ਟੁੱਟ ਚੱਲੀ ਸੀ ਜਦੋਂ ਜ਼ਿੰਦਗੀ ਦੀ ਡੋਰ, ਉਦੋਂ ਹੀ ਬੋਲ ਉਠੇ ਸੱਧਰਾਂ ਦੇ ਮੋਰ 

ਜਕਾਰਤਾ : ਦੋ ਮਹੀਨੇ ਤੱਕ ਸਮੁੰਦਰ ਵਿਚ ਰੱਬ ਦੇ ਆਸਰੇ ਦਿਨ ਕੱਟ ਕੇ ਅਲਦੀ ਅਦਿਲਾਂਗ ਨੇ ਇਕ ਵਾਰ ਤਾਂ ਹਾਲੀਵੁੱਡ ਫਿਲਮ ‘ਅਲਾਈਵ’ ਦਾ ਇਤਿਹਾਸ ਜਿਉਂਦਾ ਕਰ ਦਿੱਤਾ। ਗੁਆਮ ਦੇ ਸਮੁੰਦਰ ਵਿਚ 19 ਸਾਲਾ ਅਲਦੀ ਨੇ ਮੱਛੀਆਂ ਤੇ ਸਮੁੰਦਰ ਦੇ ਖਾਰੇ ਪਾਣੀ ਦੀ ਖੁਰਾਕ ਲਗਾਤਾਰ 49 ਦਿਨ ਖਾ ਕੇ ਇਕ ਤਰ•ਾਂ ਨਾਲ ਮੌਤ ਨੂੰ ਮਾਤ ਦੇ ਦਿੱਤੀ।
ਅਲਦੀ ਜਕਾਰਤਾ ਵਿਚ ਮੱਛੀ ਪਾਲਣ ਕੰਪਨੀ ਵਿਚ ਨੌਕਰੀ ਕਰਦਾ ਹੈ। ਉਸ ਦੀ ਡਿਊਟੀ ਇਕ ਵੱਡੇ ਜਾਲ ਵਾਲੀ ਮੱਛੀ ਫੜਨ ਵਾਲੀ ਕਿਸ਼ਤੀ ‘ਤੇ ਸੀ। ਇਹ ਬੇੜੀ ਸਮੁੰਦਰੀ ਕੰਢੇ ਤੋਂ 125 ਕਿਲੋਮੀਟਰ ਦੂਰ ਸਮੁੰਦਰ ਵਿਚ ਛੱਡੀ ਗਈ ਸੀ। ਹਾਲਾਂਕਿ ਉਸ ਦੀ ਡੋਰ  ਕੰਢੇ ਨਾਲ ਬੰਨ੍ਹੀ ਗਈ ਸੀ । ਅਲਦੀ ਰਾਤ ਨੂੰ ਬੇੜੀ ‘ਤੇ ਲੈਂਪ ਬਾਲ ਕੇ ਰੱਖਦਾ ਸੀ ਤਾਂ ਜੋ ਰੋਸ਼ਨੀ ਵੇਖ ਕੇ ਮੱਛੀਆਂ ਜਾਲ ਵਿਚ ਫਸ ਜਾਣ। ਉਸ ਨੂੰ ਇਕ ਵਾਕੀ ਟਾਕੀ ਦਿੱਤੀ ਗਿਆ ਸੀ ਜਿਸ ਵਿਚ ਉਹ ਜਾਲ ਭਰਨ ਦੀ ਖਬਰ ਕੰਪਨੀ ਨੂੰ ਦਿੰਦਾ ਸੀ। ਸਮੁੰਦਰ ਵਿਚ ਆਏ ਤੂਫਾਨ ਕਾਰਨ ਉਸ ਦੀ ਡੋਰ ਟੁੱਟ ਗਈ ਤੇ ਬੇੜੀ ਤੇਜ਼ ਹਵਾਵਾਂ ਵਿਚ ਬਹਿ ਕੇ ਸੈਂਕੜੇ ਕਿਲੋਮੀਟਰ ਦੂਰ ਸਮੁੰਦਰ ਵਿਚ ਚਲੀ ਗਈ। ਅਲਦੀ ਦੀ ਬੇੜੀ ਵਿਚ ਨਾ ਤਾਂ ਪੈਡਲ ਸਨ ਨਾ ਹੀ ਇੰਜਣ ਜਿਸ ਨਾਲ ਉਹ ਕੰਢੇ ਤੇ ਪਹੁੰਚ ਸਕਦਾ। ਉਸ ਨੇ ਠੰਢ ਤੋਂ ਬਚਣ ਲਈ ਬੇੜੀ ਦੀ ਲੱਕੜੀ ਵੱਢ ਕੇ ਜਲਾਈ। ਜਾਲ ਵਿਚ ਫਸੀ ਮੱਛੀ ਨੂੰ ਉਹ ਭੁੰਨ ਕੇ ਖਾਂਦਾ ਸੀ। ਸਮੁੰਦਰ ਦਾ ਖਾਰਾ ਪਾਣੀ ਅਪਣੀ ਟੀ ਸ਼ਰਟ ਨਾਲ ਨਿਤਾਰ ਕੇ ਪੀਂਦਾ ਸੀ। ਉਸ ਨੂੰ ਲਗਦਾ ਸੀ ਕਿ ਉਹ ਕਦੇ ਵੀ ਘਰ ਵਾਪਸ ਨਹੀਂ ਜਾ ਸਕੇਗਾ। ਉਸ ਦੇ ਮਨ ਵਿਚ ਖੁਦਕੁਸ਼ੀ ਦਾ ਖਿਆਲ ਵੀ ਆਇਆ। ਉਸ ਨੇ ਪਾਣੀ ਵਿਚ ਡੁੱਬ ਕੇ ਮਰਨ ਦੀ ਠਾਣ ਲਈ ਪਰ ਉਸ ਦੇ ਮਨ ਵਿਚ ਮਾਂ ਦੀ ਇਹ ਗੱਲ ਆ ਗਈ ਕਿ ਰੱਬ ਨੂੰ ਯਾਦ ਕਰਨ ਨਾਲ ਹਰ ਅੜਿੱਕਾ ਦੂਰ ਹੋ ਜਾਂਦਾ ਹੈ। ਉਹ ਬਾਈਬਲ ਨੂੰ ਹੱਥ ਵਿਚ ਲੈ ਕੇ ਅਰਦਾਸ ਕਰਦਾ ਸੀ ਕਿ ਕਿਸੇ ਜਹਾਜ਼ ਦੀ ਨਜ਼ਰ ਉਸ ‘ਤੇ ਪੈ ਜਾਵੇ। 31 ਅਗਸਤ ਨੂੰ ਗੁਆਮ ਦੇ ਕੰਢੇ ਤੋਂ ਲੰਘ ਰਹੇ ਇਕ ਜਹਾਜ਼ ਦੀ ਨਜ਼ਰ ਉਸ ਤੇ ਪੈ ਗਈ। ਇਸ ਤਰ•ਾਂ ਜ਼ਿੰਦਗੀ ਦੇ ਬੁਝ ਰਹੇ ਦੀਵਿਆਂ ਵਿਚ ਚਾਵਾਂ ਦਾ ਤੇਲ ਪੈ ਗਿਆ ਤੇ ਅਲਦੀ ਆਪਣੇ ਘਰ ਜਾ ਪੁੱਜਾ।

Leave a Reply

Your email address will not be published. Required fields are marked *