ਬੱਸੀ ਪਠਾਣਾਂ—ਮਾਂ ਦੁਰਗਾ ਦੇ ਨਰਾਤਿਆਂ ਦੇ ਅਸ਼ਟਮੀ ਵਾਲੇ ਦਿਨ ਕੰਜਕ ਪੂਜਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਅਤੇ ਮਾਂ ਦਾ ਵਰਤ ਰੱਖਣ ਵਾਲੇ ਕੰਜਕ ਨੂੰ ਦੇਵੀ ਮਾਂ ਦਾ ਰੂਪ ਮੰਨ ਕੇ ਉਸ ਨੂੰ ਪ੍ਰਸ਼ਾਦ ਚੜ੍ਹਾਉਂਦੇ ਹਨ ਅਤੇ ਉਸ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਸਾਡੇ ਭਾਰਤੀ ਸਮਾਜ ਵਿਚ ਕੰਜਕ ਪੂਜਾ ਦੀ ਪ੍ਰੰਪਰਾ ਬਹੁਤ ਹੀ ਪ੍ਰਾਚੀਨ ਹੈ ਪਰ ਇਕ ਸੱਚ ਇਹ ਵੀ ਹੈ ਕਿ ਭਰੂਣ ਹੱਤਿਆ ਦੀ ਮਾੜੀ ਰੀਤ ਵੀ ਬਹੁਤ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ, ਜਿਸਦਾ ਮੁੱਖ ਕਾਰਨ ਪੁਰਾਣੇ ਰੂੜੀਵਾਦੀ ਅਤੇ ਅਨਪੜ੍ਹ ਲੋਕਾਂ ਦਾ ਬੇਟੀਆਂ ਨੂੰ ਆਪਣੇ ਸਿਰ ਦਾ ਭਾਰ ਸਮਝਣਾ ਹੈ। ਪਰ ਹੁਣ ਸਮੇਂ-ਸਮੇਂ ਦੀਆਂ ਸਰਕਾਰਾਂ, ਬੁੱਧੀਜੀਵੀ ਲੋਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜਾਗਰੂਕ ਔਰਤਾਂ ਵਲੋਂ ਇਸ ਬੁਰਾਈ ਨੂੰ ਖਤਮ ਕਰਨ ਦਾ ਜ਼ਿੰਮਾ ਲਿਆ ਗਿਆ ਅਤੇ ਬੇਟੀਆਂ ਦਾ ਮਹੱਤਵ ਅਤੇ ਉਨ੍ਹਾਂ ਨੂੰ ਬਰਾਬਰਤਾ ਦਾ ਅਧਿਕਾਰ ਦੁਆਉਣ ਲਈ ਜੰਗੀ ਪੱਧਰ ‘ਤੇ ਮੁਹਿੰਮ ਚਲਾਈ ਗਈ, ਜਿਸਦਾ ਨਤੀਜਾ ਇਹ ਨਿਕਲਿਆ ਕਿ ਅੱਜ ਦੇ ਸਮੇਂ ਵਿਚ ਲੋਕ ਭਰੂਣ ਹੱਤਿਆ ਖਿਲਾਫ਼ ਜਾਗਰੂਕ ਹੁੰਦੇ ਜਾ ਰਹੇ ਹਨ । ਜੇਕਰ ਜ਼ਿਲਾ ਫਤਿਹਗੜ੍ਹ ਸਾਹਿਬ ਵਿਚ ਲੜਕੀਆਂ ਅਤੇ ਲੜਕਿਆਂ ਦੇ ਲਿੰਗ ਅਨੁਪਾਤ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ, ਪ੍ਰਸ਼ਾਸਨਿਕ, ਸਮਾਜਿਕ ਅਤੇ ਵਿਸ਼ੇਸ਼ ਤੌਰ ‘ਤੇ ਸਿਵਲ ਸਰਜਨ ਐੱਨ. ਕੇ. ਅਗਰਵਾਲ ਦੇ ਸ਼ਲਾਘਾਯੋਗ ਯਤਨਾਂ ਕਰਕੇ ਕੁੱਝ ਹੀ ਸਾਲਾਂ ਅੰਦਰ ਭਾਰੀ ਸੁਧਾਰ ਦੇਖਣ ਨੂੰ ਮਿਲਿਆ ਹੈ।
ਲਿੰਗ ਅਨੁਪਾਤ
ਸਾਲ (ਲੜਕੇ/ਲੜਕੀਆਂ)
2011 1000/847
2012 1000/860
2013 1000/928
2014 1000/858
2015 1000/885
2016 1000/937
2017 1000/885
2018 1000/905