ਦੇਸ਼ ‘ਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 17,265 ਹੋ ਗਈ ਹੈ ਅਤੇ 543 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਬੀਤੇ 24 ਘੰਟੇ ‘ਚ ਦੇਸ਼ ‘ਚ ਕੋਰੋਨਾ ਵਾਇਰਸ ਦੇ 1553 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਦੇਸ਼ ‘ਚ 2302 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਭਾਰਤ ‘ਚ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 14.19% ਹੈ।
ਸੂਬਿਆਂ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ‘ਚ 4203 ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 223 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦਿੱਲੀ ‘ਚ 2003 ਕੋਰੋਨਾ ਕੇਸ ਦਰਜ ਕੀਤੇ ਗਏ ਹਨ ਅਤੇ ਇੱਥੇ 45 ਲੋਕ ਮਰ ਚੁੱਕੇ ਹਨ।
ਕੋਰੋਨਾ ਪ੍ਰਭਾਵਿਤ 23 ਸੂਬਿਆਂ ‘ਚ ਕਈ ਅਜਿਹੇ ਸੂਬੇ ਹਨ, ਜਿੱਥੇ ਪਿਛਲੇ 10 ਦਿਨਾਂ ਵਿੱਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਨੀਤੀ ਆਯੋਗ ਅਤੇ ਆਈਸੀਐਮਆਰ, ਡੀਆਰਡੀਓ, ਸੀਐਸਆਈਆਰ ਸਮੇਤ ਕਈ ਸੰਗਠਨਾਂ ਦੇ ਨਾਲ ਇੱਕ ਨਵਾਂ ਟਾਸਕ ਫੋਰਸ ਬਣਾਇਆ ਗਿਆ ਹੈ, ਜੋ ਕੋਰੋਨਾ-19 ਦੇ ਟੀਕੇ, ਦਵਾਈਆਂ ਅਤੇ ਲੰਮੇ ਸਮੇਂ ਦੇ ਇਲਾਜ ਦੇ ਤਰੀਕੇ ‘ਤੇ ਕੰਮ ਕਰੇਗੀ। 70 ਵੱਖ-ਵੱਖ ਸੰਗਠਨ ਟੀਕੇ ਦੇ ਵਿਕਾਸ ‘ਚ ਲੱਗੇ ਹੋਏ ਹਨ। 5 ਸੰਗਠਨ ਹਿਊਮਨ ਫ਼ੇਜ ‘ਚ ਟੈਸਟਿੰਗ ਸ਼ੁਰੂ ਕਰ ਰਹੇ ਹਨ। ਉਮੀਦ ਹੈ ਕਿ 6 ਮਹੀਨੇ ‘ਚ ਇਸ ਦੇ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ।
ਕਿਹੜੇ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 223, ਮੱਧ ਪ੍ਰਦੇਸ਼ ‘ਚ 70, ਗੁਜਰਾਤ ‘ਚ 58, ਦਿੱਲੀ ‘ਚ 45, ਤਾਮਿਲਨਾਡੂ ‘ਚ 15, ਤੇਲੰਗਾਨਾ ‘ਚ 18, ਆਂਧਰਾ ਪ੍ਰਦੇਸ਼ ‘ਚ 15, ਕਰਨਾਟਕ ‘ਚ 14, ਉੱਤਰ ਪ੍ਰਦੇਸ਼ ‘ਚ 17, ਪੰਜਾਬ ‘ਚ 16, ਪੱਛਮੀ ਬੰਗਾਲ ‘ਚ 12, ਰਾਜਸਥਾਨ ‘ਚ 11, ਜੰਮੂ-ਕਸ਼ਮੀਰ ‘ਚ 5, ਹਰਿਆਣਾ, ਕੇਰਲ ‘ਚ 3-3, ਝਾਰਖੰਡ, ਬਿਹਾਰ ‘ਚ 2-2, ਅਸਾਮ, ਹਿਮਾਚਲ ਪ੍ਰਦੇਸ਼ ਤੇ ਉੜੀਸਾ ‘ਚ 1-1 ਮੌਤ ਹੋਈ ਹੈ।
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਵਿਡ-19 ਪਾਜ਼ੀਟਿਵ ਦੇ ਲੱਛਣ ਵਾਲੇ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ। ਇਸ ਦੇ ਬਾਵਜੂਦ ਜਿਹੜੇ ਲੋਕ ਹਾਈ ਰਿਸਕ ਜ਼ੋਨ ‘ਚ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਲਾਗ ਦੇ ਇਲਾਜ ਤੋਂ ਬਾਅਦ ਸਿਹਤਮੰਦ ਹੋਣ ਦੀ ਦਰ ਹੁਣ ਵੱਧ ਕੇ 14.19% ਹੋ ਗਈ ਹੈ।
ਆਈਸੀਐਮਆਰ ਦੇ ਪ੍ਰਧਾਨ ਆਰ. ਗੰਗਾਖੇਡਕਰ ਨੇ ਦੱਸਿਆ ਕਿ ਹੁਣ ਤੱਕ ਅਸੀਂ 3,86,791 ਟੈਸਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ 38,173 ਟੈਸਟ ਕੀਤੇ ਗਏ ਸਨ ਅਤੇ ਇਨ੍ਹਾਂ ‘ਚੋਂ 29,287 ਟੈਸਟ ਆਈਸੀਐਮਆਰ ਨੈਟਵਰਕ ਦੀ ਲੈਬ ‘ਚ ਕੀਤੇ ਗਏ, ਜਦਕਿ ਪ੍ਰਾਈਵੇਟ ਲੈਬ ‘ਚ 7886 ਟੈਸਟ ਕੀਤੇ ਗਏ।