‘ਸ਼ਾਮੀ 6 ਵਜੇ ਹੀ ਲਾਈਟਾਂ ਬੰਦ’
ਪਿੰਡ ਤੋਂ ਬਾਹਰ ਖੇਤਾਂ ਵਿੱਚ ਬਣੇ ਘਰ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਕੋਮਲਪ੍ਰੀਤ ਦਾ ਕਹਿਣਾ ਹੈ, “ਸ਼ਾਮੀ ਛੇ ਵਜੇ ਤੋਂ ਬਾਅਦ ਦਰਵਾਜ਼ੇ ਬੰਦ ਕਰ ਕੇ ਲਾਈਟਾਂ ਬੰਦ ਕਰ ਦਿੱਤੀ ਜਾਂਦੀਆਂ ਹਨ।””ਆਪਣਾ ਘਰ ਛੱਡ ਕੇ ਦੂਜੀ ਥਾਂ ਉੱਤੇ ਕੈਂਪਾਂ ਵਿੱਚ ਰਹਿਣ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ ਬੱਸ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।”ਕੋਮਲਪ੍ਰੀਤ ਮੁਤਾਬਕ, “ਟੀਵੀ ਦੇਖ ਕੇ ਉਨ੍ਹਾਂ ਦੇ ਰਿਸ਼ਤੇਦਾਰ ਫ਼ੋਨ ਕਰ ਕੇ ਸਾਨੂੰ ਸੁਰੱਖਿਅਤ ਥਾਵਾਂ ਉੱਤੇ ਜਾਣ ਲਈ ਆਖ ਰਹੇ ਹਨ ਪਰ ਅਸੀਂ ਘਰ ਵਾਰ ਛੱਡ ਕੇ ਕਿੱਥੇ ਜਾਈਏ।” ਉਨ੍ਹਾਂ ਆਖਿਆ ਕਿ ਇਸ ਤਲਖ਼ੀ ਦਾ ਹੱਲ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ।
‘ਸ਼ਹਿਰੀ ਲੋਕ ਤਾਂ ਜੰਗ ਮੰਗ ਰਹੇ ਨੇ ਪਰ ਸਾਡਾ ਕੀ’ਉਨ੍ਹਾਂ ਮੁਤਾਬਕ, “ਸਰਹੱਦੀ ਇਲਾਕਿਆਂ ਦੀਆਂ ਔਰਤਾਂ ਦੀ ਜ਼ਿੰਦਗੀ ਜ਼ਿਆਦਾ ਸੌਖੀ ਨਹੀਂ ਹੈ ਉਹ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੀਆਂ ਉਨ੍ਹਾਂ ਨੂੰ ਹਰ ਸਮੇਂ ਸਹਾਰੇ ਦੀ ਲੋੜ ਹੁੰਦੀ ਹੈ।”ਕੋਮਲਪ੍ਰੀਤ ਨੇ ਦੱਸਿਆ ਕਿ ਉਸ ਦੇ ਪਤੀ ਖੇਤੀਬਾੜੀ ਕਰਦੇ ਹਨ ਅਤੇ ਉਹ ਪੜੀ ਲਿਖੀ ਹੋਣ ਕਰਕੇ ਨੌਕਰੀ ਕਰਨ ਬਾਰੇ ਸੋਚਦੀ ਹੈ ਪਰ ਪਾਬੰਦੀਆਂ ਵਿੱਚ ਘਿਰੀ ਜ਼ਿੰਦਗੀ ਕਾਰਨ ਉਹ ਅਜਿਹਾ ਨਹੀਂ ਕਰ ਸਕਦੀ।
ਪਾਬੰਦੀ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਦੱਸਿਆ, “ਸ਼ਹਿਰ ਪਿੰਡ ਤੋਂ 30-35 ਕਿੱਲੋਮੀਟਰ ਦੂਰ ਹੈ ਅਤੇ ਇਕੱਲੀ ਔਰਤ ਦਾ ਰੋਜ਼ਾਨਾ ਆਉਣਾ ਜਾਣਾ ਸੁਰੱਖਿਅਤ ਨਹੀਂ ਹੈ।”
ਪੰਜਾਬ ਦੇ ਸਰਹੱਦੀ ਜ਼ਿਲ੍ਹੇ
ਪੰਜਾਬ ਵਿੱਚ ਭਾਰਤ ਦੀ ਪਾਕਿਸਤਾਨ ਨਾਲ 553 ਕਿੱਲੋਮੀਟਰ ਕੌਮਾਂਤਰੀ ਸਰਹੱਦ ਹੈ। ਇਸ ਸਰਹੱਦ ਅਧੀਨ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫ਼ਿਰੋਜਪੁਰ ਪਠਾਨਕੋਟ ਅਤੇ ਫਾਜ਼ਿਲਕਾ ਜ਼ਿਲ੍ਹੇ ਆਉਂਦੇ ਹਨ।ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕਾਂ ਦਾ ਕੰਮਕਾਜ ਖੇਤੀਬਾੜੀ ਅਤੇ ਇਸ ਨਾਲ ਜੁੜੇ ਸਹਾਇਕ ਧੰਦੇ ਹਨ।ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚ ਰਹਿਣ ਵਾਲੇ ਕਿਸਾਨ ਦਲਜੀਤ ਸਿੰਘ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਵਾਲੀ ਜ਼ਮੀਨ ਉੱਤੇ ਖੇਤੀ ਬੀਐਸਐਫ ਉੱਤੇ ਨਿਰਭਰ ਕਰਦੀ ਹੈ।ਉਹਾਂ ਨੇ ਕਿਹਾ, “ਤਾਰ ਪਾਰ ਜਾਣ ਲਈ ਬਕਾਇਦਾ ਸ਼ਨਾਖ਼ਤੀ ਕਾਰਡ ਬਣੇ ਹੋਏ ਹਨ ਅਤੇ ਤੈਅ ਸ਼ੁਦਾ ਸਮੇਂ ਉੱਤੇ ਵਾਪਸ ਆਉਣਾ ਪੈਂਦਾ ਹੈ।”ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੱਕ ਸਟੱਡੀ ਮੁਤਾਬਕ ਪੰਜਾਬ ਵਿੱਚ ਕੰਡਿਆਲੀ ਤਾਰ ਪਾਰ ਜ਼ਮੀਨ 11 ਹਜ਼ਾਰ ਏਕੜ ਹੈ ਜਿੱਥੇ ਕਿਸਾਨ ਖੇਤੀਬਾੜੀ ਲਈ ਜਾਂਦੇ ਹਨ।ਦਲਜੀਤ ਸਿੰਘ ਨੇ ਦੱਸਿਆ, “ਮੌਜੂਦਾ ਘਟਨਾਕ੍ਰਮ ਕਾਰਨ ਬੀਐਸਐਫ ਨੇ ਕੰਡਿਆਲੀ ਤਾਰ ਪਾਰ ਜਾਣ ਤੋਂ ਮਨ੍ਹਾਂ ਕਰ ਦਿੱਤਾ ਹੈ ਅਤੇ ਹੁਣ ਚਿੰਤਾ ਇਸ ਗੱਲ ਦੀ ਹੈ ਕਿ ਜੇਕਰ ਇਹ ਤਣਾਅ ਹੋਰ ਵਧਦਾ ਗਿਆ ਤਾਂ ਸਾਡੀ ਫ਼ਸਲ ਦਾ ਕੀ ਬਣੂੰ।”
ਪਿੰਡਾਂ ਦਾ ਮਾਹੌਲ
ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅ ਕਰਕੇ ਪੈਦਾ ਮਾਹੌਲ ਦੌਰਾਨ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕ ਆਮ ਵਾਂਗ ਰੁੱਝੇ ਹੋਏ ਨਜ਼ਰ ਆਏ।ਸਵੇਰੇ ਅੱਠ ਵਜੇ ਦੇ ਕਰੀਬ ਜਦੋਂ ਬੀਬੀਸੀ ਪੰਜਾਬੀ ਦੀ ਟੀਮ ਸਰਹੱਦੀ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਇੱਕ ਪਿੰਡ ਗਈ ਤਾਂ ਖੇਤਾਂ ਵਿੱਚ ਕੁਝ ਕਿਸਾਨਾਂ ਦਾ ਇੱਕ ਗਰੁੱਪ ਖੜ੍ਹਾ ਦਿਖਾਈ ਦਿੱਤਾ।ਰਸਮੀ ਗੱਲਬਾਤ ਤੋਂ ਬਾਅਦ ਜਦੋਂ ਪੁੱਛਿਆ ਕਿ ਸਥਿਤੀ ਕੀ ਹੈ ਤਾਂ ਸਾਰਿਆਂ ਨੇ ਆਖਿਆ, “ਸਾਨੂੰ ਤਾਂ ਆਦਤ ਪੈ ਗਈ ਹੈ ਜੰਗ ਦੇ ਮਾਹੌਲ ਦੀ।””ਦੋ ਤਿੰਨ ਸਾਲਾਂ ਬਾਅਦ ਹੀ ਅਜਿਹਾ ਸ਼ੋਰ ਮਚਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਜੋ ਸਾਡੇ ਨਾਲ ਹੁੰਦਾ ਹੈ, ਉਸ ਦੀ ਕੋਈ ਸਾਰ ਨਹੀਂ ਲੈਂਦਾ।”
ਇੰਨੀ ਦੇਰ ਨੂੰ ਇੱਕ ਬਜ਼ੁਰਗ ਹੱਥ ਦਾ ਇਸ਼ਾਰਾ ਆਪਣੇ ਖੇਤਾਂ ਵੱਲ ਕਰਦਾ ਹੈ ਅਤੇ ਆਖਦਾ ਹੈ, “ਇਹ ਕਣਕ ਅਸੀਂ ਆਪਣੇ ਪੁੱਤਾਂ ਵਾਂਗ ਪਾਲੀ ਹੈ ਇਸ ਦੇ ਪੱਕਣ ਨਾਲ ਘਰ ਦਾਣੇ ਆਉਣ ਦੀ ਉਮੀਦ ਸੀ ਪਰ ਤਾਜ਼ਾ ਹਾਲਾਤ ਤੋਂ ਬਾਅਦ ਪਤਾ ਨਹੀਂ ਇਸ ਨੂੰ ਵੱਢਣ ਦਾ ਹੁਕਮ ਹੋਵੇਗਾ ਜਾਂ ਨਹੀਂ।”ਇੰਨੀ ਦੇਰ ਨੂੰ 85 ਸਾਲਾਂ ਬਜ਼ੁਰਗ ਜਸਵੰਤ ਸਿੰਘ ਆਪਣੇ ਕੰਬਦੇ ਬੋਲਾਂ ਨਾਲ ਆਖਦੇ ਹਨ, “ਪੁੱਤ ਜੰਗ ਤਾਂ ਨਹੀਂ ਲੱਗੇਗੀ”, ਸਾਰੇ ਉਸ ਨੂੰ ਚੁੱਪ ਕਰਵਾਉਂਦੇ ਹਨ ਅਤੇ ਕਹਿੰਦੇ ਹਨ, “ਅਜਿਹਾ ਕੁਝ ਨਹੀਂ।”ਬਜ਼ੁਰਗ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਖਿਆ, “ਉਸ ਨੇ ਭਾਰਤ – ਪਾਕਿਸਤਾਨ ਦੀ ਜੰਗ ਦੇਖੀ ਹੈ। ਘਰ ਛੱਡ ਕੇ ਪਿੱਛੇ ਜਾਣਾ ਪੈਂਦਾ ਹੈ, ਬਹੁਤ ਉਜਾੜਾ ਹੁੰਦਾ ਕਿਤੇ ਉਹ ਦਿਨ ਫਿਰ ਨਾ ਆ ਜਾਣ।”ਉਨ੍ਹਾਂ ਦੱਸਿਆ ਕਿ ਉੜੀ ਹਮਲੇ ਤੋਂ ਬਾਅਦ ਵੀ ਉਨ੍ਹਾਂ ਨੂੰ ਘਰ ਛੱਡਣਾ ਪਿਆ ਸੀ। ਔਰਤਾਂ ਅਤੇ ਬੱਚੇ ਰਿਸ਼ਤੇਦਾਰਾਂ ਦੇ ਘਰ ਛੱਡਣੇ ਪੈਂਦੇ ਹਨ ਕਿਸੇ ਦੇ ਘਰ ਰਹਿਣਾ ਸੌਖਾ ਨਹੀਂ ਹੈ।ਉਨ੍ਹਾਂ ਆਖਿਆ, “ਫਿਲਹਾਲ ਸਾਨੂੰ ਕਿਸੇ ਨੇ ਵੀ ਨਹੀਂ ਆਖਿਆ ਕਿ ਤੁਸੀਂ ਸੁਰੱਖਿਅਤ ਥਾਵਾਂ ਉੱਤੇ ਚਲੇ ਜਾਓ ਪਰ ਮਨ ਵਿੱਚ ਸਹਿਮ ਜ਼ਰੂਰ ਹੈ।”ਉਨ੍ਹਾਂ ਦਾ ਕਹਿਣਾ ਹੈ, “ਖ਼ਬਰਾਂ ਵਾਲੇ ਚੈਨਲਾਂ ਨੇ ਤਾਂ ਜੰਗ ਲੱਗਾ ਦਿੱਤੀ ਪਰ ਸਾਡੇ ਦਿਲ ਵੀ ਕੋਈ ਆ ਕੇ ਪੁੱਛੇ ਅਸੀਂ ਕੀ ਚਾਹੁੰਦੇ ਹਾਂ।”ਇੰਨਾ ਆਖ ਕੇ ਬਜ਼ੁਰਗ ਆਪਣੇ ਖੇਤਾਂ ਵੱਲ ਦੇਖਣ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਕੁਝ ਜ਼ਮੀਨ ਕੰਡਿਆਲੀ ਤਾਰ ਦੇ ਪਾਰ ਵੀ ਹੈ।“ਦੋ ਦਿਨ ਹੋ ਗਏ ਸਾਨੂੰ ਜ਼ਮੀਨ ਦੀ ਦੇਖਭਾਲ ਲਈ ਸੁਰੱਖਿਆ ਬਲਾਂ ਨੇ ਜਾਣ ਨਹੀਂ ਦਿੱਤਾ।”
ਸਰਕਾਰ ਸਾਨੂੰ ਕੋਈ ਪੱਕੀ ਥਾਂ ਦੇਵੇ
ਸਰਹੱਦੀ ਪਿੰਡ ਦੇ ਹੀ ਇੱਕ ਹੋਰ ਕਿਸਾਨ ਬਲਵਿੰਦਰ ਸਿੰਘ ਸੰਧੂ ਨੇ ਦੱਸਿਆ, “ਜਦੋਂ ਦੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਲਖ਼ੀ ਵਧੀ ਹੈ ਉਦੋਂ ਤੋਂ ਹੀ ਰਿਸ਼ਤੇਦਾਰ ਫ਼ੋਨ ਕਰ ਕੇ ਸਾਨੂੰ ਆਪਣੇ ਕੋਲ ਬੁਲਾ ਰਹੇ ਹਨ ਪਰ ਰਿਸ਼ਤੇਦਾਰ ਕਿੰਨੇ ਦਿਨ ਸਾਨੂੰ ਰੱਖਣਗੇ ਕਿਉਂਕਿ ਘਰ ਦੇ ਵਸੀਲੇ ਸੀਮਤ ਹੁੰਦੇ ਹਨ।”
“ਉੜੀ ਹਮਲੇ ਤੋਂ ਬਾਅਦ ਵੀ ਸਾਨੂੰ ਸੁਰੱਖਿਅਤ ਥਾਵਾਂ ਉੱਤੇ ਚਲੇ ਜਾਣ ਲਈ ਆਖ ਦਿੱਤਾ ਸੀ ਪਰ ਸਾਡਾ ਜੋ ਨੁਕਸਾਨ ਹੋਇਆ ਉਸ ਦੀ ਭਰਪਾਈ ਨਹੀਂ ਹੋਈ।”ਬਲਵਿੰਦਰ ਸਿੰਘ ਸੰਧੂ ਨੇ ਦੱਸਿਆ, “ਸਾਡੀ ਨੀਵੀਂ ਪੀੜੀ ਪਿੰਡ ਵਿੱਚ ਰਹਿਣਾ ਨਹੀਂ ਚਾਹੁੰਦੀ ਕਿਉਂਕਿ ਇੱਥੇ ਸਹੂਲਤਾਂ ਨਹੀਂ ਹਨ ਅਤੇ ਦੂਜਾ ਬੱਚਿਆਂ ਦੇ ਰਿਸ਼ਤੇ ਹੋਣ ਵਿੱਚ ਵੀ ਦਿੱਕਤ ਆਉਣ ਲੱਗੀ ਗਈ ਹੈ ਕਿਉਂਕਿ ਕੋਈ ਵੀ ਪਰਿਵਾਰ ਆਪਣੇ ਧੀ-ਪੁੱਤ ਨੂੰ ਸਰਹੱਦ ਉੱਤੇ ਰਹਿਣ ਲਈ ਨਹੀਂ ਭੇਜੇਗਾ।””ਸਹੂਲਤਾਂ ਦਾ ਹਾਲ ਮਾੜਾ ਹੈ ਜੇਕਰ ਕਿਸੇ ਦੇ ਤਬੀਅਤ ਖ਼ਰਾਬ ਹੋ ਜਾਵੇ ਤਾਂ ਉਸ ਨੂੰ ਕਈ ਕਿਲੋਮੀਟਰ ਸ਼ਹਿਰ ਲੈ ਕੇ ਜਾਣਾ ਪੈਂਦਾ ਹੈ ਸਥਾਨਕ ਪੱਧਰ ਉੱਤੇ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਇੱਥੇ ਨਾ ਦੇ ਬਰਾਬਰ ਹਨ।”ਦੋਵਾਂ ਦੇਸਾਂ ਦੇ ਤਾਜ਼ਾ ਘਟਨਾਕ੍ਰਮ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਆਖਿਆ ਕਿ ਸਰਕਾਰ ਸਾਡੇ ਰਹਿਣ ਲਈ ਬਦਲਵੇਂ ਪੱਕੇ ਪ੍ਰਬੰਧ ਕਰੇ ਤਾਂ ਜੋ ਵਾਰ – ਵਾਰ ਸਾਨੂੰ ਘਰ ਬਾਰ ਛੱਡ ਕੇ ਨਾ ਜਾਣਾ ਪਵੇ।