ਨਿਆਣੇ ਨੇ ਲਿਆ ਛੋਹ ,ਜਾਗਿਆ ਮਾਂ ਦਾ ਮੋਹ

0
113

ਬ੍ਰਾਜ਼ੀਲ— ਮਾਂ ਦਾ ਆਪਣੇ ਬੱਚੇ ਨਾਲ ਵੱਖਰਾ ਹੀ ਰਿਸ਼ਤਾ ਹੁੰਦਾ ਹੈ, ਇਹ ਹੀ ਅਜਿਹਾ ਰਿਸ਼ਤਾ ਹੈ ਜਿਸ ‘ਚ ਕੋਈ ਚਲਾਕੀ ਜਾਂ ਧੋਖੇਬਾਜ਼ੀ ਨਹੀਂ ਹੁੰਦੀ। ਬੱਚੇ ਨੂੰ ਗੋਦ ‘ਚ ਲੈਂਦਿਆਂ ਹੀ ਮਾਂ ਸਾਰੇ ਦੁੱਖ ਭੁੱਲ ਜਾਂਦੀ ਹੈ । ਇਸ ਰਿਸ਼ਤੇ ‘ਚ ਕਿੰਨੀ ਤਾਕਤ ਹੁੰਦੀ ਹੈ, ਇਸ ਦੀ ਇਕ ਉਦਾਹਰਣ ਬ੍ਰਾਜ਼ੀਲ ‘ਚ ਦੇਖਣ ਨੂੰ ਮਿਲੀ, ਜਿਸ ਨੂੰ ਦੇਖ ਕੇ ਹਰ ਅੱਖ ਰੋ ਪਈ। ਅਮਾਂਡਾ ਦਿ ਸਿਲਵਾ ਨਾਂ ਦੀ ਗਰਭਵਤੀ ਔਰਤ ਕੋਮਾ ‘ਚ ਚਲੇ ਗਈ ਸੀ ਅਤੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਉਸ ਦੀ ਡਲਿਵਰੀ ਕਰਵਾਈ ਅਤੇ ਕੋਮਾ ‘ਚ ਹੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਇਸ ਮਗਰੋਂ ਬੱਚੇ ਦੀ ਹਾਲਤ ਵੀ ਵਿਗੜ ਗਈ ਅਤੇ ਉਸ ਨੂੰ ਆਈ. ਸੀ. ਯੂ. ‘ਚ ਭਰਤੀ ਕਰਵਾਇਆ ਗਿਆ। ਇੱਧਰ ਮਾਂ ਕੋਮਾ ‘ਚ ਅਤੇ ਬੱਚਾ ਆਈ. ਸੀ. ਯੂ. ‘ਚ ਭਰਤੀ ਸੀ, ਜਿਸ ਕਾਰਨ ਸਾਰਾ ਪਰਿਵਾਰ ਚਿੰਤਾ ‘ਚ ਆ ਗਿਆ। 20 ਦਿਨਾਂ ਦੇ ਇਲਾਜ ਮਗਰੋਂ ਬੱਚੇ ਦੀ ਹਾਲਤ ‘ਚ ਸੁਧਾਰ ਆਇਆ ਪਰ ਅਮਾਂਡਾ ਅਜੇ ਵੀ ਕੋਮਾ ‘ਚ ਹੀ ਸੀ। 23 ਦਿਨ ਬੀਤਣ ਮਗਰੋਂ ਵੀ ਅਮਾਂਡਾ ਨੂੰ ਹੋਸ਼ ਨਾ ਆਈ ਤਾਂ ਡਾਕਟਰਾਂ ਨੇ ਬੱਚੇ ਨੂੰ ਮਾਂ ਕੋਲ ਰੱਖ ਦਿੱਤਾ।
ਬੱਚਾ ਜਿਵੇਂ ਹੀ ਆਪਣੀ ਮਾਂ ਨਾਲ ਲੱਗਾ ਤਾਂ ਮਾਂ ਦੀਆਂ ਧੜਕਣਾਂ ਆਪਣੇ-ਆਪ ਤੇਜ਼ ਹੋ ਗਈਆਂ। ਮਾਂ ਦੀਆਂ ਬੰਦ ਅੱਖਾਂ ‘ਚੋਂ ਹੀ ਹੰਝੂ ਨਿਕਲਣੇ ਸ਼ੁਰੂ ਹੋ ਗਏ ਅਤੇ ਸਰੀਰ ‘ਚ ਹਲਚਲ ਸ਼ੁਰੂ ਹੋ ਗਈ। ਇਹ ਸਭ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਅਮਾਂਡਾ ਦਾ ਇਲਾਜ ਸ਼ੁਰੂ ਕਰ ਦਿੱਤਾ। ਇਸ ਦੇ 2 ਦਿਨਾਂ ਬਾਅਦ ਅਮਾਂਡਾ ਪੂਰੀ ਤਰ੍ਹਾਂ ਹੋਸ਼ ‘ਚ ਆ ਗਈ ਅਤੇ ਮਾਂ-ਪੁੱਤ ਨੂੰ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ। ਬੱਚੇ ਦਾ ਨਾਂ ਵਿਕਟਰ ਰੱਖਿਆ ਗਿਆ ਹੈ , ਜਿਸ ਨੇ ਆਪਣੀ ਮਾਂ ਨੂੰ ਕੋਮਾ ‘ਚੋਂ ਬਾਹਰ ਕੱਢਣ ‘ਚ ਜਿੱਤ ਪ੍ਰਾਪਤ ਕੀਤੀ ਹੈ।
ਅਮਾਂਡਾ ਦੀ ਡਾਕਟਰ ਨੇ ਦੱਸਿਆ,” ਅਸੀਂ ਇਸ ਦਾ ਕੋਈ ਜਵਾਬ ਤਾਂ ਦੇ ਨਹੀਂ ਸਕਦੇ ਕਿ ਇਹ ਕਿਵੇਂ ਹੋਇਆ ਪਰ ਇਹ ਮਾਂ ਅਤੇ ਬੱਚੇ ਦਾ ਪਿਆਰ ਹੀ ਹੈ ਜੋ ਉਹ ਦੋਵੇਂ ਸਿਹਤਮੰਦ ਹਨ। ਜਦ ਅਮਾਂਡਾ ਨੂੰ ਹੋਸ਼ ਨਾ ਆਈ ਤਾਂ ਅਸੀਂ ਪ੍ਰੇਸ਼ਾਨ ਹੋ ਗਏ। ਫਿਰ ਅਸੀਂ ਸਕਿਨ ਟੂ ਸਕਿਨ ਟ੍ਰੀਟਮੈਂਟ ਭਾਵ ਬੱਚੇ ਨੂੰ ਮਾਂ ਦੇ ਸਰੀਰ ਨਾਲ ਲਗਾ ਕੇ ਰੱਖਣ ਵਾਲਾ ਇਲਾਜ ਕੀਤਾ, ਜੋ ਸਫਲ ਰਿਹਾ।
ਭਾਵੁਕ ਹੋਈ ਅਮਾਂਡਾ ਨੇ ਕਿਹਾ ਮੈਨੂੰ ਹੋਸ਼ ਆਇਆ ਤਾਂ ਲੱਗਾ ਕਿ ਇਕ ਛੋਟਾ ਬੱਚਾ ਮੇਰੇ ਨਾਲ ਲੱਗਾ ਹੋਇਆ ਹੈ। ਫਿਰ ਮੈਂ ਆਪਣੇ ਹੱਥ ਆਪਣੇ ਪੇਟ ‘ਤੇ ਰੱਖੇ ਤਾਂ ਮਹਿਸੂਸ ਹੋਇਆ ਕਿ ਹੁਣ ਮੈਂ ਗਰਭਵਤੀ ਨਹੀਂ ਹਾਂ। ਮੇਰੀਆਂ ਅੱਖਾਂ ‘ਚ ਹੰਝੂ ਆ ਗਏ। ਮੈਂ ਡਾਕਟਰਾਂ ਵੱਲ ਦੇਖਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਮੇਰੇ ਬੇਟਾ ਹੈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਖਾਸ ਪਲ ਸੀ।” ਇਸ ਖਬਰ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ।