ਦਵਾਈਆਂ ਦਾ ਭੰਡਾਰ ਹੈ ਸਾਡੀ ਰਸੋਈ

ਘਰ ਵਿਚ ਰਸੋਈ ਦਾ ਮਹੱਤਵਪੂਰਨ ਸਥਾਨ ਹੈ, ਕਿਉਂਕਿ ਸਾਰਾ ਘਰ ਭੋਜਨ ਲਈ ਰਸੋਈ ਘਰ ਵਿਚ ਪੱਕਣ ਵਾਲੇ ਭੋਜਨ ‘ਤੇ ਨਿਰਭਰ ਹੁੰਦਾ ਹੈ। ਰਸੋਈ ਘਰ ਵਿਚ ਵਰਤੇ ਜਾਣ ਵਾਲੇ ਮਸਾਲੇ ਭੋਜਨ ਨੂੰ ਤਾਂ ਮਹਿਕਾਉਂਦੇ ਅਤੇ ਸਵਾਦੀ ਬਣਾਉਂਦੇ ਹੀ ਹਨ, ਨਾਲ ਹੀ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਕਈ ਛੋਟੇ-ਛੋਟੇ ਰੋਗ ਵੀ ਦੂਰ ਕਰਦੇ ਹਨ। ਬਸ ਸਮਝ ਅਤੇ ਪਰਖ ਹੋਣੀ ਚਾਹੀਦੀ ਹੈ ਉਨ੍ਹਾਂ ਨੂੰ ਵਰਤਣ ਦੀ।
ਮੌਸਮ ਬਦਲਣ ‘ਤੇ ਅਕਸਰ ਘਰ ਦੇ ਮੈਂਬਰਾਂ ਨੂੰ ਜ਼ੁਕਾਮ, ਖੰਘ ਹੋ ਜਾਂਦੇ ਹਨ। ਜਦੋਂ ਅਸੀਂ ਘਰ ਵਿਚ ਰੱਖੇ ਮਸਾਲਿਆਂ ਦੀ ਸਹੀ ਵਰਤੋਂ ਜਾਣਦੇ ਹੋਵਾਂਗੇ ਤਾਂ ਅਸੀਂ ਡਾਕਟਰਾਂ ਦੀ ਫੀਸ ਅਤੇ ਡਾਕਟਰ ਦੇ ਕੋਲ ਆਉਣ-ਜਾਣ ਦੀ ਪ੍ਰੇਸ਼ਾਨੀ ਤੋਂ ਬਚ ਸਕਦੇ ਹਾਂ। ਮਸਾਲਿਆਂ ਤੋਂ ਇਲਾਵਾ ਸ਼ਹਿਦ ਅਤੇ ਤੇਲ ਵੀ ਕਈ ਬਿਮਾਰੀਆਂ ਵਿਚ ਕੰਮ ਆਉਂਦੇ ਹਨ।
ਸਰਦੀ, ਖੰਘ, ਜ਼ੁਕਾਮ ਹੋਣ ‘ਤੇ : 1 ਮੱਘ ਦੁੱਧ ਵਿਚ 1/4 ਛੋਟਾ ਚਮਚ ਹਲਦੀ ਪਾਊਡਰ ਪਾ ਕੇ ਦੁੱਧ ਉਬਾਲੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਰੋਗੀ ਨੂੰ ਦਿਓ। ਇਸ ਤੋਂ ਇਲਾਵਾ ਗੁੜ ਵਿਚ ਹਲਦੀ ਮਿਲਾ ਕੇ ਉਸ ਦੀਆਂ ਗੋਲੀਆਂ ਬਣਾ ਲਓ। ਦੋ ਗੋਲੀਆਂ ਸਵੇਰੇ, ਦੋ ਗੋਲੀਆਂ ਸ਼ਾਮ ਨੂੰ ਗਰਮ ਪਾਣੀ ਨਾਲ ਰੋਗੀ ਨੂੰ ਦਿਓ। ਅਜਵਾਇਣ ਨੂੰ ਪਾਣੀ ਵਿਚ ਉਬਾਲ ਕੇ ਉਸ ਦੀ ਭਾਫ ਲੈਣ ਨਾਲ ਵੀ ਰੋਗੀ ਨੂੰ ਸਰਦੀ, ਖੰਘ, ਜ਼ੁਕਾਮ ਵਿਚ ਲਾਭ ਮਿਲੇਗਾ। ਬੱਚੇ ਨੂੰ ਅਜਵਾਇਣ ਤਵੇ ‘ਤੇ ਗਰਮ ਕਰਕੇ ਰੁਮਾਲ ਵਿਚ ਬੰਨ੍ਹ ਕੇ ਨੱਕ ਅਤੇ ਅੱਖਾਂ ਦੇ ਹੇਠਾਂ ਹਲਕੀ-ਹਲਕੀ ਸਿੰਕਾਈ ਕਰਨ ਨਾਲ ਲਾਭ ਮਿਲਦਾ ਹੈ।
ਪੇਟ ਦਰਦ : ਪੇਟ ਦਰਦ ਜ਼ਿਆਦਾਤਰ ਸਰਦੀ ਲੱਗਣ ਨਾਲ ਜਾਂ ਬਦਹਜ਼ਮੀ ਹੋਣ ਨਾਲ ਹੁੰਦਾ ਹੈ। ਅਜਿਹੇ ਵਿਚ ਹਲਦੀ ਦਾ ਟੁਕੜਾ ਚੂਸਣ ਨਾਲ ਲਾਭ ਮਿਲਦਾ ਹੈ। ਅਜਵਾਇਣ, ਸੌਂਫ ਅਤੇ ਥੋੜ੍ਹਾ ਕਾਲਾ ਲੂਣ ਮਿਲਾ ਕੇ ਹਲਕੇ ਕੋਸੇ ਪਾਣੀ ਨਾਲ ਫੱਕ ਲਓ, ਆਰਾਮ ਮਿਲੇਗਾ।
ਗਲੇ ਵਿਚ ਖਾਰਸ਼ ਹੋਣ ‘ਤੇ : ਲੌਂਗ ਅਤੇ ਮੁਲੱਠੀ ਚੂਸਣ ਨਾਲ ਗਲਾ ਠੀਕ ਹੋ ਜਾਂਦਾ ਹੈ।
ਗੋਡਿਆਂ ਵਿਚ ਦਰਦ ਹੋਣ ‘ਤੇ : ਪਾਣੀ ਵਿਚ ਅਜਵਾਇਣ ਉਬਾਲ ਕੇ ਉਸ ਪਾਣੀ ਵਿਚ ਤੌਲੀਆ ਭਿਉਂ ਕੇ ਗੋਡਿਆਂ ‘ਤੇ ਟਕੋਰ ਕਰੋ, ਲਾਭ ਮਿਲੇਗਾ। ਸਰ੍ਹੋਂ ਦੇ ਜਾਂ ਤਿਲ ਦੇ ਤੇਲ ਵਿਚ ਅਜਵਾਇਣ ਜਾਂ ਲਸਣ ਦੀਆਂ ਕਲੀਆਂ ਪਾ ਕੇ ਗਰਮ ਕਰੋ, ਫਿਰ ਤੇਲ ਕੋਸਾ ਹੋਣ ‘ਤੇ ਹਲਕੇ ਹੱਥਾਂ ਨਾਲ ਮਸਾਜ ਕਰਨ ਨਾਲ ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ।
ਐਸੀਡਿਟੀ ਹੋਣ ‘ਤੇ : ਖਾਣਾ ਖਾਣ ਤੋਂ ਬਾਅਦ ਜਾਂ ਜਦੋਂ ਐਸੀਡਿਟੀ ਮਹਿਸੂਸ ਹੋਵੇ, ਇਕ ਛੋਟੀ ਇਲਾਇਚੀ ਅਤੇ ਇਕ ਲੌਂਗ ਦੰਦਾਂ ਨਾਲ ਹਲਕਾ-ਹਲਕਾ ਦਬਾਅ ਕੇ ਉਸ ਦਾ ਰਸ ਚੂਸੋ, ਲਾਭ ਮਿਲੇਗਾ।
ਦੰਦਾਂ ਲਈ : ਹਫ਼ਤੇ ਵਿਚ ਦੋ ਵਾਰ ਘਰ ਦੀ ਪੀਸੀ ਹਲਦੀ ਨੂੰ ਉਂਗਲੀ ਨਾਲ ਮੰਜਨ ਵਾਂਗ ਦੰਦਾਂ ‘ਤੇ ਮਲੋ। ਦੰਦ ਮਜ਼ਬੂਤ ਰਹਿਣਗੇ ਅਤੇ ਕੋਈ ਇਨਫੈਕਸ਼ਨ ਨਹੀਂ ਰਹੇਗਾ। ਦੰਦ ਦਰਦ ਹੋਣ ‘ਤੇ ਇਕ ਚਮਚ ਸਰ੍ਹੋਂ ਦਾ ਤੇਲ, ਇਕ ਚੁਟਕੀ ਹਲਦੀ ਅਤੇ ਨਮਕ ਮਿਲਾ ਕੇ ਦੰਦਾਂ ‘ਤੇ ਲਗਾਓ ਅਤੇ ਹਲਕੀ ਮਾਲਿਸ਼ ਕਰੋ, ਲਾਭ ਮਿਲੇਗਾ।
ਕਬਜ਼ ਹੋਣ ‘ਤੇ : ਇਕ ਛੋਟਾ ਚਮਚ ਤ੍ਰਿਫਲਾ ਪਾਊਡਰ ਸਵੇਰੇ ਖਾਲੀ ਪੇਟ ਬਿਸਤਰ ਤੋਂ ਉੱਠਦੇ ਹੀ ਲਓ। ਕੁਝ ਦਿਨ ਨਿਯਮਤ ਲਓ। ਜੇ ਕਬਜ਼ ਠੀਕ ਹੋਣ ਲੱਗੇ ਤਾਂ ਇਕ ਦਿਨ ਛੱਡ ਕੇ ਫਿਰ ਹੌਲੀ-ਹੌਲੀ ਘੱਟ ਕਰਦੇ ਜਾਓ। ਚਾਹੋ ਤਾਂ ਔਲਾ ਪਾਊਡਰ ਸਵੇਰੇ-ਸ਼ਾਮ ਕੋਸੇ ਪਾਣੀ ਨਾਲ ਲਓ। ਖਾਣਾ ਖਾਣ ਤੋਂ ਬਾਅਦ ਅਜਵਾਇਣ ਅਤੇ ਸੌਂਫ ਮਿਲਾ ਕੇ ਖਾਓ। ਖਾਣੇ ਦੇ ਇਕ ਘੰਟੇ ਬਾਅਦ ਕੋਸਾ ਪਾਣੀ ਪੀਓ।
ਮੁਹਾਸੇ : ਇਕ ਚਮਚ ਸ਼ਹਿਦ ਵਿਚ 1/2 ਛੋਟਾ ਚਮਚ ਹਲਦੀ ਮਿਲਾ ਕੇ ਚਿਹਰੇ ‘ਤੇ ਮਲੋ। 20-25 ਮਿੰਟ ਬਾਅਦ ਚਿਹਰਾ ਧੋ ਲਓ। ਕੁਝ ਦਿਨ ਨਿਯਮਤ ਲਗਾਉਣ ਨਾਲ ਚਿਹਰਾ ਸਾਫ਼ ਹੋ ਜਾਵੇਗਾ।
ਬਦਹਜ਼ਮੀ ਹੋਣ ‘ਤੇ : ਸਰਦੀਆਂ ਵਿਚ ਖਾਣਾ ਖਾਣ ਤੋਂ 10 ਤੋਂ 15 ਮਿੰਟ ਪਹਿਲਾਂ ਅਦਰਕ ਪਚਰਿਆ ਹੋਇਆ, ਨਿੰਬੂ ਦੇ ਰਸ ਵਿਚ ਸੇਂਧਾ ਨਾਮਕ ਮਿਲਾ ਕੇ ਇਕ ਛੋਟਾ ਚਮਚ ਖਾਓ। ਲਾਭ ਮਿਲੇਗਾ। ਖਾਣਾ ਆਸਾਨੀ ਨਾਲ ਪਚੇਗਾ। ਪਚਰਿਆ ਹੋਇਆ ਅਦਰਕ ਅਤੇ ਨਿੰਬੂ ਇਕ ਕੱਚ ਦੀ ਸ਼ੀਸ਼ੀ ਵਿਚ ਪਾ ਦਿਓ। 3-4 ਦਿਨ ਤੱਕ ਵਰਤ ਸਕਦੇ ਹੋ, ਵਿਸ਼ੇਸ਼ ਕਰਕੇ ਰਾਤ ਨੂੰ ਜੋ ਲੋਕ ਦੇਰੀ ਨਾਲ ਖਾਣਾ ਖਾਂਦੇ ਹਨ।
ਸ਼ੂਗਰ ਹੋਣ ‘ਤੇ : 100 ਗ੍ਰਾਮ ਔਲਾ ਚੂਰਨ ਵਿਚ 100 ਗ੍ਰਾਮ ਘਰ ਦੀ ਪੀਸੀ ਹਲਦੀ ਮਿਲਾ ਕੇ ਸ਼ੀਸ਼ੀ ਵਿਚ ਰੱਖ ਲਓ। ਸਵੇਰੇ 1 ਛੋਟਾ ਚਮਚ ਪਾਣੀ ਨਾਲ ਖਾਲੀ ਪੇਟ ਲਓ। ਸ਼ੂਗਰ ਵਿਚ ਲਾਭ ਮਿਲੇਗਾ।
ਸਿਰਦਰਦ ਅਤੇ ਮਾਈਗ੍ਰੇਨ ਹੋਣ ‘ਤੇ : ਇਕ ਕੱਪ ਦੁੱਧ ਵਿਚ ਪੀਸੀ ਇਲਾਇਚੀ ਪਾ ਕੇ ਪੀਣ ਨਾਲ ਸਿਰਦਰਦ ਠੀਕ ਹੁੰਦਾ ਹੈ। ਮਾਈਗ੍ਰੇਨ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਗਾਂ ਦੇ ਘਿਓ ਦੀਆਂ ਦੋ-ਦੋ ਬੂੰਦਾਂ ਨੱਕ ਵਿਚ ਪਾਓ ਅਤੇ ਘਿਓ ਨਾਲ ਸਿਰ ‘ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਲਾਭ ਮਿਲੇਗਾ।

Leave a Reply

Your email address will not be published. Required fields are marked *