ਟਮਾਟਰ ਰਸ ਦਿਵਾਏਗਾ ਕੋਲੈਸਟਰੋਲ, ਹਾਈ ਬੀ.ਪੀ. ਤੋਂ ਛੁਟਕਾਰਾ

0
133

ਟੋਕੀਓ -ਤੁਸੀਂ ਜੇਕਰ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਦੀ ਸਮੱਸਿਆ ਤੋਂ ਪੀਡ਼ਤ ਹੋ ਤਾਂ ਟਮਾਟਰ ਦਾ ਬਿਨਾਂ ਲੂਣ ਤੋਂ ਰਸ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਟਮਾਟਰ ਦਾ ਰਸ ਦਿਲ ਸਬੰਧੀ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ। ‘ਫੂਡ ਸਾਇੰਸ ਐਂਡ ਨਿਊਟਰੀਸ਼ਨ’ ’ਚ ਪ੍ਰਕਾਸ਼ਿਤ ਲੇਖ ’ਚ 184 ਮਰਦਾਂ ਅਤੇ 297 ਔਰਤਾਂ ਨੂੰ ਇਕ ਸਾਲ ਤਕ ਟਮਾਟਰ ਦਾ ਰਸ ਬਿਨਾਂ ਲੂਣ ਤੋਂ ਪਿਲਾਇਆ ਗਿਆ। ਜਾਪਾਨ ਦੀ ਟੋਕੀਓ ਮੈਡੀਕਲ ਐਂਡ ਡੈਂਟਲ ਯੂਨੀਵਰਸਿਟੀ ਦੇ ਖੋਜੀਆਂ ਅਨੁਸਾਰ ਪੜ੍ਹਾਈ ਦੇ ਅੰਤ ’ਚ ਹਾਈ ਬਲੱਡ ਪ੍ਰੈਸ਼ਰ ਨਾਲ ਪੀਡ਼ਤ 94 ਪ੍ਰਤੀਭਾਗੀਆਂ ਦੇ ਬਲੱਡ ਪ੍ਰੈਸ਼ਰ ’ਚ ਗਿਰਾਵਟ ਹੋਈ।
ਉਨ੍ਹਾਂ ਦੱਸਿਆ ਕਿ ਇਸ ਦੇ ਇਲਾਵਾ ਹਾਈ ਕੋਲੈਸਟਰੋਲ ਨਾਲ ਪੀਡ਼ਤ 125 ਪ੍ਰਤੀਭਾਗੀਆਂ ਦਾ ਐੱਲ. ਡੀ. ਐੱਲ. ਕੋਲੈਸਟਰੋਲ ਪੱਧਰ 155. 0 ਮਿਲੀਗ੍ਰਾਮ ਪ੍ਰਤੀ ਡੇਸੀਲੀਟਰ ਤੋਂ ਘੱਟ ਹੋ ਕੇ 149.9 ਮਿਲੀਗ੍ਰਾਮ ਪ੍ਰਤੀ ਡੇਸੀਲੀਟਰ ਹੋ ਗਿਆ। ਉਥੇ ਹੀ ਰਿਸਰਚ ’ਚ ਸਫੈਦ ਮਾਸ ਦੀ ਜਗ੍ਹਾ ਰੈੱਡ ਮੀਟ ਦਾ ਸੇਵਨ ਕੋਲੈਸਟਰੋਲ ਲਈ ਜ਼ਿਆਦਾ ਖ਼ਰਾਬ ਮੰਨਿਆ ਗਿਆ ਹੈ। ਜਾਂਚ ’ਚ ਕਿਹਾ ਗਿਆ ਹੈ ਕਿ ਕੋਲੈਸਟਰੋਲ ਪੱਧਰ ਘੱਟ ਕਰਨ ਲਈ ਰੈੱਡ ਮੀਟ ਅਤੇ ਸਫੈਦ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
ਅਮਰੀਕਨ ਜਰਨਲ ਆਫ ਕਲੀਨਿਕਲ ਨਿਊਟਰੀਸ਼ਨ ’ਚ ਪ੍ਰਕਾਸ਼ਿਤ ਜਾਂਚ ’ਚ ਕਿਹਾ ਗਿਆ ਹੈ ਕਿ ਰੈੱਡ ਮੀਟ ਅਤੇ ਸਫੈਦ ਮੀਟ ਦਾ ਜ਼ਿਆਦਾ ਮਾਤਰਾ ’ਚ ਸੇਵਨ ਕਰਨ ਨਾਲ ਕੋਲੈਸਟਰੋਲ ਦਾ ਪੱਧਰ ਵੱਧ ਜਾਂਦਾ ਹੈ। ਇਸ ਦੀ ਬਜਾਏ ਵਨਸਪਤੀ ਤੋਂ ਮਿਲਣ ਵਾਲੇ ਪ੍ਰੋਟੀਨ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੈ। ਜਾਂਚ ’ਚ ਇਹ ਵੀ ਪਾਇਆ ਗਿਆ ਕਿ ਵਨਸਪਤੀ ਤੋਂ ਮਿਲਣ ਵਾਲਾ ਪ੍ਰੋਟੀਨ ਬਲੱਡ ਕੋਲੈਸਟਰੋਲ ਲਈ ਜ਼ਿਆਦਾ ਵਧੀਆ ਹੈ। ਪਿਛਲੇ ਕੁੱਝ ਦਹਾਕਿਆਂ ’ਚ ਦਿਲ ਦੀਆਂ ਬੀਮਾਰੀਆਂ ਦੇ ਵਧਣ ਤੋਂ ਬਾਅਦ ਰੈੱਟ ਮੀਟ ਦੇ ਸੇਵਨ ’ਚ ਕਮੀ ਆਈ ਹੈ, ਇਸ ਦੀ ਜਗ੍ਹਾ ਸਫੈਦ ਮੀਟ ਦਾ ਸੇਵਨ ਵੱਧ ਗਿਆ ਹੈ।