ਪਤਨੀਆਂ ਨੂੰ ਸਮਝਣਾ ਹੋਇਆ ਸੋਖਾ, ਜਾਪਾਨ ਨੇ ਲਾਂਚ ਕੀਤੀ ਐਪ

ਟੋਕੀਓ— ਲੋਕਾਂ ਦੀ ਸਹੂਲਤ ਲਈ ਕੰਪਨੀਆਂ ਰੋਜ਼ਾਨਾ ਕੋਈ ਨਾ ਕੋਈ ਐਪ ਲਾਂਚ ਕਰਦੀਆਂ ਰਹਿੰਦੀਆਂ ਹਨ। ਹਾਲ ਹੀ ਵਿਚ ਜਾਪਾਨ ਦੀ ਇਕ ਕੰਪਨੀ ਨੇ ਪਤਨੀਆਂ ਦਾ ਵਿਵਹਾਰ ਜਾਨਣ ਲਈ ਇਕ ਐਪ ਬਣਾਇਆ ਹੈ। ਜਾਪਾਨ ਦੀ ਮਿਠਾਈ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਇਜ਼ਾਕੀ ਗਿਲਕੋ ਨੇ ਹਾਲ ਹੀ ਵਿਚ ‘ਕੋਪੇ’ ਨਾਮ ਦਾ ਇਕ ਐਪ ਲਾਂਚ ਕੀਤਾ। ਇਸ ਐਪ ਦਾ ਉਦੇਸ਼ ਛੋਟੇ ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਮਾਤਾ-ਪਿਤਾ ਦੋਹਾਂ ਦੀ ਹਿੱਸੇਦਾਰੀ ਵਧਾਉਣਾ ਸੀ। ਪਰ ਐਪ ਦੇ ਪ੍ਰਮੋਸ਼ਨ ਲਈ ਬਣਾਈ ਗਈ ਵੈਬਸਾਈਟ ‘ਤੇ ਪੁਰਸ਼ਾਂ ਨੂੰ ਅਜਿਹੀ ਸਲਾਹ ਦਿੱਤੀ ਗਈ, ਜਿਸ ਨਾਲ ਲੋਕਾਂ ਨੂੰ ਲੱਗਾ ਕਿ ਇਹ ਕੰਪਨੀ ਮਹਿਲਾ ਵਿਰੋਧੀ ਹੈ।
ਇਸ ਐਪ ਸਬੰਧੀ ਘਰਾਂ ਵਿਚਾਲੇ ਪਤੀ-ਪਤਨੀ ਵਿਚ ਵੀ ਬਹਿਸ ਹੋਣ ਲੱਗੀ। ਅਸਲ ਵਿਚ ਕੰਪਨੀ ਨੇ ਵੈਬਸਾਈਟ ‘ਤੇ ਤਰਕ ਦਿੱਤਾ,”ਮਹਿਲਾ ਅਤੇ ਪੁਰਸ਼ਾਂ ਵਿਚ ਕਹਾ-ਸੁਣੀ ਇਸ ਲਈ ਹੁੰਦੀ ਹੈ ਕਿਉਂਕਿ ਬਣਾਵਟ, ਸਰਕਿਟ ਅਤੇ ਸਿਗਲਨ ਦੇ ਲਿਹਾਜ ਨਾਲ ਉਨ੍ਹਾਂ ਦੇ ਦਿਮਾਗ ਵੱਖਰੇ ਹੁੰਦੇ ਹਨ। ਮਹਿਲਾ ਅਤੇ ਪੁਰਸ਼ ਨੂੰ ਭਾਵੇਂ ਇਕੋ ਜਿਹੀਆਂ ਸੂਚਨਾਵਾਂ ਮਿਲਣ ਪਰ ਉਨ੍ਹਾਂ ‘ਤੇ ਪ੍ਰਤੀਕਿਰਿਆ ਵੱਖ-ਵੱਖ ਹੁੰਦੀ ਹੈ।” ਵਿਵਾਦ ਵੱਧਦਾ ਦੇਖ ਕੇ ਕੰਪਨੀ ਨੇ ਵੈਬਸਾਈਟ ‘ਤੇ ਦਿੱਤੇ ਗਏ ਸੁਝਾਅ ਨੂੰ ਨਾ ਸਿਰਫ ਹਟਾਇਆ ਸਗੋਂ ਇਹ ਕਹਿ ਕੇ ਮੁਆਫੀ ਵੀ ਮੰਗੀ ਕਿ ਅਸੀਂ ਆਪਣੇ ਗਾਹਕਾਂ ਦੇ ਸੁਝਾਅ ਨੂੰ ਦਿਲੋਂ ਸਵੀਕਾਰ ਕਰਦੇ ਹਾਂ। ਕੰਪਨੀ ਨੇ ਵੈਬਸਾਈਟ ‘ਤੇ ਕੁਝ ਸੈਕਸ਼ਨਾਂ ਵਿਚ ਤਬਦੀਲੀ ਵੀ ਕੀਤੀ।
ਪਤਨੀ ਦੀ ਨਾਰਾਜ਼ਗੀ ਨਾਲ ਸਬੰਧਤ ਪੈਟਰਨਾਂ ਦਾ ਜ਼ਿਕਰ
ਜਾਪਾਨ ਦੀ ਇਕ ਕੰਪਨੀ ਇਜ਼ਾਕੀ ਗਿਲਕੋ ਨੇ ਇਕ ਐਪ ਲਾਂਚ ਕੀਤਾ। ਇਸ ਵਿਚ ‘ਮਾਂ ਦੀਆਂ ਭਾਵਨਾਵਾਂ ਪਿਤਾ ਲਈ’ ਸਿਰਲੇਖ ਨਾਲ 8 ਉਨ੍ਹਾਂ ਸੰਭਾਵਿਤ ਪੈਟਰਨਜ਼ ਦਾ ਜ਼ਿਕਰ ਕੀਤਾ ਗਿਆ ਜਦੋਂ ਪਤਨੀ ਨਾਰਾਜ਼ ਹੁੰਦੀ ਹੈ। ਇਸ ਦੇ ਬਾਅਦ ਉਨ੍ਹਾਂ ਨੂੰ ਪਤੀਆਂ ਲਈ ਵੈਬਸਾਈਟ’ਤੇ ਅਪਲੋਡ ਕੀਤਾ ਗਿਆ। ਐਪ ਦਾ ਦਾਅਵਾ ਹੈ ਕਿ ਜਦੋਂ ਕੋਈ ਮਹਿਲਾ ਕਹਿੰਦੀ ਹੈ,”ਹੁਣ ਸਾਡੇ ਇਕੱਠੇ ਰਹਿਣ ਦਾ ਕੋਈ ਮਤਲਬ ਨਹੀਂ ਤਾਂ ਅਸਲ ਵਿਚ ਉਹ ਪੁੱਛਣਾ ਚਾਹੁੰਦੀ ਹੈ ਕਿ ਪਤੀ ਉਸ ਬਾਰੇ ਕੀ ਸੋਚਦਾ ਹੈ।” ਇਸੇ ਤਰ੍ਹਾਂ ਜਦੋਂ ਪਤਨੀ ਕੰਮ ਕਰਦਿਆਂ ਕਹੇ ਕਿ ਇਹ ਕਾਫੀ ਮੁਸ਼ਕਲ ਹੈ ਤਾਂ ਅਸਲ ਵਿਚ ਉਹ ਕਹਿਣਾ ਚਾਹੁੰਦੀ ਹੈ,”ਮੈਂ ਜੋ ਕਰ ਰਹੀ ਹਾਂ ਤੁਹਾਨੂੰ ਉਸ ਦੀ ਤਾਰੀਫ ਕਰਨੀ ਚਾਹੀਦੀ ਹੈ।”
ਪੁਰਸ਼ਾਂ ਨੂੰ ਦਿੱਤੀ ਗਈ ਇਹ ਸਲਾਹ
ਐਪ ਵਿਚ ਪੁਰਸ਼ਾਂ ਨੂੰ ਸਲਾਹ ਦਿੱਤੀ ਗਈ ਕਿ ਜਦੋਂ ਵੀ ਮਹਿਲਾ ਪੁੱਛੇ ਤੁਹਾਡੇ ਲਈ ਕੀ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਨੌਕਰੀ ਜਾਂ ਪਰਿਵਾਰ। ਉਦੋਂ ਪੁਰਸ਼ ਨੂੰ ਇਹ ਕਹਿੰਦੇ ਹੋਏ ਮੁਆਫੀ ਮੰਗ ਲੈਣੀ ਚਾਹੀਦੀ ਹੈ ਕਿ ਮੈਨੰ ਮੁਆਫ ਕਰਨਾ ਕਿਉਂਕਿ ਮੇਰੇ ਕਾਰਨ ਤੁਹਾਨੂੰ ਇਕੱਲਾਪਨ ਮਹਿਸੂਸ ਹੋ ਰਿਹਾ ਹੈ। ਐਪ ਵਿਚ ਪੁਰਸ਼ਾਂ ਨੂੰ ਇਹ ਸੁਝਾਅ ਵੀ ਦਿੱਤਾ ਗਿਆ ਕਿ ਪਤਨੀ ਦੇ ਸਵਾਲਾਂ ਤੋਂ ਬਚਣ ਲਈ ਮੁੱਦੇ ਨੂੰ ਬਦਲਦਿਆਂ ਆਪਣੇ ਦਫਤਰ ਵਿਚ ਆਉਣ ਵਾਲੀਆਂ ਸਮੱਸਿਆਵਾਂ ਦਾ ਜ਼ਿਕਰ ਕਰਨਾ ਚਾਹੀਦਾ ਹੈ।
ਇਸ ਮਗਰੋਂ ਸੋਸ਼ਲ ਮੀਡੀਆ ‘ਤੇ ਐਪ ਦੀ ਕਾਫੀ ਆਲੋਚਨਾ ਹੋਈ। ਇਕ ਆਲੋਚਕ ਨੇ ਤਾਂ ਕੰਪਨੀ ‘ਤੇ ਇਹ ਦੋਸ਼ ਲਗਾ ਦਿੱਤਾ ਕਿ ਕੰਪਨੀ ਮੰਨਦੀ ਹੈ ਕਿ ਔਰਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ। ਸਿਰਫ ਉਸ ਪ੍ਰਤੀ ਹਮਦਰਦੀ ਜ਼ਾਹਰ ਕਰਨਾ ਜਾਂ ਸ਼ੁਕਰੀਆ ਅਦਾ ਕਰਨਾ ਹੀ ਕਾਫੀ ਹੈ।

Leave a Reply

Your email address will not be published. Required fields are marked *