ਨੂੰਹ ਤਾਂ ਪਹਿਲਾਂ ਹੀ ਮਾਣ ਨਹੀਂ ਸੀ ਹੁਣ ਤਾਂ ਸੁੱਖ ਨਾਲ ਗੋਦੀ ਮੁੰਡਾ !

0
131

ਨਵੀਂ ਦਿੱਲ : ਜਦੋਂ ਦਾ ਜੀਉ ਵਾਲਿਆਂ ਨੇ ਸਿਮ ਮੁਫਤ ਤੇ ਨੈੱਟ ਸਸਤਾ ਕੀਤਾ, ਪਿੰਡ ਦੇ ਦਸੌਂਧਾ ਸਿੰਘ ਵਰਗੇ ਜਿਹੜੇ ਵਿਚਾਰੇ ਮੱਝਾਂ ਨੂੰ ਪੱਠੇ ਪਾਉਣੇ ਹੀ ਜਾਣਦੇ ਸਨ ਉਨਾਂ ਨੇ ਵੀ ਮੋਬਾਈਲ ਚੱਕ ਕੇ ਜੇਬਾਂ ਚ ਪਾ ਲਏ ਬਈ ਸ਼ਾਇਦ ਧਰਮ ਰਾਜ ਵੀ ਕਿਸੇ ਦਿਨ ਹਾਟ ਲਾਈਨ ਨਾਲ ਜੁੜ ਜਾਵੇ ਤੇ ਉਹ ਉਸ ਕੋਲ ਕੁੱਝ ਹੋਰ ਦਿਨ ਦੁਨੀਆਂ ਵਿਚ ਰਹਿਣ ਦੀ ਅਰਜ਼ੋਈ ਕਰ ਸਕਣ। ਨਵੀਂ ਪੀੜੀ ਦਾ ਤਾਂ ਇਹ ਹਾਲ ਹੋ ਗਿਆ ਕਿ ਹੁਣ ਮੁੰਡੇ ਖੁੰਡੇ ਗੁਸਲਖਾਨੇ ਵਿਚ ਨਹਾਉਣ ਸਮੇਂ ਮੂੰਹ ‘ਤੇ ਸਾਬਣ ਲਾ ਕੇ ਸਟੇਟਸ ਪਾਉਂਦੇ ਐ …….ਚੈੱਕ ਇਨ ਗੁਸਲਖਾਨਾ।
ਰਹਿੰਦੀ ਖੁੰਹਦੀ ਕਸਰ ਹੁਣ ਪੂਰੀ ਹੋ ਜਾਵੇਗੀ ਜਦੋਂ ਕਿ ਜੀਉ ਨੇ ਪੰਜ ਸਾਲ ਲਈ ਕ੍ਰਿਕਟ ਬਿਲਕੁਲ ਮੁਫਤ ਵਿਖਾਉਣ ਦਾ ਐਲਾਨ ਕੀਤਾ ਹੈ। ਜੀਉ ਨੇ ਭਾਰਤੀ ਬਰਾਡ ਕਾਸਟਰ ਕੰਪਨੀ ਸਟਾਰ ਇੰਡੀਆ ਨਾਲ ਪੰਜ ਸਾਲ ਲਈ ਸਾਂਝੇਦਾਰੀ ਦਾ ਐਲਾਨ ਕੀਤਾ ਹੈ।
ਇਸ ਨਾਲ ਖੇਡਾਂ ਦੀ ਦੁਨੀਆ ਵਿਚ ਇਕ ਨਵੇਂ ਜੁੱਗ ਦੀ ਸ਼ੁਰੂਆਤ ਹੋਵੇਗੀ। ਹੁਣ ਟੀ ਵੀ ਤੇ ਹੋਣ ਵਾਲੇ ਸਾਰੇ ਕ੍ਰਿਕਟ ਮੈਚ ਜੀਉ ਦੇ ਗਾਹਕਾਂ ਲਈ ਮੁਫਤ ‘ਚ ਮੁਹਈਆ ਹੋਣਗੇ। ਹੋ ਸਕਦਾ ਕੱਲ• ਨੂੰ ਇਹ ਰੀਤ ਵੀ ਤੁਰ ਪਵੇ ਕਿ ਲੋਕ ਅਪਣੇ ਬਜ਼ੁਰਗਾਂ ਦੇ ਮਰਨ ਤੋਂ ਬਾਅਦ ਪੰਡਤ ਨੂੰ ਮੋਬਾਈਲ ਵੀ ਦਾਨ ਕਰਨ ਲੱਗ ਪੈਣ, ਇਹ ਸੋਚ ਕਿ ਬਈ ਸਾਡਾ ਬਾਪੂ ਕ੍ਰਿਕਟ ਦਾ ਸ਼ੈਦਾਈ ਸੀ, ਸੋ ਪੰਡਤ ਵੱਲੋਂ ਵੇਖਿਆ ਕ੍ਰਿਕਟ ਮੈਚ ਸਿੱਧਾ ਬਾਪੂ ਕੋਲ ਪੁੱਜ ਜਾਵੇਗਾ। ਜਿਵੇਂ ਸ਼ਰਾਧ ‘ਚ ਪੰਡਤ ਵੱਲੋਂ ਖਾਧੀਆਂ ਕੜਾਹ ਪੂਰੀਆਂ ਪੁੱਜਦੀਆਂ ਨੇ ।