ਮਈ ਮਹੀਨੇ ਦਾ ਧੁਪੀਲਾ ਤੇ ਸੁਹਾਵਣਾ ਐਤਵਾਰ ਸੀ। ਸਮਾਂ ਸੀ ਕੋਈ ਤਿੰਨ ਕੁ ਵਜੇ ਦਾ। ਗੁਰਨੇਕ ਤੇ ਉਸ ਦੇ ਤਾਏ ਦਾ ਪੁੱਤਰ ਹਰਜਾਪ, ਲੰਮੇ ਦਸਤੇ ਵਾਲੇ ਨਦੀਨ ਪੁਟ ਜੰਤਰਾਂ ਨਾਲ ਘਰ ਦੇ ਬੈਕਯਾਰਡ ਦੇ ਘਾਹ ਵਿਚੋਂ ਨਦੀਨ ਬੂਟੀ ਪੁੱਟ ਰਹੇ ਸਨ। ਗੁਰਨੇਕ ਦੇ ਮੰਮੀ ਡੈਡੀ ਗੁਰਮੇਜ ਕੌਰ ਤੇ ਰਤਨ ਸਿੰਘ ਡੈਕ* ‘ਤੇ ਫਿੱਟ ਕੀਤੀ ਹੋਈ ਵੱਡੀ ਛਤਰੀ ਹੇਠ ਅਪਣੇ ਚਾਰ ਕੁ ਸਾਲਾਂ ਦੇ ਜੌੜੇ ਪੋਤਰਿਆਂ ਨੂੰ ਖਿਡਾ ਰਹੇ ਸਨ। ਗੁਰਨੇਕ ਦੀ ਪਤਨੀ ਬੱਬੀ ਘਰ ਅੰਦਰਲੇ ਕੰਮਾਂ ਵਿਚ ਰੁਝੀ ਹੋਈ ਸੀ।
ਹਰਜਾਪ ਨੇ ਨਦੀਨ ਦੇ ਇਕ ਮੱਲੇ ਹੋਏ ਪੌਦੇ ਨੂੰ ਪੁੱਟਦਿਆਂ ਵੇਖਿਆ ਕਿ ਉਸ ਦੀ ਪੂਰੀ ਜੜ੍ਹ ਬਾਹਰ ਨਹੀਂ ਸੀ ਆਈ। ਉਹ ਬਹਿ ਕੇ, ਹੱਥ ਦੀਆਂ ਉਂਗਲਾਂ ਨਾਲ ਧਰਤੀ ਨੂੰ ਕੁਰੇਦਦਾ, ਉਸ ਬਚੀ ਹੋਈ ਜੜ੍ਹ ਨੂੰ ਘਾਹ ਦੇ ਜੜਾਂਗੇ ਤੋਂ ਅਲੱਗ ਕਰ ਰਿਹਾ ਸੀ ਕਿ ਉਸ ਦਾ ਸੈੱਲਫੋਨ ਖੜਕ ਪਿਆ। ਸਕਰੀਨ ‘ਤੇ ਪਤਨੀ ਦਾ ਨੰਬਰ ਪੜ੍ਹ ਕੇ ਉਸ ਨੇ ”ਹਾਂ ਜੀ” ਕਿਹਾ।
”ਤੁਹਾਡੀ ਤਨਖਾਹ ਬੈਂਕ ਅਕਾਊਂਟ ‘ਚ ਜਮ੍ਹਾਂ ਨਹੀਂ ਹੋਈ।” ਨੀਤੂ ਬੋਲੀ।
”ਉਨ੍ਹਾਂ ਗਲਤੀ ਨਾਲ ਕਿਸੇ ਹੋਰ ਦੇ ਅਕਾਊਂਟ ‘ਚ ਨਾ ਪਾ ਦਿੱਤੀ ਹੋਵੇ।” ਹਰਜਾਪ ਨੇ ਹੈਰਾਨਗੀ ਜ਼ਾਹਰ ਕੀਤੀ।
”ਇਹ ਵੀ ਹੋ ਸਕਦਾ ਆ ਕਿ ਸਾਂਝੇ ਅਕਾਊਂਟ ਦੀ ਬਜਾਏ ਤੁਸੀਂ ਅਪਣੇ ਵੱਖਰੇ ਅਕਾਊਂਟ ‘ਚ ਪੁਆ ਲਈ ਹੋਵੇ। ਮੈਨੂੰ ਦਾਲ ‘ਚ ਕੁਝ ਕਾਲਾ-ਕਾਲਾ ਲਗਦਾ ਆ।”
”ਕੀ ਮਤਲਬ?”
”ਤੁਸੀਂ ਮੇਰੇ ਕੋਲੋਂ ਮੂਵ ਹੋ ਗਏ ਲਗਦੇ ਆਂ।”
”ਨਹੀਂ ਏਦਾਂ ਦੀ ਕੋਈ ਗੱਲ ਨਹੀਂ… ਤੂੰ ਫਿਕਰ ਨਾ ਕਰ। ਮੈਂ ਦੋ ਚਾਰ ਦਿਨਾਂ ‘ਚ ਆ ਜਾਣੈ।” ਹਰਜਾਪ ਨੇ ਨੀਤੂ ਦੀ ਸ਼ੰਕਾ ਮਿਟਾਉਣ ਦੀ ਕੋਸ਼ਿਸ਼ ਕੀਤੀ।
”ਆਉਣ ਦੀ ਤਾਂ ਕੋਈ ਨ੍ਹੀਂ। ਭਾਵੇਂ ਠਹਿਰ ਕੇ ਆ ਜਿਓ। ਮੈਨੂੰ ਡੇਢ ਹਜ਼ਾਰ ਡਾਲਰ ਚਾਹੀਦਾ। ਡੈਡੀ ਨੇ ਪੈਸੇ ਮੰਗੇ ਆ। ਕੱਲ੍ਹ ਪਿੰਡੋਂ ਫੋਨ ਆਇਆ ਸੀ।”
”ਕੋਈ ਨੀ ਦੇਖ ਲੈਨੇ ਆਂ।”
”ਦੇਖ ਲੈਨੇ ਨਹੀਂ। ਜੇ ਮੰਗਲਵਾਰ ਤੱਕ ਤਨਖਾਹ ਖਾਤੇ ‘ਚ ਨਾ ਪਈ ਤਾਂ ਮੈਂ ਪੁਲਿਸ ਬੁਲਾ ਲੈਣੀ ਆ।”
ਪਤਨੀ ਦੇ ਦਾਬਾ-ਪਾਊ ਬੋਲਾਂ ਨੇ ਪਤੀ ਨੂੰ ਗੁੱਸਾ ਚਾੜ੍ਹ ਦਿੱਤਾ, ਬੋਲਿਆ, ”ਪੁਲਿਸ ਕੀ ਕਰ ਲਊਗੀ।”
”ਪੁਲਿਸ ਬੰਦਿਆਂ ਦੇ ਵਲ-ਵਿੰਗ ਕੱਢ ਦਿੰਦੀ ਆ। ਮੈਨੂੰ ਤਾਂ ਸਿਰਫ ਏਨਾ ਹੀ ਕਹਿਣ ਦੀ ਲੋੜ ਆ ਕਿ ਮੇਰੇ ਹਸਬੈਂਡ ਮੇਰਾ ਰੇਪ ਕਰਦਾ ਆ।” ਪਤਨੀ ਨੇ ਘਰੋੜਵੀਂ ਆਵਾਜ਼ ‘ਚ ਆਖਿਆ।
ਹਰਜਾਪ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਟਰਾਂਟੋ ਦਾ ਭਰਪੂਰ ਹਰਿਆਵਲ ਤੇ ਸੁਹਾਵਣੀ ਹਵਾ ਵਾਲਾ ਮੌਸਮ ਬਹਾਰ, ਹੁੰਮਸ ਭਰੇ ਮੌਸਮ ਵਿਚ ਤਬਦੀਲ ਹੋ ਗਿਆ ਹੋਵੇ। ‘ਇਹ ਸਾਲ਼ਾ ਕਿਹੋ ਜਿਹਾ ਰਿਸ਼ਤਾ ਐ। ਪਿਆਰ ਆਲੀ ਤਾਂ ਕੋਈ ਗੱਲ ਈ ਹੈ ਨ੍ਹੀਂ, ਬੱਸ ਪੈਸਾ, ਪੈਸਾ, ਪੈਸਾ।’ ਉਹ ਬੁੜਬੁੜਾਇਆ। ਉਸ ਦੇ ਦਿਲ ‘ਚ ਆਈ ਕਿ ਕਹਿ ਦੇਵੇ, ”ਜਾਹ ਲਾ ਲੈ ਜਿਹੜਾ ਜ਼ੋਰ ਲਾਉਣੈ, ਸਿੱਝ ਲਾਂ ਗਾ ਤੇਰੇ ਨਾਲ।” ਪਰ ਉਸ ਨੇ ਭੜਕਣਾ ਠੀਕ ਨਾ ਸਮਝਿਆ। ਸਵੈ ‘ਤੇ ਕਾਬੂ ਪਾਉਂਦਾ ਬੋਲਿਆ, ”ਐਵੇਂ ਤਲਖ ਨਾ ਹੋ, ਮੈਂ ਕੱਲ੍ਹ ਨੂੰ ਜਾ ਕੇ ਪਤਾ ਕਰਦਾਂ।”
ਹਰਜਾਪ ਦੇ ਲਾਗੇ ਹੀ ਨਦੀਨ ਪੁੱਟ ਰਿਹਾ ਗੁਰਨੇਕ ਸਮਝ ਗਿਆ ਸੀ ਕਿ ਫੋਨ ਨੀਤੂ ਦਾ ਸੀ।” ”ਕੀ ਕਹਿ ਰਹੀ ਸੀ?” ਉਸ ਨੇ ਪੁੱਛਿਆ।
ਹਰਜਾਪ ਦੱਸਣ ਲੱਗ ਪਿਆ। ਉਨ੍ਹਾਂ ਦੀਆਂ ਗੱਲਾਂ ਰਤਨ ਸਿੰਘ, ਜੋ ਡੈੱਕ ਤੋਂ ਘਾਹ ਵਿਚ ਉਤਰ ਆਏ ਪੋਤਿਆਂ ਨੂੰ ਸਾਂਭ ਰਿਹਾ ਸੀ, ਦੇ ਕੰਨੀਂ ਪੀ ਪੈ ਰਹੀਆਂ ਸਨ। ਪਰ ਉਸ ਦਾ ਬਹੁਤਾ ਧਿਆਨ ਪੋਤਿਆਂ ਨੂੰ ਸਬਜ਼ੀਆਂ ਦੀਆਂ ਕਿਆਰੀਆਂ ਵਿਚ ਜਾਣ ਤੋਂ ਰੋਕਣ ਵਿਚ ਲੱਗਾ ਹੋਇਆ ਸੀ।
”ਜ਼ਿਆਦਾ ਹੀ ਚਾਮ੍ਹਲ ਗਈ ਆ।” ਹਰਜਾਪ ਤੋਂ ਸਾਰੀ ਗੱਲ ਸੁਣ ਕੇ ਗੁਰਨੇਕ ਨੇ ਆਖਿਆ। ”ਬਹੁਤ ਜਾਅਦਾ। ਹੁਣ ਤਾਂ ਪੁਲਿਸ ਦੀਆਂ ਧਮਕੀਆਂ ਦੇਣ ਲੱਗ ਪਈ ਆ। ਜਿੱਦਾਂ ਪਈ ਮੈਂ, ਮੂਹਰੇ ਬੰਗਾਂ ਪਹਿਨੀਆਂ ਹੋਈਆਂ।” ਗੁੱਸੇ ਵਿਚ ਧੁਖਦਾ ਹਰਜਾਪ ਬੋਲਿਆ ਤੇ ਫਿਰ ਧੀਮੀ ਆਵਾਜ਼ ਵਿਚ ਗੁਰਨੇਕ ਨੂੰ ਪੁੱਛਿਆ, ”ਭਾ ਜੀ! ਉਹ ਰਿਪੋਰਟ ਕੱਲ੍ਹ ਮਿਲ ਜਾਵੇਗੀ ਨਾ?”
”ਪੱਕੀ” ਮਨ ਅੰਦਰ ਖੌਲਦੇ ਤਣਾਅ ਕਾਰਨ, ਗੁਰਨੇਕ ਤੋਂ ਜੰਤਰ ਜ਼ੋਰ ਨਾਲ ਦੱਬਿਆ ਗਿਆ ਤੇ ਘਾਹ ਦੀਆਂ ਕੁਝ ਤਿੜਾਂ ਵੱਢੀਆਂ ਗਈਆਂ।
ਤਣਾਅ ਤਾਂ ਹਰਜਾਪ ਅੰਦਰ ਵੀ ਬਹੁਤ ਸੀ, ਪਰ ਗੁਰਨੇਕ ਅੰਦਰ ਜ਼ਿਆਦਾ ਤੀਖਣ ਸੀ। ਸ਼ਾਇਦ ਇਸ ਕਰਕੇ ਕਿ ਨੀਤੂ ਨਾਲ ਹਰਜਾਪ ਦਾ ਵਾਹ ਏਨਾ ਲੰਮਾ ਨਹੀਂ ਸੀ ਪਿਆ, ਜਿੰਨਾ ਗੁਰਨੇਕ ਤੇ ਉਸ ਦੇ ਪਰਿਵਾਰ ਦਾ। ਉਸ ਵਾਹ ਦੌਰਾਨ ਜਦੋਂ ਉਹ ਡਾਢਾ ਹੀ ਉਕਤਾ ਜਾਂਦਾ ਤਾਂ ਸਵੈ ‘ਤੇ ਪ੍ਰਸ਼ਨ ਕਰ ਉਠਦਾ, ”ਇਹ ਕਿਹੜੇ ਚੱਕਰਾਂ ‘ਚ ਪਏ ਹੋਏ ਆਂ ਅਸੀਂ?”
ਇਹੀ ਪ੍ਰਸ਼ਨ ਹੁਣ ਫਿਰ ਉਸ ਦੇ ਤਣਾਅਗ੍ਰਸਤ ਮਨ ਵਿਚ ਉਭਰ ਪਿਆ। ਉਸ ਦੀ ਨਿਗ੍ਹਾ ਹਰਜਾਪ ‘ਤੇ ਜਾ ਟਿਕੀ… ਨਜ਼ਰਾਂ ਵਿਚ ਉਠੀ ਖਿਝ ਮਨ ਵਿਚ ਪਸਰ ਗਈ… ਉਸ ਨੇ ਫੋਨਾਂ ਰਾਹੀਂ ਹਰਜਾਪ ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ”ਹਰਜਾਪ! ਤੈਨੂੰ ਕੈਨੇਡਾ ਲਿਆਉਣ ਦਾ ਕੋਈ ਸਿੱਧਾ ਤਰੀਕਾ ਹੈ ਨ੍ਹੀਂ। ਜੇ ਤੂੰ ਚੰਗਾ ਪੜ੍ਹਿਆ ਹੁੰਦਾ, ਕੋਈ ਡਿਗਰੀ ਲਈਓ ਹੁੰਦੀ ਤਾਂ ਪੁਆਇੰਟਾਂ ‘ਤੇ ਆ ਜਾਂਦਾ ਜਾਂ ਤੇਰੇ ਲਈ ਏਥੇ ਕੋਈ ਕੁੜੀ ਦੇਖ ਲੈਂਦੇ।”
”ਭਾ ਜੀ! ਕੋਈ ਵਿੰਗਾ-ਟੇਢਾ ਤਰੀਕਾ ਲੱਭ ਲਓ।” ਹਰਜਾਪ ਜ਼ੋਰ ਪਾਉਂਦਾ।
”ਟੇਢੇ-ਮੇਢੇ ਤਰੀਕਿਆਂ ਨਾਲ ਨਵੇਂ ਝੰਜਟ ਖੜ੍ਹੇ ਹੋ ਜਾਂਦੇ ਆ। ਤੂੰ ਮੇਰੀ ਮੰਨ, ‘ਰਾਮ ਨਾਲ ਇੰਡੀਆ ਰਹੀ ਜਾ। ਸਾਡੇ ਹਿੱਸੇ ਦੀ ਜ਼ਮੀਨ ਵੀ ਵਾਹੀ-ਖਾਹੀ ਜਾ। ਤਾਇਆ ਜੀ ਤੇ ਤਾਈ ਜੀ ਵੀ ਇਹੀ ਚਾਹੁੰਦੇ ਆ ਕਿ ਤੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਰਹੇਂ।”
ਤਾਏ ਜਵਾਹਰ ਸਿੰਘ ਦੀ ਕਿਹੜੀ ਕੋਈ ਵੱਡੀ ਕਬੀਲਦਾਰੀ ਸੀ। ਹਰਜਾਪ ਤੋਂ ਨੌਂ ਸਾਲ ਵੱਡੀ ਉਸ ਦੀ ਭੈਣ ਅਪਣੇ ਸਹੁਰੇ ਘਰ ਸੁਖੀ ਵਸਦੀ ਸੀ। ਜਵਾਹਰ ਸਿੰਘ ਨੇ ਵੀ ਬਥੇਰਾ ਕਿਹਾ ਸੀ, ”ਓਏ ਪੁੱਤਰਾ! ਛੱਡ ਬਾਹਰ ਦੇ ਚੱਕਰਾਂ ਨੂੰ। ਗੁਰੂ ਦੀ ਕ੍ਰਿਪਾ ਨਾਲ ਅਪਣਾ ਏਥੇ ਹੀ ਸੋਹਣਾ ਗੁਜ਼ਾਰਾ ਹੋਈ ਜਾਂਦੈ।”
”ਵੇ ਲਾਡੀ! ਸਾਡਾ ਨਹੀਂ ਦਿਲ ਮੰਨਦਾ ਤੈਨੂੰ ਅੱਖਾਂ ਤੋਂ ਲਾਂਭੇ ਕਰਨ ਨੂੰ।” ਹਰਜਾਪ ਦੀ ਮੰਮੀ ਆਖਦੀ।
ਪਰ ਹਰਜਾਪ ਬਾਹਰ ਦੀ ਰਟ ਨਾ ਛੱਡਦਾ। ਲੋਕਾਂ ਦੀ ਟੌਹਰ ਤੇ ਚਮਕ-ਦਮਕ ਨੂੰ ਦੇਖਦਿਆਂ ਉਸ ਨੂੰ ਅਪਣੀ ਜ਼ਿੰਦਗੀ ਫਿੱਕੀ-ਫਿੱਕੀ ਲਗਦੀ। ਗੁਰਨੇਕ ਤੇ ਉਸ ਦੇ ਇੰਡੀਆ ਰਹਿੰਦੇ ਚਾਚੇ ਸੁੱਚਾ ਸਿੰਘ ਦੇ ਕਾਰੋਬਾਰੀ ਮੁੰਡਿਆਂ ਦੇ ਮੁਕਾਬਲੇ, ਉਹ ਅਪਣੇ ਆਪ ਨੂੰ ਬਹੁਤ ਪਿੱਛੇ ਰਹਿ ਗਿਆ ਮਹਿਸੂਸ ਕਰਦਾ।
ਹਰਜਾਪ ਦਾ ਡੈਡੀ ਜਵਾਹਰ ਸਿੰਘ ਇਨ੍ਹਾਂ ਅਮੀਰੀਆਂ ਦੀ ਚਮਕ-ਦਮਕ ਤੋਂ ਅੱਭਿਜ ਸੀ। ਉਹ ਗੁਰੂ ਦਾ ਸਿਦਕਵਾਨ ਸਿੰਘ ਸੀ। ਤੜਕੇ ਇਸ਼ਨਾਨ ਕਰਕੇ ਅਪਣਾ ਨਿਤਨੇਮ ਕਰਦਾ ਤੇ ਭਈਏ ਨੂੰ ਨਾ ਲੈ ਕੇ ਖੇਤਾਂ ‘ਚ ਜੁੱਟ ਜਾਂਦਾ।
ਜਵਾਹਰ ਸਿੰਘ ਹੁਰਾਂ ਦਾ ਬਾਪ ਅਪਣੇ ਸਮੇਂ ਦਾ ਟਕਸਾਲੀ ਸਿੰਘ ਸੀ। ਗੁਰਦਵਾਰਾ ਸੁਧਾਰ ਲਹਿਰ ਸਮੇਂ ਉਹ ਅਪਣੇ ਇਲਾਕੇ ਦਾ ਜਥਾ ਲੈ ਕੇ ਜੈਤੋ ਦੇ ਮੋਰਚੇ ਵਿਚ ਗਿਆ ਸੀ। ਸਜ਼ਾ ਤਾਂ ਉਸ ਨੂੰ ਛੇ ਮਹੀਨੇ ਦੀ ਹੀ ਹੋਈ ਸੀ, ਪਰ ਪੁਲਿਸ ਤਸ਼ੱਦਦ ਕਾਰਨ ਉਹ ਕਈ ਸਾਲ ਤਾਬੇ ਨਹੀਂ ਸੀ ਆ ਸਕਿਆ। ਸ਼੍ਰੋਮਣੀ ਕਮੇਟੀ ਨੇ ਉਸ ਨੂੰ ਪੈਨਸ਼ਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਸ ਨੇ ਸਿੱਖ ਪੰਥ ਦੀ ਸੇਵਾ ਦਾ ਇਵਜ਼ਾਨਾ ਲੈਣ ਤੋਂ ਨਾਂਹ ਕਰ ਦਿੱਤੀ ਸੀ ਤੇ ਖੇਤੀ ਨੂੰ ਸਲਾਮਤ ਰੱਖਣ ਲਈ ਹੁੰਦੜਹੇਲ ਜਵਾਹਰ ਨੂੰ ਸਕੂਲ ਭੇਜਣ ਦੀ ਬਜਾਏ ਅਪਣੇ ਨਾਲ ਡਾਹ ਲਿਆ ਸੀ।
… ਤੇ ਜਵਾਹਰ ਸਿੰਘ ਨੂੰ ਜਿਵੇਂ ਖੇਤੀ ਨਾਲ ਇਸ਼ਕ ਹੋ ਗਿਆ ਹੋਵੇ। ਉਹ ਦਿਨ ਰਾਤ ਖੇਤਾਂ ਵਿਚ ਜੁਟਿਆ ਰਹਿੰਦਾ। ਭਰਾ ਵੀ ਸਕੂਲੋਂ ਮੁੜ ਕੇ ਉਸ ਨਾਲ ਹੱਥ ਵਟਾਉਂਦੇ। ਉਤਸ਼ਾਹ ਵਿਚ ਹੁਲਾਰੇ ਖਾਂਦਾ ਉਹ ਭਰਾਵਾਂ ਨੂੰ ਪ੍ਰੇਰਿਤ ਕਰਦਾ, ”ਓਏ! ਦੇਖੀਓ ਕਿਤੇ ਫੈਲਸੂਫੀਆਂ ‘ਚ ਨਾ ਪੈ ਜਿਓ। ਦਿਲ ਲਾ ਕੇ ਪੜ੍ਹੋ।”
ਉਹ ਔਖਾ-ਸੌਖਾ ਭਰਾਵਾਂ ਦੀਆਂ ਫੀਸਾਂ ਤਾਰਦਾ ਰਿਹਾ। ਰਤਨ ਸਿੰਘ ਬੀæਐਸ਼ਸੀ ਕਰਕੇ ਜੰਗਲਾਤ ਦੇ ਮਹਿਕਮੇ ਵਿਚ ਵਣ-ਰੇਂਜ ਅਫਸਰ ਲੱਗ ਗਿਆ ਸੀ ਤੇ ਸੁੱਚਾ ਸਿੰਘ ਬੀæਏ ਵਿਚੇ ਛੱਡ ਪੁਲਿਸ ‘ਚ ਭਰਤੀ ਹੋ ਗਿਆ ਸੀ।
ਜੰਗਲਾਤ ਦੀ ਨੌਕਰੀ ਰਤਨ ਸਿੰਘ ਦੀ ਰੂਹ ਨੂੰ ਭਾਉਂਦੀ ਸੀ। ਟਾਹਲੀਆਂ, ਕਿੱਕਰਾਂ, ਸਫੈਦੇ ਆਦਿ ਦੀਆਂ ਪਨੀਰੀਆਂ ਬੀਜਣ, ਉਨ੍ਹਾਂ ਬੂਟਿਆਂ ਨੂੰ ਸਰਕਾਰੀ ਜ਼ਮੀਨਾਂ ‘ਚ ਲਾਉਣ ਅਤੇ ਪਾਲਣ ਦੇ ਕਾਰਜਾਂ ਵਿਚ ਉਹ ਹੇਠਲੇ ਸਟਾਫ ਦੇ ਨਾਲ ਹੱਥੀਂ ਕੰਮ ਕਰਦਾ। ਮਹਿਕਮੇ ਦੀਆਂ ਨਰਸਰੀਆਂ ਵਿਚ ਉਹ ਲੋਕਾਂ ਵਾਸਤੇ ਵੀ ਵੱਧ ਤੋਂ ਵੱਧ ਪਨੀਰੀਆਂ ਬਿਜਾਉਂਦਾ। ਰੁੱਖਾਂ ਨਾਲ ਉਸ ਦਾ ਅਪਣੇ ਧੀਆਂ-ਪੁੱਤਾਂ ਵਰਗਾ ਮੋਹ ਸੀ। ਵਣ-ਮੰਡਲ ਅਫਸਰ ਦੇ ਅਹੁਦੇ ‘ਤੇ ਪਹੁੰਚ ਕੇ ਉਸ ਨੇ ਨਵੇਂ ਰੁੱਖ ਲਾਉਣ ਦਾ ਇਕ ਵੱਡਾ ਪ੍ਰਾਜੈਕਟ ਬਣਾ ਕੇ ਉਪਰ ਨੂੰ ਭੇਜਿਆ ਸੀ। ਪਰ ਉਹ ਪਾਸ ਨਹੀਂ ਸੀ ਹੋਇਆ। ਕਾਰਨ? ਫੰਡਾਂ ਦੀ ਘਾਟ। ਉਹ ਸਮਝ ਗਿਆ ਸੀ, ਘਾਟ ਫੰਡਾਂ ਦੀ ਨਹੀਂ, ਈਮਾਨਦਾਰੀ ਦੀ ਸੀ। ਪੰਜਾਬ ਦੇ ਦੂਜੇ ਮਹਿਕਮਿਆਂ ਵਿਚ ਫੈਲ ਰਹੇ ਭ੍ਰਿਸ਼ਟਾਚਾਰ ਦੀ ਲਾਗ ਉਨ੍ਹਾਂ ਦੇ ਮਹਿਕਮੇ ਨੂੰ ਵੀ ਲੱਗ ਗਈ ਸੀ। ਕਿੰਨਾ ਨਿਰਾਸ਼ ਹੋਇਆ ਸੀ ਉਹ।
… ਤੇ ਉਸ ਦੇ ਛੋਟੇ ਭਰਾ ਸੁੱਚਾ ਸਿੰਘ, ਜਿਸ ਨੇ ਅਪਣੇ ਨਾਂ ਅਨੁਸਾਰ ਕਰਮ ਕਰਦਿਆਂ ‘ਸੱਚੇ-ਸੁੱਚੇ ਥਾਣੇਦਾਰ’ ਵਜੋਂ ਜੱਸ ਖੱਟਿਆ ਸੀ, ਨੂੰ ਨਿਰਾਸ਼ਤਾ ਤੋਂ ਵੀ ਅਗਾਂਹ ਖੱਜਲ-ਖੁਆਰੀ ਦੇ ਦਿਨ ਦੇਖਣੇ ਪੈ ਗਏ ਸਨ। ਉਸ ਨੇ ਇਕ ਅਤਿਵਾਦੀ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਤੋਂ ਨਾਂਹ ਕਰ ਦਿੱਤੀ ਸੀ। ਮਹਿਕਮਾ ਉਸ ਦੇ ਪੇਸ਼ ਪੈ ਗਿਆ ਸੀ। ਕੁਤਾਹੀਆਂ ਦੇ ਦੋਸ਼ ਮੜ੍ਹ ਕੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਤਿੰਨ ਸਾਲ ਉਹ ਮੁਅੱਤਲੀ ਵਿਚ ਹੀ ਲਟਕਦਾ ਰਿਹਾ। ਹੀਣਾ ਹੋ ਕੇ, ਰਾਜਸੀ ਨੇਤਾਵਾਂ ਤੇ ਉਚ ਅਧਿਕਾਰੀਆਂ ਨੂੰ ਬੇਨਤੀਆਂ ਕਰ-ਕਰ ਉਹ ਬਹਾਲ ਤਾਂ ਹੋ ਗਿਆ ਪਰ ਉਸ ਦੀ ਰੂਹ ਬੁਝ ਚੁੱਕੀ ਸੀ।
ਉਸ ਨੇ ਕੁਝ ਅੱਤਵਾਦੀਆਂ ਨਾਲ ਸੌਦੇਬਾਜ਼ੀ ਕਰਕੇ ਉਨ੍ਹਾਂ ਦਾ ਵਿਦੇਸ਼ ਨੂੰ ਭੱਜਣ ਦਾ ਰਾਹ ਪੱਧਰਾ ਕੀਤਾ, ਚੰਗੇ ਹੱਥ ਰੰਗੇ ਤੇ ਨੌਕਰੀ ਨੂੰ ਲੱਤ ਮਾਰ ਦਿੱਤੀ। ਪੁਲਿਸ ਵਿਚ ਤਾਂ ਉਸ ਦੀ ਵਾਕਫੀਅਤ ਹੈਗੀ ਹੀ ਸੀ, ਉਸ ਨੇ ਦੂਜੇ ਮਹਿਕਮਿਆਂ ਤੇ ਕਾਰਪੋਰੇਸ਼ਨਾਂ ਵਿਚ ਵੀ ਚੰਗੀ ਪਹੁੰਚ ਬਣਾ ਲਈ ਤੇ ਲੋਕਾਂ ਦੇ ਅੜੇ-ਥੁੜੇ ਕੰਮ ਕਢਵਾਉਣ ਲੱਗ ਪਿਆ। ਛੋਟੇ-ਛੋਟੇ ਕੰਮ ਤਾਂ ਉਹ ਮੁਫ਼ਤ ਹੀ ਕਰਵਾ ਦਿੰਦਾ, ਪਰ ਉਲਝੇ ਕੇਸਾਂ ਦੀ ਫੀਸ ਠੋਕ ਕੇ ਲੈਂਦਾ। ਉਸ ਦਾ ਰੋਹਬ ਵੀ ਬੜਾ ਸੀ। ਚਾੜ੍ਹੀ ਹੋਈ ਦਾਹੜੀ, ਕੁੰਡੀਆਂ ਮੁੱਛਾਂ, ਚਿਣਵੇਂ ਪੇਚਾਂ ਵਾਲੀ ਪੱਗ, ਕੋਟ-ਕਮੀਜ਼ ਥੱਲੇ ਵੱਖੀ ‘ਚ ਲਮਕਦਾ ਲਸੰਸੀ ਰਿਵਾਲਵਰ। ਇਲਾਕੇ ਦੇ ਸਰਪੰਚ ਤੇ ਹੋਰ ਚੌਧਰੀ
ਉਸ ਨੂੰ ਸਲਾਮਾਂ ਕਰਨ ਲੱਗ ਪਏ। ਉਸ ਨੇ ਰਾਜਸੀ ਨੇਤਾਵਾਂ ਨਾਲ ਵੀ ਲਿੰਕ ਬਣਾ ਲਏ। ਇਲਾਕੇ ਦਾ ਚਲਦਾ-ਪੁਰਜਾ ਵਿਅਕਤੀ ਬਣ ਗਿਆ ਸੀ ਉਹ।
ਜਵਾਹਰ ਸਿੰਘ ਅਪਣੀ ਖੇਤੀ ਦੇ ਸਿਰ ‘ਤੇ ਸਾਦੀ ਅਤੇ ਸੰਤੁਸ਼ਟ ਜ਼ਿੰਦਗੀ ਬਤੀਤ ਕਰ ਰਿਹਾ ਸੀ। ਉਸ ਨੇ ਭਰਾਵਾਂ ਅੱਗੇ ਕਦੀ ਵੀ ਕੋਈ ਮੰਗ ਨਹੀਂ ਸੀ ਰੱਖੀ। ਪਰ ਜਦੋਂ ਹਰਜਾਪ ਬਾਹਰ ਜਾਣ ਦੀ ਜ਼ਿੱਦ ਵਿਚ ਉਸ ਨਾਲ ਜ਼ਿਆਦਾ ਹੀ ਔਖਾ-ਭਾਰਾ ਰਹਿਣ ਲੱਗ ਪਿਆ ਤਾਂ ਉਸ ਨੇ ਮਜਬੂਰ ਹੋ ਕੇ ਭਰਾ ਰਤਨ ਸਿੰਘ ਨੂੰ ‘ਕੁਝ’ ਕਰਨ ਲਈ ਫੋਨ ਕੀਤਾ ਸੀ। ਰਤਨ ਸਿੰਘ ਨੇ ਘਰ ‘ਚ ਸਲਾਹ ਕੀਤੀ ਸੀ। ਏਜੰਟਾਂ ਦੇ ਚੱਕਰ ਵਿਚ ਪੈਣਾ ਠੀਕ ਨਹੀਂ ਸੀ। ਖ਼ਤਰਾ ਪੈਸੇ ਮਰਨ ਦਾ ਹੀ ਨਹੀਂ, ਹਰਜਾਪ ਦੇ ਅਧਵਾਟੇ ਹੀ ਫਸ ਜਾਣ ਦਾ ਵੀ ਸੀ। ਸੋਚ-ਵਿਚਾਰ ਤੋਂ ਬਾਅਦ ਉਨ੍ਹਾਂ ਗੁਰਨੇਕ ਦੇ ਜੌੜੇ ਪੁੱਤਰਾਂ ਲਈ ਨੈਨੀ ਸਪਾਂਸਰ ਕਰਨ ਦਾ ਫੈਸਲਾ ਕਰ ਲਿਆ। ਨੈਨੀ ਵਜੋਂ ਸੱਦੀ ਕੁੜੀ ਪੱਕੀ ਹੋਣ ਉਪਰੰਤ ਹਰਜਾਪ ਨਾਲ ਵਿਆਹ ਕਰਕੇ ਉਸ ਨੂੰ ਕੈਨੇਡਾ ਲਿਆ ਸਕਦੀ ਸੀ।
ਰਤਨ ਸਿੰਘ ਨੇ ਭਰਾ ਨੂੰ ਫੋਨ ‘ਤੇ ਸਮਝਾ ਦਿੱਤਾ ਸੀ ਕਿ ਰਿਸ਼ਤਾ ਲੱਭ ਕੇ ਪੱਕ-ਠੱਕ ਕਰ ਲਵੋ ਪਰ ਭਾਈਚਾਰੇ ਵਿਚ ਕੋਈ ਰਸਮ ਨਾ ਕਰਿਓ। ਦਸਵੀਂ ਫੇਲ੍ਹ ਹਰਜਾਪ ਨੂੰ ਬੀæਏ, ਐਮæਏ ਕੁੜੀਆਂ ਦੇ ਰਿਸ਼ਤੇ ਆਉਣ ਲੱਗੇ, ਨਾਲ ਕਾਰਾਂ ਤੇ ਹੋਰ ਪਤਾ ਨਹੀਂ ਕੀ-ਕੀ ਚੀਜ਼ਾਂ ਦੀਆਂ ਸੁਣਾਉਤਾਂ ਵੀ। ਸੁੱਚਾ ਸਿੰਘ ਨੇ ਅਪਣੇ ਖਾਸ ਦੋਸਤ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਰਜੀਤ ਸਿੰਘ ਦੀ ਲੜਕੀ ਬਾਰੇ ਗੱਲ ਚਲਾਈ ਸੀ। ਪਰ ਜਵਾਹਰ ਸਿੰਘ ਦਾ ਮਨ ਨਹੀਂ ਸੀ ਮੰਨਿਆ। ਕਹਿਣ ਲੱਗਾ, ”ਉਹ ਇਲਾਕੇ ਦਾ ਤਕੜਾ ਜੱਟ ਆ ਤੇ ਮੇਰੀ ਮਾਲਕੀ ਸਿਰਫ ਛੇ ਘੁਮਾਂ। ਕੋਈ ਜੋੜ-ਮੇਲ ਨਹੀਂ ਬਣਦਾ।”
”ਜਵਾਹਰ ਸਿਆਂ! ਹਰਜੀਤ ਸੁੰਹ ਨੂੰ ਸਾਰਾ ਪਤੈ। ਉਹਨੇ ਮੈਨੂੰ ਆਪ ਕਿਹੈ ਪਈ ਦੋਸਤੀ ਨੂੰ ਰਿਸ਼ਤੇਦਾਰੀ ‘ਚ ਬਦਲ ਲਈਏ। ਆਪਾਂ ਨੂੰ ਇਹ ਰਿਸ਼ਤਾ ਠੁਕਰਾਉਣਾ ਨਹੀਂ ਚਾਹੀਦਾ।” ਸੁੱਚਾ ਸਿੰਘ ਅਪਣੀ ਗੱਲ ਪੁਗਾਉਣੀ ਚਾਹੁੰਦਾ ਸੀ।
”ਸੁੱਚਿਆ! ਤੂੰ ਸਮਝਣ ਦੀ ਕੋਸ਼ਿਸ਼ ਕਰ। ਮੈਂ ਠੁਕਰਾ ਨਹੀਂ ਰਿਹਾ, ਸਗੋਂ ਆਪੂੰ ਨੂੰ ਉਹਦੇ ਨਾਲੋਂ ਛੋਟਾ ਸਮਝਦਾ ਹੋਇਆ ਮਾਫੀ ਮੰਗ ਰਿਹਾਂ।”
ਸੁੱਚਾ ਸਿੰਘ ਨੇ ਕੁਝ ਨਹੀਂ ਸੀ ਕਿਹਾ, ਪਰ ਅੰਦਰੋਂ ਵੱਟ ਖਾ ਗਿਆ ਸੀ।
ਜਵਾਹਰ ਸਿੰਘ ਨੂੰ ਪੁਰਾਣੀ ਸਾਂਝ ਵਾਲੇ ਅੰਮ੍ਰਿਤਧਾਰੀ ਗੁਰਮੁਖ ਸਿੰਘ ਵੱਲੋਂ ਅਪਣੀ ਘਰ ਵਾਲੀ ਦੀ ਭਤੀਜੀ ਬਾਰੇ ਪਾਈ ਦੱਸ ਠੀਕ ਜਾਪੀ ਸੀ। ਸਾਧਾਰਨ ਜਿਹਾ ਪਰਿਵਾਰ ਸੀ। ਗੁਰਮੁੱਖ ਸਿੰਘ ਨੇ ਪਹਿਲਾਂ ਮੁੰਡੇ-ਕੁੜੀ ਦੀ ਮੁਲਾਕਾਤ ਕਰਵਾਈ। ਕੱਦ ਅਤੇ ਸ਼ਕਲ-ਸੂਰਤ ਵਿਚ ਅਪਣੇ ਨਾਲ ਮੇਲ ਖਾਂਦੀ ਨੀਤੂ ਹਰਜਾਪ ਨੂੰ ਭਾ ਗਈ। ਉਹ ਬਾਰਾਂ ਪੜ੍ਹੀ ਹੋਈ ਸੀ। ਵਿਰਲੇ-ਵਿਰਲੇ ਸ਼ਬਦ ਅੰਗਰੇਜ਼ੀ ਦੇ ਵੀ ਬੋਲ ਲੈਂਦੀ ਸੀ। ਹਰਜਾਪ ਨੇ ਉਸ ਨੂੰ ਦੱਸਿਆ ਸੀ, ”ਸਾਡਾ ਆਮ ਜਿਹਾ ਗੁਜ਼ਾਰਾ ਐ। ਮੇਰੇ ਮੰਮੀ-ਡੈਡੀ ਅੰਮ੍ਰਿਤਧਾਰੀ ਆ। ਬਹੁਤਾ ਫੈਸ਼ਨ ਉਨ੍ਹਾਂ ਨੂੰ ਪਸੰਦ ਨਹੀਂ, ਪਰ ਉਹ ਤੈਨੂੰ ਪਿਆਰ ਕਰਨਗੇ। ਤੈਨੂੰ ਵੀ ਉਨ੍ਹਾਂ ਦਾ ਆਦਰ-ਮਾਣ ਕਰਨਾ ਹੋਵੇਗਾ।”
”ਜੀ! ਮੈਂ ਤਾਂ ਅਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਆਂ, ਜਿਹੜਾ ਤੁਸੀਂ ਮੈਨੂੰ ਪਸੰਦ ਕਰ ਲਿਆ। ਤੁਹਾਨੂੰ ਮੇਰੇ ਵੱਲੋਂ ਕਦੀ ਵੀ ਕੋਈ ਸ਼ਿਕਾਇਤ ਨਹੀਂ ਆਏਗੀ। ਮੈਂ ਤੁਹਾਡੇ ਮੰਮੀ-ਡੈਡੀ, ਕੈਨੇਡਾ ਆਲ਼ੇ ਚਾਚਾ-ਚਾਚੀ ਤੁਹਾਡੇ ਕਜ਼ਨ ਤੇ ਭਾਬੀ ਜੀ ਦਾ ਪੂਰਾ ਆਦਰ ਕਰੂੰਗੀ।”
ਮੁੰਡੇ-ਕੁੜੀ ਵੱਲੋਂ ‘ਹਾਂ’ ਹੋਣ ‘ਤੇ ਉਨ੍ਹਾਂ ਦੇ ਮਾਪਿਆਂ ਨੇ ਗੱਲਬਾਤ ਕੀਤੀ।
”ਤੁਹਾਡੀ ਕੋਈ ਮੰਗ?” ਨੀਤੂ ਦੇ ਡੈਡੀ ਸ਼ਿੰਗਾਰਾ ਸਿੰਘ ਨੇ ਪੁੱਛਿਆ ਸੀ।
”ਗੁਰੂ ਮਹਾਰਾਜ ਨੇ ਸਾਨੂੰ ਬੜਾ ਕੁਝ ਦਿੱਤਾ ਹੋਇਐ। ਉਹਦੀ ਬੜੀ ਕਿਰਪਾ ਐ। ਅਸੀਂ ਸਿਰਫ ਇਹ ਚਾਹੁੰਨੇ ਆਂ ਕਿ ਲੜਕੀ ਸਾਡਾ ਅੰਗ ਬਣ ਕੇ ਰਹੇ।” ਜਵਾਹਰ ਸਿੰਘ ਨੇ ਕਿਹਾ ਸੀ।
”ਅੰਗ ਕੀ, ਤੁਹਾਡੇ ਸਾਹਾਂ ‘ਚ ਸਾਹ ਹੋਏਗਾ ਨੀਤੂ ਦਾ… ਤੁਸੀਂ ਤਾਂ ਸਰਦਾਰ ਜੀ! ਦੇਵਤਾ ਸਰੂਪ ਓਂ, ਨਹੀਂ ਤਾਂ ਅੱਜ-ਕੱਲ੍ਹ ਲੋਕਾਂ ਨੇ ਏਦਾਂ ਮੂੰਹ ਅੱਡੇ ਹੋਏ ਆ ਕਿ ਸਾਡੇ ਵਰਗਿਆਂ ਲਈ ਧੀਆਂ ਵਿਆਹੁਣੀਆਂ ਬਹੁਤ ਔਖੀਆਂ ਨੇ। ਤੁਹਾਡਾ ਕੈਨੇਡਾ ਵਾਲਾ ਭਰਾ ਵੀ ਸਤਿਯੁਗੀ ਭਰਾ ਆ, ਜੋ ਤੁਹਾਡੇ ਕਾਕੇ ਲਈ ਏਨਾ ਕੁਝ ਕਰ ਰਿਹੈ।” ਸ਼ਿੰਗਾਰਾ ਸਿੰਘ ਦੇ ਬੋਲਾਂ ਵਿਚ ਖੁਸ਼ੀ ਤੇ ਨਿਮ੍ਰਤਾ ਸੀ।
ਪੱਕ-ਠੱਕ ਹੋਣ ਬਾਅਦ ਸ਼ਿੰਗਾਰਾ ਸਿੰਘ ਨੇ ਨੀਤੂ ਨੂੰ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਨੈਨੀ ਸਕੂਲ ‘ਚ ਦਾਖ਼ਲ ਕਰਵਾ ਦਿੱਤਾ। ਕੋਰਸ ਖ਼ਤਮ ਹੋਣ ‘ਤੇ ਗੁਰਨੇਕ ਨੇ ਅਪਣੇ ਜੌੜੇ ਪੁੱਤਰਾਂ ਦੀ ਦੇਖ-ਭਾਲ ਵਾਸਤੇ ਉਸ ਨੂੰ ਨੈਨੀ ਦੀ ਜੌਬ ਦੇਣ ਦੀ ਜ਼ਿੰਮੇਵਾਰੀ ਭੇਜ ਦਿੱਤੀ। ਕੈਨੇਡੀਅਨ ਅੰਬੈਸੀ ਦਿੱਲੀ ਤੋਂ ਅਪਣਾ ਕੇਸ ਪ੍ਰਵਾਨ ਕਰਵਾ ਕੇ ਨੀਤੂ ਕੈਨੇਡਾ ਪਹੁੰਚ ਗਈ ਸੀ।
ਬੱਬੀ ਦੀ ਇਕ ਸਾਲ ਦੀ ਜਣੇਪਾ-ਛੁੱਟੀ ਖ਼ਤਮ ਹੋ ਚੁੱਕੀ ਸੀ। ਉਸ ਦੀ ਪਲਾਨ ਇਹ ਸੀ ਕਿ ਉਹ ਦੋ ਸਾਲ ਹੋਰ ਜੌਬ ‘ਤੇ ਨਹੀਂ ਜਾਏਗੀ। ਬੱਚਿਆਂ ਦਾ ਪਾਲਣ-ਪੋਸ਼ਣ ਅਪਣੇ ਹੱਥੀਂ ਕਰੇਗੀ। ਦੋ ਸਾਲ ਬਾਅਦ ਸੱਸ ਦੇ ਰਿਟਾਇਰ ਹੋਣ ‘ਤੇ ਉਹ ਕੰਮ ‘ਤੇ ਪਰਤ ਸਕਦੀ ਸੀ।
ਪਰ ਹੁਣ ਬੱਚਿਆਂ ਦੀ ਦੇਖ-ਭਾਲ ਲਈ ਨੀਤੂ ਆ ਗਈ ਸੀ। ਇਹ ਉਸ ਦੀ ਜੌਬ ਸੀ। ਸੋ ਬੱਬੀ ਨੇ ਬੱਚਿਆਂ ਨੂੰ ਖੁਆਉਣ, ਪਿਆਉਣ, ਨਹਿਲਾਉਣ, ਖਿਡਾਉਣ ਤੇ ਡਾਇਪਰ ਬਦਲਣ ਬਾਰੇ ਨੀਤੂ ਨੂੰ ਸਾਰਾ ਕੁਝ ਸਮਝਾ ਦਿੱਤਾ ਤੇ ਆਪ ਜੌਬ ‘ਤੇ ਜਾਣ ਲੱਗ ਪਈ।
ਸ਼ੁਰੂ ਵਿਚ ਨੀਤੂ ਨੂੰ ਉਦਰੇਵਾਂ ਮਹਿਸੂਸ ਹੋਇਆ ਸੀ। ਰਤਨ ਸਿੰਘ ਨੇ ਉਸ ਨੂੰ ਹੌਸਲਾ ਦਿੰਦਿਆਂ ਆਖਿਆ ਸੀ, ”ਓਦਰਨਾ ਨਹੀਂ। ਅਸੀਂ ਤੇਰਾ ਹਰ ਤਰ੍ਹਾਂ ਨਾਲ ਖਿਆਲ ਰੱਖਾਂਗੇ। ਸਾਡੇ ਲਈ ਜਿੱਦਾਂ ਦੀ ਬੱਬੀ, ਓਦਾਂ ਦੀ ਤੂੰ। ਖੁਸ਼ ਰਿਹਾ ਕਰ।”
”ਤੁਸੀਂ ਸਾਰੇ ਬਹੁਤ ਚੰਗੇ ਆਂ। ਤੁਹਾਡੇ ਘਰ ਦਾ ਮਾਹੌਲ ਵੀ ਮੈਨੂੰ ਬਹੁਤ ਚੰਗਾ ਲਗਦਾ ਆ… ਬੜਾ ਕੁਝ ਐ ਮੇਰੇ ਸਿੱਖਣ ਲਈ।” ਨੀਤੂ ਦੇ ਅਜਿਹੇ ਸ਼ਬਦ ਸੁਣਦਿਆਂ ਰਤਨ ਸਿੰਘ ਦੇ ਮਨ ਵਿਚ ਸਕੂਨ ਉਪਜ ਪੈਂਦਾ।
ਪਰ ਹੁਣ ਨਦੀਨ ਪੁੱਟ ਰਹੇ ਹਰਜਾਪ ਤੇ ਗੁਰਨੇਕ ਦੇ ਖਿਝੇ ਹੋਏ ਚਿਹਰੇ ਤੱਕਦਿਆਂ ਉਹ ਅਪਣੇ ਅੰਦਰ ਖਲਬਲੀ ਮਹਿਸੂਸ ਕਰ ਰਿਹਾ ਸੀ, ”ਕੀ ਮਾਰ ਪੈ ਗਈ ਪੰਜਾਬ ਦੇ ਮੁੰਡੇ-ਕੁੜੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ!” ਉਹ ਬੁੜਬੁੜਾਇਆ… ਤੇ ਉਸ ਦੀ ਸੋਚ ਵਿਚ ਇੰਡੀਆ ਤੋਂ ਆਏ ਮੁੰਡੇ-ਕੁੜੀਆਂ ਵੱਲੋਂ ਅਪਣੇ ਸਪਾਂਸਰਾਂ ਨਾਲ ਕੀਤੇ ਧੋਖੇਬਾਜ਼ੀਆਂ ਦੇ ਅਨੇਕਾਂ ਕੇਸ ਘੁੰਮ ਗਏ ਤੇ ਫਿਰ ਮਨ ਹੀ ਮਨ ਉਸ ਨੇ ਸ਼ੁਕਰ ਕੀਤਾ ਕਿ ਉਹਨਾਂ ਨੂੰ ਗੁਰਨੇਕ ਤੇ ਧੀ ਤੇਜੀ ਦੇ ਵਿਆਹਾਂ ਲਈ ਇੰਡੀਆ ਨਹੀਂ ਸੀ ਜਾਣਾ ਪਿਆ। ਇਥੇ ਹੀ ਚੰਗੇ ਰਿਸ਼ਤੇਦਾਰ ਮਿਲ ਗਏ ਸਨ। ਨੂੰਹ ਵੀ ਤੇ ਜੁਆਈ ਵੀ ਚੰਗੀ ਸੋਚ ਵਾਲੇ ਸਨ।
ਰਤਨ ਸਿੰਘ ਦਾ ਧਿਆਨ ਮੁੜ ਪੁੱਤਰ ਅਤੇ ਭਤੀਜੇ ਦੇ ਅਸਹਿਜ ਚਿਹਰਿਆਂ ਵੱਲ ਚਲਾ ਗਿਆ। ਧੁੱਪ ਵੀ ਕੁਝ ਤਿੱਖੀ ਹੋ ਗਈ ਸੀ। ”ਮੁੰਡਿਓ! ਜੂਸ ਲਿਆਵਾਂ ਬਈ? ਉਸ ਨੇ ਪੁੱਛਿਆ।
”ਲੈ ਆਓ।” ਦੋਨਾਂ ਆਖਿਆ।
ਰਤਨ ਸਿੰਘ ਨੇ ਰਸੋਈ ‘ਚੋਂ ਲਿਜਾ ਕੇ ਉਨ੍ਹਾਂ ਨੂੰ ਜੂਸ ਦੇ ਗਲਾਸ ਫੜਾਏ ਤੇ ਆਖਿਆ, ”ਲੈ ਬਈ! ਕੈਨੇਡਾ ਦੇ ਸਿਸਟਮ ਦੀ ਸਿਫਤ ਕਰਨੀ ਬਣਦੀ ਆ। ਐਹ ਘਾਹ ਵਿਚਲਾ ਨਦੀਨ ਪਹਿਲਾਂ ਦਵਾਈ ਮਿਲੀ ਖਾਦ ਦਾ ਛੱਟਾ ਦੇ ਕੇ ਖ਼ਤਮ ਕਰ ਦਈਦਾ ਸੀ। ਹੁਣ ਜਦ ਇਨ੍ਹਾਂ ਨੂੰ ਪਤਾ ਲੱਗੈ ਕਿ ਉਹ ਦਵਾਈ ਧਰਤੀ ਨੂੰ ਪ੍ਰਦੂਸ਼ਿਤ ਕਰਦੀ ਐ, ਇਨ੍ਹਾਂ ਫਟ ਬੰਦ ਕਰ ਦਿੱਤੀ।”
ਖਾਲੀ ਗਲਾਸ ਤੇ ਟਰੇਅ ਰਸੋਈ ਵਿਚ ਰੱਖ ਕੇ ਰਤਨ ਸਿੰਘ ਮੁੜ ਬੈਕਯਾਰਡ ਵਿਚ ਆ ਗਿਆ। ਉਸ ਦੇ ਹੱਥਾਂ ਵਿਚ ਪਲਾਸਟਿਕ ਗਲਾਸਾਂ ਦਾ ਬੰਡਲ ਸੀ, ਜੋ ਉਸ ਨੇ ਦੇਸੀ ਰੂੜੀ ਦੇ ਢੇਰ ਅਤੇ ਤੁਲਸੀ ਦੀ ਪਨੀਰੀ ਦੇ ਵਿਚਕਾਰ ਰੱਖ ਦਿੱਤਾ। ਉਹ ਗਰਮੀਆਂ ਦੀ ਹਰੇਕ ਰੁੱਤੇ ਤੁਲਸੀ ਦਾ ਪੰਜ ਸੌ ਬੂਟਾ ਲੋਕਾਂ ਵਿਚ ਮੁਫ਼ਤ ਵੰਡਦਾ ਸੀ। ਅਪਣੀ ਟੈਕਸੀ ਵਿਚ ਸਫ਼ਰ ਕਰਨ ਵਾਲੀਆਂ ਸੁਆਰੀਆਂ ਨੂੰ, ”ਡੂ ਯੂ ਨੋਅ ਅਬਾਊਟ ਬੇਸਿਲ?” ਦਾ ਪ੍ਰਸ਼ਨ ਕਰਕੇ ਉਹ ਉਨ੍ਹਾਂ ਨੂੰ ਤੁਲਸੀ ਦੇ ਗੁਣਾਂ ਬਾਰੇ ਦੱਸਦਾ ਤੇ ਪਲਾਸਟਿਕ ਗਲਾਸ ‘ਚ ਲਾਇਆ ਬੂਟਾ ਭੇਟ ਕਰ ਦਿੰਦਾ।
ਗਲਾਸਾਂ ਵਿਚ ਰੂੜੀ ਰਲੀ ਮਿੱਟੀ ਪਾ ਕੇ ਤੁਲਸੀ ਦਾ ਇਕ-ਇਕ ਬੂਟਾ ਲਾ ਰਹੇ ਰਤਨ ਸਿੰਘ ਨੂੰ ਇੰਡੀਆ ਦੇ ਵਣ ਵਿਭਾਗ ਦਾ ਨਿਘਾਰ ਯਾਦ ਆ ਗਿਆ। ਇਕ ਪਾਸੇ ਨਵੇਂ ਰੁੱਖ ਲਾਏ ਜਾ ਰਹੇ ਹੁੰਦੇ ਤੇ ਦੂਜੇ ਪਾਸੇ ਹਰੇ-ਭਰੇ ਮੱਲੇ ਹੋਏ ਰੁੱਖ ਚੋਰੀ ਹੋ ਜਾਂਦੇ। ਚੋਰੀਆਂ ਕਰਵਾਉਣ ਵਾਲੇ ਮਹਿਕਮੇ ਦੇ ਹੀ ਕਰਮਚਾਰੀ ਸਨ, ਹੇਠਾਂ ਤੋਂ ਉਪਰ ਤੱਕ ਰਲੇ ਹੋਏ।
”ਇਹ ਬੇਈਮਾਨ, ਪੰਜਾਬ ਨੂੰ ਰੁੱਖਾਂ ਤੋਂ ਵੀ ਵਾਂਝਾ ਕਰੀ ਜਾਂਦੇ ਆ ਤੇ ਇਖਲਾਕ ਤੋਂ ਵੀ।” ਰਤਨ ਸਿੰਘ ਦੇ ਇਨ੍ਹਾਂ ਬੋਲਾਂ ਨੂੰ ਵਾਧੂ ਵਖਿਆਨ ਕਰਾਰ ਦਿੰਦੇ ਕਰਮਚਾਰੀ ਆਸੇ-ਪਾਸੇ ਹੋ ਕੇ ਉਸ ਦਾ ਮਜ਼ਾਕ ਉਡਾਉਂਦੇ-ਅਪਣੇ ਯੈਜ਼ਦੀ ਤੇ ਬੁਲਿਟ ਮੋਟਰ ਸਾਈਕਲਾਂ ਦੇ ਮੁਕਾਬਲੇ ਉਸ ਦੇ ਹੁਝਕਾ ਮਾਰ ਸਕੂਟਰ ਦਾ ਮਜ਼ਾਕ, ਅਪਣੇ ਨਵੇਂ ਸਫਾਰੀ ਸੂਟਾਂ ਦੇ ਮੁਕਾਬਲੇ ਉਸ ਦੀਆਂ ਕਈ-ਕਈ ਸਾਲ ਪੁਰਾਣੀਆਂ ਕਮੀਜਾਂ ਤੇ ਪੈਂਟਾ ਦਾ ਮਜ਼ਾਕ।
ਸਹਿਕਰਮੀਆਂ ਦੀਆਂ ਗੱਲਾਂ ਤਾਂ ਘੁੰਮ-ਘੁੰਮਾ ਕੇ ਉਸ ਤੱਕ ਕਦੀ-ਕਦਾਈ ਹੀ ਪਹੁੰਚਦੀਆਂ, ਪਰ ਘਰ ਵਾਲਿਆਂ ਦੇ ਨਹੋਰੇ ਹਰ ਦੂਜੇ-ਚੌਥੇ ਦਿਨ ਸੁਣਨੇ ਪੈ ਜਾਂਦੇ। ਉਸ ਦੀ ਪਤਨੀ ਤੇ ਬੱਚਿਆਂ ਵੱਲੋਂ ਸੁੱਚਾ ਸਿੰਘ ਦੀ ਪਤਨੀ ਤੇ ਬੱਚਿਆਂ ਦੇ ਨਵੇਂ-ਨਵੇਂ ਫੈਸ਼ਨਾਂ ਦੇ ਕੱਪੜਿਆਂ, ਮੋਬਾਈਲਾਂ, ਮੋਟਰਸਾਈਕਲ ਤੇ ਹੋਰ ਟੌਹਰਦਾਰ ਚੀਜ਼ਾਂ ਬਾਰੇ, ਉਸ ਨੂੰ ਸੁਣਾ-ਸੁਣਾ ਕੀਤੀਆਂ ਗੱਲਾਂ ਉਸ ਵਾਸਤੇ ਨਹੋਰੇ ਹੀ ਤਾਂ ਸਨ।
ਉਦੋਂ ਕੁ ਹੀ ਸੁੱਚਾ ਸਿੰਘ ਨੇ ਇਕ ਤਕੜੀ ਮਾਰ, ਮਾਰ ਲਈ ਸੀ… ਇਕ ਐਨæਆਰæਆਈ ਦੀ ਸ਼ਹਿਰ ਨਾਲ ਲਗਦੀ ਸਾਢੇ ਸੱਤ ਘੁਮਾਂ ਜ਼ਮੀਨ ‘ਤੇ ਉਸ ਦੇ ਰਿਸ਼ਤੇਦਾਰਾਂ ਨੇ ਕਬਜ਼ਾ ਕੀਤਾ ਹੋਇਆ ਸੀ। ਪਟਵਾਰੀਆਂ, ਗਰਦਾਵਰਾਂ, ਤਹਿਸੀਲਦਾਰਾਂ ਤੇ ਚੰਡੀਗੜ੍ਹ ਦੇ ਉਚ ਅਧਿਕਾਰੀਆਂ ਦੇ ਦਫਤਰਾਂ ਦੇ ਗੇੜੇ ਮਾਰ-ਮਾਰ ਉਸ ਵਿਚਾਰੇ ਦੀਆਂ ਜੁੱਤੀਆਂ ਘਸ ਗਈਆਂ, ਪੈਸਾ ਵੀ ਰੋੜ੍ਹਿਆ, ਮਾਲ ਮੰਤਰੀ ਨੂੰ ਵੀ ਮਿਲਿਆ, ਪਰ ਮਾਮਲਾ ਹੱਲ ਨਾ ਹੋਇਆ। ਥੱਕ-ਹਾਰ ਕੇ ਉਹ ਐਨæਆਰæਆਈ ਸੁੱਚਾ ਸਿੰਘ ਕੋਲ ਪਹੁੰਚਿਆ ਤੇ ਜ਼ਮੀਨ ਦਾ ਤੀਜਾ ਹਿੱਸਾ ਦੇਣਾ ਪ੍ਰਵਾਨ ਕਰ ਲਿਆ। ਸੁੱਚਾ ਸਿੰਘ ਨੇ ਕਬਜ਼ਾ ਤੁੜਵਾ ਦਿੱਤਾ। ਅਪਣੇ ਹਿੱਸੇ ਆਈ ਢਾਈ ਘੁਮਾਂ ਵਿਚੋਂ ਦੋ ਘੁਮਾਂ ਵੇਚ ਕੇ ਤਕੜੀ ਰਕਮ ਵੱਟੀ। ਉਸ ਵਿਚੋਂ ਅੱਧੀ ਕੁ ਪੁਲਿਸ ਤੇ ਮਾਲ ਮਹਿਕਮੇ ਦੇ ਸਬੰਧਿਤ ਕਰਮਚਾਰੀਆਂ ਦੀਆਂ ਜੇਬਾਂ ਵਿਚ ਪਾ ਦਿੱਤੀ ਤੇ ਅੱਧੀ ਨਾਲ ਬਾਕੀ ਬਚੀ ਚਾਰ ਕਨਾਲ ਜ਼ਮੀਨ ਵਿਚ ਅਪਣਾ ਆਲੀਸ਼ਾਨ ਰੈਸਟੋਰੈਂਟ ਬਣਾ ਲਿਆ। ਪੜ੍ਹਾਈ ਵਿਚ ਨਾਲਾਇਕ ਦੋਵੇਂ ਪੁੱਤਰ ਆਹਰੇ ਲਾ ਦਿੱਤੇ। ਇਕ ਮੈਡੀਕਲ ਕਾਲਜ ਵਿਚ ਡੋਨੇਸ਼ਨ ਦੇ ਕੇ ਧੀ ਨੂੰ ਐਮæਬੀæਬੀæਐਸ ਵਿਚ ਦਾਖ਼ਲ ਕਰਵਾ ਦਿੱਤਾ।
ਸੁੱਚਾ ਸਿੰਘ ਦੇ ਪਿੰਡ ਅਤੇ ਇਲਾਕੇ ਦੇ ਕੁਝ ਕੁ ਬੰਦੇ ਹੀ ਉਸ ਦੀਆਂ ਹੇਰਾਫੇਰੀਆਂ ਤੇ ਧੱਕੇਸ਼ਾਹੀਆਂ ਵੱਲ ਉਂਗਲ ਉਠਾਉਂਦੇ ਸਨ। ਆਮ ਲੋਕ ਉਸ ਨੂੰ ਤਰੱਕੀ ਦੇ ਰੋਲ ਮਾਡਲ ਵਜੋਂ ਦੇਖਦੇ ਸਨ। ਅਮੀਰਾਨਾ ਜਲੌਅ ਦੀ ਚਮਕ-ਦਮਕ ਵਿਚ, ਜਾਇਜ਼-ਨਾਜਾਇਜ਼ ਤਰੱਕੀ ਵਿਚਲੀ ਲਕੀਰ ਜਿਵੇਂ ਉਨ੍ਹਾਂ ਨੂੰ ਦਿਸਣੋਂ ਹੀ ਹਟ ਗਈ ਹੋਵੇ।
”ਚਾਚਾ ਜੀ ਨੇ ਟੌਪ ਦੀ ਜਾਪਾਨੀ ਕਾਰ ਲਈ ਆ।” ਗੁਰਨੇਕ ਆਖਦਾ।
”ਉਨ੍ਹਾਂ ਦਾ ਟੀæਵੀ ਦੇਖੋ ਤਾਂ, ਪੂਰੀ ਕੰਧ ਦੀ ਕੰਧ ਤੇ ਪ੍ਰੋਗਰਾਮ ਵੀ ਅਮਰੀਕਾ, ਕੈਨੇਡਾ ਅਤੇ ਸਾਰੀ ਦੁਨੀਆ ਦੇ ਆਉਂਦੇ ਆ।” ਹੈਰਾਨਗੀ ਵਿਚ ਅੱਖਾਂ ਫੈਲਾਉਂਦੀ ਤੇਜੀ ਆਖਦੀ।
”ਉਨ੍ਹਾਂ ਦੇ ਮੁਕਾਬਲੇ ਅਪਣਾ ਘਰ ਤਾਂ ਹੁਣ ਖਾਲੀ-ਖਾਲੀ ਲਗਦਾ ਆ।” ਗੁਰਮੇਜ ਕੌਰ ਦੇ ਚਿਹਰੇ ‘ਤੇ ਨਿਰਾਸ਼ਤਾ ਛਾ ਜਾਂਦੀ।
”ਫਿਰ ਕੀ ਕਰੀਏ?” ਰਤਨ ਸਿੰਘ ਕੁੜੱਤਣ ਖਾ ਜਾਂਦਾ।
”ਕੋਈ ਬਾਹਰ-ਬੂਹਰ ਦਾ ਹੀ ਚੱਕਰ ਬਣਾ ਲਓ।” ਗੁਰਮੇਜ ਕੌਰ ਆਖਦੀ।
”ਹਾਂ ਡੈਡੀ, ਅਮਰੀਕਾ ਜਾਂ ਕੈਨੇਡਾ ਟੌਪ ਦੇ ਕੰਟਰੀ ਆ, ਮਜ਼ਾ ਆ ਜਾਏਗਾ।” ਗੁਰਨੇਕ ਤੇ ਤੇਜੀ ਉਤੇਜਿਤ ਹੋ ਜਾਂਦੇ।
ਤਿੰਨਾਂ ਜੀਆਂ ਵੱਲ ਤਕਦਿਆਂ ਰਤਨ ਸਿੰਘ ਨੂੰ ਇੰਝ ਲਗਦਾ ਜਿਵੇਂ ਟੱਬਰ ਵਿਚ ਉਹ ਅਜ਼ਨਬੀ ਹੋ ਗਿਆ ਹੋਵੇ। ਹਰਖਿਆ ਹੋਇਆ ਆਖਦਾ, ”ਖਾਲੀਪਨ ਘਰ ਵਿਚ ਨਹੀਂ ਤੁਹਾਡੀਆਂ ਰੂਹਾਂ ‘ਚ ਆ।”
ਫਿਰ ਉਹ ਸਨੇਹ ਦੀ ਸੁਰ ਅਪਣਾ ਕੇ ਉਨ੍ਹਾਂ ਨੂੰ ਅਡੋਲ ਰਹਿਣ ਲਈ ਪ੍ਰੇਰਨ ਲੱਗ ਜਾਂਦਾ। ਪਰ ਜਦੋਂ ਬੱਚਿਆਂ ਤੇ ਪਤਨੀ ਦੇ ਚਿਹਰੇ ਹਰ ਸਮੇਂ ਬੁਝੇ-ਬੁਝੇ ਰਹਿਣ ਲੱਗ ਪਏ ਅਤੇ ਘਰ ਵਿਚ ਬੇਰੌਣਕੀ ਪਸਰਨ ਲੱਗ ਪਈ ਤਾਂ ਉਸ ਦੀ ਅਪਣੀ ਅਡੋਲਤਾ ਝੰਬ ਖਾ ਗਈ।
ਉਸ ਨੇ ਪੁਆਇੰਟ-ਸਿਸਟਮ ‘ਤੇ ਕੈਨੇਡਾ ਦੀ ਇਮੀਗ੍ਰੇਸ਼ਨ ਲਈ ਅਪਲਾਈ ਕਰ ਦਿੱਤਾ। ਉਸ ਨੂੰ ਆਸ ਸੀ ਕਿ ਕੈਨੇਡਾ ਵਿਚ ਉਸ ਨੂੰ ਫਾਰੈਸਟ ਅਫਸਰ ਦੀ ਜੌਬ ਮਿਲ ਜਾਏਗੀ। ਪਰ ਮਿਲੀ ਨਾ। ਨਿਯਮਾਂ ਅਨੁਸਾਰ ਉਸ ਨੂੰ ਕੈਨੇਡੀਅਨ ਭੋਇੰ ਤੇ ਰੁੱਖਾਂ ਬਾਬਤ ਪੜ੍ਹਾਈ ਕਰਨ ਦੀ ਜ਼ਰੂਰਤ ਸੀ। ਪਰ ਉਸ ਦੀ ਅਪਣੀ ਪੜ੍ਹਾਈ ਨਾਲੋਂ ਬੱਚਿਆਂ ਦੀ ਪੜ੍ਹਾਈ ਅਤੇ ਘਰ ਦਾ ਗੁਜ਼ਾਰਾ ਚਲਾਉਣਾ ਜ਼ਰੂਰੀ ਸੀ। ਸੋ ਉਹ ਟੈਕਸੀ ਚਲਾਉਣ ਲੱਗ ਪਿਆ। ਗੁਰਮੇਜ ਕੌਰ ਨੂੰ ਇਕ ਫੈਕਟਰੀ ‘ਚ ਜੌਬ ਮਿਲ ਗਈ। ਗੁਰਨੇਕ ਇੰਡੀਆ ਤੋਂ ਬੀæਐਸ਼ਸੀ ਭਾਗ ਦੂਜਾ ਕਰਕੇ ਆਇਆ ਸੀ ਅਤੇ ਤੇਜੀ ਪਲੱਸ ਟੂ ਕਰਕੇ। ਕੈਨੇਡਾ ਆ ਕੇ ਉਨ੍ਹਾਂ ਪੜ੍ਹਾਈ ਜਾਰੀ ਰੱਖੀ। ਵੀਕ-ਐਂਡਾਂ ‘ਤੇ ਜੌਬਾਂ ਵੀ ਕਰ ਲੈਂਦੇ। ਗੁਰਨੇਕ ਲੈਬ ਟੈਕਨੀਸ਼ੀਅਨ ਬਣ ਗਿਆ ਅਤੇ ਤੇਜੀ ਦੰਦਾਂ ਦੇ ਡਾਕਟਰ ਦੀ ਸਹਾਇਕ।
”ਡੈਡੀ ਚਾਹ ਪੀ ਲਓ।” ਗੁਰਨੇਕ ਦੀ ਆਵਾਜ਼ ਨੇ ਰਤਨ ਸਿੰਘ ਨੂੰ ਸੋਚਾਂ ਵਿਚੋਂ ਬਾਹਰ ਖਿੱਚ ਲਿਆ। ਹੱਥ ਧੋ ਕੇ ਉਹ ਡੈੱਕ ‘ਤੇ ਆ ਬੈਠਾ।
”ਹਰਜਾਪ ਸੈਡ ਹੋਇਆ ਲਗਦਾ।” ਚਾਹ ਦੇ ਕੱਪ ਫੜਾ ਰਹੀ ਬੱਬੀ ਬੋਲੀ।
”ਨੀਤੂ ਨਾਲ ਝੜਪ ਹੋਈ ਆ।” ਜੌੜੇ ਪੁੱਤਰਾਂ ਨਾਲ ਲਾਡ ਕਰ ਰਹੇ ਗੁਰਨੇਕ ਨੇ ਦੱਸਿਆ।
”ਕਿਹੜੀ ਗੱਲੋਂ?”
”ਅਖੇ ਤਨਖਾਹ ਸਾਂਝੇ ਖਾਤੇ ‘ਚ ਕਿਉਂ ਨ੍ਹੀਂ ਪਈ।”
”ਤਨਖਾਹ ਹਰਜਾਪ ਦੀ ਆ, ਇਹ ਜਿਥੇ ਮਰਜੀ ਰੱਖੇ।” ਗੁਰਮੇਜ ਕੌਰ ਨੂੰ ਤਾਅ ਚੜ੍ਹ ਗਿਆ।
”ਨੀਤੂ ਦਾ ਦਿਮਾਗ ਬਹੁਤਾ ਹੀ ਖਰਾਬ ਹੋਇਆ ਪਿਐ। ਕੈਨੇਡਾ ਉਹ ਹਰਜਾਪ ਦੇ ਜਰੀਏ ਆਈ ਸੀ। ਇਹਦਾ ਉਹਨੇ ਅਹਿਸਾਨ ਤਾਂ ਕੀ ਮੰਨਣਾ ਸੀ, ਉਲਟਾ ਇਹਦੇ ਸਿਰ ‘ਤੇ ਚੜ੍ਹੀ ਜਾਂਦੀ ਐ। ਅਸੀਂ ਉਹਨੂੰ ਸਵਾ ਤਿੰਨ ਸਾਲ ਸਾਂਭਿਆ। ਸਾਡੀ ਕੀਤੀ ਦਾ ਵੀ ਉਹਨੇ ਕੋਈ ਗੁਣ ਨਹੀਂ ਜਾਣਿਆ।” ਗੁਰਨੇਕ ਅੰਦਰ ਹਿਰਖ ਸੁਲਘ ਪਿਆ… ਮਨ ਦੇ ਉਤਰਾਅ-ਚੜ੍ਹਾਅ ਵਿਚ ਉਸ ਨੂੰ ਯਾਦ ਆ ਰਿਹਾ ਸੀ… ਕੈਨੇਡਾ ‘ਚ ਸਾਲ ਕੁ ਬੀਤਣ ਬਾਅਦ ਨੀਤੂ ਚੁੱਪ-ਚੁੱਪ ਰਹਿਣ ਲੱਗ ਪਈ ਸੀ। ਉਨ੍ਹਾਂ ਨੇ ਪੁੱਛਿਆ ਤਾਂ ਕਹਿਣ ਲੱਗੀ, ”ਸਾਰਾ ਦਿਨ ਘਰ ਅੰਦਰ ਡੱਕੀ ਹੋਈ ਮੈਂ ਬੋਰ ਹੋ ਜਾਨੀ ਆਂ।”
ਬੱਬੀ ਦੀ ਇਕ ਸਹੇਲੀ ਨਿੰਦਰ ਇਕ ਇੰਡੀਅਨ ਬੇਕਰੀ ਵਿਚ ਜੌਬ ਕਰਦੀ ਸੀ। ਬੱਬੀ ਨੇ ਉਸ ਰਾਹੀਂ ਨੀਤੂ ਨੂੰ ਉਸ ਬੇਕਰੀ ਵਿਚ ਵੀਕ ਐਂਡ ਦਾ ਕੰਮ ਦੁਆ ਦਿੱਤਾ। ਨੀਤੂ ਕੈਨੇਡਾ ਵਿਚ ਪੱਕੀ ਨਾ ਹੋਣ ਕਾਰਨ, ਨੈਨੀ ਤੋਂ ਸਿਵਾਏ ਹੋਰ ਕੋਈ ਜੌਬ ਨਹੀਂ ਸੀ ਕਰ ਸਕਦੀ। ਬੇਕਰੀ ਮਾਲਕ ਜੈਦੇਵ ਸਿੰਘ ਨੇ ਕਾਗਜ਼ਾਂ ਵਿਚ ਨੀਤੂ ਨੂੰ ਅਪਣੀ ਵਰਕਰ ਨਾ ਦਿਖਾਇਆ। ਤਨਖਾਹ ਚੈੱਕ ਦੀ ਬਜਾਏ ਕੈਸ਼ ਦੇ ਦਿੰਦਾ। ਇਹ ਪੈਸੇ ਉਹ ਅਪਣੇ ਬੈਂਕ ਖਾਤੇ ਵਿਚ ਜਮ੍ਹਾਂ ਕਰ ਲੈਂਦੀ।
ਦੋ ਸਾਲ ਪੂਰੇ ਹੋਣ ‘ਤੇ ਗੁਰਨੇਕ ਨੇ ਉਸ ਦੀ ਇਮੀਗ੍ਰੇਸ਼ਨ ਵਾਸਤੇ ਫਾਰਮ ਭਰ ਕੇ ਤੋਰ ਦਿੱਤੇ। … ਤੇ ਜਿਸ ਦਿਨ ਉਹ ਕੈਨੇਡਾ ਦੀ ਪੱਕੀ ਵਸਨੀਕ ਬਣੀ, ਉਨ੍ਹਾਂ ਦੇ ਸਾਰੇ ਟੱਬਰ ਨੂੰ ਢੇਰ ਖੁਸ਼ੀ ਹੋਈ ਸੀ। ਨੀਤੂ ਤਾਂ ਜਿਵੇਂ ਹਵਾ ਵਿਚ ਉਡਾਰੀਆਂ ਲਾ ਰਹੀ ਸੀ।
ਉਸ ਨੇ ਜੈਦੇਵ ਸਿੰਘ ਨਾਲ ਫੁੱਲ-ਟਾਈਮ ਜੌਬ ਵਾਸਤੇ ਪਹਿਲਾਂ ਹੀ ਗੱਲ ਕੀਤੀ ਹੋਈ ਸੀ। ਉਸ ਬੇਕਰੀ ਵਿਚ ਜੇ ਨਿੰਦਰ ਨਾ ਹੁੰਦੀ ਤਾਂ ਗੁਰਨੇਕ ਹੁਰਾਂ ਨੀਤੂ ਨੂੰ ਓਥੇ ਜੌਬ ਨਹੀਂ ਸੀ ਕਰਨ ਦੇਣੀ। ਓਥੇ ਕੰਮ ਕਰਦੀ ਪਿੰਕੀ ਦਾ ਕਿੱਸਾ ਉਨ੍ਹਾਂ ਸੁਣਿਆ ਹੋਇਆ ਸੀ… ਪਿੰਕੀ ਨੂੰ ਉਸ ਦੇ ਭੂਆ-ਫੁੱਫੜ ਨੇ ਗੋਦ ਲੈ ਕੇ ਕੈਨੇਡਾ ਸੱਦਿਆ ਸੀ। ਪੰਜਾਹ ਕੁ ਵਰ੍ਹਿਆਂ ਦੇ ਟੱਬਰ-ਟੀਹਰ ਵਾਲੇ ਜੈਦੇਵ ਸਿੰਘ ਨੇ ਉਨੀ ਸਾਲ ਦੀ ਪਿੰਕੀ ਨੂੰ ਪਹਿਲਾਂ ਇਸ਼ਕ ਦੇ ਜਾਲ ਵਿਚ ਫਸਾਇਆ ਤੇ ਫਿਰ ਉਸ ਦੇ ਭੂਆ-ਫੁੱਫੜ ਨਾਲੋਂ ਤੋੜ ਕੇ ਉਸ ਨੂੰ ਇਕ ਅਪਾਰਮੈਂਟ ‘ਚ ਮੂਵ ਕਰਵਾ ਲਿਆ ਸੀ। ਪਿੰਕੀ ਦੇ ਜੋੜੇ ਹੋਏ ਵੀਹ ਕੁ ਹਜ਼ਾਰ ਡਾਲਰ ਲੈ ਕੇ ਬੇਕਰੀ ਵਿਚ ਉਸ ਦੀ ਮਾਮੂਲੀ ਜਿਹੀ ਹਿੱਸੇਦਾਰੀ ਰੱਖ ਲਈ ਸੀ। ਸੱਤ ਸਾਲ ਬੀਤ ਚੁੱਕੇ ਸਨ, ਜੈਦੇਵ ਦੀ ਪੱਟੀ ਹੋਈ ਪਿੰਕੀ ਅਜੇ ਤੱਕ ਨਾ ਤਾਂ ਅਪਣਾ ਵਿਆਹ ਕਰਵਾ ਸਕੀ ਸੀ ਤੇ ਨਾ ਹੀ ਅਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੈਨੇਡਾ ਸੱਦ ਸਕੀ ਸੀ। ਇਸੇ ਗ਼ਮ ਵਿਚ ਪਿੰਕੀ ਦੇ ਪਿਉ ਨੂੰ ਅਧਰੰਗ ਦਾ ਅਟੈਕ ਹੋ ਗਿਆ ਸੀ।
ਬੇਕਰੀ ਵਿਚ ਨਿੰਦਰ ਦੇ ਹੁੰਦਿਆਂ, ਗੁਰਨੇਕ ਹੁਰਾਂ ਨੂੰ ਨੀਤੂ ਬਾਰੇ ਭਾਵੇਂ ਬਹੁਤਾ ਫਿਕਰ ਤਾਂ ਨਹੀਂ ਸੀ, ਪਰ ਫਿਰ ਵੀ ਉਹ ਉਸ ਨੂੰ ਕਿਸੇ ਹੋਰ ਜੌਬ ‘ਤੇ ਲੁਆਉਣ ਦੇ ਚਾਹਵਾਨ ਸਨ। ਪ੍ਰੰਤੂ ਜੌਬਾਂ ਦਾ ਵੱਡਾ ਹਿੱਸਾ ਏਜੰਸੀਆਂ ਦੇ ਕੰਟਰੋਲ ਹੇਠ ਆ ਚੁੱਕਾ ਸੀ। ਏਜੰਸੀਆਂ ਵਾਲੇ ਮਾਲਕਾਂ ਤੇ ਕਾਮਿਆਂ, ਦੋਨਾਂ ਪਾਸਿਆਂ ਤੋਂ ਮੁਫ਼ਤ ਵਿਚ ਕਮਿਸ਼ਨ ਕੁੱਟੀ ਜਾ ਰਹੇ ਸਨ ਤੇ ਸਿਤਮ ਵਾਲੀ ਗੱਲ ਇਹ ਕਿ ਏਜੰਸੀਆਂ ਨੇ ਆਮ ਜਿਹੀਆਂ ਜੌਬਾਂ ਵਾਸਤੇ ਵੀ ਸਖ਼ਤ ਕਿਸਮ ਦੇ ਟੈਸਟ ਰੱਖ ਦਿੱਤੇ ਸਨ। ਦਰਅਸਲ ਉਨ੍ਹਾਂ ਨੂੰ ਪੁਆਇੰਟ ਸਿਸਟਮ ‘ਤੇ ਕੈਨੇਡਾ ਪਹੁੰਚੇ ਪੜ੍ਹੇ-ਲਿਖੇ ਇਮੀਗਰਾਂਟ ਮਿਲ ਰਹੇ ਸਨ। ਉਨ੍ਹਾਂ ਇਮੀਗਰਾਂਟਾਂ ਨੂੰ ਉਨ੍ਹਾਂ ਦੀ ਵਿਦਿਆ ਅਤੇ ਕਿੱਤਾ-ਵਿਸ਼ੇਸ਼ ਅਨੁਸਾਰ ਜੌਬਾਂ ਨਹੀਂ ਸਨ ਮਿਲਦੀਆਂ, ਜਿਸ ਕਰਕੇ ਉਹ ਹਰ ਤਰ੍ਹਾਂ ਦੀ ਚੰਗੀ-ਮਾੜੀ ਜੌਬ ਪ੍ਰਵਾਨ ਕਰ ਲੈਂਦੇ ਅਤੇ ਘੱਟ ਪੜ੍ਹੇ-ਲਿਖੇ ਇਮੀਗਰਾਂਟ ਟੈਸਟਾਂ ਦੀ ਸਮੱਸਿਆ ਕਾਰਨ ਫੈਕਟਰੀਆਂ ਦੀਆਂ ਆਮ ਜਿਹੀਆਂ ਜੌਬਾਂ ਤੋਂ ਵੀ ਵਾਂਝੇ ਰਹਿ ਜਾਂਦੇ। ਗੁਰਨੇਕ ਹੁਰਾਂ ਨੀਤੂ ਤੋਂ ਏਜੰਸੀਆਂ ਦੇ ਟੈਸਟ ਦੁਆਏ ਪਰ ਉਹ ਪਾਸ ਨਾ ਕਰ ਸਕੀ। ਜਿਸ ਕਰਕੇ ਉਸ ਨੂੰ ਬੇਕਰੀ ਵਿਚ ਹੀ ਜੌਬ ਕਰਵਾਉਣ ਤੋਂ ਬਿਨਾਂ ਕੋਈ ਚਾਰਾ ਨਾ ਰਿਹਾ।
ਜਿਉਂ-ਜਿਉਂ ਸਮਾਂ ਬੀਤ ਰਿਹਾ ਸੀ, ਗੁਰਨੇਕ ਹੁਰੀਂ ਨੀਤੂ ਵਿਚ ਤਬਦੀਲੀ ਨੋਟ ਕਰ ਰਹੇ ਸਨ। ਉਹ ਘਰ ਦੇ ਕੰਮਾਂ ਤੋਂ ਕੰਨੀ ਕਤਰਾਉਣ ਲੱਗ ਪਈ ਸੀ। ਰਤਨ ਸਿੰਘ ਤੇ ਗੁਰਮੇਜ ਕੌਰ ਦੀ ਸਿੱਖ ਮਤ ਸੁਣ ਤਾਂ ਲੈਂਦੀ ਪਰ ਕਰਦੀ ਅਪਣੀ ਮਰਜ਼ੀ।
”ਇਹ ਮੁਅਫਤ ‘ਚ ਰਹਿਣਾ ਡਿਜ਼ਰਵ ਨਹੀਂ ਕਰਦੀ। ਏਅਹਤੋਂ ਖਰਚਾ ਲਵੋ।” ਪੰਜਾਬੀ ਸ਼ਬਦਾਂ ਨੂੰ ਲਮਕਾਅ ਕੇ ਬੋਲਣ ਦੇ ਅਪਣੇ ਅੰਦਾਜ਼ ਵਿਚ ਬੱਬੀ ਨੇ ਆਖਿਆ ਸੀ।
”ਚਲੋ ਕੋਈ ਨ੍ਹੀਂ।” ਗੁਰਮੇਜ ਕੌਰ ਦੇ ਹਊ-ਪਰੇ ਕਰਨ ਪਿੱਛੇ ਉਸ ਦੀ ਗਰਜ ਸੀ… ਨੀਤੂ ਦੇ ਪਰਿਵਾਰ ਦੇ ਕੈਨੇਡਾ ਪਹੁੰਚਣ ‘ਤੇ ਉਸ ਦੀ ਭੈਣ ਦਾ ਰਿਸ਼ਤਾ ਅਪਣੇ ਇੰਡੀਆ ਰਹਿੰਦੇ ਭਾਣਜੇ ਨਾਲ ਕਰਨ ਦੀ ਗਰਜ।
”ਕੋਈ ਨ੍ਹੀਂ ਵਾਲੀ ਗੱਲ ਠੀਕ ਨਹੀਂ, ਖਰਚਾ ਲੈਣਾ ਚਾਹੀਦੈ ਭਾਵੇਂ ਥੋੜ੍ਹਾ ਈ ਲਉ।” ਗੁਰਨੇਕ ਦੀ ਆਵਾਜ਼ ਵਿਚ ਗੁੱਸਾ ਸੀ।
ਤੇ ਜਦੋਂ ਬੱਬੀ ਨੇ ਨਿੰਦਰ ਤੋਂ ਸੁਣੀ ਗੱਲ ਗੁਰਨੇਕ ਨੂੰ ਦੱਸੀ ਤਾਂ ਉਸ ਦਾ ਗੁੱਸਾ ਹੋਰ ਵੀ ਵੱਧ ਗਿਆ। ਨਿੰਦਰ ਦੇ ਦੱਸਣ ਅਨੁਸਾਰ ਸ਼ਨੀਵਾਰ ਕੰਮ ਮੁਕਾ ਕੇ ਜੈਦੇਵ ਤੇ ਪਿੰਕੀ ਸਟੀਰਿਓ ਲਾ ਕੇ ਡਾਂਸ ਕਰਨ ਲੱਗ ਜਾਂਦੇ ਸਨ। ਨਿੰਦਰ, ਨੀਤੂ ਤੇ ਬਾਕੀ ਕੁੜੀਆਂ ਘਰਾਂ ਨੂੰ ਟੁਰ ਪੈਂਦੀਆਂ ਸਨ। ਪਰ ਹੁਣ ਨੀਤੂ ਨੇ ਵੀ ਉਨ੍ਹਾਂ ਸੰਗ ਬੋਲੀਆਂ ਪਾਉਣੀਆਂ ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਸ਼ਨੀਵਾਰ ਬੇਕਰੀ ਦਾ ਅੱਧਾ ਦਿਨ ਲਗਦਾ ਸੀ। ਪਿਛਲੇ ਦੋ-ਤਿੰਨ ਸ਼ਨੀਵਾਰਾਂ ਤੋਂ ਨੀਤੂ ਪੌਣੇ ਦੋ ਦੀ ਬਜਾਏ ਤਿੰਨ ਵਜੇ ਘਰ ਪਰਤਦੀ ਸੀ। ਬਹਾਨਾ ਇਹ ਲਾਉਂਦੀ ਕਿ ਓਵਰਟਾਈਮ ਲਗਦੈ।
”ਤੂੰ ਜੈਦੇਵ ਤੇ ਪਿੰਕੀ ਨਾਲ ਡਾਂਸ ਕਰਦੀ ਐਂ।” ਗੁਸੈਲੀਆਂ ਨਜ਼ਰਾਂ ਨੀਤੂ ਦੇ ਚਿਹਰੇ ‘ਤੇ ਗੱਡਦਿਆਂ ਗੁਰਨੇਕ ਨੇ ਪੁੱਛਿਆ।
ਨੀਤੂ ਦਾ ਚਿਹਰਾ ਉਡ ਗਿਆ। ਅੱਖਾਂ ਟੱਡੀਆਂ ਰਹਿ ਗਈਆਂ। ਖੁਸ਼ਕ ਹੋਏ ਬੁੱਲ੍ਹ ਮਸਾਂ ਹੀ ਖੁੱਲ੍ਹੇ, ”ਹਾਂ… ਜੀ।”
”ਜਦ ਤੈਨੂੰ ਉਨ੍ਹਾਂ ਬਾਰੇ ਸਾਰਾ ਕੁਝ ਪਤੈ ਤੇ ਅਸੀਂ ਤੈਨੂੰ ਸਮਝਾਉਂਦੇ ਵੀ ਰਹੇ ਆਂ ਕਿ ਉਨ੍ਹਾਂ ਨਾਲ ਓਨਾ ਹੀ ਵਾਹ ਰੱਖ, ਜਿੰਨਾ ਕੁ ਤੇਰੇ ਕੰਮ ਲਈ ਜ਼ਰੂਰੀ ਆ। ਫਿਰ ਉਨ੍ਹਾਂ ਨਾਲ ਕੰਜਰ-ਪੌਅ ‘ਚ ਪੈਣ ਦਾ ਕੀ ਮਤਲਬ?”
”ਭਾ ਜੀ! ਮੈਥੋਂ ਗਲਤੀ ਹੋ ਗਈ।” ਨੀਤੂ ਨੇ ਖੇਦ ਪ੍ਰਗਟਾਇਆ।
ਉਸ ਨੇ ਡਾਂਸ ਕਰਨਾ ਤਾਂ ਬੰਦ ਕਰ ਦਿੱਤਾ ਪਰ ਜੈਦੇਵ ਤੇ ਪਿੰਕੀ ਕੋਲ ਨਿੰਦਰ ਦੀ ਸ਼ਿਕਾਇਤ ਲਾ ਦਿੱਤੀ-ਅਖੇ ਨਿੰਦਰ ਨੇ ਚਾਚਾ ਜੀ ਦੇ ਘਰ ਜਾ ਕੇ ਦੱਸਿਆ ਕਿ ਮੈਂ ਤੁਹਾਡੇ ਨਾਲ ਡਾਂਸ ਕਰਦੀ ਆਂ। ਨਾਲ ਇਹ ਗੱਲ ਵੀ ਜੋੜ ਦਿੱਤੀ ਕਿ ਨਿੰਦਰ ਉਨ੍ਹਾਂ ਨੂੰ ਲੋਕਾਂ ਵਿਚ ਭੰਡ ਰਹੀ ਹੈ।
ਜੈਦੇਵ ਸਿੰਘ ਨੇ ਬੇਕਰੀ ਦਾ ਬਿਜ਼ਨਿਸ ਸਲੋਅ ਪੈ ਜਾਣ ਦਾ ਬਹਾਨਾ ਲਾ ਕੇ ਨਿੰਦਰ ਨੂੰ ਕੰਮ ਤੋਂ ਜਵਾਬ ਦੇ ਦਿੱਤਾ।
ਨਿੰਦਰ ਨੇ ਗੁਰਨੇਕ ਹੁਰਾਂ ਨੂੰ ਉਲ੍ਹਾਮਾ ਦਿੱਤਾ। ਉਹ ਡਾਢੇ ਅਪਸੈੱਟ ਹੋਏ। ਨੀਤੂ ਕੰਮ ਤੋਂ ਪਰਤੀ ਤਾਂ ਉਸ ਨੂੰ ਵੇਖਦਿਆਂ ਹੀ ਗੁਰਨੇਕ ਦਾ ਪਾਰਾ ਚੜ੍ਹ ਗਿਆ। ”ਤੈਨੂੰ ਕੰਮ ‘ਤੇ ਨਿੰਦਰ ਨੇ ਹੀ ਲੁਆਇਆ ਸੀ ਤੇ ਤੂੰ ਉਸੇ ਨੂੰ ਹੀ ਫਾਇਰ ਕਰਵਾ ਦਿੱਤਾ।”
”ਭਾ ਜੀ! ਫਾਇਰ ਮੈਂ ਨ੍ਹੀਂ ਕਰਵਾਇਆ, ਉਹ ਅਪਣੀਆਂ ਗਲਤੀਆਂ ਕਰਕੇ ਹੋਈ ਆ।”
”ਕਿਹੜੀਆਂ ਗਲਤੀਆਂ?”
”ਉਹ ਠੀਕ ਤਰ੍ਹਾਂ ਕੰਮ ਨ੍ਹੀਂ ਕਰਦੀ।”
”ਅੱਗੇ ਤੂੰ ਕਹਿੰਦੀ ਹੁੰਦੀ ਸੀ ਕਿ ਨਿੰਦਰ ਭੈਣ ਜੀ ਕੰਮ ਬਹੁਤ ਵਧੀਆ ਕਰਦੀ ਐ, ਹੁਣ ਕਹਿਨੀ ਐਂ ਕਿ ਉਹ ਠੀਕ ਤਰ੍ਹਾਂ ਕੰਮ ਨਹੀਂ ਸੀ ਕਰਦੀ।”
”ਮੈਨੂੰ ਨ੍ਹੀਂ ਪਤਾ, ਤੁਸੀਂ ਜੈਦੇਵ ਭਾ ਜੀ ਨਾਲ ਗੱਲ ਕਰੋ।”
ਨੀਤੂ ਦੇ ਲਾਪਰਵਾਹੀ ਨਾਲ ਦਿੱਤੇ ਜਵਾਬ ਨੇ ਗੁਰਨੇਕ ਦਾ ਰੋਹ ਹੋਰ ਤੀਖਣ ਕਰ ਦਿੱਤਾ, ”ਸਾਨੂੰ ਨਹੀਂ ਲੋੜ ਪੁੱਛਣ ਦੀ। ਕੱਲ੍ਹ ਨੂੰ ਤੂੰ ਓਥੇ ਕੰਮ ‘ਤੇ ਨਹੀਂ ਜਾਣਾ, ਸਮਝੀ।”
ਨੀਤੂ ਨੂੰ ਹਲੂਣਾ ਵੱਜਾ। ਨਰਮ ਪੈਂਦੀ ਬੋਲੀ, ”ਭਾ ਜੀ! ਏਦਾਂ ਕਰਨ ਨਾਲ ਉਨ੍ਹਾਂ ਮੇਰੀ ਦੋ ਹਫ਼ਤੇ ਦੀ ਤਨਖਾਹ ਕੱਟ ਲੈਣੀ ਆ।”
”ਚਲ ਠੀਕ ਐ! ਤੂੰ ਕੱਲ੍ਹ ਨੂੰ ਦੋ ਹਫ਼ਤੇ ਦਾ ਨੋਟਿਸ ਦੇ ਦੇ।”
ਗੁਰਨੇਕ ਦਾ ਗੁੱਸਾ ਠੰਢਾ ਨਹੀਂ ਸੀ ਹੋਇਆ। ਰਾਤ ਦੇ ਖਾਣੇ ਤੋਂ ਬਾਅਦ ਜਦੋਂ ਨੀਤੂ ਅਪਣੇ ਬੈੱਡਰੂਮ ‘ਚ ਚਲੀ ਗਈ ਤਾਂ ਉਹ ਮੰਮੀ-ਡੈਡੀ ਨਾਲ ਹਰਖ ਪਿਆ, ”ਤੁਸੀਂ ਤਾਂ ਇਹਨੂੰ ਕੁਝ ਕਹਿੰਦੇ ਹੀ ਨਹੀਂ। ਇਸੇ ਕਰਕੇ ਹੀ ਇਹ ਭੂਹੇ ਚੜ੍ਹ ਗਈ ਐ।”
”ਨੇਕ ਬੇਟੇ! ਹੁਣ ਸੌਂ ਜਾਓ। ਕੱਲ੍ਹ ਪਰਦੇ ਨਾਲ ਗੱਲ ਕਰਾਂਗੇ।” ਰਤਨ ਸਿੰਘ ਨੇ ਆਖਿਆ ਸੀ।
… ਤੇ ਅਗਲੇ ਦਿਨ ਉਸ ਨੇ ਪਤਨੀ ਤੇ ਨੂੰਹ-ਪੁੱਤ ਨੂੰ ਬਿਠਾ ਕੇ ਸਹਿਜ ਅੰਦਾਜ਼ ‘ਚ ਆਖਿਆ ਸੀ, ”ਨੀਤੂ ਦੇ ਤੌਰ-ਤਰੀਕੇ ਮੈਂ ਵੀ ਚੰਗੀ ਤਰ੍ਹਾਂ ਦੇਖ ਰਿਹਾਂ। ਇਹ ਉਹ ਨੀਤੂ ਨਹੀਂ ਰਹੀ, ਜਿਹੜੀ ਆਪਾਂ ਮੰਗਾਈ ਸੀ। ਇਹਦੇ ਪਰ ਨਿਕਲ ਆਏ ਐ। ਜੇ ਇਹਨੂੰ ਦਬਕਿਆ ਜਾਂ ਖਰਚਾ ਮੰਗ ਲਿਆ ਤਾਂ ਇਹਨੇ ਉਡਾਰੀ ਮਾਰ ਜਾਣੀ ਐਂ। ਅਪਣੀ ਹਰਜਾਪ ਨੂੰ ਏਥੇ ਲਿਆਉਣ ਦੀ ਸਕੀਮ ਤਾਂ ਹੀ ਸਿਰੇ ਚੜ੍ਹੇਗੀ ਜੇ ਆਪਾਂ ਇਹਨੂੰ ਅਪਣੇ ਨਾਲ ਜੋੜ ਕੇ ਰੱਖਾਂਗੇ। ਮੈਂ ਜਵਾਹਰ ਸੁੰਹ ਨੂੰ ਕਹਿਨਾ, ਉਹ ਇਹਦੇ ਡੈਡੀ ਨਾਲ ਗੱਲ ਕਰੇ।”
ਤੇ ਉਸ ਨੇ ਜਵਾਹਰ ਸਿੰਘ ਨੂੰ ਫੋਨ ਕਰਕੇ ਬਦਲੀ ਹੋਈ ਨੀਤੂ ਬਾਰੇ ਸਾਰਾ ਕੁਝ ਦੱਸ ਦਿੱਤਾ।
ਜਵਾਹਰ ਸਿੰਘ ਨੇ ਵਿਚੋਲੇ ਗੁਰਮੁਖ ਸਿੰਘ ਦੀ ਖਿਚਾਈ ਕੀਤੀ ਕਿ ਉਸ ਦੇ ਟਕਰਾਏ ਹੋਏ ਬੰਦੇ ਠੀਕ ਨਹੀਂ ਨਿਕਲੇ।
”ਨਹੀਂ, ਭਾਈ ਸਾਹਬ! ਬੰਦੇ ਤਾਂ ਠੀਕ ਆ। ਅਸਲ ‘ਚ ਮੈਨੂੰ ਕੁੜੀ ਦੇ ਸੁਭਾਅ ਦਾ ਨਹੀਂ ਸੀ ਪਤਾ… ।” ਦੋ ਚਾਰ ਗੱਲਾਂ ਹੋਰ ਕਰਕੇ ਗੁਰਮੁਖ ਸਿੰਘ ਨੇ ਜਵਾਹਰ ਸਿੰਘ ਦਾ ਗੁੱਸਾ ਢੈਲਾ ਕੀਤਾ ਤੇ ਕਹਿਣ ਲੱਗਾ, ”ਆਪਾਂ ਸ਼ਿੰਗਾਰਾ ਸੁੰਹ ਨਾਲ ਗੱਲ ਕਰਦੇ ਆਂ।”
ਅਗਲੇ ਦਿਨ ਉਹ ਸ਼ਿੰਗਾਰਾ ਸਿੰਘ ਨੂੰ ਜਵਾਹਰ ਸਿੰਘ ਦੇ ਘਰ ਲੈ ਆਇਆ। ਸ਼ਿੰਗਾਰਾ ਸਿੰਘ ਨੇ ਜਵਾਹਰ ਸਿੰਘ ਦੇ ਗਿਲੇ-ਸ਼ਿਕਵੇ, ਸਿਰ-ਮੱਥੇ ਮੰਨ ਲਏ, ਪਰ ਨਾਲ ਹੀ ਸਫ਼ਾਈ ਵੀ ਦੇ ਦਿੱਤੀ ਕਿ ਕੁੜੀ ਨਿਆਣੀ ਹੋਣ ਕਾਰਨ ਗਲਤੀਆਂ ਹੋਈਆਂ ਨੇ। ਓਥੇ ਬੈਠਿਆਂ ਹੀ ਕੈਨੇਡਾ ਨੂੰ ਫੋਨ ਮਿਲਾ ਕੇ ਸਾਰਿਆਂ ਦੇ ਸਾਹਮਣੇ ਪਹਿਲਾਂ ਧੀ ਨੂੰ ਤਾੜਿਆ ਤੇ ਫਿਰ ਰਤਨ ਸਿੰਘ ਦੀ ਤਸੱਲੀ ਕਰਵਾ ਦਿੱਤੀ ਕਿ ਕੁੜੀ ਉਨ੍ਹਾਂ ਦੇ ਕਹਿਣੇ ‘ਚ ਰਹੇਗੀ।
ਹਫ਼ਤੇ ਕੁ ਬਾਅਦ ਰਤਨ ਸਿੰਘ ਨੂੰ ਸ਼ਿੰਗਾਰਾ ਸਿੰਘ ਦਾ ਫੋਨ ਫਿਰ ਆ ਗਿਆ, ”ਸਰਦਾਰ ਸਾਹਬ! ਨੀਤੂ ਚਿੰਤਾ ਕਰ ਰਹੀ ਆ ਕਿ ਬੇਕਰੀ ਦੀ ਜੌਬ ਛੱਡ ਕੇ, ਹੋਰ ਕਿਸੇ ਜੌਬ ਦਾ ਕੀ ਪਤਾ ਕਦੋਂ ਮਿਲੇ। ਵਿਹਲੀ ਬੈਠ ਕੇ ਕੀ ਕਰੇਗੀ? ਉਹ ਚਾਹੁੰਦੀ ਆ ਕਿ ਹੋਰ ਜੌਬ ਮਿਲਣ ਤੋਂ ਬਾਅਦ ਹੀ ਬੇਕਰੀ ਦੀ ਜੌਬ ਛੱਡੀ ਜਾਏ।”
”ਏਦਾਂ ਹੀ ਕਰ ਲਾਂ ਗੇ ਪਰ ਇਹ ਅਪਣਾ ਚਾਲਾ ਠੀਕ ਰੱਖੇ।” ਰਤਨ ਸਿੰਘ ਨੇ ਤਾੜਨਾ ਕੀਤੀ।
”ਰੱਖੂਗੀ, ਰੱਖੂਗੀ ਕਿਉਂ ਨਾ। ਇਹ ਮੇਰੀ ਜ਼ਿੰਮੇਵਾਰੀ ਆ। ਮਾੜੀ ਜਿਹੀ ਵੀ ਕੋਈ ਗੱਲ ਹੋਈ, ਤੁਸੀਂ ਮੈਨੂੰ ਦੱਸਿਓ, ਮੈਂ ਇਹਦੇ ਕੰਨ ਖਿਚਾਂਗਾ।”
ਭਰੋਸੇਯੋਗ ਬੋਲਾਂ ਦੇ ਅਸਰ ਹੇਠ ਰਤਨ ਸਿੰਘ ਦੇ ਮੂੰਹੋਂ ”ਠੀਕ ਐ” ਨਿਕਲ ਗਿਆ।
ਨੀਤੂ ਘਰ ਦਾ ਕੰਮ ਕਰਵਾਉਣ ਲੱਗ ਪਈ ਸੀ। ਉਸ ਦੀ ਬੋਲ-ਚਾਲ ਵਿਚ ਵੀ ਨਿਮ੍ਰਤਾ ਆ ਗਈ ਸੀ। ਪਰ ਜਦੋਂ ਉਹ ਅਚਾਨਕ ਹੀ ਕੰਮ ਤੋਂ ਫੋਨ ਦੇਂਦੀ ਕਿ ਅੱਜ ਓਵਰਟਾਈਮ ਲੱਗਣੈ, ਉਹ ਲੇਟ ਆਏਗੀ ਤਾਂ ਉਨ੍ਹਾਂ ਦੇ ਮਨਾਂ ਵਿਚ ਸ਼ੰਕਾ ਉਭਰ ਪੈਂਦੀ।
ਤੇ ਨੀਤੂ ਨੇ ਉਨ੍ਹਾਂ ਤੋਂ ਚੋਰੀਂ ਹਰਜਾਪ ਨੂੰ ਫੋਨ ਕਰ ਦਿੱਤਾ ਸੀ, ”ਜੇ ਮੇਰੇ ਨਾਲ ਵਿਆਹ ਕਰਾਉਣਾ ਆਂ ਤਾਂ ਵਾਲ ਕਟਾਉਣੇ ਪੈਣੇ ਆ, ਦਾੜ੍ਹੀ ਸ਼ੇਵ ਕਰਨੀ ਪੈਣੀ ਆਂ। ਪੱਗ-ਦਾਹੜੀ ਆਲੇ ਮੁੰਡੇ ਮੈਨੂੰ ਚੰਗੇ ਨ੍ਹੀਂ ਲਗਦੇ… ।”
”ਨੀਤੂ! ਇਹ ਤੂੰ ਕੀ ਕਹਿ ਰਹੀ ਏਂ, ਤੈਨੂੰ ਚੰਗਾ-ਭਲਾ ਪਤੈ ਕਿ ਮੇਰਾ ਡੈਡੀ ਪੂਰਨ ਗੁਰਸਿਖ ਐ… ਜਦੋਂ ਰਿਸ਼ਤਾ ਕਰਨਾ ਸੀ, ਉਦੋਂ ਤਾਂ ਤੂੰ ਕਹਿ ਰਹੀ ਸੀ ਕਿ ਮੈਂ ਬਹੁਤ ਲੱਕੀ ਆਂ, ਤੁਸੀਂ ਮੈਨੂੰ ਪਸੰਦ ਕਰ ਲਿਐ। ਹੁਣ ਕਹਿ ਰਹੀ ਏਂ ਕਿ ਮੇਰੀ ਪੱਗ-ਦਾਹੜੀ ਤੈਨੂੰ ਚੰਗੀ ਨਹੀਂ ਲਗਦੀ।” ਹੈਰਾਨ ਹੋਏ ਹਰਜਾਪ ਨੇ ਆਖਿਆ ਸੀ।
”ਪਿਛਲੀਆਂ ਗੱਲਾਂ ਪਿੱਛੇ ਰਹਿ ਗਈਆਂ। ਹੁਣ ਜਿੱਦਾਂ ਮੈਂ ਕਹਿਨੀ ਆਂ ਓਦਾਂ ਕਰੋ।” ਰੋਹਬ ਵਿਚ ਹਾਸਾ ਮਿਲਾਉਂਦਿਆਂ ਨੀਤੂ ਨੇ ਆਖਿਆ ਸੀ।
ਜਵਾਹਰ ਸਿੰਘ ਨੇ ਇਹ ਗੱਲ ਜਦੋਂ ਪੁੱਤਰ ਕੋਲੋਂ ਸੁਣੀ ਤਾਂ ਉਹ ਕੁਝ ਚਿਰ ਅਪਣੇ ਆਪ ਨਾਲ ਬਹਿਸਦਾ ਰਿਹਾ… ਤੇ ਫਿਰ ਰਤਨ ਸਿੰਘ ਨਾਲ ਫੋਨ ਮਿਲਾ ਕੇ ਕਹਿਣ ਲੱਗਾ, ”ਗੁਰਮੁਖ ਸੁੰਹ ਨੇ ਕਿਸੇ ਲਾਲਚ ਵਿਚ ਆ ਕੇ ਸਾਨੂੰ ਗਲਤ ਥਾਂ ਫਸਾ ਦਿੱਤੈ। ਅਪਣੇ ਨਾਂ ਨੂੰ ਲਾਜ ਲਾਈ ਆ ਓਹਨੇ। ਸ਼ਿੰਗਾਰਾ ਸੁੰਹ ਦੇ ਟੱਬਰ ਦਾ ਕੋਈ ਦੀਨ-ਈਮਾਨ ਨਹੀਂ। ਇਹੋ ਜਿਹੇ ਕੂੜ-ਕੁੱਸਤ ਬੰਦਿਆਂ ਨਾਲ ਰਿਸ਼ਤਾ ਗੰਢਣ ਨੂੰ ਮੇਰੀ ਰੂਹ ਨ੍ਹੀਂ ਮੰਨਦੀ। ਮੈਂ ਸੋਚਦਾਂ ਪਈ ਸ਼ਿੰਗਾਰੇ ਤੇ ਗੁਰਮੁਖ ਦੀ ਝਾੜ-ਝੰਬ ਕਰਕੇ ਕਹਿ ਦਿਆਂ ਕਿ ਮੇਰੇ ਲਈ ਸਿੱਖੀ-ਸਿਦਕ ਪਹਿਲਾਂ ਤੇ ਕੈਨੇਡਾ ਬਾਅਦ ‘ਚ।”
ਰਤਨ ਸਿੰਘ ਕੁਝ ਪਲ ਸੋਚਦਾ ਰਿਹਾ ਤੇ ਫਿਰ ਬੋਲਿਆ, ”ਜਵਾਹਰ ਸਿਆਂ! ਏਦਾਂ ਕਰਨਾ ਸ਼ਿੰਗਾਰੇ ਦੀਆਂ ਬੇਈਮਾਨੀਆਂ ਮੂਹਰੇ ਹਾਰਨ ਵਾਲੀ ਗੱਲ ਹੋਵੇਗੀ। ਤੁਹਾਡੀ ਜੋ ਇਖਲਾਕ ਜਾਂ ਅਸੂਲ ਦੀ ਗੱਲ ਐ-ਬੇਈਮਾਨ ਬੰਦੇ ਨਾਲ ਰਿਸ਼ਤਾ ਨਾ ਬਣਾਉਣ ਦੀ, ਉਹ ਬਿਲਕੁਲ ਠੀਕ ਐ। ਇਹ ਰਿਸ਼ਤਾ ਤਾਂ ਕਿਸੇ ਵੇਲੇ ਵੀ ਤੋੜਿਆ ਜਾ ਸਕਦੈ। ਆਪਾਂ ਹੁਣ ਇਹ ਸਮਝੀਏ ਕਿ ਅਸੀਂ ਲੜਾਈ ਲੜ ਰਹੇ ਆਂ। ਤੁਸੀਂ ਛੇਤੀ ਦਾ ਵਿਆਹ ਮੰਗ ਲਓ।”
”ਪਰ ਜੇ ਉਨ੍ਹਾਂ ਮੁੰਡੇ ਦੇ ਵਾਲ ਕਟਾਉਣ ਦੀ ਸ਼ਰਤ ਰੱਖੀ, ਮੈਥੋਂ ਬਰਦਾਸ਼ਤ ਨਹੀਂ ਹੋਣੀ।”
”ਉਨ੍ਹਾਂ ਨੇ ਕੁੜੀ ਕੋਲੋਂ ਕਹਾ ਦਿੱਤੈ। ਮੇਰਾ ਨ੍ਹੀਂ ਖਿਆਲ ਉਹ ਅਪਣੇ ਮੂੰਹੋਂ ਕਹਿਣਗੇ।” ਜਵਾਹਰ ਸਿੰਘ ਵਿਚੋਲੇ ਨੂੰ ਲੈ ਕੇ ਸ਼ਿੰਗਾਰਾ ਸਿੰਘ ਕੋਲ ਪਹੁੰਚ ਗਿਆ ਤੇ ਗੱਲ ਤੋਰ ਲਈ, ”ਭਾਈ ਸ਼ਿੰਗਾਰਾ ਸਿਆਂ! ਅਪਣੀ ਜੋ ਸਕੀਮ ਸੀ-ਨੀਤੂ ਦੇ ਕੈਨੇਡਾ ਵਿਚ ਪੱਕੀ ਹੋਣ ‘ਤੇ ਉਹਦਾ ਵਿਆਹ ਹਰਜਾਪ ਨਾਲ ਕਰਨ ਦੀ-ਉਸਨੂੰ ਆਪਾਂ ਹੁਣ ਸਿਰੇ ਚਾੜ੍ਹ ਲਈਏ। ਹਰਜਾਪ ਓਧਰ ਚਲਾ ਜਾਏ। ਦੋਨੋਂ ਬੱਚੇ ਰਲ ਕੇ ਅਪਣਾ ਕਮਾਉਣ-ਖਾਣ। ਅਗਾਂਹ ਤੁਸੀਂ ਵੀ ਜਾਣ ਵਾਲੇ ਬਣੋਗੇ। ਅਸੀਂ ਤਾਂ ਓਧਰ ਜਾਣਾ ਨਹੀਂ।”
”ਭਾਈ ਸਾਹਬ! ਅਸੀਂ ਤੁਹਾਥੋਂ ਨਾਬਰ ਨਹੀਂ। ਵਿਆਹ ਲਈ ਤਿਆਰ ਆਂ ਪਰ ਡੇਢ ਕੁ ਮਹੀਨਾ ਅਟਕ ਲਓ।”
”ਕਾਹਦੇ ਲਈ?” ਜਵਾਹਰ ਸਿੰਘ ਉਤਸੁਕ ਹੋ ਗਿਆ।
”ਤੁਹਾਨੂੰ ਪਤਾ ਈ ਐ, ਨੀਤੂ ਦੀ ਨਾਨੀ ਬੀਮਾਰ ਐ। ਡਾਕਟਰ ਪਹਿਲਾਂ ਕਹਿੰਦੇ ਸੀ ਅਲਸਰ ਐ। ਹੁਣ ਕਹਿੰਦੇ ਆ ਕੈਂਸਰ ਐ। ਸ਼ਾਇਦ ਆਪ੍ਰੇਸ਼ਨ ਕਰਾਉਣਾ ਪਏ। ਨੀਤੂ ਦੇ ਦੋਨੋਂ ਮਾਮੇ ਸਿੱਧੜ ਬੰਦੇ ਆ। ਸਾਰੀ ਦੌੜ-ਭੱਜ ਮੈਨੂੰ ਕਰਨੀ ਪੈ ਰਹੀ ਆ। ਬੱਸ ਉਹ ਰਾਜ਼ੀ ਹੋ ਜਾਏ ਫਿਰ ਆਪਾਂ ਦਿਨ ਬੰਨ੍ਹ ਲਾਂ ਗੇ।” ਸ਼ਿੰਗਾਰਾ ਸਿੰਘ ਨੇ ਸਮੱਸਿਆ ਬਿਆਨ ਕੀਤੀ।
ਜਵਾਹਰ ਸਿੰਘ ਦੇ ਦਿਲ ਵਿਚ ਆਈ ਕਿ ਆਖੇ, ”ਬਿਮਾਰੀ ਦਾ ਕੀ ਪਤਾ ਕਿੰਨੀ ਲੰਮੀ ਪੈ ਜਾਏ, ਵਿਆਹ ਛੇਤੀ ਹੋ ਜਾਣਾ ਚਾਹੀਦੈ।” ਪਰ ਦੁੱਖ ਵਿਚ ਫਸੇ ਬੰਦੇ ਨਾਲ ਕਠੋਰ ਹੋਣਾ ਉਸ ਨੂੰ ਠੀਕ ਨਾ ਲੱਗਾ। ਹਮਦਰਦੀ ਦੇ ਰਉਂ ਵਿਚ ਬੋਲਿਆ, ”ਗੁਰੂ ਕਿਰਪਾ ਕਰੇ, ਨੀਤੂ ਦੀ ਨਾਨੀ ਛੇਤੀ ਰਾਜ਼ੀ ਹੋ ਜਾਏ। ਪਰ ਜੇ ਬਿਮਾਰੀ ਲੰਮੀ ਪੈ ਗਈ ਤਾਂ ਵਿਆਹ ਹੋਰ ਅਗਾਂਹ ਨਾ ਪਾਇਓ। ਡੇਢ ਮਹੀਨੇ ਦੇ ਵਿਚ-ਵਿਚ ਆਪਾਂ ਜ਼ਰੂਰ ਦਿਨ ਬੰਨ੍ਹ ਲਈਏ।”
ਜਵਾਹਰ ਸਿੰਘ ਦੀ ਇਸ ਗੱਲਬਾਤ ਨੂੰ ਫੋਨ ‘ਤੇ ਸੁਣ ਕੇ ਰਤਨ ਸਿੰਘ ਨੇ ਤਾਂ ”ਠੀਕ ਐ” ਆਖ ਦਿੱਤੀ ਸੀ, ਪਰ ਉਸ ਦੇ ਪਰਿਵਾਰ ਦੇ ਜੀਆਂ ਨੇ ਇਸ ਨੂੰ ਠੀਕ ਨਹੀਂ ਸੀ ਸਮਝਿਆ। ਉਨ੍ਹਾਂ ਅਨੁਸਾਰ ਵਿਆਹ ਤਟਫਟ ਹੋ ਜਾਣਾ ਚਾਹੀਦਾ ਸੀ ਕਿਉਂਕਿ ਨੀਤੂ ਹੁਣ ਆਪ-ਹੁਦਰੀਆਂ ਕਰਨ ਲੱਗ ਪਈ ਸੀ। ਗੁਰਮੇਜ ਕੌਰ ਨੂੰ ਅਪਣੇ ਭਾਣਜੇ ਲਈ ਉਸ ਦੀ ਭੈਣ ਦੇ ਰਿਸ਼ਤੇ ਦੀ ਵੀ ਹੁਣ ਕੋਈ ਆਸ ਨਹੀਂ ਸੀ ਰਹਿ ਗਈ।
ਨੀਤੂ ਦਾ ਕਦੀ-ਕਦੀ ਲੱਗਣ ਵਾਲਾ ਓਵਰਟਾਈਮ ਹੁਣ ਹਰ ਤੀਜੇ-ਚੌਥੇ ਦਿਨ ਲੱਗਣ ਲੱਗ ਪਿਆ ਸੀ। ਕਈ ਵਾਰ ਉਹ ਡਿਨਰ ਵੀ ਕਿਤਿਓਂ ਬਾਹਰੋਂ ਹੀ ਕਰ ਆਉਂਦੀ। ਉਸ ਦੇ ਚਾਲੇ ਦੇਖਦਿਆਂ ਰਤਨ ਸਿੰਘ ਦਾ ਪਰਿਵਾਰ ਕ੍ਰੋਧਿਤ ਹੋ ਉਠਦਾ, ਪਰ ਉਹ ਜੀਭਾਂ ਦੰਦਾਂ ਥੱਲੇ ਦੇ ਲੈਂਦੇ। ਦਬਕਣ-ਘੂਰਨ ਨਾਲ ਨੀਤੂ ਬਾਗੀ ਹੋ ਸਕਦੀ ਸੀ। ਸੋ ਉਹ ਟੋਕ-ਟਕਾਈ ਤਾਂ ਨਾ ਕਰਦੇ ਪਰ ਬਿੜਕ ਜ਼ਰੂਰ ਰੱਖਦੇ।
ਇਕ ਐਤਵਾਰ ਜਦੋਂ ਨੀਤੂ ਸਟੋਰਾਂ ਨੂੰ ਗਈ ਹੋਈ ਸੀ ਤਾਂ ਉਸ ਦੇ ਬੈੱਡਰੂਮ ਵਿਚ ਉਸ ਦਾ ਸੈੱਲਫੋਨ ਖੜਕਿਆ। ਉਹ ਅਪਣੇ ਸੈੱਲਫੋਨ ਦਾ ਵਿਸਾਹ ਨਹੀਂ ਸੀ ਖਾਂਦੀ। ਉਸ ਦਿਨ ਪਤਾ ਨਹੀਂ ਕਿਵੇਂ ਭੁੱਲ ਗਈ ਸੀ। ਉਤਸੁਕ ਹੋਏ ਗੁਰਨੇਕ ਨੇ ਉਠਾ ਲਿਆ ਤੇ ‘ਹੈਲੋ’ ਕਿਹਾ। ਪਰ ਮੂਹਰਿਓਂ ਕੋਈ ਆਵਾਜ਼ ਨਾ ਆਈ। ਸਕਰੀਨ ‘ਤੇ ਨੰਬਰ ਪੜ੍ਹ ਕੇ ਉਹ ਸਮਝ ਗਿਆ ਕਿ ਫੋਨ ਜੈਦੇਵ ਸਿੰਘ ਦਾ ਸੀ। ਉਹ ਨੀਤੂ ਨੂੰ ਆਈਆਂ ਕਾਲਾਂ ਚੈੱਕ ਕਰਨ ਲੱਗ ਪਿਆ… ਸਵੇਰੇ ਆਇਆ ਜੈਦੇਵ ਦਾ ਅਸ਼ਲੀਲ ਐਸ਼ਐਮæਐਸ ਪੜ੍ਹਦਿਆਂ ਉਸ ਦੀਆਂ ਅੱਖਾਂ ਵਿਚੋਂ ਸੇਕ ਨਿਕਲਣ ਲੱਗ ਪਿਆ। ਗੁੱਸੇ ‘ਚ ਉਬਲਦਾ ਉਹ ਹੋਰ ਪੜਤਾਲ ਵਾਸਤੇ ਉਤਸੁਕ ਹੋ ਗਿਆ। ਡਰੈੱਸਰ ਦੇ ਦਰਾਜਾਂ ਦੀ ਫਰੋਲਾ-ਫਰੋਲੀ ਕਰਦਿਆਂ ਨੀਤੂ ਦੇ ਸੂਟਕੇਸ-ਜਿਸ ਨੂੰ ਉਹ ਹਮੇਸ਼ਾ ਤਾਲਾ ਲਾ ਕੇ ਰੱਖਦੀ ਸੀ, ਦੀ ਚਾਬੀ ਉਸ ਦੇ ਹੱਥ ਲੱਗ ਗਈ… ਸੂਟਕੇਸ ਦੀ ਰੇਸ਼ਮੀ ਜੇਬ ‘ਚ ਕੁਝ ਚਿੱਠੀਆਂ ਦਿਖਾਈ ਦਿੱਤੀਆਂ। ਉਸ ਨੇ ਉਡਦੀ ਨਜ਼ਰੇ ਪੜ੍ਹੀਆਂ। ਉਹਦੇ ਡੈਡੀ ਤੇ ਭੈਣ-ਭਰਾਵਾਂ ਦੀਆਂ ਸਨ। ਤਿੰਨ ਕੁ ਚਿੱਠੀਆਂ ਦੇ ਲਿਫਾਫੇ ਦੇਖ ਕੇ ਉਸ ਨੂੰ ਹੈਰਾਨੀ ਹੋਈ। ਇਹ ਚਿੱਠੀਆਂ ਉਨ੍ਹਾਂ ਦੇ ਘਰ ਦੇ ਨਹੀਂ, ਬੇਕਰੀ ਦੇ ਐਡਰੈੱਸ ‘ਤੇ ਆਈਆਂ ਹੋਈਆਂ ਸਨ। ਇਨ੍ਹਾਂ ਵਿਚੋਂ ਛੇਕੜਲੀ ਚਿੱਠੀ, ਜੋ ਉਸ ਦੇ ਡੈਡੀ ਦੀ ਸੀ, ਉਹ ਪੜ੍ਹਨ ਲੱਗ ਪਿਆ। ਲਿਖਿਆ ਸੀ, ”ਮੇਰੀ ਲਾਡਲੀ ਧੀਏ! ਤੂੰ ਚੰਗਾ ਕੀਤਾ ਜੋ ਸਾਨੂੰ ਦੱਸ ਦਿੱਤਾ ਕਿ ਇਹ ਤੇਰੇ ‘ਤੇ ਸ਼ੱਕ ਕਰਦੇ ਆ। ਸ਼ਾਇਦ ਅਪਣੇ ਫੋਨ ਵੀ ਸੁਣਨ ਦੀਆਂ ਕੋਸ਼ਿਸ਼ਾਂ ਕਰਦੇ ਹੋਣ। ਗੱਲ ਖਾਸ ਹੈ, ਜਿਸ ਕਰਕੇ ਚਿੱਠੀ ਲਿਖ ਰਿਹਾਂ। ਜਵਾਹਰ ਸਿੰਘ ਵਿਆਹ ਮੰਗ ਰਿਹੈ। ਮੈਂ ਡੇਢ ਕੁ ਮਹੀਨਾ ਅਟਕਾ ਲਿਐ। ਤੇਰੀ ਨਾਨੀ ਦੀ ਬਿਮਾਰੀ ਦਾ ਬਹਾਨਾ ਬਣਾਇਐ ਕਿ ਉਹਨੂੰ ਕੈਂਸਰ ਐ। ਜੇ ਇਹ ਤੈਨੂੰ ਪੁੱਛਣ ਤਾਂ ਪੇਟ ਵਿਚ ਅਲਸਰ ਨਹੀਂ ਕੈਂਸਰ ਹੀ ਕਹਿਣੈ। ਏਨੇ ਕੁ ਟਾਈਮ ‘ਚ ਤੇਰੀ ਸਕੀਮ ਸਿਰੇ ਚੜ੍ਹ ਜਾਣੀ ਆਂ। ਤੇਰੀ ਸੋਚ ਬਿਲਕੁਲ ਠੀਕ ਐ, ਹਰਜਾਪ ਨਾਲ ਤੇਰਾ ਕੋਈ ਮੇਲ ਨਹੀਂ ਬਣਦਾ। ਜਵਾਹਰ ਸਿੰਘ ਤੇ ਰਤਨ ਸਿੰਘ ਦੇ ਟੱਬਰ ਜ਼ਮਾਨੇ ਤੋਂ ਪੱਚੀ ਸਾਲ ਪਿੱਛੇ ਆ, ਜਦੋਂ ਕਿ ਅਸੀਂ ਜ਼ਮਾਨੇ ਤੋਂ ਵੀ ਮੂਹਰੇ ਚੱਲ ਰਹੇ ਆਂ… ਅਪਣਾ ਮਕਸਦ ਤਾਂ ਕੈਨੇਡਾ ਪਹੁੰਚਣ ਦਾ ਐ। ਉਸ ਵਾਸਤੇ ਤੂੰ ਜੈਦੇਵ ਸਿੰਘ ਨੂੰ ਪੱਕਾ ਕਰ ਹੀ ਲਿਐ। ਸਾਡੇ ਸਪਾਂਸਰ-ਕੇਸ ਲਈ ਉਹਨੇ ਗਰਾਸ ਆਮਦਨ ਬਣਾ ਕੇ ਦੇ ਹੀ ਦੇਣੀ ਆਂ। ਜਦ ਸਾਡਾ ਕੰਮ ਜੈਦੇਵ ਸਿੰਘ ਨੇ ਕਰ ਦੇਣਾ ਆ ਤਾਂ ਆਪਾਂ ਨੂੰ ਕੀ ਲੋੜ ਪਈ ਆ ਵਿਆਹ ‘ਤੇ ਲੱਖਾਂ ਰੁਪਏ ਖਰਚਣ ਸੀ ਤੇ ਪਛੜੀ ਸੋਚ ਵਾਲੇ ਬੰਦਿਆਂ ਨਾਲ ਬੱਝਣ ਦੀ। ਤੇਰੇ ਇਨ੍ਹਾਂ ਕੋਲੋਂ ਪਤਰਾ ਵਾਚਣ ‘ਤੇ ਜਦੋਂ ਇਹ ਮੈਨੂੰ ਪੁੱਛਣਗੇ ਤਾਂ ਮੈਂ ਉਲਟਾ ਇਨ੍ਹਾਂ ਨੂੰ ਪੈ ਜਾਊਂ ਕਿ ਤੁਸੀਂ ਮੇਰੀ ਬੀਬੀ ਧੀ ਨੂੰ ਤੰਗ ਕਰਦੇ ਸੀ। ਸਾਡੇ ਵਲੋਂ ਜੈਦੇਵ ਸਿੰਘ ਦਾ ਧੰਨਵਾਦ ਕਰੀਂ। ਏਧਰ ਤੇਰਾ ਫੁੱਫੜ ਅਪਣੇ ਨਾਲ ਹੈ। ਤੇਰੇ ਰਾਹੀਂ ਇਹਦੇ ਮੁੰਡੇ ਨੂੰ ਕਨੇਡਾ ਲੰਘਾਉਂਣ ਦਾ ਲਾਰਾ ਬੜਾ ਰਾਸ ਆਇਐ। ਸਾਨੂੰ ਅਪਣੀ ਹੁਸ਼ਿਆਰ ਧੀ ‘ਤੇ ਮਾਣ ਹੈ… .।
ਚਿੱਠੀ ਪੜ੍ਹਦਿਆਂ ਗੁਰਨੇਕ ਦੀਆਂ ਤ੍ਰੇਲੀਆਂ ਛੁੱਟ ਗਈਆਂ। ਉਖੜਦੇ ਕਦਮੀਂ ਉਹ ਬੈੱਡਰੂਮ ਦੀਆਂ ਪੌੜੀਆਂ ਉਤਰਿਆ ਤੇ ਰਸੋਈ ਵਿਚਲੇ ਡਾਇਨਿੰਗ ਟੇਬਲ ਦੀ ਕੁਰਸੀ ‘ਤੇ ਢਹਿਦਿੰਆਂ ਪਤਨੀ ਕੋਲੋਂ ਪਾਣੀ ਮੰਗਿਆ। ਉਸਦਾ ਮਨ ਡੈਡੀ ਨਾਲ ਗੱਲ ਕਰਨ ਲਈ ਉਤਾਵਲਾ ਸੀ ਪਰ ਉਹ ਅਪਣੇ ਦੋਸਤ ਦੇ ਘਰ ਗਿਆ ਹੋਇਆ ਸੀ।
‘ਤੁਅਸੀਂ ਠੀਅਕ ਆਂ? ਪਾਣੀ ਫੜਾਉਂਦਿਆਂ ਪਤੀ ਦੇ ਮੱਥੇ ‘ਤੇ ਪਸੀਨਾ ਦੇਖ ਕੇ ਬੱਬੀ ਨੇ ਪੁੱਛਿਆ।
ਗੁਰਨੇਕ ਨੇ ਪਾਣੀ ਇੱਕੋ ਡੀਕੇ ਇੰਜ ਅੰਦਰ ਸੁੱਟ ਲਿਆ ਜਿਵੇਂ ਅੰਦਰ ਦੀ ਅੱਗ ਬੁਝਾ ਰਿਹਾ ਹੋਵੇ। ਪਰ ਅੱਗ ਨਾ ਬੁੱਝੀ… .. ਉਹ ਭੜਕ ਉਠਿਆ, ‘ਮੈਂ ਇਸ ਕੁੱਤੀ ਦਾ ਸਿਰ ਪਾੜ ਦਿਆਂਗਾ।’
‘ਕਿਸ ਦਾ?’ ਹੈਰਾਨ ਹੋਈ ਬੱਬੀ ਨੇ ਪੁੱਛਿਆ।
‘ਹਰਾਮਜਾਦੀ ਨੀਤੂ ਦਾ।’
‘ਕੀ ਗੱਲ ਹੋ ਗਈ?’ ਬੱਬੀ ਦੀ ਆਵਾਜ਼ ਵਿਚ ਕਾਂਬਾ ਸੀ।
ਤੇਜ਼ ਹੋਈ ਸਾਹ-ਗਤੀ ‘ਤੇ ਕਾਬੂ ਪਾਉਂਦੇ ਗੁਰਨੇਕ ਨੇ ਹੱਥ ਵਿਚ ਫੜੀ ਚਿੱਠੀ ਦਾ ਸਾਰ ਪਤਨੀ ਨੂੰ ਸੁਣਾ ਦਿੱਤਾ।
ਗੁਰਮੇਜ਼ ਕੌਰ ਫੈਮਿਲੀ ਰੂਮ ‘ਚ ਪੋਤਰਿਆਂ ਨੂੰ ਖਿਡਾ ਰਹੀ ਸੀ। ਪੁੱਤ ਦੀ ਤਲਖੀ ਅਤੇ ਨੂੰਹ ਦੀ ਹੈਰਾਨਗੀ ਭਾਂਪਦਿਆਂ ਕੋਲ ਆ ਖਲੋਈ ਤੇ ਪੁੱਛਿਆ, ‘ਕੀ ਗੱਲ ਆ? ਚਿੱਠੀ ਕੀਹਦੀ ਆ?’
ਗੁਰਨੇਕ ਨੇ ਚਿੱਠੀ ਮੌਮ ਨੂੰ ਫੜਾ ਦਿੱਤੀ ਤੇ ਸੈਲ ਫੋਨ ਦਾ ਐਸ਼ਐਮæਐਸ ਪਤਨੀ ਮੂਹਰੇ ਕਰ ਦਿੱਤਾ।
ਗੁਰਮੇਜ ਕੌਰ ਮਸਾਂ ਅੱਧੀ ਕੁ ਹੀ ਪੜ੍ਹ ਸਕੀ। ਚਿੱਠੀ ਨੂੰ ਕਿਸੇ ਘ੍ਰਣਿਤ ਚੀਜ਼ ਵਾਂਗ ਪਰੇ ਸੁੱਟਦਿਆਂ ਚਿੱਲਾ ਉੱਠੀ, ‘ਹਾਏ ਵੇ ਬੇਈਮਾਨੋ, ਕਮੀਨਿਓਂ। ਤੁਹਾਡਾ ਸਤਿਆਨਾਸ਼।’ ਮੱਥਾ ਫੜ੍ਹ ਕੇ ਉਹ ਕਈ ਚਿਰ ਕੁਰਸੀ ‘ਤੇ ਬੈਠੀ ਰਹੀ। ਜਰਾ ਕੁ ਸਾਵੀਂ ਹੋਈ ਤਾਂ ਬੋਲੀ, ‘ ਦੇਖ ਪੁੱਤ! ਰੱਬ ਦੇ ਵਾਸਤੇ ਤੂੰ ਇਸ ਕਮਜ਼ਾਤ ਨੂੰ ਕੁਸ਼ ਨਾ ਕਹੀਂ।’
‘ਕੀ ਕਹਿ ਰਹੀ ਏਂ ਮੰਮੀ! ਇਹ ਸਾਡੇ ਨਾਲ ਹਰਾਮਖੋਰੀਆਂ ਕਰੇ ਤੇ ਅਸੀਂ ਇਹਨੂੰ ਕੁਝ ਨਾ ਕਹੀਏ। ਜਿਸ ਥਾਲੀ ਵਿਚ ਖਾਂਦੀ ਏ, ਉਸੇ ਵਿਚ ਛੇਕ ਕਰ ਰਹੀ ਏ। ਇਹਦਾ ਦਿਮਾਗ ਠੀਕ ਕਰਨਾ ਹੀ ਪੈਣੈ।’ ਗੁਰਨੇਕ ਅੱਗ-ਭਬੂਕਾ ਹੋਇਆ ਪਿਆ ਸੀ।
‘ਵੇ ਪੁੱਤ! ਮੁੱਕਦਮੇਂ… ਜੇਹਲਾਂ… ਨੁਕਸਾਨ ਈ ਨੁਕਸਾਨ… ਹੱਥ ਕੁਸ਼ ਨ੍ਹੀਂ ਆਉਣਾ, ਰੁਲ ਜਾਵਾਂਗੇ… ਸਾਡਾ ਸੋਚ, ਅਪਣੇ ਨਿਆਣਿਆਂ ਦਾ ਸੋਚ।’ ਤਰਲੇ ਕਰਦੀ ਗੁਰਮੇਜ ਕੌਰ ਦਾ ਰੋਣਾ ਨਿਕਲ ਗਿਆ।
‘ਮੈਂ ਇਹਨੂੰ ਸਬਕ ਸਿੱਖਾ ਕੇ ਛੱਡਾਂਗਾ।’ ਗੁਰਨੇਕ ਧੁਖੀ ਜਾ ਰਿਹਾ ਸੀ।
‘ਡੀਅਰ, ਨੀਤੂ ਤਾਂ ਬਹਾਨਾ ਈ ਲਭਦੀ ਆ। ਜੇ ਤੁਸੀਂ ਕੁੱਟੋਗੇ ਤਾਂ ਉਹਨੇ ਪੁਲਿਸ ਬੁਲਾ ਲੈਣੀ ਆ ਤੇ ਰਿਸ਼ਤਾ ਤੋੜ ਲੈਣਾ। ਹਰਜਾਪ ਵਾਲੀ ਪਲੈਨ ਵੀਅਚੇ ਈ ਰਹਿ ਜਾਣੀ ਆਂ।’
‘ਦੇਖ ਪੁੱਤ! ਬੱਬੀ ਨੇ ਕਿੰਨੀ ਸਿਆਣੀ ਗੱਲ ਕੀਤੀ ਆ। ਤੂੰ ਗੁੱਸਾ ਥੁੱਕ ਦੇ, ਅਪਣੇ ਤਾਏ ਨੂੰ ਫੋਨ ਕਰ, ਉਹ ਇਹਦੇ ਪਿਉ ਕੰਜਰ ਦੇ ਗੱਲ ‘ਚ ਸਾਫਾ ਪਾਵੇ।” ਹਝੂੰ ਪੂੰਝਦਿਆਂ ਗੁਰਮੇਜ ਕੌਰ ਬੋਲੀ।
ਗੁਰਨੇਕ ਦੇ ਦਿਮਾਗ ਦੀਆਂ ਨਸਾਂ ਦਾ ਕਸਾਅ ਘੱਟਣ ਲੱਗ ਪਿਆ ਸੀ।
‘ਤੁਅਸੀਂ ਫੋਨ ਕਰੋ। ਮੈਂ ਨਾਲ ਵਾਲੇ ਕਨਵਿਨੀਐਂਸ ਸਟੋਰ ਤੋਂ ਚਿੱਠੀ ਦੀ ਫੋਟੋ ਕਾਪੀ ਕਰਾ ਕੇ ਆਈ।’ ਸੱਸ ਦੇ ਸੁਝਾਓ ਨੂੰ ਪੁਸ਼ਟ ਕਰਦਿਆਂ ਬੱਬੀ ਨੇ ਚਿੱਠੀ ਉਠਾ ਲਈ।
ਗੁਰਨੇਕ ਜਦੋਂ ਫੋਨ ‘ਤੇ ਗੱਲ ਕਰ ਰਿਹਾ ਸੀ ਤਾਂ ਗੁਰਮੇਜ ਕੌਰ ਨੇ ਉਸਨੂੰ ‘ਹੋਲਡ’ ਕਰਨ ਲਈ ਇਸ਼ਾਰਾ ਕੀਤਾ ਤੇ ਆਖਿਆ, ‘ਤੂੰ ਅਪਣੇ ਤਾਏ ਨੂੰ ਕਹਿ ਪਈ ਸੁੱਚਾ ਸੁੰਹ ਨਾਲ ਗੱਲ ਕਰੇ, ਉਹ ਸਿੰæਗਾਰੇ ਦੇ ਨੱਕ ਨਕੇਲ ਪਾ ਸਕਦਾ ਆ।’
ਗੁਰਨੇਕ ਨੇ ਇੰਜ ਹੀ ਕੀਤਾ ਤੇ ਗੱਲਬਾਤ ਦੇ ਆਖੀਰ ‘ਚ ਤਾਏ ਨੂੰ ਹਦਾਇਤ ਕਰ ਦਿੱਤੀ ਕਿ ਉਹ ਨੀਤੂ ਤੇ ਜੈਦੇਵ ਦੇ ਸੰਬਧਾਂ ਬਾਰੇ ਹਰਜਾਪ ਨੂੰ ਬਿਲਕੁਲ ਨਾ ਦੱਸੇ।
‘ਕੀ ਕਿਹਾ ਤੇਰੇ ਤਾਏ ਨੇ?’ ਫੋਨ ਬੰਦ ਹੋਣ ‘ਤੇ ਗੁਰਮੇਜ ਨੇ ਪੁੱਛਿਆ।
‘ਕਹਿੰਦਾ ਤੇਰੇ ਡੈਡੀ ਨਾਲ ਸਲਾਹ ਕਰਕੇ ਦੇਖਦੇ ਆਂ, ਉਹ ਜਦੋਂ ਘਰ ਆਵੇ ਫੋਨ ਕਰੇ। ਚਾਚੇ ਨਾਲ ਗੱਲ ਕਰਨ ਲਈ ਵੀ ਉਹਨੇ ਕੋਈ ਹੁੰਗਾਰਾ ਨਹੀਂ ਭਰਿਆ।’
‘ਇਕ ਤਾਂ ਇਨ੍ਹਾਂ ਠੰਢੇ-ਘਰਾਟੀਆਂ ਨੇ ਮਾਰ ਲਿਆ। ਇਨ੍ਹਾਂ ਨੇ ਸਲਾਹਾਂ ਕਰੀ ਜਾਣੀਆਂ ਤੇ ਇਸ ਕਮਜਾਤ ਨੇ ਨਿਕਲ ਜਾਣੈ। ਕੀ ਪੱਲੇ ਰਹੂ? ਤੂੰ ਆਪ ਮਿਲਾ ਫੋਨ ਸੁੱਚਾ ਸੁੰਹ ਨੂੰ।’ ਗੁਰਮੇਜ ਕੌਰ ਅੰਦਰ ਚਿੰਤਾ ਤੇ ਕਾਹਲ ਸੀ।
ਏਨੇ ਨੂੰ ਬੱਬੀ ਫੋਟੋ ਕਾਪੀ ਕਰਵਾ ਲਿਆਈ। ਗੁਰਨੇਕ ਨੇ ਉਸ ਨੂੰ ਚਿੱਠੀ, ਸੈਲਫੋਨ ਤੇ ਸੂਟਕੇਸ ਦੀ ਚਾਬੀ ਠੀਕ ਥਾਵਾਂ ‘ਤੇ ਰੱਖਣ ਲਈ ਸਮਝਾ ਦਿੱਤਾ।
‘ਮੈਂ ਰੱਖ ਦੇਨੀ ਆਂ ਪਰ ਤੁਸੀਂ ਫੋਨ ਬੇਸਮੈਂਟ ‘ਚ ਜਾ ਕੇ ਕਅਰੋ। ਕੀ ਪਤਾ ਉਹ ਸਟੂਪਿਡ ਕਦੋਂ ਆ ਜਾਏ।’ ਬੱਬੀ ਨੇ ਪਤੀ ਨੂੰ ਚੌਕਸ ਕੀਤਾ।
ਬੇਸਮੈਂਟ ਦੀਆਂ ਪੌੜੀਆਂ ਉੱਤਰਦਿਆਂ ਗੁਰਨੇਕ ਸੋਚ ਰਿਹਾ ਸੀ ਕਿ ਉਸਦੀ ਚਾਚੇ ਨਾਲ ਬਣਾ ਕੇ ਰੱਖਣ ਦੀ ਨੀਤੀ ਠੀਕ ਹੀ ਸਾਬਤ ਹੋ ਰਹੀ ਸੀ। ਉਸਦੇ ਡੈਡੀ ਦਾ ਅਪਣੇ ਭਰਾ ਨਾਲ ਖੁਸ਼ਕ ਵਿਹਾਰ ਉਸਨੂੰ ਚੰਗਾ ਨਹੀਂ ਸੀ ਲਗਦਾ।
‘ਡੈਡੀ! ਤੁਸੀਂ ਚਾਚਾ ਜੀ ਨੂੰ ਕਦੇ-ਕਦਾਈਂ ਹੀ ਫੋਨ ਕਰਦੇ ਆਂ। ਛੇਤੀ-ਛੇਤੀ ਕਰ ਲਿਆ ਕਰੋ।’ ਉਹ ਆਖਦਾ।
‘ਤੈਨੂੰ ਚੰਗਾ-ਭਲਾ ਪਤੈ ਮੈਂ ਕੁਰੱਪਟ ਬੰਦਿਆਂ ਤੋਂ ਐਲਰਜਿਕ ਆਂ।’ ਰਤਨ ਸਿੰਘ ਦਾ ਜਵਾਬ ਹੁੰਦਾ।
‘ਡੈਡੀ! ਮੈਂ ਇਸ ਕਰਕੇ ਕਹਿ ਰਿਹਾਂ ਕਿ ਇੰਡੀਆ ‘ਚ ਅਪਣੀ ਜ਼ਮੀਨ-ਜਾਇਦਾਦ ਐ। ਆਪਾਂ ਉਥੇ ਜਾਣਾ-ਆਉਣਾ ਐਂ। ਜੇ ਕੱਲ੍ਹ ਨੂੰ ਕੋਈ ਪੰਗਾ ਪੈ ਗਿਆ, ਆਪਾਂ ਨੂੰ ਚਾਚਾ ਜੀ ਦੀ ਲੋੜ ਪੈਣੀ ਐਂ।’
ਅਪਣੀ ਇਸੇ ਸੋਚ ਸਦਕਾ ਹੀ, ਗੁਰਨੇਕ ਪਿਛਲੇ ਸਾਲ ਪਤਨੀ ਸਮੇਤ ਚਾਚੇ ਦੇ ਪੁੱਤ ਦੇ ਵਿਆਹ ‘ਤੇ ਗਿਆ ਸੀ ਤੇ ਉਥੇ ਤਕੜਾ ਖਰਚਾ ਕੀਤਾ ਸੀ। ਚਾਚੇ ਤੇ ਚਰੇਰੇ ਭਰਾਵਾਂ ਨਾਲ ਉਸਦੇ ਸ਼ਰਾਬ ਦੇ ਦੌਰ ਵੀ ਚੱਲੇ ਸਨ। ਚਾਚੇ ਦੇ ਟੱਬਰ ਨਾਲ ਨੇੜਤਾ ਦੀ ਮਹਿਸੂਸੀਅਤ ਉਸਨੂੰ ਚੰਗੀ ਲੱਗੀ ਸੀ।
ਉਸਨੇ ਮਾਣ ਜਿਹੇ ਨਾਲ ਚਾਚੇ ਦਾ ਮੁਬਾਇਲ-ਨੰਬਰ ਦਬਾਇਆ ਤੇ ਸੁੱਖ-ਸਾਂਦ ਪੁੱਛਣ-ਦੱਸਣ ਬਾਅਦ ਸਾਰੀ ਵਿਥਿਆ ਕਹਿ ਸੁਣਾਈ।
‘ਗੁਰਨੇਕ ਪੁੱਤਰਾ! ਤੂੰ ਫਿਕਰ ਨਾ ਕਰ। ਮੈਂ ਲੈਨਾ ਸ਼ਿੰਗਾਰੇ ਦੀ ਖਬਰ। ਤੂੰ ਕੱਲ੍ਹ ਨੂੰ ਇਸੇ ਟਾਇਮ ਫੋਨ ਕਰ ਲਈਂ।’ ਸੁੱਚਾ ਸਿੰਘ ਨੇ ਕਿਹਾ ਸੀ।
ਅਗਲੇ ਦਿਨ ਸੁੱਚਾ ਸਿੰਘ ਨੇ ਸ਼ਿੰਗਾਰਾ ਸਿੰਘ ਨੂੰ ਰੈਸਟੋਰੈਂਟ ‘ਚ ਸੱਦ ਲਿਆ ਤੇ ਅਪਣੇ ਨਾਲ ਬੈਠੇ ਦੋ ਕੁ ਬੰਦਿਆਂ ਦੇ ਸਾਹਮਣੇ ਹੀ ਗੱਲ ਸ਼ੁਰੂ ਕਰ ਲਈ, ‘ਸ਼ਿੰਗਾਰਾ ਸਿਆਂ!’ ਹਰਜਾਪ ਦੇ ਵਿਆਹ ‘ਚ ਹੁਣ ਕਾਹਦੀ ਦੇਰ ਆ?’
ਕੋਈ ਦੇਰ ਨ੍ਹੀਂ ਸਰਦਾਰ ਸਾਹਬ। ਬੱਸ ਦੋ ਕੁ ਮਹੀਨਿਆਂ ‘ਚ ਕਰ ਦੇਣਾ ਆਂ।’ ਅਣਕਿਆਸੇ ਸਵਾਲ ਦਾ ਝਟਕਾ ਜਿਹਾ ਮਹਿਸੂਸ ਕਰਦਿਆਂ ਸ਼ਿੰਗਾਰਾ ਸਿੰਘ ਬੋਲਿਆ।
‘ਪੱਕਾ?’
ਬਿਲਕੁਲ ਪੱਕਾ ਜੀ।’
‘ਅਜੀਬ ਗੱਲ ਐ ਬਈ। ਏਧਰ ਪੱਕ ਪਕਾਈ ਜਾਨੈ, ਓਧਰ ਕੁੜੀ ਨੂੰ ਕਹਿ ਰਿਹੈਂ ਕਿ ਪਤਰਾ ਵਾਚ ਜਾ।’
ਸ਼ਿੰਗਾਰਾ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਚਿਹਰੇ ‘ਤੇ ਹਵਾਈਆਂ ਉੱਡਣ ਲੱਗੀਆਂ।
ਸੁੱਚਾ ਸਿੰਘ ਲੋਹਾ-ਲਾਖਾ ਹੋ ਗਿਆ, ਕੜਕਵੀਂ ਆਵਾਜ਼ ‘ਚ ਬੋਲਿਆ, ‘ਓਏ ਬੇਈਮਾਨਾ! ਮੈਨੂੰ ਕੱਲ੍ਹ ਕਨੇਡਾ ਤੋਂ ਫੋਨ ਆਇਐ। ਤੇਰੀ ਚਿੱਠੀ ਫੜੀ ਗਈ ਐ। ਤੂੰ ਮੇਰੇ ਦੇਵਤਿਆਂ ਵਰਗੇ ਭਰਾਵਾਂ ਨਾਲ ਦਗ਼ਾ ਕਮਾ ਰਿਹੈਂ। ਦੇਖ! ਤੈਨੂੰ ਮੈਂ ਦਸਾਂ, ਇਹ ਬੇਈਮਾਨੀ ਤੈਨੂੰ ਬਹੁਤ ਮਹਿੰਗੀ ਪੈਣੀ ਆਂ। ਕਨੇਡਾ ਅਜੇ ਤੇਰੀ ਕੁੜੀ ਹੀ ਗਈ ਆ। ਤੂੰ ਤੇ ਤੇਰਾ ਟੱਬਰ ਅਜੇ ਏਥੇ ਈ ਆ… … ਮੈਨੂੰ ਤੂੰ ਜਾਣਦਾ ਈ ਐਂ। ਬਾਜ ਆ ਜਾ, ਨਹੀਂ ਤਾਂ ਤੇਰਾ ਜੀਣਾ ਹਰਾਮ ਕਰ ਦਿਆਂਗਾ। ਜਦੋਂ ਤੇਰੀ ਕੁੜੀ ਨੇ ਕਨੇਡਾ ਜਾਣਾ ਸੀ ਉਦੋਂ ਤਾਂ ਮੇਰਾ ਭਤੀਜਾ ਤੇ ਮੇਰੇ ਭਰਾ-ਭਰਜਾਈ ਬਹੁਤ ਵਧੀਆ ਸੀਗੇ। ਹੁਣ ਉਹ ਤੈਨੂੰ ਪਛੜੇ ਹੋਏ ਦਿਸਣ ਲੱਗ ਪਏ ਆ। ਹੇਖਾਂ! ਜ਼ਮਾਨੇ ਨਾਲੋਂ ਮੂਹਰੇ ਤੁਰਨ ਵਾਲਾ। ਤੇਰੀ ਧੀ ਸਾਡੀ ਹੋਣ ਵਾਲੀ ਨੂੰਹ ਆਂ। ਉਹਦੀਆਂ ਕਰਤੂਤਾਂ ਦੀ ਤੈਨੂੰ ਤਾਂ ਕੋਈ ਸ਼ਰਮ ਨਹੀਂ ਪਰ ਸਾਨੂੰ ਬਹੁਤ ਐ। ਅਪਣਾ ਤੇ ਕੁੜੀ ਦਾ ਦਿਮਾਗ ਠੀਕ ਕਰ।’
‘ਉਹ ਨਾ ਜੀ… ਉਹ ਨਾ ਜੀ… æ।’ ਸ਼ਿੰਗਾਰਾ ਸਿੰਘ ਨੂੰ ਕੁਝ ਔੜ ਨਹੀਂ ਸੀ ਰਿਹਾ।
‘ਹਨਾ, ਹੁਨਾ ਕੁਝ ਨਹੀਂ। ਕੰਨ ਖੋਲ੍ਹ ਕੇ ਸੁਣ ਲੈ, ਅੱਜ ਤੋਂ ਬਾਅਦ ਜੇ ਮੈਨੂੰ ਕਿਸੇ ਐਸੀ-ਵੈਸੀ ਗੱਲ ਦਾ ਪਤਾ ਲੱਗਾ ਤਾਂ ਅਜਿਹੀ ਭੁਆਂਟਣੀ ਦਿਆਂਗਾ ਕਿ ਦਿਨੇ ਤਾਰੇ ਦਿਸਣਗੇ, ਸਮਝਿਆ।’
ਸੁੱਚਾ ਸਿੰਘ ਦੀਆਂ ਸੇਕ ਮਾਰਦੀਆਂ ਅੱਖਾਂ ਸ਼ਿੰਗਾਰਾ ਸਿੰਘ ‘ਤੇ ਤੀਰਾਂ ਵਾਂਗ ਵਰ੍ਹ ਰਹੀਆਂ ਸਨ। ਮਰਨਊ ਆਵਾਜ਼ ਵਿਚ ਉਹ ਬੋਲਿਆ, ‘ਸਮਝ ਗਿਆ ਜੀ। ਹੁਣ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ।’
‘ਮਹੀਨੇ ਦੇ ਵਿਚ-ਵਿਚ ਵਿਆਹ ਹੋ ਜਾਣਾ ਚਾਹੀਦੈ। ਕੁੜੀ ਕਨੇਡਾ ਮੁੜ ਕੇ ਸਾਡੇ ਮੁੰਡੇ ਨੂੰ ਸਪਾਂਸਰ ਕਰੇ ਤੇ ਇੱਜਤ ਨਾਲ ਉਹਦੇ ਘਰ ਵਸੇ।’
‘ਠੀਕ ਐ ਜੀ।’ ਸ਼ਿੰਗਾਰਾ ਸਿੰਘ ਨੇ ਆਖਿਆ ਸੀ।
ਸੁੱਚਾ ਸਿੰਘ ਨੇ ਸਾਰੀ ਵਾਰਤਾ ਜਦੋਂ ਫੋਨ ‘ਤੇ ਗੁਰਨੇਕ ਨੂੰ ਸੁਣਾਈ ਤਾਂ ਉਸਦੇ ਮੂੰਹੋਂ ਆਪ-ਮੁਹਾਰੇ ਹੀ ਦੋ-ਤਿੰਨ ਵਾਰ, ‘ਚਾਚਾ ਜੀ! ਥੈਂਕ ਯੂ ਵੈਰ੍ਹੀ ਮਚ’ ਨਿਕਲ ਗਿਆ ਸੀ। ਇਕ ਅਜੀਬ ਜਿਹੀ ਖੁਸ਼ੀ ਤੇ ਚੈਨ ਉਸਦੀ ਰਗ-ਰਗ ‘ਚ ਦੌੜ ਗਿਆ ਸੀ। ਚਾਚੇ ਦੀ ਸਹਾਇਤਾ ਨਾਲ ਜਿਵੇਂ ਉਸਨੇ ਕੋਈ ਜੰਗ ਜਿੱਤ ਲਈ ਹੋਵੇ।
ਸੁੱਚਾ ਸਿੰਘ ਪ੍ਰਤੀ ਸ਼ੁਕਰਾਨੇ ਦਾ ਅਹਿਸਾਸ, ਸਿਵਾਏ ਜਵਾਹਰ ਸਿੰਘ ਤੇ ਰਤਨ ਸਿੰਘ ਦੇ, ਸਾਰਿਆਂ ਦੇ ਮਨਾਂ ਵਿਚ ਸੀ।
‘ਆਪਾਂ ਆਪ ਨੱਜਿਠਦੇ, ਸੁੱਚੇ ਨੂੰ ਵਿਚ ਨਹੀਂ ਸੀ ਲਿਆਉਣਾ ਚਾਹੀਦਾ।’ ਰਤਨ ਸਿੰਘ ਨੇ ਆਖਿਆ ਸੀ।
‘ਡੈਡੀ ਵੀ ਅਜੀਬ ਗੱਲਾਂ ਕਰਦੇ ਆ। ਆਪ ਕਿੱਦਾਂ ਨੱਜਿਠ ਲੈਂਦੇ।’ ਗੁਰਨੇਕ ਨੇ ਹੈਰਾਨੀ ਪ੍ਰਗਟਾਈ ਸੀ।
‘ਜਵਾਹਰ ਸੁੰਹ ਇਲਾਕੇ ਦੇ ਪੰਜ-ਸੱਤ ਪੰਚਾਇਤੀ ‘ਕੱਠੇ ਕਰਦਾ ਤੇ ਸ਼ਿੰਗਾਰਾ ਸੁੰਹ ਨੂੰ ਪੁੱਛਦਾ।’
‘ਪੰਚਾਇਤੀ ਵੀ ਹੁਣ ਗਏ-ਗੁਆਚੇ ਈ ਆ। ਸਾਰੇ ਪਾਸੀਂ ਵਗ ਜਾਂਦੇ ਆ। ਕੋਈ ਨਿੱਤਰ ਕੇ ਗੱਲ ਨ੍ਹੀਂ ਕਰਦਾ।’ ਗੁਰਮੇਜ ਕੌਰ ਨੇ ਆਖਿਆ ਸੀ।
‘ਗੁਰਮੇਜ! ਸੱਚ ਦਾ ਬੀਜ-ਨਾਸ ਨ੍ਹੀਂ ਹੋਇਆ। ਨਿੱਤਰ ਕੇ ਗੱਲ ਕਰਨ ਵਾਲੇ ਖਰੇ-ਸੁਥਰੇ ਬੰਦੇ ਵੀ ਅਜੇ ਕਿਤੇ-ਕਿਤੇ ਹੈਗੇ ਆ। ਉਸ ਕਿਸਮ ਦੇ ਬੰਦਿਆਂ ਨੇ ਜਵਾਹਰ ਸੁੰਹ ਨਾਲ ਖੜ੍ਹ ਜਾਣਾ ਸੀ ਤੇ ਸ਼ਿੰਗਾਰਾ ਸੁੰਹ ਨੂੰ ਨੀਤੂ ਦਾ ਵਿਆਹ ਹਰਜਾਪ ਨਾਲ ਕਰਨ ਦਾ ਵਚਨ ਪੁਰਾ ਕਰਨਾ ਪੈਣਾ ਸੀ।’
‘ਡੈਡੀ! ਵਚਨਾਂ-ਵੁਚਨਾਂ ਦੀ ਕੌਣ ਪਰਵਾਹ ਕਰਦੈ। ਲੋਕੀ ਕਿਸੇ ਵੀ ਕੀਮਤ ‘ਤੇ ਇਮੀਗ੍ਰੇਸ਼ਨ ਹਥਿਆਉਣੀ ਚਾਹੁੰਦੇ ਆ। ਇੰਮੀਗ੍ਰੇਸ਼ਨ ਖਾਤਰ ਜਬਾਨ ਤੋਂ ਮੁੱਕਰਨਾ, ਰਿਸ਼ਤੇ ਤੋੜਨੇ, ਇੱਜਤਾਂ ਦਾਅ ‘ਤੇ ਲਾਉਣੀਆਂ ਮਾਮੂਲੀ ਗੱਲਾਂ ਹਨ। ਇਸ ਤੋਂ ਵੀ ਅਗਾਂਹ ਲੋਕਾਂ ਨੇ ਇੰਮੀਗ੍ਰੇਸ਼ਨ ਨੂੰ ਵਪਾਰ ਬਣਾ ਲਿਐ। ਅਪਣੇ ਕੈਨੇਡੀਅਨ ਬੰਦੇ ਇੰਡੀਆ ਜਾ ਕੇ ਜਾਅਲੀ ਵਿਆਹ ਕਰਦੇ ਆ ਤੇ ਵੀਹ-ਪੱਚੀ ਲੱਖ ਰੁਪਈਆ ਬਟੋਰਦੇ ਆ। ਹੁਣ ਤਾਂ ਕਹਿੰਦੇ ਆ ਪਈ ਪੱਕੇ ਵਿਆਹਾਂ ‘ਚ ਵੀ ਵੀਹ-ਪੱਚੀ ਲੱਖ ਦਾ ਲੈਣ-ਦੇਣ ਹੋਣ ਲੱਗ ਪਿਐ।’ ਗੁਰਨੇਕ ਦੇ ਬੋਲਾਂ ਵਿਚ ਨਮੋਸ਼ੀ ਝਲਕਦੀ ਸੀ।
‘ਸਾਡੇ ਲੋਕਾਂ ਦੀਆਂ ਇਨ੍ਹਾਂ ਹੇਰਾਫੇਰੀਆਂ, ਸੌਦੇਬਾਜੀਆਂ ਤੇ ਕਮੀਨਗੀਆਂ ਦਾ ਅੰਜਾਮ ਛੇਤੀ ਹੀ ਸਾਹਮਣੇ ਆ ਜਾਏਗਾ। ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਨੇ ਪਾਰਲੀਮੈਂਟ ਵਿਚ ਇਕ ਬਿਲ ਪੇਸ਼ ਕੀਤੈ, ਉਹਦੇ ਮੁਤਾਬਿਕ ਜਿਹੜਾ ਤਲਾਕਸ਼ੁਦਾ ਕੈਨੇਡਾਵਾਸੀ ਮੁੜ ਵਿਆਹ ਕਰਦੈ, ਉਹ ਅਪਣੇ ਪਤੀ ਜਾਂ ਪਤਨੀ ਨੂੰ ਤਾਂ ਹੀ ਸਪਾਂਸਰ ਕਰ ਸਕਦੈ ਜੇ ਉਹਨੂੰ ਕਨੇਡਾ ਰਹਿੰਦਿਆਂ ਪੰਜ ਸਾਲ ਹੋ ਚੁੱਕੇ ਹੋਣ। ਟੌਰੀ ਪਾਰਟੀ ਦੀ ਸਰਕਾਰ ਦੀ ਮੈਜੌਰਟੀ ਐ, ਉਨ੍ਹਾਂ ਇਹ ਬਿਲ ਪਾਸ ਕਰ ਦੇਣੈ।’ ਗੱਲ ਕਰਦਾ ਰਤਨ ਸਿੰਘ ਦੁਖੀ ਜਿਹਾ ਹੋ ਗਿਆ।
ਡੈਡੀ! ਇਹ ਟੌਰੀ ਪਾਰਟੀ ਤਾਂ ਇੰਮੀਗ੍ਰੇਸ਼ਨ ਸਿਸਟਮ ਨੂੰ ਸਖ਼ਤ ਬਣਾਉਣ ਲਈ ਮੌਕਾ ਹੀ ਭਾਲਦੀ ਸੀ। ਪਰਿਵਾਰਾਂ ਦੀ ਇਮੀਗ੍ਰੇਸ਼ਨ ਇਨ੍ਹਾਂ ਪਹਿਲਾਂ ਹੀ ਸਲੋਅ ਕਰ ਦਿੱਤੀ ਹੋਈ ਆ। ਸਪਾਂਸਰ ਕੀਤੇ ਮਾਂ-ਪਿਓ ਤੇ ਭੈਣ-ਭਰਾ ਪਹਿਲਾਂ ਦੋ ਸਾਲਾਂ ‘ਚ ਹੀ ਕਨੇਡਾ ਪਹੁੰਚ ਜਾਂਦੇ ਸਨ। ਹੁਣ ਛੇ ਸਾਲ ਲਗਦੇ ਲਗਦੇ ਐ, ਇਹ ਵੇਟਿੰਗ ਟਾਇਮ ਛੇਤੀ ਹੀ ਦਸ ਸਾਲ ਤਕ ਪਹੁੰਚ ਜਾਣੈ।’ ਗੁਰਨੇਕ ਨੇ ਟਿੱਪਣੀ ਕੀਤੀ।
‘ਤੁਸੀਂ ਤਾਂ ਲੰਮੀਆਂ ਗੱਲਾਂ ‘ਚ ਪੈ ਗਏ।’ ਗੁਰਮੇਜ ਕੌਰ ਬੋਲੀ।
‘ਛੋਟੀ ਦੱਸ ਦੇ, ਉਹ ਕਰ ਲੈਨੇ ਆਂ।’ ਰਤਨ ਸਿੰਘ ਨੇ ਮਜ਼ਾਕੀਆ ਲਹਿਜ਼ੇ ‘ਚ ਆਖਿਆ।
‘ਉਹੀ , ਹਰਜਾਪ ਦੇ ਵਿਆਹ ਬਾਰੇ… ਦੇਖੋ ਕਿਹੜੀ ਤਾਰੀਖ ਰੱਖਦੇ ਆ।’
ਦੋ ਕੁ ਦਿਨਾਂ ਬਾਅਦ ਹੀ ਪਿੰਡੋਂ ਫੋਨ ਆ ਗਿਆ ਸੀ। ਵਿਆਹ, ਦੀਵਾਲੀ ਤੋਂ ਇਕ ਦਿਨ ਪਹਿਲਾਂ ਦਾ ਰੱਖ ਦਿੱਤਾ ਗਿਆ ਸੀ। ਲੋੜੀਂਦੀ ਸ਼ਾਪਿੰਗ ਕਰਨ ਬਾਅਦ, ਨੀਤੂ ਇੰਡੀਆ ਪਹੁੰਚ ਗਈ ਸੀ।
ਰਤਨ ਸਿੰਘ ਦੇ ਪਰਿਵਾਰ ਦੇ ਸਾਰੇ ਜੀਅ ਵਿਆਹ ਦੇਖਣਾ ਚਾਹੁੰਦੇ ਸਨ ਪਰ ਬਜੱਟ ਨੇ ਇਜਾਜ਼ਤ ਨਾ ਦਿੱਤੀ। ਉਹ ਤੇ ਗੁਰਮੇਜ ਕੌਰ ਹੀ ਗਏ ਸਨ।
ਜਵਾਹਰ ਸਿੰਘ ਚਾਹੁੰਦਾ ਸੀ ਕਿ ਵਿਆਹ ਮੈਰਿਜ-ਪੈਲੇਸ ਦੀ ਬਜਾਏ ਸਾਦੇ ਢੰਗ ਨਾਲ ਸ਼ਿੰਗਾਰਾ ਸਿੰਘ ਦੇ ਘਰ ‘ਚ ਹੀ ਕੀਤਾ ਜਾਵੇ। ਮੀਟ-ਸ਼ਰਾਬ ਦੀ ਵਰਤੋਂ ਨਾ ਹੋਵੇ। ਸ਼ਿੰਗਾਰਾ ਸਿੰਘ ਵਾਸਤੇ ਵੀ ਇਹ ਫਾਇਦੇ ਦੀ ਗੱਲ ਸੀ। ਉਹਦਾ ਖਰਚਾ ਘੱਟਦਾ ਸੀ। ਸੋ ਇੰਜ ਹੀ ਕੀਤਾ ਗਿਆ।
ਵਿਆਹ ਭਾਵੇਂ ਸਾਦਾ ਸੀ ਪਰ ਜਵਾਹਰ ਸਿੰਘ ਦੇ ਪਰਿਵਾਰ ਨੇ ਅਪਣੇ ਸਾਰੇ ਚਾਅ-ਮਲ੍ਹਾਰ ਪੂਰੇ ਕੀਤੇ। ਉਨ੍ਹਾਂ ਦੇ ਵਿਹੜੇ ਖੂਬ ਰੌਣਕਾਂ ਲੱਗੀਆਂ। ਸੁੱਚਾ ਸਿੰਘ ਦਾ ਪਰਿਵਾਰ ਵੀ ਸ਼ਾਮਲ ਹੋਇਆ ਸੀ।
ਨੀਤੂ ਦਾ ਸਹੁਰੇ ਘਰ ਵਿਚ ਵਿਵਹਾਰ ਨਿਖੱਰਵਾਂ ਨਹੀਂ ਸੀ। ਜਦੋਂ ਤਾਂ ਉਹ ਸਾਰਿਆਂ ਨਾਲ ਗੱਲਾਂ-ਬਾਤਾਂ ਕਰਦੀ, ਹੱਸਦੀ-ਮੁਸਕਰਾਉਂਦੀ ਤਾਂ ਟੱਬਰ ਵਿਚ ਰਚਮਿਚ ਰਹੀ ਲੱਗਦੀ। ਪਰ ਜਦੋਂ ਟੱਬਰ ਤੋਂ ਪਾਸੇ ਹੋ ਕੇ ਚੁੱਪ-ਚਾਪ ਬੈਠ ਜਾਂਦੀ ਤਾਂ ਓਪਰਾਪਨ ਹੰਢਾਉਂਦੀ ਜਾਪਦੀ। ਪ੍ਰੰਤੂ ਜਦੋਂ ਹਰਜਾਪ ਉਸਨੂੰ ਦੂਰ-ਨੇੜੇ ਘੁੰਮਾਉਣ ਲੈ ਜਾਂਦਾ ਤਾਂ ਖੁਸ਼ ਹੋ ਜਾਂਦੀ।
ਪੰਜ ਕੁ ਹਫ਼ਤੇ ਉਥੇ ਕੱਟ ਕੇ ਉਹ ਰਤਨ ਸਿੰਘ ਹੁਰਾਂ ਨਾਲ, ਕੈਨੇਡਾ ਵਾਪਸ ਆ ਗਈ ਸੀ ਤੇ ਹਰਜਾਪ ਨੂੰ ਸਪਾਂਸਰ ਕਰ ਦਿੱਤਾ ਸੀ। ਛੇਆਂ ਕੁ ਮਹੀਨਿਆਂ ਬਾਅਦ ਹਰਜਾਪ ਕਨੇਡਾ ਪਹੁੰਚ ਗਿਆ ਸੀ।
ਇਨ੍ਹਾਂ ਛੇ ਮਹੀਨਿਆਂ ਵਿਚ ਨੀਤੂ ਦੇ ਤੌਰ-ਤਰੀਕਿਆਂ ‘ਚ ਕਾਫ਼ੀ ਫਰਕ ਪੈ ਗਿਆ ਸੀ। ਉਹ ਜੌਬ ਤੋਂ ਸਮੇਂ ਸਿਰ ਪਰਤ ਆਉਂਦੀ ਅਤੇ ਬੱਚਿਆਂ ਦੀ ਦੇਖ-ਭਾਲ ਦੇ ਕੰਮ ਤੇ ਹੋਰ ਕੰਮਾਂ ਵਿਚ ਬਕਾਇਦਾ ਹੱਥ ਵਟਾਉਂਦੀ। ਰਤਨ ਸਿੰਘ ਦੇ ਪਰਿਵਾਰ ਲਈ ਇਹ ਸੁਖਾਵਾਂ ਸਮਾਂ ਸੀ। ਹੁਣ ਹਰਜਾਪ ਦੇ ਪਹੁੰਚਣ ਨਾਲ ਹੋਰ ਵੀ ਸੁਖਾਵਾਂ ਜਾਪਣ ਲੱਗਾ। ਆਖਰਕਾਰ ਉਨ੍ਹਾਂ ਦੀ ਸਕੀਮ ਸਿਰੇ ਚੜ੍ਹ ਗਈ ਸੀ। ਉਹ ਹਰਜਾਪ ਤੇ ਨੀਤੂ ਲਈ ਅਪਣੇ ਲਾਗੇ ਕੋਈ ਬੇਸਮੈਂਟ ਲੱਭ ਰਹੇ ਸਨ। ਇਕ ਦਿਨ ਜਦੋਂ ਗੁਰਨੇਕ ਕਿਸੇ ਬੇਸਮੈਂਟ ਵਾਲੇ ਨੂੰ ਫੋਨ ਕਰ ਰਿਹਾ ਸੀ ਤਾਂ ਵਿਚੇ ਹੀ ਸੁੱਚਾ ਸਿੰਘ ਦਾ ਫੋਨ ਆ ਗਿਆ। ਉਹ ਉਨ੍ਹਾਂ ਦੀ ਜ਼ਮੀਨ ਠੇਕੇ ‘ਤੇ ਵਾਹੁਣ ਲਈ ਮੰਗ ਰਿਹਾ ਸੀ। ਉਸਦੇ ਕਹਿਣ ਅਨੁਸਾਰ ਉਸਦਾ ਰੈਸਟੋਰੈਂਟ ਘਾਟੇ ‘ਚ ਚਲ ਰਿਹਾ ਸੀ, ਜਿਸ ਕਰਕੇ ਉਹ ਖੇਤੀ ਦਾ ਕੰਮ ਵਧਾਉਣਾ ਚਾਹੁੰਦਾ ਸੀ। ਉਹ ਆਮ ਰੇਟਾਂ ਨਾਲੋਂ ਵੱਧ ਠੇਕਾ ਦੇਣ ਨੂੰ ਤਿਆਰ ਸੀ।
ਗੁਰਨੇਕ ਨੇ ਜਦੋਂ ਫੋਨ ਬਾਰੇ ਡੈਡੀ ਨੂੰ ਦੱਸਿਆ ਤਾਂ ਉਹ ਬੋਲਿਆ, ‘ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਸੁੱਚਾ ਸਾਡੀ ਮਦਦ ਐਵੇਂ ਨਹੀਂ ਕਰ ਰਿਹਾ, ਇਸ ਪਿਛੇ ਉਹਦਾ ਅਪਣਾ ਕੋਈ ਮਕਸਦ ਐ। ਹੁਣ ਗੱਲ ਬੜੀ ਸਪਸ਼ਟ ਐ, ਇਕ ਵਾਰ ਉਹ ਅਪਣੀ ਜ਼ਮੀਨ ‘ਚ ਵੜ ਗਿਆ, ਜ਼ਮੀਨ ਗਈ ਸਮਝੋ। ਮਾਲ-ਮਹਿਕਮੇ ਰਾਹੀਂ ਰਿਕਾਰਡਾਂ ਦੀ ਭੰਨ-ਤੋੜ ਕਰਨੀ ਉਹਦੇ ਸੱਜੇ ਹੱਥ ਦਾ ਕੰਮ ਐ।’
ਰਤਨ ਸਿੰਘ ਦੀ ਜ਼ਮੀਨ ਜਵਾਹਰ ਸਿੰਘ ਕੋਲ ਸੀ, ਜਿਸਦਾ ਉਹ ਠੇਕਾ ਨ੍ਹੀਂ ਸੀ ਲੈਂਦਾ। ਇਸਦੇ ਦੋ ਕਾਰਣ ਸਨ। ਵੱਡਾ ਕਾਰਣ ਇਹ ਸੀ ਕਿ ਉਸ ਭਰਾ ਕੋਲ ਉਸਦੀ ਜ਼ਮੀਨ ਸੁੱਰਖਿਅਤ ਸੀ। ਦੂਜਾ ਇਹ ਸੀ ਕਿ ਉਹ ਉਸ ਸਮੇਂ ਨੂੰ ਨਹੀਂ ਸੀ ਭੁੱਲਿਆ ਜਦੋਂ ਜਵਾਹਰ ਸਿੰਘ ਨੇ ਖੇਤਾਂ ਵਿਚ ਖੂਨ-ਪਸੀਨਾ ਵਹਾ ਕੇ ਉਸਨੂੰ ਅਤੇ ਸੁੱਚਾ ਸਿੰਘ ਨੂੰ ਪੜ੍ਹਾਇਆ ਸੀ।
ਸੁੱਚਾ ਸਿੰਘ ਵੀ ਸ਼ੁਰੂ ਵਿਚ ਤਾਂ ਭਰਾ ਦਾ ਅਹਿਸਾਨ ਮੰਨਦਾ ਰਿਹਾ ਸੀ। ਪਰ ਬਾਅਦ ਵਿਚ ਭੁੱਲ ਗਿਆ ਸੀ। ਹੁਣ ਤਾਂ ਉਹ ਹਰ ਵੇਲੇ ਦਾਅ ‘ਤੇ ਰਹਿੰਦਾ ਸੀ। ਉਸਦੇ ਰੈਸਟੋਰੈਂਟ ਦੇ ਘਾਟੇ ਵਾਲੀ ਗੱਲ ਰਤਨ ਸਿੰਘ ਨੂੰ ਝੂਠ ਜਾਪਦੀ ਸੀ। ਉੱਥੇ ਗਾਹਕਾਂ ਦੀ ਕੋਈ ਘਾਟ ਨਹੀਂ ਸੀ। ਪਿੱਛੇ ਜਿਹੇ ਤਾਂ ਸੁੱਚਾ ਸਿੰਘ ਨੇ ਇਕ ਹੋਰ ਮਾਰ, ਮਾਰ ਲਈ ਸੀ… ਉਸਦੇ ਆੜੀ ਇਕ ਮੰਤਰੀ ਦੀ ਵਕਫ-ਬੋਰਡ ਦੀ ਜ਼ਮੀਨ ‘ਤੇ ਅੱਖ ਸੀ। ਉਸ ਮਾਮਲੇ ਵਿਚ ਸੁੱਚਾ ਸਿੰਘ ਉਸਦਾ ਸੱਜਾ ਹੱਥ ਬਣ ਗਿਆ। ਮੰਤਰੀ ਦਾ ਪ੍ਰਭਾਵ ਤੇ ਅਪਣੀਆਂ ਕਾਰੀਗਰੀਆਂ ਵਰਤ ਕੇ, ਉਸਨੇ ਚਾਰ ਘੁਮਾਂ ਆਪ ਹਥਿਆ ਲਈ ਤੇ ਬਾਕੀ ਮੰਤਰੀ ਨੂੰ ਪਰੋਸ ਦਿੱਤੀ ਸੀ।
ਰਤਨ ਸਿੰਘ ਅਪਣੀ ਜ਼ਮੀਨ ਖਤਰੇ ‘ਚ ਨਹੀਂ ਸੀ ਪਾਉਣੀ ਚਾਹੁੰਦਾ। ਉਸ ਨੇ ਬਹਾਨਾ ਘੜ ਕੇ ਭਰਾ ਨੂੰ ਆਖ ਦਿੱਤਾ ਸੀ, ‘ਸੁੱਚਾ ਸਿਆਂ ਗੱਲ ਏਦਾਂ ਆਂ ਪਈ ਮੈਂ ਅਪਣੀ ਜ਼ਮੀਨ ‘ਚ ਪਾਪਲਰ ਲੁਆਉਣੇ ਆਂ, ਸੰਘਣੇ ਰੱਖ ਕੇ, ਜਿਸ ਕਰਕੇ ਉਥੇ ਖੇਤੀ ਨਹੀਂ ਹੋ ਸਕਣੀ।’
‘ਠੀਕ ਐ।’ ਫੋਨ ‘ਤੇ ਸੁਣੀਂਦੀ ਸੁੱਚਾ ਸਿੰਘ ਦੀ ਆਵਾਜ਼ ਤਾਂ ਸਹਿਜ ਸੀ ਪਰ ਮਨ… । ਉਸਦੇ ਤੜਿੰਗ-ਖਾਧੇ ਮਨ ‘ਚ ਉਹ ਗੱਲ ਵੀ ਉੱਭਰ ਆਈ ਸੀ- ਜਦੋਂ ਉਸਨੇ ਹਰਜਾਪ ਨੂੰ ਅਪਣੇ ਖਾਸ ਦੋਸਤ ਦੀ ਲੜਕੀ ਦਾ ਰਿਸ਼ਤਾ ਕਰਵਾਉਣਾ ਚਾਹਿਆ ਸੀ ਤੇ ਜਵਾਹਰ ਸਿੰਘ ਨੇ ਨਾਂਹ ਕਰ ਦਿੱਤੀ ਸੀ।
ਗੁੱਸੇ ਵਿਚ ਕੁੜ੍ਹਦੇ ਸੁੱਚਾ ਸਿੰਘ ਨੇ ਸ਼ਿੰਗਾਰਾ ਸਿੰਘ ਨੂੰ ਫੋਨ ਕਰ ਦਿੱਤਾ ਸੀ, ‘ਮੇਰੇ ਭਰਾਵਾਂ-ਭਤੀਜਿਆਂ ਨੇ ਮੈਨੂੰ ਤੁਹਾਡੇ ਵਿਰੁਧ ਵਰਤ ਲਿਆ। ਹੁਣ ਜਦੋਂ ਮੈਨੂੰ ਲੋੜ ਪਈ ਤਾਂ ਟੀਟਣਾ ਦਿਖਾ ਦਿੱਤਾ। ਮੈਨੂੰ ਲਗਦੈ ਇਹ ਤੁਹਾਡੇ ਨਾਲ ਵੀ ਵਾਧਾ ਕਰ ਰਹੇ ਆ… ਜੇ ਤੁਸੀਂ ਚਾਹੋ ਤਾਂ ਅਪਣਾ ਹਿਸਾਬ ਬਰਾਬਰ ਕਰ ਸਕਦੇ ਹੋ।’
… … ਤੇ ਨੀਤੂ ਦੀ ਸੋਚ ਮੁੜ ਟੇਢੀ ਹੋਣ ਲੱਗ ਪਈ ਸੀ। ਗੁਰਨੇਕ ਹੁਰੀਂ ਉਸਨੂੰ ਅਪਣੇ ਲਾਗੇ ਹੀ ਰੱਖਣ ਦੇ ਇੱਛੁਕ ਸਨ। ਪਰ ਉਸਨੇ ਉਨ੍ਹਾਂ ਤੋਂ ਦੂਰ ਇਕ ਅਪਾਰਟਮੈਂਟ ਕਿਰਾਏ ‘ਤੇ ਲੈ ਲਿਆ ਸੀ। ਅਖੇ-ਉੱਥੋਂ ਮੇਰਾ ਕੰਮ ਲਾਗੇ ਆ। ਹਰਜਾਪ ਨੂੰ ਨੀਤੂ ਨਾਲ ਜੁੜਦਿਆਂ ਦੇਖ ਉਨ੍ਹਾਂ ਕੋਈ ਵਿਰੋਧ ਨਾ ਕੀਤਾ।
ਹਰਜਾਪ ਲਾਇਸੈਂਸ ਲੈ ਕੇ ਟੱਰਕ-ਡਰਾਇਵਰ ਬਣ ਗਿਆ ਸੀ। ਸੋਮਵਾਰ ਤੋਂ ਸ਼ਨੀਵਾਰ ਤੱਕ, ਉਹ ਹਰ ਰੋਜ਼ ਟਰਾਂਟੋ ਤੋਂ ਓਟਾਵਾ ਦਾ ਗੇੜਾ ਲਾਉਂਦਾ ਸੀ। ਸ਼ਾਮ ਨੂੰ ਅੱਠ ਵਜੇ ਰਵਾਨਾ ਹੁੰਦਾ ਤੇ ਅਗਲੇ ਦਿਨ ਸਵੇਰੇ ਛੇ ਕੁ ਵਜੇ ਵਾਪਸ ਆ ਜਾਂਦਾ। ਦਿਨੇ ਸੌਂ ਕੇ ਅਪਣੀ ਨੀਂਦ ਪੁਰੀ ਕਰ ਲੈਂਦਾ। ਸਮਾਂ ਕੱਢ ਕੇ ਕਦੀ ਉਹ ਤੇ ਨੀਤੂ ਚਾਚੇ ਦੇ ਟੱਬਰ ਨੂੰ ਮਿਲ ਆਉਂਦੇ ਤੇ ਕਦੀ ਚਾਚੇ ਹੁਰੀਂ ਉਨ੍ਹਾਂ ਵਲ ਗੇੜਾ ਮਾਰ ਜਾਂਦੇ।
‘ਲੈ ਬਈ ਚਾਚਾ ਜੀ ਨੇ ਬੜੀ ਫੁਰਤੀ ਕੀਤੀ, ਤੁਲਸੀ ਦੇ ਬੂਟੇ ਗਲਾਸਾਂ ‘ਚ ਪਾ ਵੀ ਦਿੱਤੇ।’ ਹਰਜਾਪ ਦੇ ਇਨ੍ਹਾਂ ਬੋਲਾਂ ਨੇ ਗੁਰਨੇਕ ਦੀ ਸੋਚ-ਲੜੀ ਤੋੜ ਦਿੱਤੀ। ਡੈਡੀ ਵੱਲ ਤਕਦਿਆਂ ਉਹ ਬੋਲਿਆ, ‘ਐਕਸਪੀਰੀਐਂਸ ਜੁ ਐ ਤੇ ਨਾਲੇ ਸ਼ੌਕ ਵੀ।’
‘ਔਹ ਹੁਣ ਜ਼ਮੀਨ ‘ਚ ਲਾਉਣ ਲੱਗੇ ਆਂ?’ ਹਰਜਾਪ ਨੇ ਪੁੱਛਿਆ।
‘ਆਹੋ, ਘਰ ਵਰਤਣ ਵਾਸਤੇ।’ ਗੁਰਨੇਕ ਨੇ ਦੱਸਿਆ ਸੀ।
ਟੋਏ ਵਿਚ ਰੂੜੀ ਪਾ ਕੇ ਤੁਲਸੀ ਦਾ ਬੂਟਾ ਲਾ ਰਹੇ ਚਾਚੇ ਵੱਲ ਤਕਦਿਆਂ ਹਰਜਾਪ ਨੂੰ ਉਹ ਸਮਾਂ ਯਾਦ ਆ ਗਿਆ… ਜਦੋਂ ਉਸ ਦੇ ਕੈਨੇਡਾ ਪਹੁੰਚਣ ‘ਤੇ ਚਾਚੇ ਨੇ ਖੁਸ਼ ਹੋ ਕੇ ਆਖਿਆ ਸੀ, ‘ਲੈ ਬਈ ਭਤੀਜ! ਆਪਾਂ ਤੇਰੀਆਂ ਜੜ੍ਹਾਂ ਕੈਨੇਡਾ ‘ਚ ਲਾ ਦਿੱਤੀਆਂ, ਹੁਣ ਵਧਣਾ-ਫੁਲਣਾ ਤੇਰੀ ਹਿੰਮਤ।’
ਹਰਜਾਪ ਦੀਆਂ ਜੜ੍ਹਾਂ ਨੂੰ ਕੈਨੇਡਾ ਦੀ ਧਰਤੀ ਵਧੀਆ ਲੱਗੀ ਸੀ। ਉਤਸ਼ਾਹ ‘ਚ ਸੀ ਉਹ। ਉਸ ਦੀ ਤੇ ਨੀਤੂ ਦੀ ਤਨਖਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੀ ਜਾ ਰਹੀ ਸੀ। ਘਰ ਦੀਆਂ ਚੀਜ਼ਾਂ ਵੀ ਬਣੀ ਜਾ ਰਹੀਆਂ ਸਨ। ਉਨ੍ਹਾਂ ਦੀ ਪੁਰਾਣੀ ਕਾਰ ਹੁਣ ਜਵਾਬ ਦੇਣ ਲੱਗ ਪਈ ਸੀ। ਉਸ ਨੂੰ ਸੇਲ ‘ਤੇ ਲਾ ਕੇ ਉਨ੍ਹਾਂ ਦੋ ਕੁ ਸਾਲ ਚੱਲੀ ਹੋਈ ਟਿਓਟਾ ਕਾਰ ਦਾ ਸੌਦਾ ਕਰ ਲਿਆ। ਓਧਰੋਂ ਨੀਤੂ ਦੇ ਡੈਡੀ ਦਾ ਫੋਨ ਆ ਗਿਆ। ਉਹ ਇਕ ਲੱਖ ਰੁੱਪਈਆ ਮੰਗ ਰਿਹਾ ਸੀ, ਕੈਨੇਡਾ ਦੇ ਸੁਪਨੇ ਲੈ ਰਹੇ ਨੀਤੂ ਦੇ ਭਰਾ ਪੰਮੇ ਦਾ ਪੱਲਸ-ਟੂ ਦਾ ਜਾਅਲੀ ਸਰਟੀਫਿਕੇਟ ਬਣਾਉਣ ਵਾਸਤੇ।
‘ਡੈਡੀ! ਅਸੀਂ ਕਾਰ ਖਰੀਦਣੀ ਆਂ, ਤੁਸੀਂ ਹੈਧਰੋਂ ਸਾਰ ਲਓ।’ ਨੀਤੂ ਨੇ ਕਿਹਾ ਸੀ।
‘ਕਾਰ ਫਿਰ ਖਰੀਦ ਲਿਓ। ਜੇ ਪੰਮੇ ਦਾ ਸਰਟੀਫਿਕੇਟ ਨਾ ਬਣਿਆ, ਇਹਨੇ ਕਾਲਜ ‘ਚ ਦਾਖਲ ਨਹੀਂ ਹੋ ਸਕਣਾ। ਲਗਾਤਾਰ ਪੜ੍ਹਦਾ ਦਿਖਾਵਾਂਗੇ ਤਾਂ ਹੀ ਇਹ ਕੈਨੇਡਾ ਆ ਸਕੇਗਾ।’
‘ਡੈਡੀ ਸਾਡੀ ਮਜਬੂਰੀ ਆ।’
‘ਮੈਨੂੰ ਨ੍ਹੀਂ ਪਤਾ, ਔਖੀ ਹੋ ਸੌਖੀ ਹੋ, ਟੱਬਰ ਦਾ ਬੇੜਾ ਹੁਣ ਤੂੰ ਹੀ ਬੰਨੇ ਲਾਉਣੈ।’
‘ਸਮਝ ਨ੍ਹੀਂ ਆਉਂਦੀ, ਸੋਚ ਕੇ ਦੱਸਦੀ ਆਂ।’ ਅਪਣੇ ਆਪ ‘ਤੇ ਖਿਝ ਮਹਿਸੂਸ ਕਰਦਿਆਂ ਨੀਤੂ ਨੇ ਫੋਨ ਬੰਦ ਕਰ ਦਿੱਤਾ। ‘ਕੀ ਕਰਾਂ?’ ਉਸਨੇ ਲੰਮਾ ਹਓੁਕਾ ਭਰਿਆ ਅਤੇ ਤਿਲਮਿਲਾਹਟ ਵਿਚ ਉਸਦੇ ਮੂੰਹੋ ਆਪ-ਮੁਹਾਰੇ ਹੀ ਨਿਕਲ ਗਿਆ, ‘ਡੈਡੀ ਨੇ ਮੈਨੂੰ ਪੈਸਿਆਂ ਆਲੀ ਮਸ਼ੀਨ ਬਣਾ ਲਿਐ।’
ਹਰਜਾਪ ਕੋਲ ਹੀ ਬੈਠਾ ਸੀ। ਪਤਨੀ ਤੋਂ ਪੂਰੀ ਗੱਲ ਸੁਣ ਕੇ ਕ੍ਰੋਧਿਤ ਹੁੰਦਾ ਬੋਲਿਆ, ‘ਅਸੀਂ ਉਨ੍ਹਾਂ ਲਈ ਕਮਾਈ ਕਰ ਰਹੇ ਆਂ? ਅਜੇ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੀ ਬੈਂਕ ਦੀ ਕਿਸ਼ਤ ਮੋੜਨ ਵਾਸਤੇ ਇਕ ਲੱਖ ਭੇਜਿਆ ਸੀ। ਪੰਮਾ ਲੋਫਰਪੁਣਾ ਛੱਡ ਕੇ ਠੀਕ ਤਰ੍ਹਾਂ ਪੜ੍ਹੇ।’
ਤੇ ਫੋਨ ਮਿਲਾ ਕੇ ਉਸ ਨੇ ਸਹੁਰਾ ਸਾਹਿਬ ਨੂੰ ਆਖ ਦਿੱਤਾ ਸੀ, ‘ਡੈਡੀ ਏਥੇ ਓਨਾ ਖੁਲ੍ਹਾ ਪੈਸਾ ਹੈ ਨ੍ਹੀਂ ਜਿੰਨਾ ਤੁਸੀਂ ਸੋਚਦੇ ਆਂ। ਏਥੇ ਖਰਚੇ ਵੀ ਬਹੁਤ ਐ। ਬੜੇ ਹਿਸਾਬ ਨਾਲ ਚਲਣਾ ਪੈਂਦੈ। ਕਾਰ ਵੀ ਅਸੀਂ ਤਾਂ ਲੈ ਰਹੇ ਆਂ ਕਿ ਪਹਿਲੀ ਬਿਲਕੁਲ ਹੀ ਜਵਾਬ ਦੇ ਗਈ ਐ… … ਤੁਹਾਨੂੰ ਪੈਸੇ ਕਿੱਥੋਂ ਭੇਜੀਏ?’
ਕੁਝ ਦਿਨਾਂ ਬਾਅਦ ਹਰਜਾਪ ਨੂੰ ਪਤਨੀ ਰਾਹੀਂ ਸਹੁਰਾ ਸਾਹਿਬ ਦੀ ਨਾਰਾਜ਼ਗੀ ਦਾ ਪਤਾ ਲੱਗਾ ਸੀ ਅਖੇ- ਪ੍ਰਾਹੁਣਾ ਖਰ੍ਹਵਾ ਬੋਲਦੈ।
‘ਖਰ੍ਹਵਾ ਤਾਂ ਹੈ ਈ, ਡਿਮਾਂਡ ਜੋ ਪੂਰੀ ਨ੍ਹੀਂ ਕੀਤੀ।’ ਹਰਜਾਪ ਅੰਦਰ ਹਿਰਖ ਉਭਰ ਪਿਆ ਸੀ।
‘ਚਲੋ ਛੱਡੋ।’ ਪਤਨੀ ਦੀ ਦੱਬਵੀਂ ਜ਼ਬਾਨ ਹਰਜਾਪ ਨੂੰ ਪਿਓ ਦਾ ਪੱਖ ਪੂਰਦੀ ਜਾਪੀ ਸੀ।
ਇਹ ਗੱਲ ਹਰਜਾਪ ਦੀ ਸੋਚ ਵਿਚ ਕੁਝ ਸਮਾਂ ਤਾਂ ਘੁੰਮਦੀ ਰਹੀ ਪਰ ਜਦੋਂ ਉਸ ਨੂੰ ਪਤਨੀ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਾ ਤਾਂ ਉਸ ਦੀ ਸਾਰੀ ਹੀ ਸੋਚ ਇਸ ਚਾਅ ਨੇ ਮਲ ਲਈ ਸੀ। ਨੀਤੂ ਉਸ ਨੂੰ ਡਾਢੀ ਪਿਆਰੀ ਲੱਗਣ ਲੱਗ ਪਈ ਸੀ… æਤੇ ਸਮੇਂ ਨੂੰ ਜਿਵੇਂ ਖੰਭ ਲੱਗ ਗਏ ਹੋਣ। ਦਿਨ ਕਦੋਂ ਚੜ੍ਹਦਾ, ਕਦੋਂ ਛਿਪਦਾ ਉਸ ਨੂੰ ਪਤਾ ਹੀ ਨਾ ਲਗਦਾ। ਰਾਤ ਨੂੰ ਜਦੋਂ ਉਹ ਟਰੱਕ ‘ਤੇ ਹੁੰਦਾ ਤਾਂ ਨੀਤੂ ਉਸ ਨੂੰ ਬਿਨਾ-ਨਾਗਾ ਫੋਨ ਕਰਦੀ… ਇਕ ਰਾਤ ਜਦੋਂ ਉਸ ਦਾ ਫੋਨ ਖੜਕਿਆ ਤਾਂ ਉਸ ਨੇ ਫੱਟ ਦੇਣੀ ਕਿਹਾ ਸੀ, ‘ਲੈ ਬਈ ਨੀਤੂ! ਮੈਂ ਉਡੀਕ ਹੀ ਰਿਹਾ ਸੀ।’ ਪਰ ਫੋਨ ਉਸ ਦੀ ਪਤਨੀ ਦਾ ਨਹੀਂ, ਪਿੰਕੀ ਦਾ ਸੀ। ਉਹ ਉਸ ਨਾਲ ਨੀਤੂ ਬਾਰੇ ਕੋਈ ਖਾਸ ਗੱਲ ਕਰਨਾ ਚਾਹੁੰਦੀ ਸੀ।
ਹਰਜਾਪ ਨੇ ਗੁਰਨੇਕ ਨੂੰ ਦੱਸਿਆ। ਗੁਰਨੇਕ ਨੇ ਉਸ ਨੂੰ ਬੱਬੀ ਨੂੰ ਨਾਲ ਲਿਜਾਣ ਦੀ ਸਲਾਹ ਦਿੱਤੀ। ਪਿੰਕੀ ਤੋਂ ਟਾਇਮ ਲੈ ਕੇ ਹਰਜਾਪ ਤੇ ਬੱਬੀ ਉਸ ਕੋਲ ਪਹੁੰਚ ਗਏ।
ਪਿੰਕੀ ਕੋਲੋਂ ਇਹ ਸੁਣਦਿਆਂ ਕਿ ਨੀਤੂ ਨੇ ਜੈਦੇਵ ਨਾਲ ਮੁੜ ਸਬੰਧ ਜੋੜ ਲਏ ਸਨ, ਬੱਬੀ ਹੱਕੀ-ਬੱਕੀ ਰਹਿ ਗਈ। ਹਰਜਾਪ ਦੇ ਤਾਂ ਕੰਨਾਂ ਵਿੱਚੋਂ ਧੂੰਆਂ ਨਿਕਲ ਗਿਆ। ਨੀਤੂ ਦੇ ਜੈਦੇਵ ਨਾਲ ਸਬੰਧ ਰਹੇ ਸਨ, ਉਹ ਅੱਜ ਪਹਿਲੀ ਵਾਰ ਸੁਣ ਰਿਹਾ ਸੀ।
‘ਹਰਜਾਪ! ਤੈਨੂੰ ਏਦਾਂ ਦੀ ਕੋਈ ਗੱਲ ਲਗਦੀ ਆ?’ ਬੱਬੀ ਨੇ ਪੁੱਛਿਆ । ਉਸ ਨੂੰ ਸ਼ੱਕ ਸੀ ਮਤੇ ਪਿੰਕੀ ਕੋਈ ਚਾਲ ਖੇਡ ਰਹੀ ਹੋਵੇ।
ਹਰਜਾਪ ਚੁੱਪ ਸੀ ਪਰ ਉਸ ਦੇ ਅੰਦਰ ਤੂਫਾਨ ਝੁੱਲ ਰਿਹਾ ਸੀ, ਜਿਸਨੇ ਉਸਦੀ ਹਸਤੀ ਨੂੰ ਜੜ੍ਹਾਂ ਤੱਕ ਹਿਲਾ ਦਿੱਤਾ ਸੀ।
‘ਦੱਸ ਹਰਜਾਪ?’ ਬੱਬੀ ਨੇ ਦੁਬਾਰਾ ਪੁੱਛਿਆ ਸੀ। ਪ੍ਰੰਤੂ ਹਰਜਾਪ ਦੇ ਤਾਂ ਜਿਵੇਂ ਹੋਸ਼ ਹਵਾਸ ਹੀ ਗੁੰਮ ਹੋ ਗਏ ਸਨ।
‘ਬੋਲ ਹਰਜਾਪ।’ ਬੱਬੀ ਵਲੋਂ ਤੀਜੀ ਵਾਰ ਪੁੱਛਣ ‘ਤੇ ਹਰਜਾਪ ਨੂੰ ਜਿਵੇਂ ਹੋਸ਼ ਆ ਗਈ ਹੋਵੇ। ਲੰਮਾ ਹਉਕਾ ਭਰਦਿਆਂ ਉਸਨੇ ‘ਨਹੀਂ’ ਕਿਹਾ ਸੀ।
‘ਉਹ ਬੜੀ ਚਲਾਕੀ ਨਾਲ ਅਪਣੀ ਗੇਮ ਖੇਡ ਰਹੀ ਏ ਕਿਉਂਕਿ ਉਹਨੂੰ ਅਜੇ ਤੁਹਾਡੀ ਲੋੜ ਏ। ਹਰ ਹਫ਼ਤੇ ਤੁਹਾਡੀ ਤਨਖਾਹ ਘਰ ਆਉਂਦੀ ਏ। ਉਹਦੇ ਮਾਂ-ਪਿਓ ਤੇ ਭੈਣ-ਭਰਾ ਨੂੰ ਤੁਸੀਂ ‘ਕੱਠਿਆਂ ਸਪਾਂਸਰ ਕੀਤਾ ਆ। ਚਾਰ ਮੈਂਬਰਾਂ ਵਾਸਤੇ ਉਹਦੀ ‘ਕੱਲੀ ਦੀ ਤਨਖਾਹ ਨਾਲ ਗਰਾਸ ਕਿੱਥੇ ਬਣਨੀ ਸੀ।’ ਪਿੰਕੀ ਨੇ ਤਰਕ ਪੇਸ਼ ਕੀਤਾ।
ਪਿੰਕੀ ਇੱਕ ਗੱਲ ਦੀ ਸਮਝ ਨਹੀਂ ਆਈ?’ ਬੱਬੀ ਨੇ ਪ੍ਰਸ਼ਨ ਕੀਤਾ।
‘ਕੀ?’
ਜਦੋਂ ਇਨ੍ਹਾਂ ਦਾ ਪਹਿਲਾਂ ਚੱਕਰ ਚਲਦਾ ਸੀ ਤਾਂ ਤੂੰ ਸਾਨੂੰ ਉਦੋਂ ਕਿਉਂ ਨਾ ਦੱਸਿਆ?’
ਪਿੰਕੀ ਇਸ ਦਾ ਕੋਈ ਠੋਸ ਜਵਾਬ ਨਹੀਂ ਸੀ ਦੇ ਸਕੀ… ਬੱਬੀ ਸਮਝ ਗਈ ਸੀ ਕਿ ਪਹਿਲਾਂ ਉਸਨੇ ਨੀਤੂ ਤੋਂ ਖਤਰਾ ਨਹੀਂ ਮਹਿਸੂਸ ਕੀਤਾ ਹੋਣਾ।
‘ਨੀਤੂ ਦੇ ਠੀਕ ਹੋ ਕੇ ਦੁਬਾਰਾ ਇਸ ਤਰ੍ਹਾਂ ਹੋਣ ਦਾ ਕਾਰਣ ਸਮਝ ਨਹੀਂ ਆ ਰਿਹਾ।’ ਬੱਬੀ ਨੇ ਇਕ ਹੋਰ ਪ੍ਰਸ਼ਨ ਕਰ ਦਿੱਤਾ।
‘ਉਹ ਬਦਲਾ ਲੈ ਰਹੀ ਏ।’
‘ਕਾਹਦਾ ਬਦਲਾ?’
‘ਕਹਿੰਦੀ ਏ-ਹਰਜਾਪ ਦਾ ਮੇਰੇ ਨਾਲ ਵਿਆਹ ਧੱਕੇ ਨਾਲ ਕੀਤਾ ਗਿਆ ਏ। ਮੈਂ ਉਸ ਧੱਕੇਸ਼ਾਹੀ ਦਾ ਬਦਲਾ ਲੈਣਾ ਏ, ਮਿੱਠੀ ਛੁਰੀ ਬਣ ਕੇ।’ ਪਿੰਕੀ ਨੇ ਦੱਸਿਆ।
ਘਰ ਆ ਕੇ ਬੱਬੀ ਨੇ ਪਿੰਕੀ ਦੀਆਂ ਗੱਲਾਂ ਦੱਸੀਆਂ ਤਾਂ ਸਾਰਿਆਂ ਦੇ ਸਾਹ ਸੂਤੇ ਗਏ।
‘ਤੁਸੀਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਕਿ ਇਹ ਏਦਾਂ ਦੀ ਜਿਣਸ ਆ।’ ਹਰਜਾਪ ਦੇ ਅੰਦਰਲੀ ਖਲਬਲੀ ਅਜੇ ਮੱਠੀ ਨਹੀਂ ਸੀ ਪਈ।
‘ਤੂੰ ਕੀ ਕਰਦਾ?’ ਗੁਰਮੇਜ ਕੌਰ ਦੇ ਮੱਥੇ ‘ਤੇ ਤਿਉੜੀ ਉੱਭਰ ਆਈ।
‘ਮੈਂ ਇਹਦੇ ਨਾਲ ਵਿਆਹ ਨਹੀਂ ਸੀ ਕਰਵਾਉਣਾ।’
‘ਐਵੇਂ ਕਹਿਣ ਦੀਆਂ ਗੱਲਾਂ ਐਂ। ਕਨੇਡਾ ਦੇ ਲਾਲਚ ਨੂੰ ਲੋਕੀ ਸਭ ਕੁਝ ਕਰੀ ਜਾਂਦੇ ਆ, ਸਭ ਕੁਝ ਸਹੀ ਜਾਂਦੇ ਆ।’ ਗੁਰਨੇਕ ਨੇ ਸਿਆਣਪ ਝਾੜੀ।
‘ਕੈਨੇਡਾ ਦਾ ਲਾਲਚ ਹੈ ਕਿਹਨੂੰ ਨਹੀਂ, ਤੁਹਾਡੇ ਦਿਮਾਗਾਂ ‘ਤੇ ਵੀ ਤਾਂ ਕਨੇਡਾ, ਅਮਰੀਕਾ ਦਾ ਭੂਤ ਸਵਾਰ ਹੋਇਆ ਸੀ।’ ਰਤਨ ਸਿੰਘ ਨੇ ਪਤਨੀ ਤੇ ਪੁੱਤਰ ਨੂੰ ਸੱਚੀ ਸੁਣਾ ਦਿੱਤੀ ਤੇ ਫੇਰ ਹਰਜਾਪ ਨੂੰ ਕਹਿਣ ਲੱਗਾ, ‘ਤੇਰੇ ਕੈਨੇਡਾ ਆਉਣ ਤੋਂ ਬਾਅਦ, ਅਸੀਂ ਨੀਤੂ ਬਾਰੇ ਤੈਨੂੰ ਇਸ ਕਰਕੇ ਨਾ ਦੱਸਿਆ ਕਿ ਇਹ ਸਾਨੂੰ ਸੁਧਰ ਗਈ ਲਗਦੀ ਸੀ। ਤੇਰੇ ਡੈਡੀ ਦਾ ਵੀ ਇਹੀ ਖਿਆਲ ਸੀ ਕਿ ਜੇ ਬੱਚਾ ਗਲਤੀ ਕਰਕੇ ਸੰਭਲ ਜਾਏ ਤਾਂ ਮਾਫ਼ ਕਰ ਦੇਣਾ ਚਾਹੀਦੈ। ਹੁਣ ਵੀ ਕੀ ਪਤਾ, ਸਾæਇਦ ਪਿੰਕੀ ਝੂਠ ਬੋਲ ਰਹੀ ਹੋਵੇ ਤੇ ਜੇ ਇਹ ਗੱਲ ਸੱਚੀ ਵੀ ਹੋਵੇ ਤਾਂ ਤੂੰ ਕਿਹੜਾ ਉਹਨੂੰ ਸਾਰੀ ਉਮਰ ਦਾ ਪਟਾ ਲਿਖ ਕੇ ਦਿੱਤਾ ਹੋਇਐ। ਅੱਠ ਕੁ ਮਹੀਨੇ ਤੈਨੂੰ ਉਹਦੇ ਨਾਲ ਰਹਿੰਦੇ ਨੂੰ ਹੋ ਹੀ ਗਏ ਆ। ਔਖਾ ਹੋ ਕੇ ਸਾਲ ਪੂਰਾ ਕਰ ਲੈ ਫਿਰ ਸੈਪਰੇਟ ਹੋ ਕੇ ਤਲਾਕ ਲੈ ਸਕਦੈਂ।’
‘ਪਰ ਏਨਾ ਚਿਰ ਇਹਨੂੰ ਪੇਸ਼ੈਂਸ ਰੱਖਣਾ ਪਏਗਾ।’ ਗੁਰਨੇਕ ਨੇ ਆਖਿਆ।
‘ਉਹ ਤਾਂ ਹੈ ਈ,’ ਸਾਰਿਆਂ ਵੱਲ ਨਿਗ੍ਹਾ ਘੁਮਾਉਂਦਿਆਂ ਰਤਨ ਸਿੰਘ ਬੋਲਿਆ, ‘ਆਪਾਂ ਲਈ ਹੁਣ ਦੋ ਗੱਲਾਂ ਬਹੁਤ ਜ਼ਰੂਰੀ ਐ। ਇਕ ਤਾਂ ਇਹ ਕਿ ਜਿੰਨਾ ਚਿਰ ਪਿੰਕੀ ਦੀ ਦੱਸੀ ਗੱਲ ਸਾਬਤ ਨਹੀਂ ਹੋ ਜਾਂਦੀ, ਆਪਾਂ ਜਵਾਹਰ ਸਿੰਘ ਤੇ ਭਾਬੀ ਨੂੰ ਨਾ ਦੱਸੀਏ। ਦੂਜੀ ਗੱਲ ਹਰਜਾਪ ਤੇਰੇ ਵਾਸਤੇ ਐ, ਤੂੰ ਭੁੱਲ ਕੇ ਵੀ ਨੀਤੂ ‘ਤੇ ਹੱਥ ਨਾ ਚੁੱਕੀਂ। ਉਹਨੇ ਪੁਲਿਸ ਕਾਲ ਕਰ ਲੈਣੀ ਆਂ ਅਤੇ ਤੇਰੇ ਵਾਸਤੇ ਵਾਧੂ ਦੀਆਂ ਉਲਝਣਾਂ ਖੜੀਆਂ ਹੋ ਜਾਣੀਆਂ ਆਂ।’
ਤੇ ਫਿਰ ਉਸ ਨੇ ਹਰਜਾਪ ਨੂੰ ਇੱਕਲੇ ਨੂੰ ਬਿਠਾ ਕੇ ਤ੍ਰਿਆ-ਹਠ ਬਾਰੇ ਵੀ ਦੱਸਿਆ ਸੀ ਅਤੇ ਮਿੱਠੀ ਛੁਰੀ ਨੂੰ ਮਿੱਠੀ ਛੁਰੀ ਬਣ ਕੇ ਟਕਰਨ ਦੀ ਸਿਖ-ਮਤ ਦਿੱਤੀ ਸੀ।
… … ਨੀਤੂ ਨੇ ਇਕ ਪੁੱਤਰ ਨੂੰ ਜਨਮ ਦਿੱਤਾ। ਹਰਜਾਪ ਦੀ ਮਨੋਦਸ਼ਾ ਅਜੀਬ ਸੀ। ਕਦੀ ਖੁਸ਼ ਤੇ ਕਦੀ ਗੰਭੀਰ।
ਜੈਦੇਵ ਸਿੰਘ ਬੱਚੇ ਨੂੰ ਦੇਖਣ ਪਹਿਲਾਂ ਹਸਪਤਾਲ ਆਇਆ ਸੀ ਤੇ ਫਿਰ ਉਹ ਹਰ ਦੂਜੇ-ਤੀਜੇ ਹਫ਼ਤੇ ਅਪਾਰਟਮੈਂਟ ‘ਚ ਆਉਣ ਲੱਗ ਪਿਆ। ਉਸ ਨਾਲ ਨੀਤੂ ਦੀ ਹਿੜ-ਹਿੜ ਹਰਜਾਪ ਨੂੰ ਅਪਸੈੱਟ ਕਰ ਦੇਂਦੀ। ਉਸ ਦਾ ਦਿਲ ਕਰਦਾ ਕਿ ਦੋਨਾਂ ਵਿੱਚੀਂ ਗੋਲੀਆਂ ਲੰਘਾ ਕੇ ਇੰਡੀਆ ਦੌੜ ਜਾਏ। ਪਰ ਭਗੌੜਾ ਮੁਜ਼ਰਿਮ ਦੀ ਖਤਰਨਾਕ ਸਥਿਤੀ ਬਾਰੇ ਸੋਚ ਕੇ ਡਰ ਜਾਂਦਾ… æਅਤੇ ਉਸ ਨੂੰ ਚਾਚੇ ਦੀ ਸਮਝਾਈ, ਮਿੱਠੀ ਛੁਰੀ ਨੂੰ ਮਿੱਠੀ ਛੁਰੀ ਬਣ ਕੇ ਟਕਰਨ ਦੀ ਗੱਲ ਚੇਤੇ ਆ ਜਾਂਦੀ ਤੇ ਨਾਲ ਹੀ ਯਾਦ ਆ ਜਾਂਦਾ ਅਪਣੀ ਕੰਪਨੀ ਦਾ ਡਰਾਇਵਰ ਸੁੱਖਾ, ਜਿਸ ਦਾ ਤਲਾਕ ਕੇਸ, ਪਤਨੀ ਦੀ ਕੀਤੀ ਹੋਈ ਕੁੱਟਮਾਰ ਦੇ ਮੁੱਕਦਮੇ ਕਾਰਣ, ਮੁੱਕਣ ‘ਚ ਨਹੀਂ ਸੀ ਆ ਰਿਹਾ।
ਮਨ ਨੂੰ ਸਮਝਾ-ਬੁਝਾ ਕੇ ਉਹ ਤਲਾਕ ਦੀਆਂ ਸਕੀਮਾਂ ਲਾਉਣ ਲੱਗ ਪੈਂਦਾ। ਉਸ ਨੇ ਨੀਤੂ ਦੀ ਤਲਾਕ ਵਾਸਤੇ ਰਜ਼ਾਮਮਦੀ ਤਾਂ ਟੋਹ ਲਈ ਸੀ ਪਰ ਉਸਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਨੀਤੂ ਨੇ ਬੱਚਾ ਕਿਉਂ ਜੰਮਿਆਂ। ਦੂਜੀ ਵਾਰ ਵਿਆਹ ਕਰਵਾਉਣ ਲਈ ਬੱਚਾ ਉਸ ਲਈ ਸੱਮਸਿਆ ਬਣ ਸਕਦਾ ਸੀ।
ਤੇ ਨੀਤੂ ਦੇ ਤੌਰ-ਤਰੀਕਿਆਂ ਨੂੰ ਬਰੀਕੀ ਵਿਚ ਘੋਖਣ ਬਾਅਦ ਉਹ ਇਸ ਨਤੀਜੇ ‘ਤੇ ਪਹੁੰਚਾ ਸੀ ਕਿ ਉਹ ਦੁਬਾਰਾ ਵਿਆਹ ਨਹੀਂ ਕਰਵਾਏਗੀ। ਉਸਦੀ ਸੋਚ ਵਿਚ ਆਜ਼ਾਦ ਜ਼ਿੰਦਗੀ ਤੇ ਪੈਸਾ ਸੀ, ਉਹ ਉਸ ਤੋਂ ਅਪਣੇ ਖਰਚੇ ਦੇ ਨਾਲ-ਨਾਲ ਬੰਟੀ ਦਾ ਖਰਚਾ ਵੀ ਵਸੂਲੇਗੀ, ਉਸ ਦੀ ਅਠਾਰਾਂ ਸਾਲ ਦੀ ਉਮਰ ਤੱਕ।
ਦੋਨਾਂ ਦੇ ਖਰਚੇ ਦੀ ਵੱਡੀ ਰਕਮ ਬਣਦੀ ਸੀ। ਪਰ ਹਰਜਾਪ ਬਹੁਤੀਆਂ ਗਿਣਤੀਆਂ-ਮਿਣਤੀਆਂ ਵਿਚ ਨਹੀਂ ਸੀ ਪਿਆ। ਜਿੱਲਤ ਭਰੀ ਜ਼ਿੰਦਗੀ ਉਸਦੀ ਰੂਹ ਨੂੰ ਪ੍ਰਵਾਨ ਨਹੀਂ ਸੀ ਤੇ ਇਕ ਦਿਨ ਉਸ ਨੇ ਸਿੱਧਾ ਕਹਿ ਦਿੱਤਾ ਸੀ, ‘ਨੀਤੂ ਮੈਂ ਤੈਥੋਂ ਸੈਪਰੇਟ ਹੋਣਾ ਚਾਹੁੰਨਾ।’
‘ਠੀਕ ਆ। ਪਰ… ।’
ਪਰ ਕੀ?’
‘ਮੈਨੂੰ ਤੁਹਾਡੀ ਅੱਧੀ ਤਨਖਾਹ ਚਾਹੀਦੀ ਆ।’
ਹਰਜਾਪ ਨੇ ਨੀਤੂ ਵੱਲ ਘੋਖਵੀਂ ਨਜ਼ਰ ਸੁੱਟੀ। ਉਸਦੇ ਚਿਹਰੇ ਦੇ ਹਾਵ-ਭਾਵਾਂ ਅਤੇ ਆਵਾਜ਼ ਵਿੱਚੋਂ ਰਿਸ਼ਤਾ ਟੁੱਟਣ ਦਾ ਕੋਈ ਵੀ ਦਰਦ ਉਸ ਨੂੰ ਨਜ਼ਰ ਨਾ ਆਇਆ। ਉਹ ਵੀ ਖੁਸ਼ਕ ਜਿਹੇ ਅੰਦਾਜ਼ ‘ਚ ਬੋਲਿਆ, ‘ਖਰਚਾ ਤੇਰੇ ਮੰਗਣ ਮੁਤਾਬਕ ਨਹੀਂ ਤਲਾਕ ਦੇ ਫੈਸਲੇ ਮੁਤਾਬਕ ਦਿਆਂਗਾ।’
‘ਫੈਸਲਾ ਹੋਣ ਨੂੰ ਤਾਂ ਸਾਲ ਤੋਂ ਉੱਤੇ ਲੱਗ ਜਾਣਾ ਆਂ। ਉਨਾ ਚਿਰ ਮੈਂ ਕਿੱਦਾਂ ਗੁਜ਼ਾਰਾ ਕਰੂੰਗੀ।’
‘ਤੇ ਅੱਧੀ ਤਨਖਾਹ ਦੇ ਕੇ ਮੇਰਾ ਗੁਜ਼ਾਰਾ ਕਿੱਦਾਂ ਚੱਲੂ?’
‘ਤੁਸੀਂ ‘ਕੱਲੇ ਅਸੀਂ ਦੋ ਜਣੇ। ਜੇ ਪੁੱਤ ਜਮਾਉਣ ਦਾ ਸ਼ੌਕ ਸੀ ਤਾਂ ਹੁਣ ਖਰਚਾ ਵੀ ਦਿਉ।’
ਹਰਜਾਪ ਦੇ ਮੂੰਹੋਂ ਆਪ ਮੁਹਾਰੇ ‘ਓਕੇ’ ਨਿਕਲ ਗਿਆ।
ਦਰਅਸਲ ‘ਪੁੱਤ’ ਸ਼ਬਦ ਨੇ ਉਸ ਨੂੰ ਭਾਵੁਕ ਕਰ ਦਿੱਤਾ ਸੀ… ਸਾਹਮਣੇ ਸੋਫੇ ‘ਤੇ ਸੌਂ ਰਹੇ ਮਾਸੂਮ ਚਿਹਰੇ ਨੂੰ ਤੱਕਦਿਆਂ ਉਸ ਅੰਦਰ ਮੋਹ ਉਮੜ ਪਿਆ। ਪਰ ਛੇਤੀ ਹੀ ਉਹ ਮੋਹ ਫਿੱਕਾ ਪੈ ਗਿਆ। ਇਸ ਤਰ੍ਹਾਂ ਦੀ ਮਹਿਸੂਸੀਅਤ ਉਸ ਨਾਲ ਅਕਸਰ ਹੀ ਵਾਪਰਦੀ ਰਹਿੰਦੀ… … ਮੋਹ ‘ਚ ਉਹ ਬੰਟੀ ਨੂੰ ਚੁੱਕ ਲੈਂਦਾ। ਉਸਨੂੰ ਪਿਆਰ ਕਰਦਾ, ਖਿਡਾਉਂਦਾ, ਚੁੰਮਦਾ। ਪਰ ਜਦੋਂ ਉਸ ਦੀ ਨਿਗ੍ਹਾ ਬੰਟੀ ਦੇ ਨੈਣ-ਨਕਸ਼ਾਂ ਵਿੱਚ ਖੁੱਭਦੀ ਤਾਂ ਉਹ ਮੋਹ ਪਲਾਂ ਵਿਚ ਹੀ ਖੁਰ ਜਾਂਦਾ ਤੇ ਫਿਰ ਦੋ-ਦੋ, ਤਿੰਨ-ਤਿੰਨ ਦਿਨ ਉਸਦਾ ਬੰਟੀ ਵੱਲ ਦੇਖਣ ਨੂੰ ਜੀਅ ਨਾ ਕਰਦਾ।
ਪਰ ਤਰਸ ਤੇ ਹੇਜ ਦੀਆਂ ਭਾਵਨਾਵਾਂ ਫਿਰ ਉੱਭਰ ਪੈਂਦੀਆਂ। ਉਸ ਦੇ ਕੰਨਾਂ ਵਿਚ ਅਪਣੀ ਮਾਂ ਦੀ ਆਖੀ ਇਹ ਗੱਲ ਗੂੰਜ ਪੈਂਦੀ, ‘ਹਰਜਾਪ ਕਾਕੇ! ਜਦੋਂ ਤਲਾਕ ਹੋਇਆ, ਬੰਟੀ ਤੂੰ ਰੱਖ ਲਈਂ। ਏਥੇ ਸਾਡੇ ਕੋਲ ਛੱਡ ਜਾਈਂ ਮੈਂ ਪਾਲਾਂਗੀ ਉਹਨੂੰ।’ ਉਹ ਮਾਂ ਦੀ ਇਹ ਇੱਛਾ ਪੂਰੀ ਕਰਨਾ ਚਾਹੁੰਦਾ ਸੀ ਪਰ ਉਸਦੇ ਮਨ ਦੀ ਸ਼ੰਕਾ ਅੜਚਨ ਬਣ ਜਾਂਦੀ… ਉਹ ਸ਼ੰਕਾ ਫਿਰ ਗੁਬਾਰ ਬਣ ਗਈ ਸੀ। ਗੁਬਾਰ ਉਹ ਚਾਚੇ ਕੋਲ ਤਾਂ ਨਾ ਫੋਲ ਸਕਿਆ, ਗੁਰਨੇਕ ਅੱਗੇ ਫੋਲ ਦਿੱਤਾ… .ਉਹ ਅਪਣਾ ਤੇ ਬੰਟੀ ਦਾ ਡੀ.ਐਨ.ਏ. ਕਰਵਾਉਣਾ ਚਾਹੁੰਦਾ ਸੀ। ਗੁਰਨੇਕ ਨੇ ‘ਓ.ਕੇ’ ਆਖ ਦਿੱਤਾ ਸੀ।
ਗੱਲ ਨੂੰ ਗੁਪਤ ਰੱਖਣ ਦਾ ਤੱਹਈਆ ਕਰਕੇ ਦੋਨਾਂ ਭਰਾਵਾਂ ਨੇ ਕੰਪਿਊਟਰ ‘ਤੇ ਡੀ.ਐਨ. ਕਲੀਨਿਕਾਂ ਦਾ ਪਤਾ ਕੀਤਾ ਤੇ ਮਿਸੀਸਾਗਾ** ਦੇ ਇੱਕ ਨਾਮੀ ਕਲੀਨਿਕ ਤੋਂ ਗੁਰਨੇਕ ਦੇ ਐਡਰੈਸ ‘ਤੇ ਕਿੱਟ ਮੰਗਵਾ ਲਈ। ਬੰਟੀ ਦਾ ਡੀ.ਐਨ.ਏ. ਸੈਂਪਲ ਨੀਤੂ ਦੀ ਗੈਰਹਾਜ਼ਰੀ ਵਿਚ ਹੀ ਲਿਆ ਜਾ ਸਕਦਾ ਸੀ। ਪਰ ਉਹ ਜਣੇਪਾ-ਛੁੱਟੀ ‘ਤੇ ਹੋਣ ਕਰਕੇ ਸਾਰਾ ਦਿਨ ਘਰ ਹੀ ਹੁੰਦੀ ਸੀ। ਆਖਰ ਇਕ ਦਿਨ ਮੌਕਾ ਲੱਗ ਹੀ ਗਿਆ। ਨੀਤੂ ਨੇ ਅਪਣਾ ਡਰਾਇਵਿੰਗ ਲਾਇਸੈਂਸ ਨਵਿਆਉਣ ਜਾਣਾ ਸੀ। ‘ਨੀਤੂ! ਉਥੇ ਬੰਟੀ ਤੈਨੂੰ ਤੰਗ ਕਰੇਗਾ, ਇਹਨੂੰ ਘਰੇ ਛੱਡ ਜਾ, ਮੈਂ ਸਾਂਭ ਲਾਂਗਾ।’ ਹਰਜਾਪ ਨੇ ਆਖਿਆ ਸੀ। ਤੇ ਓਹਲੇ ਨਾਲ ਗੁਰਨੇਕ ਨੂੰ ਫੋਨ ਕਰ ਦਿੱਤਾ ਸੀ।
ਨੀਤੂ ਦੇ ਘਰੋਂ ਜਾਣ ਮਗਰੋਂ ਗੁਰਨੇਕ ਕਿੱਟ ਲੈ ਕੇ ਪਹੁੰਚ ਗਿਆ ਸੀ। ਉਸ ਨੇ ਕਿੱਟ ਖੋਲ੍ਹ ਕੇ ਰਬੜ ਦੇ ਦਸਤਾਨੇ ਪਹਿਨੇ ਤੇ ਦੋ ਰੂੰ ਵਲ੍ਹੇਟੀਆਂ ਸੀਖਾਂ ਕੱਢ ਲਈਆਂ। ਫਿਰ ਹਦਾਇਤਾਂ ਅਨੁਸਾਰ ਇਕ ਬੰਟੀ ਦੇ ਮੂੰਹ ਵਿਚ ਪਾ ਕੇ ਗਲ੍ਹ ਦੇ ਅੰਦਰ ਵਾਰੋਂ ਲਾਰ ਦਾ ਸੈਂਪਲ ਲੈ ਲਿਆ ਤੇ ਇਸੇ ਵਿਧੀ ਮੁਤਾਬਿਕ ਦੂਜੀ ਸੀਖ ਨਾਲ ਹਰਜਾਪ ਦਾ ਸੈਂਪਲ ਵੀ ਲੈ ਲਿਆ। ਸੈਂਪਲ ਠੀਕ ਤਰ੍ਹਾਂ ਸਾਂਭ ਕੇ ਗੁਰਨੇਕ ਨੇ ਕਲੀਨਿਕ ‘ਚ ਜਾ ਪੁਚਾਏ। ਉਸ ਦਿਨ ਸੋਮਵਾਰ ਸੀ। ਅਗਲੇ ਸੋਮਵਾਰ ਨੂੰ ਰਿਪੋਰਟ ਮਿਲ ਜਾਣੀ ਸੀ।
ਦੋ ਕੁ ਦਿਨਾਂ ਬਾਅਦ ਹਰਜਾਪ ਨੇ ਕਹਾਣੀ ਘੜ ਲਈ, ‘ਨੀਤੂ! ਸਵੇਰੇ ਗੁਰਨੇਕ ਭਾ ਜੀ ਦਾ ਫੋਨ ਆਇਆ ਸੀ। ਚਾਚਾ ਜੀ ਦੀ ਸਿਹਤ ਠੀਕ ਨਹੀਂ। ਕੱਲ੍ਹ ਉਨ੍ਹਾਂ ਨੂੰ ਚੱਕਰ ਆਇਆ ਤੇ ਬੇਹੋਸ਼ ਹੋ ਕੇ ਡਿਗ ਪਏ।’
‘ਹਸਪਤਾਲ ‘ਚ ਆ?’
‘ਨ੍ਹੀਂ ਘਰੇ ਈ ਆ। ਪਰ ਹਸਪਤਾਲ ਵਾਲਿਆਂ ਉਨ੍ਹਾਂ ਦੇ ਕੁਝ ਟੈਸਟ ਕਰਨੇ ਆਂ। ਭਾ ਜੀ ਤੇ ਭਾਬੀ ਜੀ ਤਾਂ ਸਵੇਰ ਦੇ ਟਾਈਮ ਕੰਮ ‘ਤੇ ਹੁੰਦੇ ਐ। ਚਾਚਾ ਜੀ ਨੂੰ ਹਸਪਤਾਲ ਲਿਜਾਣ-ਲਿਆਉਣ ਪਈ ਮੈਂ ਥੋੜ੍ਹੇ ਦਿਨ ਓਧਰ ਰਹੂੰਗਾ।’
‘ਓ.ਕੇ।’ਨੀਤੂ ਨੇ ਆਖਿਆ।
ਹਰਜਾਪ ਨੇ ਅਪਣਾ ਪਾਸਪੋਰਟ ਤੇ ਹੋਰ ਕਾਗਜ਼-ਪੱਤਰ ਪਹਿਲਾਂ ਹੀ ਬੈਗ ‘ਚ ਰੱਖ ਲਏ ਸਨ। ਉਸਨੇ ਬੈਗ ਵਿਚ ਕਪੜੇ ਪਾਏ, ਬੰਟੀ ਨਾਲ ਪਿਆਰ ਕੀਤਾ, ਮਾਂ-ਪੁੱਤ ਨੂੰ ਬਾਇ ਆਖੀ ਤੇ ਅਪਾਰਟਮੈਂਟ ਤੋਂ ਬਾਹਰ ਹੋ ਗਿਆ।
ਪਤਨੀ ਕੋਲੋਂ ਮੂਵ ਹੋ ਗਿਆ ਸੀ ਉਹ। ਮੂਵ ਤਾਂ ਉਹ ਪਹਿਲਾਂ ਹੀ ਹੋ ਗਿਆ ਹੁੰਦਾ ਜੇ ਬੰਟੀ ਦਾ ਡੀæਐਨæਏ ਨਾ ਕਰਵਾਉਣਾ ਹੁੰਦਾ। ਮੂਵ ਹੋਣ ਕਰਕੇ ਹੀ ਉਸ ਨੇ ਐਂਤਕੀ ਦੀ ਤਨਖਾਹ ਸਾਂਝੇ ਖਾਤੇ ‘ਚ ਪੁਆਉਣ ਦੀ ਬਜਾਇ ਅਪਣੇ ‘ਕੱਲੇ ਦੇ ਖਾਤੇ ਪੁਆ ਲਈ ਸੀ।
ਚਾਚੇ ਦੇ ਘਰ ਪਹੁੰਚ ਕੇ ਉਹ ਤਿੰਨ ਦਿਨ ਜੌਬ ‘ਤੇ ਬਿਜ਼ੀ ਰਿਹਾ। ਚੌਥਾ ਦਿਨ, ਐਤਵਾਰ ਨਦੀਨ ਪੁਟਾਉਂਦਿਆਂ ਬੀਤ ਗਿਆ।
ਸੋਮਵਾਰ ਸਵੇਰੇ ਅੱਖ ਖੁੱਲਦਿਆਂ ਹੀ ਉਸਦੀਆਂ ਸੋਚਾਂ ਡੀæਐਨæਏ ਦੀ ਆਉਣ ਵਾਲੀ ਰਿਪੋਰਟ ਨੇ ਮੱਲ ਲਈਆਂ। ਰਿਪੋਰਟ ਵਾਲੀ ਗੱਲ ਉਂਜ ਤਾਂ ਸੈਂਪਲਿੰਗ ਵਾਲੇ ਦਿਨ ਤੋਂ ਹੀ ਉਸੇ ਮਨ ਵਿਚ ਆਉਂਦੀ-ਜਾਂਦੀ ਰਹੀ ਸੀ ਪਰ ਅੱਜ ਜਾ ਨਹੀਂ ਸੀ ਰਹੀ। ਮਨ ਦੀਆਂ ਡੂੰਘਾਣਾਂ ਵਿਚ ਉੱਤਰ ਗਈ ਸੀ… .ਉਸਦਾ ਇਕ ਮਨ ਚਾਹ ਰਿਹਾ ਸੀ ਕਿ ਟੈਸਟ ਰਿਪੋਰਟ ਨੀਤੂ ਦੇ ਅਵੈਧ-ਸੰਬਧਾਂ ਨੂੰ ਨਸ਼ਰ ਕਰੇ, ਜੈਦੇਵ ਸਿੰਘ ਨੂੰ ਵੀ ਤੁਣਕਾ ਵੱਜੇ, ਬੰਟੀ ਨੀਤੂ ਦੇ ਕਲੰਕਿਤ ਕਿਰਦਾਰ ਦਾ ਪ੍ਰਮਾਣ ਬਣੇ, ਇਸ ਬਿਨਾ ‘ਤੇ ਨੀਤੂ ਨੂੰ ਸਿੱਧਾ ਤਲਾਕ ਦੇ ਕੇ, ਉਹ ਅਪਣੀ ਹੋਂਦ ਹਸਤੀ ਨੂੰ ਬੁਲੰਦ ਕਰੇ ਅਤੇ ਨੀਤੂ ਨੂੰ ਅਪਣਾ ਤੇ ਬੰਟੀ ਦਾ ਖਰਚਾ ਮੰਗਣ ਲਈ ਲਲਕਾਰੇ। ਅਗਲੇ ਪਲਾਂ ਦੌਰਾਨ ਹਰਜਾਪ ਦਾ ਦੂਜਾ ਮਨ ਇਨ੍ਹਾਂ ਖਿਆਲਾਂ ਨੂੰ ਪਿੱਛੇ ਸਰਕਾ ਕੇ ਬੰਟੀ ਨੂੰ ਮੂਹਰੇ ਲੈ ਆਉਂਦਾ… æਰੁਲ ਰਿਹਾ, ਜਲਾਲਤ ਭਰੀ ਜ਼ਿੰਦਗੀ ਜਿਉ ਰਿਹਾ ਬੰਟੀ। ਬੰਟੀ ਦੀ ਗੌਰਵਹੀਣ ਜ਼ਿੰਦਗੀ ਬਾਰੇ ਸੋਚਦਿਆਂ ਉਸ ਦਾ ਮਨ ਪਸੀਜ ਜਾਂਦਾ… .ਤੇ ਉਹ ਬੰਟੀ ਨੂੰ ਅਪਣਾ ਖੂਨ ਸਾਬਤ ਕਰਦੀ ਰਿਪੋਰਟ ਦੀ ਕਾਮਨਾ ਕਰਨ ਲੱਗਦਾ। ਸੰਤਾਨ-ਮੋਹ ਦੇ ਵਲਵਲਿਆਂ ਵਿਚ ਗੜੂੰਦ, ਖਿਆਲਾਂ ਹੀ ਖਿਆਲਾਂ ਵਿਚ ਉਹ ਬੰਟੀ ਨੂੰ ‘ਮੇਰਾ ਪੁੱਤ’, ‘ਮੇਰਾ ਖੂਨ’ ਆਖਦਾ ਚੁੰਮਣ ਲੱਗ ਜਾਂਦਾ।
ਪਰ ਅਗਲੇਰੇ ਪਲਾਂ ਵਿਚ ਉਸਦੀਆਂ ਅੱਖਾਂ ਸਾਹਵੇਂ ਫਿਰ ਨੀਤੂ ਆ ਖਲੋਂਦੀ… ਉਸ ‘ਤੇ ਬਲਾਤਕਾਰ ਦਾ ਦੋਸ਼ ਮੜ੍ਹਨ ਦੀਆਂ ਧਮਕੀਆਂ ਦੇ ਰਹੀ ਨੀਤੂ, ਮੋਹ ਦੇ ਬਦਲੇ ਧ੍ਰੋਹ ਕਮਾ ਰਹੀ ਨੀਤੂ… ..।
ਸੋਚਾਂ ਦੀ ਉਥਲ-ਪੁਥਲ ਨੇ ਹਰਜਾਪ ਅੰਦਰ ਤੋੜਾਖੋਹੀ ਮਚਾ ਦਿੱਤੀ। ਬੈੱਡ ਤੋਂ ਉਠ ਕੇ ਉਹ ਵਾਸ਼ਰੂਮ ‘ਚ ਜਾ ਵੜਿਆ। ਨਹਾ ਕੇ ਨਾਸ਼ਤਾ ਕੀਤਾ ਅਤੇ ਘਰ ਦੇ ਅਗਵਾੜ ਵਾਲੇ ਘਾਹ ਵਿੱਚੋਂ ਨਦੀਨ ਪੁੱਟਣ ਦਾ ਕੰਮ ਨਿਬੇੜ ਦਿੱਤਾ। ਲੰਚ ਕਰਕੇ ਉਹ ਟੀæਵੀæ ਲਾ ਕੇ ਬੈਠ ਗਿਆ… . ਉਹ ਚਾਹੁੰਦਾ ਸੀ ਕਿ ਸਮਾਂ ਛੇਤੀ ਬੀਤੇ ਪਰ ਸਮਾਂ ਜਿਵੇਂ ਰੁਕ ਗਿਆ ਹੋਵੇ… ..ਪੰਜ ਵੱਜਣ ‘ਤੇ ਉਸਦੇ ਕੰਨ ਦਰਵਾਜ਼ੇ ਵੱਲ ਲੱਗ ਗਏ। ਗੁਰਨੇਕ ਕੰਮ ਤੋਂ ਸਾਢੇ ਚਾਰ ਵਜੇ ਪਰਤਦਾ ਸੀ। ਅੱਜ ਉਸ ਨੇ ਡੀ.ਐਨ.ਏ. ਕਲੀਨਿਕ ਤੋਂ ਹੋ ਕੇ ਆਉਣਾ ਸੀ… ææਦਰਵਾਜ਼ਾ ਖੁਲ੍ਹਣ ‘ਤੇ ਉਸਦਾ ਦਿਲ ਧੱਕ-ਧੱਕ ਵਜੱਣ ਲੱਗਾ। ਗੁਰਨੇਕ ਹੀ ਹੋ ਸਕਦਾ ਸੀ। ਰਤਨ ਸਿੰਘ ਤੇ ਬੱਬੀ ਦੇ ਆਉਣ ਦਾ ਅਜੇ ਟਾਈਮ ਨਹੀਂ ਸੀ ਹੋਇਆ। ਤੁਰੰਤ ਉੱਠ ਕੇ ਦਰਵਾਜ਼ੇ ‘ਤੇ ਆਇਆ ਅਤੇ ਗੁਰਨੇਕ ‘ਤੇ ਪ੍ਰਸ਼ਨ ਕੀਤਾ, ‘ਭਾ ਜੀ! ਰਿਪੋਰਟ ਮਿਲ ਗਈ?’
‘ਹਾਂ ਪਰ ਮੈਂ ਪੜ੍ਹੀ ਨਹੀਂ। ਹਦਾਇਤਾਂ ਮੁਤਾਬਿਕ ਤੇਰੇ ਕਹਿਣ ‘ਤੇ ਹੀ ਪੜ੍ਹ ਸਕਦਾਂ।’ ਬੈਗ ਵਿੱਚੋਂ ਲਿਫ਼ਾਫ਼ਾ ਕੱਢਦਿਆਂ ਗੁਰਨੇਕ ਨੇ ਆਖਿਆ।
‘ਪੜ੍ਹੋ ਭਾ ਜੀ। ਛੇਤੀ ਪੜ੍ਹੋ।’ ਹਰਜਾਪ ਉਤਾਵਲਾ ਹੋਇਆ ਪਿਆ ਸੀ।
ਲਿਫ਼ਾਫ਼ਾ ਖੋਲ੍ਹ ਰਹੇ ਗੁਰਨੇਕ ਨੂੰ ਤੱਕਦਿਆਂ, ਹਰਜਾਪ ਨੂੰ ਹੌਲ ਜਿਹਾ ਪਿਆ… ਉਸਦੀ ਸੋਚ ਵਿਚ ਉਹ ਦਿਨ ਘੁੰਮ ਗਿਆ, ਜਿਸ ਦਿਨ ਨੀਤੂ ਨੇ ਉਸਨੂੰ ਅਪਣੇ ਗਰਭਵਤੀ ਹੋਣ ਬਾਰੇ ਦੱਸਿਆ ਸੀ। ਕਿੰਨਾ ਖੁਸ਼ ਹੋਇਆ ਸੀ ਉਹ। ਨੌਬਤ ਡੀ.ਐਨ.ਏ. ਤੱਕ ਪਹੁੰਚੇਗੀ, ਉਸਨੇ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ।
ਡੀæਐਨæਏæ ਦੀ ਟੈਸਟ ਰਿਪੋਰਟ ਪੜ੍ਹ ਕੇ ਗੁਰਨੇਕ ਨੇ ਹਰਜਾਪ ਨੂੰ ਜੱਫੀ ‘ਚ ਲੈ ਲਿਆ ਤੇ ਗੜ੍ਹਕਵੀਂ ਆਵਾਜ਼ ‘ਚ ਬੋਲਿਆ, ‘ਬੇਈਮਾਨੀ, ਧੋਖੇਬਾਜ਼ੀ ਦਾ ਮੂੰਹ ਕਾਲਾ।’
ਹਰਜਾਪ ਅੰਦਰ ਇਕ ਅਜੀਬ ਜਿਹੀ ਹਲਚਲ ਮੱਚ ਗਈ। ਉਸਦੀਆਂ ਅੱਖਾਂ ਵਿਚ ਹੰਝੂ ਛਲਕ ਪਏ। ਇਹ ਹੰਝੂ ਖੁਸ਼ੀ ਦੇ ਸਨ ਜਾਂ ਗਮੀ ਦੇ, ਉਸ ਨੂੰ ਪਤਾ ਨ੍ਹੀਂ ਸੀ ਲੱਗ ਰਿਹਾ।
Email : jarnailkahanikar@yahoo.ca