓਨੀ ਜ਼ਿਆਦਾ
ਮਸ਼ਹੂਰੀ ਹੁੰਦੀ ਸੀ। ਸ਼ਾਹ ਜੀ ਦਾ ਓਨਾ ਜ਼ਿਆਦਾ ਜੀ ਖ਼ੁਸ਼ ਹੁੰਦਾ ਸੀ।
ਸ਼ਾਹ ਜੀ ਨਮਾਜ਼, ਰੋਜ਼ਾ, ਹੱਜ, ਜ਼ਕਾਵਤ ਦੇ ਕਾਇਲ ਨਹੀਂ ਸਨ। ਉਹ ਕਹਿੰਦੇ ਸਨ, ਉਹ ਸ਼ਰੀਅਤ ਤੋਂ ਉਚੇ ਨੇ। ਉਹ ਤਰੀਕਤ ਤੇ ਮਾਰਫ਼ਤ (ਦੋ ਇਸਲਾਮੀ ਨਜ਼ਰੀਏ) ਉਤੇ ਚਲਦੇ ਨੇ। ਅਸਲ ਗੱਲ ਇਹ ਸੀ ਪਈ
ਸ਼ਾਹ ਜੀ ਨੂੰ ਨਾ ਸ਼ਰੀਅਤ ਦਾ ਪਤਾ ਸੀ ਨਾ ਤਰੀਕਤ ਦਾ ਤੇ ਨਾ ਈ ਮਾਰਫ਼ਤ ਦਾ। ਤਾਲੀਮੀ ਇਤਬਾਰ ਨਾਲ ਉਹ ਦੂਜੀ ਜਮਾਤ ਪਾਸ ਸਨ। ਉਨ੍ਹਾਂ ਅਕੜ ਬਕੜ ਕਿਸਮ ਦੀਆਂ ਚੀਜ਼ਾਂ ਯਾਦ ਕੀਤੀਆਂ ਹੋਈਆਂ
ਸਨ। ਜਿਨ੍ਹਾਂ ਨੂੰ ਉਹ ਤਾਪ ਤੋਂ ਲੈ ਕੇ ਜਾਦੂ ਟੂਣੇ ਤਕ ਵਰਤਦੇ ਸਨ। ਜੇ ਕਿਸੇ ਮੁਰੀਦ ਦੀ ਤੀਵੀਂ ਨੱਸ ਜਾਂਦੀ ਤੇ ਮੁਰੀਦ ਦੇ ਡੌਲੇ ਨਾਲ ਤਾਵੀਜ਼ ਬਝ ਜਾਂਦਾ ਪਈ ਤਾਵੀਜ਼ ਦੇ ਜ਼ੋਰ ਨਾਲ ਜਨਾਨੀ ਮੁੜ ਆਵੇਗੀ। ਪਰ
ਨੱਸੀ ਹੋਈ ਜਨਾਨੀ ਤਾਵੀਜ਼ ਦੇ ਜ਼ੋਰ ਨਾਲ਼ ਕਦੀ ਨਹੀਂ ਮੁੜਦੀ।
ਸ਼ਾਹ ਜੀ ਨੇ ਮਲਾਹ ਨੂੰ ਬੁਲਾਇਆ ਤੇ ਪੁੱਛਿਆ:
“ਹੁਣ ਕੀ ਬਣੇਗਾ?”
“ਬਣਨਾ ਕੀ ਏ?”ਉਹ ਬੋਲਿਆ।”ਮਲੂਮ ਤੇ ਇਹੋ ਹੁੰਦਾ ਏ ਪਈ ਪਾਣੀ ਸਾਡੇ ਸਿਰਾਂ ਤੋਂ ਵੀ ਲੰਘ ਜਾਏਗਾ।”

“ਭੈੜੇ ਬੋਲ ਮੂੰਹੋਂ ਨਹੀਂ ਕੱਢੀਦੇ।” ਸ਼ਾਹ ਜੀ ਜਲਾਲ ਵਿਚ ਆ ਗਏ। ਉਨ੍ਹਾਂ ਦੀ ਭੁੱਬ ਬੇਰਾਂ ਕੰਜਰੀ, ਉਸਤਾਦ ਰਹਿਮੋ, ਮਜ਼ਾਰਾ ਰੁਕਨੂਦੀਨ, ਜ਼ਿਮੀਂਦਾਰ ਕੁਦਰਤ ਉਲ੍ਹਾ ਤੇ ਪੇਂਡੂ ਮੁੰਡੇ ਨੇ ਸੁਣੀ ਤੇ ਸ਼ਾਹ ਜੀ ਦੇ ਕੋਲ ਆ
ਗਏ। ਸ਼ਾਹ ਜੀ ਉਨ੍ਹਾਂ ਨੂੰ, ਵੇਖ ਕੇ ਹੋਰ ਗੁੱਸੇ ਵਿਚ ਆਇਆ ਤੇ ਬੋਲਿਆ:
“ਜੇ ਅਸੀਂ ਚਾਹੀਏ ਤੇ ਸਾਰਾ ਦਰਿਆ ਖ਼ੁਸ਼ਕ ਕਰ ਦਈਏ।”
“ਇਹ ਹੋ ਜਾਏ ਤੇ ਹੋਰ ਕੀ ਚਾਹੀਦਾ ਏ, ਮਾਰੋ ਫੂਕ।”
“ਪਰ ਸਾਨੂੰ ਹੁਕਮ ਨਹੀਂ ਹੈਗਾ।”
ਬੇਰਾਂ ਅੱਕੀ ਹੋਈ ਬੋਲੀ।”ਬਕਵਾਸ ਏ।”
ਸ਼ਾਹ ਜੀ ਹੋਰ ਗੁੱਸੇ ਤੇ ਜਲਾਲ ਵਿਚ ਆ ਗਏ ਤੇ ਗੱਜੇ।
“ਨਾਪਾਕ ਵਜੂਦ ਵਾਲੀ ਔਰਤ ਸਾਡੇ ਬੋਲਾਂ ਬਚਨਾਂ ਨੂੰ ਬਕਵਾਸ ਕਹਿਨੀ ਐਂ?”
ਕੰਜਰੀ ਗੁੱਸੇ ਵਿਚ ਆ ਗਈ। ਔਖੀ ਹੋ ਕੇ ਬੋਲੀ।
“ਝੂਠਿਆ ਪੀਰਾ ਮੂੰਹ ਸੰਭਾਲ ਕੇ ਗੱਲ ਕਰ। ਤੇਰੇ ਵਰਗੇ ਪਾਕ ਸਾਫ਼ ਮੇਰੇ ਪਿੱਛੇ ਪਿੱਛੇ ਫਿਰਦੇ ਨੇ।”
ਸ਼ਾਹ ਜੀ ਨੇ ਅਪਣੇ ਮੁਰੀਦਾਂ ਬਾਲਕਿਆਂ ਨੂੰ ਇਸ਼ਾਰਾ ਕੀਤਾ। ਉਹ ਕੁਦ ਕੇ ਬੇਰਾਂ ਵੱਲ ਵਧੇ, ਪਰ ਮਲਾਹ ਤੇ ਪੇਂਡੂ ਮੁੰਡੇ, ਰੁਕਨੂਦੀਨ ਤੇ ਕੁਦਰਤ ਉਲ੍ਹਾ ਨੇ ਰੋਕ ਲਏ। ਉਸਤਾਦ ਰਹੀਮੂ ਨੇ ਸਾਰੰਗੀ ਦਾ ਗਜ਼, ਮਾੜਚੂ
ਮੁਰੀਦ ਦੇ ਸਿਰ ਵਿਚ ਮਾਰਿਆ। ਉਹ ਤੜਫ਼ ਕੇ ਪਿੱਛੇ ਹਟਿਆ ਤੇ ਉਸਤਾਦ ਨੂੰ ਬਦ-ਦੁਆ ਦੇਣ ਲੱਗ ਪਿਆ। ਚੌਧਰੀ ਕੁਦਰਤ ਉਲ੍ਹਾ ਬੇਰਾਂ ਨੂੰ ਸਮਝਾ ਕੇ ਪੀਰ ਤੋਂ ਪਰ੍ਹਾਂ ਲੈ ਗਿਆ।
ਹੁਣ ਹੜ੍ਹ ਦੇ ਪਾਣੀ ਕੋਲੋਂ ਕਨਾਲ ਕੂ ਰੇਤ ਬਚੀ ਹੋਈ ਸੀ। ਪਾਣੀ ਬਰਾਬਰ ਉਧਰ ਈ ਵੱਧ ਰਿਹਾ ਸੀ। ਛਰੇ ਦੀ ਕੋਈ ਜਗ੍ਹਾ ਨਹੀਂ ਸੀ ਨਜ਼ਰ ਆਉਂਦੀ। ਗਿਰਜਾਂ, ਬਗਲੇ, ਟੱਟੂ ਲਹੀਆਂ ਤੇ ਦੂਜੇ ਜਨੌਰ ਮਚਰਾਂ,
ਫਡਰਾਂ, ਡੱਡੀਆਂ ਤੇ ਦੂਜਾ ਮੁਰਦਾਰ ਖਾ ਰਹੇ ਸਨ ਤੇ ਚੀਕਾਂ ਮਾਰ ਰਹੇ ਸਨ। ਸਾਰੇ ਮੁਸਾਫ਼ਰ ਸੋਚ ਰਹੇ ਸਨ ਪਈ ਪਾਣੀ ਦੀ ਲਹਿਰ ਆਈ ਕਿ ਆਈ ਤੇ ਉਹ ਰੁੜ੍ਹੇ ਕਿ ਰੁੜ੍ਹੇ।
ਜੀ ਭਿਆਣਾ ਹੋ ਕੇ ਚੌਧਰੀ ਕੁਦਰਤ ਉਲ੍ਹਾ ਨੇ ਮਲਾਹ ਨੂੰ ਪੁੱਛਿਆ ਪਈ ਉਹਦੀ ਬੇੜੀ ਕਿਸੇ ਕੰਮ ਨਹੀਂ ਆ ਸਕਦੀ?
ਮਲਾਹ ਬੋਲਿਆ।” ਚੜ੍ਹਦੇ ਦਰਿਆ ਵਿਚ ਬੇੜੀ ਪਾਵਣਾ ਕੰਮ ਅਕਲਾਂ ਦਾ ਕੰਮ ਏ।” “ਨਹੀਂ ਚੜ੍ਹਦੇ ਦਰਿਆ ਵਿਚ ਬੇੜੀ ਪਾਵਣਾ ਬਹਾਦੁਰਾਂ ਤੇ ਦਲੇਰਾਂ ਦਾ ਕੰਮ ਏ, ਕੰਮ ਅਕਲਾਂ ਦਾ ਨਹੀਂ।” ਰੁਕਨੂਦੀਨ ਬੋਲਿਆ।
“ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਸੁੱਕੇ ‘ਤੇ ਲਾਹ ਦੇ । ਮੈਂ ਤੈਨੂੰ ਪੰਜਾਹ ਰੁਪਏ ਦਿਆਂਗਾ।” ਚੌਧਰੀ ਕੁਦਰਤ ਉਲ੍ਹਾ ਬੋਲਿਆ।

“ਤੁਸੀਂ ਚੌਧਰੀ ਜੀ ਮੈਨੂੰ ਇਕ ਸੌ ਰੁਪਈਆ ਦੇ ਦਿਓ ਤਾਂ ਵੀ ਮੈਂ ਬੇੜੀ ਦਰਿਆ ਵਿਚ ਨਾ ਪਾਵਾਂ।”
“ਚੱਲ ਮੈਂ ਤੈਨੂੰ ਇਕ ਸੌ ਰੁਪਈਆ ਦੇਨਾਂ ਵਾਂ ਮੈਨੂੰ ਪਾਰ ਲੰਘਾ ਦੇ।” ਚੌਧਰੀ ਨੇ ਹਿੰਮਤ ਕਰਦਿਆਂ ਹੋਇਆਂ ਆਖਿਆ।
“ਤੇ ਮੈਂ ਚੌਧਰੀ ਜੀ?”ਮਜ਼ਾਰਾ ਪੁੱਛਿਆ।
“ਤੇਰਾ ਕੀ ਏ , ਤੂੰ ਤਰ ਕੇ ਪਾਰ ਲੰਘ ਜਾਵੇਂਗਾ।” ਚੌਧਰੀ ਨੇ ਲਾ-ਪਰਵਾਹੀ ਨਾਲ ਆਖਿਆ।
“ਤੇ ਮੈਂ ਜੇ ਤੱਰਦਿਆਂ ਹੋਇਆਂ ਮਰ ਗਿਆ ਤੇ ਫੇਰ?” ਰੁਕਨੂਦੀਨ ਨੇ ਪੁੱਛਿਆ। “ਮੈਂ ਤੇਰੀ ਘਰਵਾਲੀ ਤੇ ਨਿਆਣਿਆਂ ਨੂੰ ਭੁੱਖਾ ਨਹੀਂ ਮਰਨ ਦਿੰਦਾ, ਬਹੁਤ ਜ਼ਮੀਨ ਏ ਮੇਰੀ।”
ਮਲਾਹ ਨੇ ਸੌ ਰੁਪਈਆ ਲੈ ਕੇ ਚੌਧਰੀ ਕੁਦਰਤ ਉਲ੍ਹਾ ਨੂੰ ਬੇੜੀ ਵਿਚ ਬਿਠਾਇਆ ਤੇ ਰੁਕਨੂਦੀਨ ਤੇ ਪੇਂਡੂ ਮੁੰਡੇ ਨੂੰ ਬੇੜੀ ਦਾ ਰੱਸਾ ਫੜਾ ਕੇ ਆਖਿਆ ਪਈ ਧਰੂ ਕੇ ਛਰੇ ਵਾਲੇ ਪਾਸੇ ਲੈ ਚਲੋ। ਉਹ ਆਪ ਵੰਝ ਫੜ ਕੇ
ਬੇੜੀ ਵਿਚ ਖਲੋ ਗਿਆ। ਜਦ ਬੇਰਾਂ ਕੰਜਰੀ, ਉਸਤਾਦ ਰਹਿਮੂ, ਪੀਰ ਲਹਿਰੀ ਸ਼ਾਹ ਬਾਦਸ਼ਾਹ ਤੇ ਉਹਦੇ ਮੁਰੀਦਾਂ ਤੇ ਬਾਲਕਿਆਂ ਇਹ ਕੁੱਝ ਵੇਖਿਆ ਤੇ ਉਹ ਵੀ ਬੇੜੀ ਵੱਲ ਨੱਸੇ। ਪੀਰ ਜੀ, ਬੇੜੀ ਤਕ ਨੱਸਣ
ਦੌਰਾਨ ਤਿੰਨ ਵਾਰੀ ਤੇ ਬੇਰਾਂ ਕੰਜਰੀ ਦੋ ਵਾਰੀ ਡਿੱਗੇ। ਪਰ ਜਦ ਉਹ ਬੇੜੀ ਦੇ ਨੇੜੇ ਪਹੁੰਚੇ ਤੇ ਮਲਾਹ ਵੰਝ ਸਿਰੋਂ ਉਤਾਂਹ ਚੁੱਕ ਕੇ ਉਨ੍ਹਾਂ ਨੂੰ ਉਗਰਦਿਆਂ ਹੋਇਆਂ ਆਖਿਆ।
“ਫ਼ੀ ਸਵਾਰੀ ਸੌ ਰੁਪਈਆ, ਜੇ ਮਨਜ਼ੂਰ ਏ ਤੇ ਬਹਿ ਜਾਓ, ਨਹੀਂ ਤੇ ਪੈਰਾਂ ‘ਤੇ ਖਲੋਤੇ ਰਹਵੋ।”
ਸ਼ਾਹ ਜੀ ਨੇ ਡੱਬ ਵਿਚੋਂ ਸੌ ਦਾ ਨੋਟ ਕੱਢਿਆ ਤੇ ਬੋਲਿਆ
ਲੈ ਭਈ ਮਲਾਹਾ ਸੌ ਰੁਪਈਆ, ਮੈਨੂੰ ਬਹਿਣ ਦੇ ਬੇੜੀ ਵਿਚ।”
ਜਦ ਉਹਨੇ ਪੈਰ ਪੁੱਟਿਆ ਤੇ ਉਹਦੇ ਸਾਰੇ ਮੁਰੀਦ ਤੇ ਬਾਲਕੇ ਜਿਹੜੇ ਗਿਣਤੀ ਵਿਚ ਨੌ ਸਨ, ਉਹਨੂੰ ਚਿੰਬੜ ਗਏ ਤੇ ਲੱਗੇ ਰੌਲ਼ਾ ਪਾਣ:
“ਮੈਨੂੰ ਵੀ ਲੈ ਚੱਲ, ਮੈਨੂੰ ਵੀ ਲੈ ਚੱਲ ਸ਼ਾਹ ਜੀ ਬਾਦਸ਼ਾਹ।

ਮੋਟੇ ਬਾਲਕੇ ਨੇ ਹੱਥ ਮਾਰ ਕੇ ਪੀਰ ਦੀ ਡੱਬ ਵਿਚੋਂ ਸਾਰੇ ਨੋਟ ਕੱਢੇ, ਨੌ ਗਿਣਕੇ ਮਲਾਹ ਨੂੰ ਦਿੱਤੇ ਤੇ ਬਾਕੀ ਅਪਣੇ ਲੰਮੇ ਚੋਗ਼ੇ ਦੀ ਜੇਬ ਵਿਚ ਪਾ ਲਏ। ਪੀਰ ਮੁਰੀਦਾਂ ਤੇ ਬਾਲਕਿਆਂ ਨੂੰ ਗਾਲੀਆਂ ਦਿੰਦਾ ਬੇੜੀ ਵਿਚ
ਬਹਿ ਗਿਆ ਤੇ ਉਹਦੇ ਨਾਲ਼ ਉਹਦੇ ਸੰਗੀ ਸਾਥੀ ਵੀ।
ਜਿਸ ਵੇਲੇ ਬੇਰਾਂ ਨੇ ਦੋ ਸੌ ਰੁਪਏ ਮਲਾਹ ਨੂੰ ਫੜਾਏ ਤੇ ਪੀਰ ਲਹਿਰੀ ਸ਼ਾਹ ਉਚੀ ਆਵਾਜ਼ ਨਾਲ਼ ਬੋਲਿਆ:
“ਬੁਢਿਆ! ਏਸ ਨਾਪਾਕ ਔਰਤ ਨੂੰ ਬੇੜੀ ਵਿਚ ਨਾ ਬਿਠਾ। ਬੇੜੀ ਇਹਦੇ ਵਜੂਦ ਨਾਲ਼ ਗ਼ਰਕ ਹੋ ਜਾਵੇਗੀ।”
ਮਲਾਹ ਬੋਲਿਆ। “ਪਾਕ ਨਾਪਾਕ ਦਾ ਫ਼ੈਸਲਾ ਅੱਲ੍ਹਾ ਦੇ ਹੱਥ ਏ ਸ਼ਾਹ ਜੀ।” ਇਹ ਕਹਿ ਕੇ ਉਸ ਪੇਂਡੂ ਜਵਾਨ ਤੇ ਰੁਕਨੂਦੀਨ ਮੁਜ਼ਾਰੇ ਨੂੰ ਇਸ਼ਾਰਾ ਕੀਤਾ। ਉਹ ਝਟਪਟ ਪਾਣੀ ਵਿਚੋਂ ਦੀ ਬੇੜੀ ਧਰੂ ਕੇ ਛਰੇ ਵੱਲ ਲੈ
ਟੁਰੇ।
ਜਿਥੇ ਪਹਿਲੇ ਮੁਸਾਫ਼ਰ ਖਲੋਤੇ ਸਨ, ਦੋ ਮਿੰਟਾਂ ਵਿਚ ਉਥੇ ਵੀ ਹੜ੍ਹ ਦਾ ਪਾਣੀ ਚੜ੍ਹ ਆਇਆ। ਛਰੇ ਵਿਚ ਪਾਣੀ ਬਹੁਤ ਤੇਜ਼ ਸੀ ਤੇ ਉਚੀਆਂ-ਉਚੀਆਂ ਛੱਲਾਂ ਪੈ ਰਹੀਆਂ ਸਨ। ਮਲਾਹ ਦੇ ਇਸ਼ਾਰੇ ਅਤੇ ਪੇਂਡੂ ਜਵਾਨ
ਤੇ ਰੁਕਨੂਦੀਨ ਛਾਲਾਂ ਮਾਰ ਕੇ ਬੇੜੀ ਵਿਚ ਬਹਿ ਗਏ ਤੇ ਮਲਾਹ ਵੰਝ ਦੇ ਆਸਰੇ ਬੇੜੀ ਪਾਣੀ ਵਿਚ ਲੈ ਟੁਰਿਆ। ਉਹ ਬੇੜੀ ਲੈ ਕੇ ਹਾਲੀ ਥੋੜ੍ਹੀ ਦੂਰ ਈ ਗਿਆ ਸੀ ਕਿ ਪਾਣੀ ਦੀ ਛੱਲ ਬੇੜੀ ਨਾਲ਼ ਵੱਜੀ ਤੇ ਸਾਰਾ
ਪੂਰ ਨਹਾਤਾ ਗਿਆ। ਬੇਰਾਂ ਦੇ ਰੇਸ਼ਮੀ ਕੱਪੜੇ ਜਿਸਮ ਨਾਲ ਚਿਪਕ ਗਏ ਤੇ ਉਹਦਾ ਸੋਨੇ ਵਰਗਾ ਸਰੀਰ ਸਾਰਿਆਂ ਦੀਆਂ ਅੱਖੀਆਂ ਵਿਚ ਖੁੱਭ ਗਿਆ। ਮਲਾਹ ਘਬਰਾ ਕੇ ਬੋਲਿਆ: ” ਅੱਲ੍ਹਾ ਨੂੰ ਯਾਦ ਕਰੋ ਅੱਲ੍ਹਾ
ਨੂੰ, ਉਹੋ ਬੇੜੀ ਬੰਨ੍ਹੇ ਲਾਵਣ ਵਾਲਾ ਏ।” ਚੌਧਰੀ ਨੇ ਅਪਣਾ ਖੇਸ ਚੁੱਕਿਆ ਤੇ ਬੇਰਾਂ ਦੇ ਆਲੇ ਦੁਆਲੇ ਲਪੇਟ ਦਿੱਤਾ।
ਵੰਝ ਬੇਫ਼ਾਇਦਾ ਹੋ ਗਿਆ ਸੀ ਤੇ ਬੇੜੀ ਡੱਕੋ-ਡੋਲੇ ਖਾਂਦੀ ਪਾਣੀ ਵਿਚੋਂ ਦੀ ਸ਼ੂਟ ਨੱਸੀ ਜਾਂਦੀ ਸੀ। ਪੀਰ ਤੇ ਪੀਰ ਦੇ ਬਾਲਕੇ ਤੇ ਮੁਰੀਦ ਉਚੀ-ਉਚੀ ਰੋ ਰਹੇ ਸਨ। ਤਰਕਾਲਾਂਂ ਦੇ ਹਨੇਰੇ ਉਨ੍ਹਾਂ ਦਾ ਰੌਣਾ ਬੜਾ
ਖ਼ੌਫ਼ਨਾਕ ਜਾਪਦਾ ਸੀ।

ਦੂਜੇ ਦਿਨ ਸਵੇਰੇ ਦਰਿਆ ਦੇ ਲਾਗੇ ਸ਼ਾਗੇ ਦੇ ਪਿੰਡਾਂ ਵਿਚ ਇਹ ਖ਼ਬਰ ਪਹੁੰਚੀ ਪਈ ਰਾਤ ਛਰੇ ਵਿਚ ਇਕ ਬੇੜੀ ਮੂਧੀ ਹੋਈ ਏ। ਬਾਕੀ ਸਾਰੇ ਬਚ ਗਏ ਨੇ, ਪਰ ਜ਼ਵਾਲ ਦਾ ਪੀਰ, ਸਿਆਲਕੋਟ ਦੀ ਕੰਜਰੀ ਤੇ
ਰਹਿਮਤ ਪੁਰ ਦਾ ਚੌਧਰੀ ਡੁੱਬ ਕੇ ਮਰ ਗਏ ਨੇ। ਚੌਧਰੀ ਦੀ ਲਾਸ਼ ਤੇ ਲਾਪਤਾ ਏ ਪਰ ਪੀਰ ਤੇ ਕੰਜਰੀ ਦੀਆਂ ਲਾਸ਼ਾਂ ਮਿਲ ਗਈਆਂ ਨੇ। ਉਨ੍ਹਾਂ ਦੀਆਂ ਲਾਸ਼ਾਂ ਕਮਾਦ ਵਿਚ ਲੁਕੀਆਂ ਹੋਈਆਂ ਸਨ ਤੇ ਦੋਹਾਂ ਨੇ ਜੱਫੀ
ਪਾਈ ਹੋਈ ਸੀ।

Leave a Reply

Your email address will not be published. Required fields are marked *