ਨਵਾਂ ਪੈਂਤੜਾ, ਸਈਦ ਨੇ ਪਾਕਿ ’ਚ ਖੋਲ੍ਹਿਆ ਪੱਤਰਕਾਰਿਤਾ ਸਕੂਲ

0
101

ਇਸਲਾਮਾਬਾਦ– ਨਵਾਂ ਪੈਂਤੜਾ ਅਪਣਾਉਂਦਿਆਂ ਅੱਤਵਾਦੀ ਹਾਫਿਜ਼ ਸਈਦ ਨੇ ਲਾਹੌਰ ਵਿਖੇ ਇਕ ਪੱਤਰਕਾਰਿਤਾ ਸਕੂਲ ਖੋਲ੍ਹਿਆ ਹੈ। ਅੱਤਵਾਦੀ ਗਰੁੱਪ ਜਮਾਤ-ਉਦ-ਦਾਵਾ ਨੇ ਲਾਹੌਰ ਵਿਖੇ ਇੰਸਟੀਚਿਊਟ ਆਫ ਸਟ੍ਰੈਟਜੀ ਐਂਡ ਕਮਿਊਨੀਕੇਸ਼ਨ ਸ਼ੁਰੂ ਕੀਤਾ ਹੈ। ਇਸ ਅਦਾਰੇ ਵਿਚ ਸਈਦ ਦੇ 2 ਕਰੀਬੀ ਸਹਿਯੋਗੀਆਂ ਦੀ ਪ੍ਰਮੁੱਖ ਭੂਮਿਕਾ ਹੈ। ਇਸ ਅਦਾਰੇ ਦੇ ਬ੍ਰੋਸ਼ਰ ਮੁਤਾਬਕ ਇਥੇ ਰਿਪੋਰਟਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ, ਬਲਾਗਿੰਗ, ਸੋਸ਼ਲ ਮੀਡੀਆ, ਸ਼ਾਰਟ ਫਿਲਮ ਸਮੇਤ ਕਈ ਥੋੜ੍ਹੇ ਅਤੇ ਲੰਮੇ ਸਮੇਂ ਦੇ ਕੋਰਸ ਚਲਾਏ ਜਾਂਦੇ ਹਨ। ਕੋਰਸ ਲਈ ਹਰ ਵਿਦਿਆਰਥੀ ਨੂੰ 3-3 ਹਜ਼ਾਰ ਰੁਪਏ ਦੇਣੇ ਹੋਣਗੇ। ਇਨ੍ਹਾਂ ਪੈਸਿਆਂ ਦੀ ਵਰਤੋਂ ਟੈਰਰ ਫੰਡਿੰਗ ਲਈ ਕੀਤੀ ਜਾਂਦੀ ਹੈ।
ਸਈਦ ਦੀ ਸਿਆਸੀ ਪਾਰਟੀ ਮਿਲੀ ਮੁਸਲਿਮ ਲੀਗ ਦਾ ਮੁਖੀ ਸੈਫੁੱਲਾ ਖਾਲਿਦ ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ (ਐੱਫ. ਆਈ. ਐੱਫ.) ਦਾ ਮੁਖੀ ਹਾਫਿਜ਼ ਅਬਦੁੱਲ ਰਾਊਫ ਉਕਤ ਅਦਾਰੇ ਵਿਚ ਕਲਾਸ ਲੈਂਦੇ ਹਨ। ਅਦਾਰੇ ਵਲੋਂ ਜਾਰੀ ਇਕ ਵੀਡੀਓ ਮੁਤਾਬਕ ਐੱਫ. ਆਈ. ਐੱਫ. ਦੇ ਮੁਖੀ ਰਾਊਫ ਨੇ ਕਿਹਾ ਹੈ ਕਿ ਕੈਮਰਾ ਅਤੇ ਪੈੱਨ 5ਵੀਂ ਪੀੜ੍ਹੀ ਦੀ ਜੰਗ ਲਈ ਸਭ ਤੋਂ ਮਜ਼ਬੂਤ ਉਪਕਰਨ ਹਨ। ਇਨ੍ਹਾਂ ਬਾਰੇ ਇਥੇ ਸਿਖਲਾਈ ਦਿੱਤੀ ਜਾਂਦੀ ਹੈ। ਅੱਜਕਲ ਮੀਡੀਆ ਇਕ ਜੰਗੀ ਹਥਿਆਰ ਹੈ। ਸਾਡੇ ਦੁਸ਼ਮਣ ਆਪਣੇ ਲਾਭ ਲਈ ਮੀਡੀਆ ਦੀ ਵਰਤੋਂ ਕਰ ਰਹੇ ਹਨ।