ਠੰਡ ਕਾਰਨ ਜੰਮਿਆ ਸ਼੍ਰੀਨਗਰ

ਸ਼੍ਰੀਨਗਰ– ਸ਼੍ਰੀਨਗਰ ਵਿਚ ਵੀਰਵਾਰ ਦੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ। ਵੀਰਵਾਰ ਰਾਤ ਇਥੋਂ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਠੰਡ ਵਧਣ ਕਾਰਨ ਸ਼੍ਰੀਨਗਰ ਦੀ ਮਸ਼ਹੂਰ ਡਲ ਝੀਲ ਅੰਸ਼ਕ ਤੌਰ ’ਤੇ ਜੰਮ ਗਈ। ਇਸ ਤੋਂ ਇਲਾਵਾ ਸ਼ਹਿਰ ਵਿਚ ਟੂਟੀਆਂ, ਨਾਲਿਆਂ ਅਤੇ ਨਾਲੀਆਂ ਸਮੇਤ ਹੋਰ ਪਾਣੀ ਦੇ ਸੋਮੇ ਵੀ ਅੰਸ਼ਕ ਤੌਰ ’ਤੇ ਜੰਮ ਗਏ ਹਨ। ਸਵੇਰੇ ਜਦੋਂ ਲੋਕ ਜਾਗੇ ਤਾਂ ਡੱਲ ਝੀਲ ਵਿਸ਼ੇਸ਼ ਤੌਰ ’ਤੇ ਕੰਢਿਆਂ ਦਾ ਪਾਣੀ ਜੰਮ ਗਿਆ, ਜਿਸ ਨਾਲ ਸ਼ਿਕਾਰੇ ਵਾਲਿਆਂ ਲਈ ਕਿਸ਼ਤੀਆਂ ਨੂੰ ਚਲਾਉਣਾ ਮੁਸ਼ਕਲ ਹੋ ਗਿਆ। ਓਧਰ ਲੋਕਾਂ ਨੂੰ ਜੰਮੀਆਂ ਟੂਟੀਆਂ ਤੋਂ ਪਾਣੀ ਕੱਢਣ ਲਈ ਲੱਕੜੀਆਂ ਬਾਲਦੇ ਹੋਏ ਵੇਖਿਆ ਗਿਆ। ਹਾਲਾਂਕਿ ਦੁਪਹਿਰ ਦੇ ਸਮੇਂ ਖਿੜੀ ਧੁੱਪ ਤੋਂ ਬਾਅਦ ਡੱਲ ਝੀਲ ਦਾ ਜੰਮਿਆ ਹੋਇਆ ਹਿੱਸਾ ਪਿਘਲ ਗਿਆ ਅਤੇ ਦਿਨ ਦੇ ਤਾਪਮਾਨ ਵਿਚ ਵਾਧਾ ਹੋਇਆ। ਓਧਰ ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ਵਿਚ ਸ਼ਨੀਵਾਰ ਤੋਂ ਹਲਕੀਬਾਰਿਸ਼ ਜਾਂ ਬਰਫਬਾਰੀ ਦਾ ਅਨੁਮਾਨ ਜਤਾਇਆ ਹੈ।
1965 ਤੇ 1986 ’ਚ ਵੀ ਜੰਮੀ ਸੀ ਡਲ ਝੀਲ-ਦੱਸ ਦੇਈਏ ਕਿ ਡਲ ਝੀਲ 1965 ਵਿਚ ਪੂਰੀ ਤਰ੍ਹਾਂ ਜੰਮ ਗਈ ਸੀ। ਇਸ ਦੌਰਾਨ ਝੀਲ ਦੇ ਇਕ ਪਾਸਿਓਂ ਦੂਸਰੇ ਪਾਸੇ ਇਕ ਜੀਪ ਨੇ ਕਰਾਸ ਕੀਤਾ। ਸਾਲ 1986 ਵਿਚ ਫਿਰ ਇਕ ਵਾਰ ਝੀਲ ਜੰਮ ਗਈ, ਜਿਸ ’ਤੇ ਲੋਕਾਂ ਨੇ ਆਈਸ ਹਾਕੀ ਅਤੇ ਕ੍ਰਿਕਟ ਖੇਡੀ।
ਹਿਮਾਚਲ ਪ੍ਰਦੇਸ਼ ’ਚ ਬਰਫਬਾਰੀ—
ਹਿਮਾਚਲ ਪ੍ਰਦੇਸ਼ ’ਚ ਤਾਜ਼ਾ ਬਰਫਬਾਰੀ ਤੋਂ ਬਾਅਦ ਕੜਾਕੇ ਦੀ ਠੰਡ ਪੈ ਰਹੀ ਹੈ। ਮੌਸਮ ਵਿਭਾਗ ਮੁਤਾਬਕ ਲਾਹੌਲ ਅਤੇ ਸਪਿਤੀ ਜ਼ਿਲੇ ’ਚ ਪਾਰਾ 0 ਤੋਂ ਹੇਠਾਂ 10 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਕਿਨੌਰ ਅਤੇ ਮਨਾਲੀ ’ਚ ਵੀ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ, ਜਿਥੇ ਪਾਰਾ ਜਮਾਅ ਬਿੰਦੂ ਤੋਂ ਹੇਠਾਂ ਚਲਾ ਗਿਆ। ਸ਼ਿਮਲਾ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਲਾਹੌਲ ਸਪਿਤੀ ਦੇ 9.9 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਠੰਡਾ ਇਲਾਕਾ ਰਿਹਾ। ਕੁੱਲੂ ਜ਼ਿਲੇ ਦੇ ਮਨਾਲੀ ਦੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ 2.2 ਸੈਲਸੀਅਸ ਅਤੇ ਸ਼ਿਮਲਾ ’ਚ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲਾਹੌਲ ਸਪਿਤੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਲਾਹੌਲ ਸਪਿਤੀ, ਕਿਨੌਰ, ਕੁੱਲੂ ਜ਼ਿਲੇ ਸਮੇਤ ਉੱਚੇ ਇਲਾਕਿਆਂ ’ਚ ਵੀਰਵਾਰ ਨੂੰ ਤਾਜ਼ਾ ਬਰਫਬਾਰੀ ਹੋਈ। ਭਾਰੀ ਬਰਫਬਾਰੀ ਤੋਂ ਬਾਅਦ ਰੋਹਤਾਂਗ ’ਚ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ।

Leave a Reply

Your email address will not be published. Required fields are marked *