ਝੱਖੜ ਝੋਲੇ -ਸੁਰਜੀਤ ਬਰਾੜ

ਪੰਮੀ ਨੇ ਆਂਢੋਂ-ਗੁਆਢੋਂ ਉਧਾਰਾ ਆਟਾ ਮੰਗ ਕੇ ਲਿਆਉਣ ਦੀ ਬੜੀ ਕੋਸਿ਼ਸ਼ ਕੀਤੀ ਪਰ ਕਿਸੇ ਘਰੋਂ ਆਟਾ ਨਾ ਮਿਲਿਆ, ਚੁੱਲ੍ਹਾ ਠੰਡਾ ਰਿਹਾ। ਗੁਰਾ, ਪੰਮੀ ਦਾ ਪਤੀ ਘੱਟ ਵੱਧ ਹੀ ਦਿਹਾੜੀ ਦੱਪਾ ਕਰਦਾ। ਵਿਹਲਾ ਰਹਿੰਦਾ, ਉਸ ਦਾ ਕੰਮ `ਚ ਕੋਈ ਵਿਸ਼ਵਾਸ਼ ਨਹੀਂ ਸੀ। ਉਹ ਹਫ਼ਤੇ ਵਿਚ ਇਕ ਦੋ ਵਾਰ ਜੇ ਦਿਹਾੜੀ ਲਾ ਵੀ ਆਉਂਦਾ ਤਾ ਆਥਣੇ ਅਧੀਆ ਦਾਰੂ ਪੀ ਆਉਂਦਾ। ਪੰਮੀ ਉਸ ਦੀ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਸੀ। ਪੰਮੀ ਇਸ ਕਾਰਨ ਪਰੇਸ਼ਾਨ ਸੀ ਕਿ ਉਹ ਦਿਹਾੜੀ ਵੀ ਨਹੀਂ ਜਾਂਦਾ ਸਗੋਂ ਆਥਣੇ ਸ਼ਰਾਬ ਵੀ ਭਾਲਦਾ। ਪੰਮੀ ਉਸ ਨਾਲ ਅਕਸਰ ਸਿਰ ਦੀਆਂ ਠੀਕਰੀਆਂ ਭੰਨਦੀ-ਕੰਮ ਕੀਤੇ ਬਿਨਾਂ ਦੱਸ ਕਿਵੇਂ ਸਰੂ-ਏਹ ਤਾਂ ਕਰਨਾ ਈ ਪਊ। ਜੁਆਕ ਤਾਂ ਤਿੰਨ ਜੰਮ ਦਿੱਤੇ-ਇਹਨਾਂ ਨੂੰ ਪਾਲੂ ਕੋਈ ਗੁਆਂਢੀ …? ਕਿਸੇ ਨੇ ਕੁਝ ਨੀ ਦੇਣਾ, ਘਰੇ ਐ ਤਾਂ ਖਾ ਲਾਂ ਗੇ- ਨਹੀਂ ਭੁੱਖੇ ਸੌਂ ਲਓ …। ਪਰ ਗੁਰੇ ਦੇ ਕੰਨ `ਤੇ ਕੋਈ ਜੂੰ ਨਾ ਸਰਕਦੀ , ਉਹ ਅਪਣੀ ਮਰਜ਼ੀ ਕਰਦਾ। ਪੰਮੀ ਦੀਆਂ ਕਹੀਆਂ ਗੱਲਾਂ ਇਕ ਕੰਨ `ਚ ਪਾਉਂਦਾ ਦੂਜੇ ਕੰਨ ਥਾਣੀ ਬਾਹਰ ਕੱਢ ਦਿੰਦਾ।

ਬੱਚੇ ਭੁੱਖ ਕਿਵੇਂ ਕੱਟਣ ? ਦੋਨਾਂ ਕੁੜੀਆਂ ਨੇ ਰੋਟੀ-ਰੋਟੀ ਦੀ ਰਟ ਲਾਈ ਹੋਈ ਸੀ। ਭੁੱਖ ਨਾਲ ਉਹ ਵਿਲਕੀ ਜਾਂਦੀਆਂ ਸਨ। ਮੰੁਡਾ ਦੋਨਾਂ ਕੁੜੀਆਂ ਤੋਂ ਛੋਟਾ ਸੀ, ਉਹ ਪੰਮੀ ਦੀਆਂ ਸੁੱਕੀਆਂ ਛਾਤੀਆਂ ਚੂੰਡਦਾ-ਚੂੰਡਦਾ ਸੌਂ ਗਿਆ ਸੀ। ਪੰਮੀ ਵੀ ਸਾਰਾ ਦਿਨ ਘਰ ਦੇ ਧੰਦੇ ਕਰਦੀ ਜਿੱਥੇ ਥੱਕੀ ਪਈ ਸੀ ਉਥੇ ਉਸ ਨੂੰ ਭੁੱਖ ਲੱਗਣ ਕਾਰਨ ਅੰਦਰ ਖੋਹ ਪੈ ਰਹੀ ਸੀ। ਕੁੜੀਆਂ ਮੰਜੇ `ਤੇ ਪਈਆਂ ਹੀ ਡੂੰਘੇ ਹੌਕੇ ਭਰ ਰਹੀਆਂ ਸਨ, ਭੁੱਖ ਦੀਆਂ ਭੰਨੀਆਂ ਉਸਲ ਵੱਟੇ ਲਈ ਜਾਂਦੀਆਂ ਸਨ। ਨਾ ਕੁੜੀਆਂ ਨੂੰ ਨੀਂਦ ਆ ਰਹੀ ਸੀ ਨਾ ਪੰਮੀ ਨੂੰ । ਗੁਰਾ ਸਵੇਰ ਦਾ ਹੀ ਘਰੋਂ ਨਿਕਲਿਆ ਹੋਇਆ ਸੀ।  ਕਿੱਥੇ ਗਿਆ ਸੀ? ਪੰਮੀ ਨੂੰ ਦੱਸ ਕੇ ਨਹੀਂ ਗਿਆ ਸੀ। ਉਹ ਅਕਸਰ ਇਵੇਂ ਹੀ ਕਰਦਾ ਸੀ। ਜਦ ਜਾਂਦਾ ਅੱਧੀਂ ਰਾਤੀ ਘਰ ਵੜਦਾ ਸ਼ਰਾਬ ਦਾ ਡੱਕਿਆ ਹੰੁਦਾ। ਪੰਮੀ ਦੇ ਮਨ ਵਿਚ ਦੋ ਚੜ੍ਹ ਰਹੀਆਂ ਸਨ-ਦੋ ਉਤਰ ਰਹੀਆਂ ਸਨ। ਵਿਚਾਰੇ ਇਹ ਮਾਸੂਮ ਇਹਨਾਂ ਦਾ ਕੀ ਕਸੂਰ ਐ। ਇਹਨਾਂ ਦੇ ਰੱਬ ਨੇ ਢਿੱਡ ਲਾਇਆ ਵਾ, ਢਿੱਡ ਨੇ ਤਾਂ ਰੋਟੀ ਮੰਗਣੀ ਹੀ ਮੰਗਣੀ ਐ। ਵੱਡੇ ਹੰੁਦੇ ਤਾਂ ਸਬਰ ਕਰ ਲੈਂਦੇ। ਇਹ ਤਾਂ ਭੋਰਾ ਭਰ ਨੇ- ਇਹਨਾਂ ਨੂੰ ਜੇ ਭੁੱਖ ਲੱਗੂ ਤਾਂ ਰੋਟੀ ਮੰਗਣਗੇ ਹੀ- ਰੋਟੀ ਨਾ ਮਿਲੂ ਤਾਂ ਵਿਲਕਣਗੇ ਵੀ- ਮੈਥੋਂ ਝੱਲ ਨੀਂ ਹੰੁਦੀ ਇਹਨਾਂ ਦੀ ਭੁੱਖਾ ਮੈਥੋਂ ਨੀਂ ਝੱਲ ਹੰੁਦਾ ਇਹਨਾਂ ਦਾ ਵਿਰਲਾਪ। ਬਦਲੇ ਲੈ ਲਏ ਮੇਰੀ ਚੰਦਰੀ ਮਾਂ ਨੇ ਏਸ ਮਲੰਗ ਨਾਲ ਵਿਆਹ ਕੇ। ਜਿੱਦਣ ਦੀ ਏਸ ਘਰ ਆਈ ਆਂ ਕੋਈ ਦਿਨ ਸੁੱਖ ਦਾ ਨੀਂ ਦੇਖਿਆ। ਦੁੱਖ ਈ ਦੁੱਖ …ਦੁੱਖਾਂ `ਚ ਮਰ ਜਾਊਂ। ਕਿਉਂ ਮੈਨੂੰ ਕਿਸਮਤ ਏਸ ਵਿਹੜੇ ਲੈ ਵੜੀ, ਜਿੱਥੇ ਨਾ ਪਿਆਰ, ਨਾ ਸਤਿਕਾਰ, ਨਾ ਰੋਟੀ?

ਅਪਣੇ ਆਪੇ ਨਾਲ ਗੱਲਾਂ ਕਰਦੀ ਕਰਦੀ ਉਹ ਅਤੀਤ ਵੱਲ ਮੁੜ ਗਈ। ਅਤੀਤ, ਜੋ ਸੁਹਾਵਣਾ ਸੀ ਪਰ ਪਛਤਾਵਿਆਂ ਵਾਲਾ ਸੀ ਪੰਮੀ ਦੇ ਉਸ ਅਤੀਤ ਨੇ ਫਿਰ ਕਦੇ ਵਾਪਸ ਨਹੀਂ ਆਉਣਾ ਸੀ। ਜੋ ਪਾਣੀ ਪੁਲਾਂ ਹੇਠੋਂ ਲੰਘ ਜਾਏ ਉਹ ਕਦੇ ਵਾਪਸ ਨਹੀਂ ਮੁੜਦਾ “ਹਾਏ ! ਕਿੰਨਾ ਸੋਹਣਾ ਸੀ ਗੁਰਨੈਬ ਨੰਬਰਦਾਰਾਂ ਦਾ ਲੈਰਾ ਜਿਹਾ ਮੰੁਡਾ, ਕਿੰਨਾ ਮਰਦਾ ਸੀ ਮੇਰੇ `ਤੇ… ਮੇਰਾ ਖਹਿੜਾ ਈ ਛੱਡਦਾ ਨਹੀਂ ਸੀ, ਜਦ ਮਿਲਦਾ ਮੇਰੇ `ਤੇ ਨਿਗਾਹ ਟਿਕਾਈ ਰੱਖਦਾ… ਮੂੰਹੋਂ ਚੰਦਰਾ ਇਕ ਸ਼ਬਦ ਨਾ ਬੋਲਦਾ… ਨਾ ਚੰਗਾ ਨਾ ਮੰਦਾ, ਮੈਥੋਂ ਹਾਂ ਕਹਾਉਣ ਲਈ ਉਸ ਨੇ ਕਿੰਨੇ ਪਾਪੜ ਵੇਲੇ ਸਨ ਪਰ ਮੈਂ ਉਸਨੂੰ ਹਾਂ ਨਹੀਂ ਕਹੀ ਸੀ। ਹਾਂ ਕੀ ਕਹਿੰਦੀ ਮੈਂ, ਮਜ੍ਹਬੀਆਂ ਕੰਮੀ ਕੰਮੀਣਾ ਦੀ ਕੁੜੀ ਤੇ ਉਹ…ਉਹ ਸੀ ਖਾਂਦੇ-ਪੀਂਦੇ ਜੱਟਾਂ ਦਾ ਮੰੁਡਾ। ਸਾਡਾ ਕੋਈ ਮੇਲ ਹੀ ਨਹੀਂ ਬਣਦਾ ਸੀ। ਵਿਆਹ ਸਾਡਾ ਹੋ ਹੀ ਨਹੀਂ ਸਕਣਾ ਸੀ। ਵਿਆਹ ਉਸ ਨੇ ਮੇਰੇ ਨਾਲ ਕਾਹਦਾ ਕਰਾਉਣਾ ਸੀ, ਉਵੇਂ ਹੀ ਹੋਣੀ ਸੀ ਜਿਵੇਂ ਦਿਲਬੀਰ ਨਾਲ ਹੋਈ ਸੀ। ਦਿਲਬੀਰ ਮੇਰੇ ਚਾਚੇ ਦੀ ਕੁੜੀ ਸੀ ਅਤੇ ਮੰੁਡਾ ਜੱਟਾਂ ਦਾ ਸੀ, ਸੁਖਮੰਦਰ ਨਾਂ ਸੀ ਉਹਦਾ। ਦੋਨਾਂ ਦਾ ਕਿੰਨਾ ਪਿਆਰ ਸੀ। ਇਕ ਦੂਜੇ ਨੂੰ ਸੌ ਵਲ ਪਾ ਕੇ ਮਿਲਦੇ, ਮਿਲੇ ਬਿਨਾਂ ਰਹਿ ਈ ਨਾ ਸਕਦੇ। ਦੋਨਾਂ ਨੇ ਵਿਆਹ ਕਰਾਉਣ ਦੇ ਵਾਅਦੇ ਵੀ ਕੀਤੇ ਸਨ। ਇੱਕਠਿਆਂ ਜਿਉਣ ਮਰਨ ਦੀਆਂ ਸਹੰੁਆਂ ਖਾਧੀਆਂ ਸਨ। ਦਿਲਬੀਰ ਨੂੰ ਵੀ ਪੂਰਾ ਵਿਸ਼ਵਾਸ਼ ਸੀ, ਉਹ ਅਕਸਰ ਮੈਨੂੰ ਕਹਿੰਦੀ- ਵਸੂੰਗੀ ਤਾਂ ਏਸੇ ਜੱਟ ਦੇ ਵਸੂੰ ਨਹੀਂ ਤਾਂ ਮਰ ਜੂੰ- ਮੈਂ ਤਾਂ ਨਵਾਂ ਇਤਿਹਾਸ ਰਚਣੈ।

ਪਰ ਉਹ ਨਵਾਂ ਇਤਿਹਾਸ ਨਾ ਰਚ ਸਕੀ। ਸੁਖਮੰਦਰ ਨੇ ਉਸ ਨਾਲ ਵਿਆਹ ਕੀ ਕਰਾਉਣਾ ਸੀ, ਉਹ ਤਾਂ ਸਿਰਫ਼ ਝੂਠੇ ਵਾਅਦੇ ਕਰ ਕਰਕੇ ਦਿਲਬੀਰ ਨੂੰ ਚੂੰਡ ਰਿਹਾ ਸੀ। ਸੁਖਮੰਦਰ ਕੋਲ ਏਨੀ ਹਿੰਮਤ ਕਿੱਥੇ ਸੀ ਕਿ ਉਹ ਮਜ੍ਹਬੀਆਂ ਦੀ ਕੁੜੀ ਨੂੰ ਅਪਣੇ ਘਰ ਵਸਾ ਲੈਂਦਾ। ਜੇ ਮੈਂ ਗੁਰਨੈਬ ਨਾਲ ਪਿਆਰ ਕਰ ਲੈਂਦੀ, ਉਵੇਂ ਹੀ ਮੇਰੇ ਨਾਲ ਹੋਣੀ ਸੀ ਜਿਵੇਂ ਦਿਲਬੀਰ ਨਾਲ ਹੋਈ ਸੀ। ਸਰੀਰਕ ਸੰਬੰਧਾਂ ਕਾਰਨ ਦਿਲਬੀਰ ਦੇ ਗਰਭ ਵੀ ਠਹਿਰ ਗਿਆ ਸੀ। ਦਿਲਬੀਰ ਨੇ ਸੁਖਮੰਦਰ ਨੂੰ ਬਥੇਰੇ ਵਾਸਤੇ ਪਾਏ ਸਨ, ਬਥੇਰੇ ਉਸ ਦੇ ਤਰਲੇ ਕੱਢੇ ਸਨ ਪਰ ਸੁਖਮੰਦਰ ਨੇ ਹਾਂ ਨਹੀਂ ਕਹੀ ਸੀ। ਦਿਲਬੀਰ ਦੇ ਗਰਭ ਠਹਿਰਨ ਦਾ ਜਦ ਘਰੇ ਪਤਾ ਲੱਗਿਆ ਸੀ ਉਦੋਂ ਕਿੰਨਾ ਰੌਲਾ ਪਿਆ ਸੀ ! ਕਿੰਨੀ ਬਦਨਾਮੀ ਹੋਈ ਸੀ। ਪੁਲਸ ਤੱਕ ਗੱਲ ਚਲੀ ਗਈ ਸੀ। ਸਾਡੇ ਸਾਰੇ ਪਰਿਵਾਰ ਦਾ ਮਰਨ ਹੋ ਗਿਆ ਸੀ। ਉਹ ਬਦਨਾਮੀ ਸਾਡੇ ਪਰਿਵਾਰ ਦੇ ਮੱਥੇ `ਤੇ ਅਜੇ ਵੀ ਦਾਗ ਬਣ ਕੇ ਚਮਕ ਰਹੀ ਐ। ਡੂੰਘੇ ਦਾਗਾਂ ਨੇ ਕਾਹਦਾ ਮਿਟਣਾ ਸੀ ?

ਗੁਰਨੈਬ ਨੇ ਬਹੁਤ ਵਾਰ ਮੇਰਾ ਪਿੱਛਾ ਕੀਤਾ ਸੀ। ਇਕ ਦਿਨ ਉਸ ਨੇ ਚਿੱਠੀ ਲਿਖ ਕੇ ਮੈਨੂੰ ਫੜਾਉਣ ਦੀ ਕੋਸਿ਼ਸ਼ ਕੀਤੀ ਸੀ। ਮੇਰੇ ਅੱਗੇ ਹੱਥ ਬੰਨੇ੍ਹ ਸਨ, ਮਿੰਨਤਾਂ ਤਰਲੇ ਕੀਤੇ ਸਨ…ਪਰ…ਪਰ ਮੈਂ ਚਿੱਠੀ ਨਹੀਂ ਫੜੀ ਸੀ। ਮੈਂ ਭਾਵੇਂ ਉਸ ਨੂੰ ਚਾਹੰੁਦੀ ਸੀ, ਮਨ ਹੀ ਮਨ ਪਿਆਰ ਕਰਦੀ ਸੀ-ਪਰ ਜੱਗ ਤੋਂ ਡਰਦੀ ਸੀ…ਫਿਰ ਵੀ ਜਦ ਉਸ ਨੂੰ ਦੇਖਦੀ ਤਾਂ ਮੇਰੇ ਮਨ ਅੰਦਰ ਭੂਰੀਆਂ ਕੀੜੀਆਂ ਜਿਹੀਆਂ ਲੜਨ ਲੱਗ ਪੈਂਦੀਆਂ। ਜਜ਼ਬਾਤ ਛਲਕ ਉਠਦੇ। ਭਾਵੇਂ ਸਾਡਾ ਕੋਈ ਸਬੰਧ ਨਹੀਂ ਸੀ ਫਿਰ ਵੀ ਪਿੰਡ ਵਿਚ ਸਾਡੀ ਚਰਚਾ ਹੋਣ ਲੱਗ ਪਈ ਸੀ। ਚਰਚਾ ਸਾਡੇ ਘਰ ਤੱਕ ਪਹੰੁਚ ਗਈ ਸੀ। ਮੇਰੇ ਮਾਂ-ਪਿਉ ਨੂੰ ਡਰ ਖਾ ਰਿਹਾ ਸੀ- ਕਿਤੇ ਦਿਲਬੀਰ ਵਾਂਗ ਪੰਮੀ ਵੀ…ਮੈਂ ਘਰ ਦਿਆਂ ਨੂੰ ਪੂਰੀ ਤਸੱਲੀ ਦਿੱਤੀ ਸੀ ਪਰ ਮੇਰੇ ਘਰਦਿਆਂ ਨੂੰ ਮੇਰੇ `ਤੇ ਵਿਸ਼ਵਾਸ ਨਹੀਂ ਰਿਹਾ ਸੀ। ਵੇਹੜੇ ਦੀਆਂ ਕੁੜੀਆਂ `ਤੇ ਕੌਣ ਵਿਸ਼ਵਾਸ ਕਰਦੈ? ਉਹ ਅੱਗ ਤੋਂ ਐਸੇ ਡਰੇ ਹੋਏ ਸਨ ਕਿ ਜੁਗਨੂੰ ਤੋਂ ਵੀ ਡਰਨ ਲੱਗ ਪਏ।

ਅੰਤ ਉਹਨਾਂ ਮੈਨੂੰ ਦਸਵੀਂ ਨਾ ਕਰਨ ਦਿੱਤੀ। ਸਾਲ ਦੇ ਅੱਧ ਵਿਚਾਲਿਉਂ ਹੀ ਪੜ੍ਹਨੋਂ ਹਟਾ ਲਿਆ ਸੀ। ਹਾਏ ਰੱਬਾ! ਜੇ ਗੁਰਨੈਬ ਮਿਲ ਜਾਂਦਾ …ਇਹ ਤਾਂ ਮਨ ਵਿਚ ਨਾਸੂਰ ਬਣ ਗਿਆ। ਫਿਰ ਵੀ ਸ਼ਾਇਦ ਇਹ ਨਾਸੂਰ ਘਟ ਜਾਂਦਾ ਜੇ ਮੈਂ ਦਸ ਪਾਸ ਕਰ ਜਾਂਦੀ, ਮੈਨੂੰ ਕੋਈ ਚੱਜ ਹਾਲ ਦਾ ਮੰੁਡਾ ਮਿਲ ਜਾਂਦਾ। ਗੁਰਨੈਬ ਨੇ ਫਿਰ ਹੌਲੀ-ਹੌਲੀ ਭੁੱਲ ਜਾਣਾ ਸੀ ਪਰ ਹੁਣ ਉਹ ਨਾਸੂਰ ਤਾਂ ਦਿਨੋਂ-ਦਿਨ ਵਧ ਰਿਹੈ…ਕੀ ਸੀ ਜਿ਼ੰਦਗੀ? ਕੀ ਬਣ ਗਈ? ਜਦ ਮੈਨੂੰ ਪੜ੍ਹਨੋਂ ਹਟਾ ਲਿਆ ਉਸੇ ਸਾਲ ਫਰਵਰੀ `ਚ ਮੇਰਾ ਵਿਆਹ ਕਰ ਦਿੱਤਾ। ਮੇਰੀ ਉਮਰ ਉਦੋਂ ਮਸਾਂ ਪੰਦਰਾਂ ਸਾਲ ਸੀ, ਨਾ ਮੈਨੂੰ ਜਿ਼ੰਦਗੀ ਦੀ ਕੋਈ ਸਮਝ ਸੀ, ਨਾ ਕਬੀਲਦਾਰੀ ਦੀ …ਕਿੰਨਾ ਧੱਕਾ ਹੋਇਆ ਮੇਰੇ ਨਾਲ …ਧੱਕਾ ਵੀ ਜੱਗੋਂ ਤੇਰ੍ਹਵਾਂ। ਵੇਹੜੇ ਦੀਆਂ ਕੁੜੀਆਂ ਨਾਲ ਈ ਧੱਕਾ ਕਿਉ ਹੰੁਦੈ? ਪੰਮੀ ਅਪਣੇ ਆਪ ਨਾਲ ਗੱਲਾਂ ਕਰਦੀ ਕਰਦੀ ਊਂਘਣ ਲੱਗ ਪਈ।

ਪੰਮੀ ਦੀ ਮਾਂ ਸੀ ਦਿਆਲ ਕੌਰ ਜਿਸਨੂੰ ਦਿਆਲੋ ਕਹਿੰਦੇ। ਦਿਆਲੋ ਬੇਹੱਦ ਸੰੁਦਰ ਸੀ। ਉਹ ਵਿਹੜੇ ‘ਚੋਂ ਸਭ ਤੋਂ ਸੋਹਣੀ ਸੀ। ਉਹ ਲਗਦੀ ਨਹੀਂ ਸੀ ਕਿ ਉਹ ਕੰਮ ਕਮੀਣਾਂ ਦੇ ਘਰ ਜੰਮੀ ਜਾਈ ਹੈ। ਜਦ ਉਹ ਬੁੱਟਰ ਵਿਆਹ ਕੇ ਲਿਆਂਦੀ ਸੀ ਤਾਂ ਉਸਦੇ ਰੰਗ ਰੂਪ ਦੀਆਂ ਸਾਰੇ ਪਿੰਡ ਵਿਚ ਧੰੁਮਾਂ ਪੈ ਗਈਆਂ ਸਨ। ਜੋ ਦਿਆਲੋ ਨੂੰ ਦੇਖਦਾ ਉਸਦੀ ਸੰੁਦਰਤਾ ਬਾਰੇ ਚਰਚਾ ਛੇੜ ਦਿੰਦਾ। ਸੰੁਦਰਤਾ ਵੈਸੇ ਇਕ ਔਰਤ ਦਾ ਜਿੱਥੇ ਗਹਿਣਾ ਹੰੁਦਾ ਹੈ, ਉੱਥੇ ਇਹ ਉਸ ਲਈ ਸਰਾਪ ਵੀ ਬਣ ਜਾਂਦੈ, ਪਰ ਜੇਕਰ ਕੋਈ ਔਰਤ ਵੇਹੜਿਆਂ `ਚ ਜੰਮੀ ਹੋਵੇ ਤਾਂ ਉਸ ਲਈ ਸੰੁਦਰਤਾ ਸਭ ਤੋਂ ਵੱਡਾ ਸਰਾਪ ਹੰੁਦਾ ਹੈ। ਦਿਆਲੋ ਦਾ ਰੰਗ ਰੂਪ ਦਿਆਲ ਕੌਰ ਲਈ ਵੱਡਾ ਸਰਾਪ ਸੀ। ਜਦ ਉਹ ਵਿਆਹੀ ਆਈ ਸੀ ਤਾਂ ਬੰਤਾ ਸਿੰਘ ਨੂੰ ਹਰ ਇਕ ਨੇ ਵਧਾਈ ਦਿੱਤੀ ਸੀ। ਕੋਈ ਕਹਿੰਦਾ-“ਬੰਤਿਆ ਸੰਭਾਲ ਕੇ ਰੱਖੀਂ, ਰੰਨ ਮਿਲੀ ਐ ਸੁਲਫੇ ਦੀ ਲਾਟ ਵਰਗੀ।” ਕੋਈ ਦੁੱਖਦੀ ਗੱਲ ਕਹਿ ਕੇ ਬੰਤੇ ਨੂੰ ਸਾੜਦਾ “ਭਾਈ ਸਾਹਿਬ! ਤੈਥੋਂ ਇਹ ਸੰਭਲਣੀ ਨੀ, ਗੋਰੀਆਂ ਤੀਵੀਆਂ ਦੀ ਰਾਖੀ ਕਰਨੀ ਪੈਂਦੀ ਐ।” ਲੋਕ ਚਰਚਾ ਕਰਦੇ- “ਕਾਲੇ ਭੂੰਡ ਨੂੰ ਤਿਤਲੀ ਅਰਗੀ ਤੀਵੀਂ ਮਿਲੀ ਐ-ਇਹਨੇ ਕਾਹਦਾ ਖੜਣੈ, ਉਡਜੂ ਕਿਸੇ ਦਿਨ, ਦੇਖ ਲਇਓ- ਕਿਸੇ ਦਿਨ ਉਧਲ ਜੂ, ਹੋ ਸਕਦੈ ਏਸ ਤੀਵੀਂ `ਚ ਕੋਈ ਨੁਕਸ ਹੋਵੇ, ਐਵੇਂ ਤਾਂ ਨੀ ਵਿਆਹ ਤੀ ਏਹਨੂੰ ਬਜੈਂਗੜ ਜੇਹੇ ਨੂੰ।” ਜਿੰਨੇ ਮੂੰਹ ਉਨੀਆਂ ਹੀ ਗੱਲਾਂ।

ਲੋਕ ਬਾਣੀ ਝੂਠੀ ਨਹੀਂ ਹੰੁਦੀ, ਲੋਕਾਂ ਦੀਆਂ ਕਿਆਸ ਅਰਾਈਆਂ ਜੇ ਸੌ ਪੈਸੇ ਸੱਚ ਨਾ ਹੋਣ ਤਾਂ ਅੱਸੀ ਪੈਸੇ ਜ਼ਰੂਰ ਸੱਚ ਈ ਹੰੁਦੀਆਂ ਹਨ। ਬੰਤਾ ਇਕ ਸਿੱਧਾ ਸਾਦਾ ਕਾਮਾ ਸੀ, ਨਾ ਵਲ ਨਾ ਫੇਰ। ਉਹ ਜੱਟਾਂ ਨਾਲ ਸੀਰ ਕਰਦਾ। ਵੇਹਲੇ ਰਹਿਣਾ ਉਸ ਨੂੰ ਪਸੰਦ ਨਹੀਂ ਸੀ। ਛੋਟੀ ਉਮਰ ਤੋਂ ਹੀ ਉਹ ਕੰਮ ਕਰਨ ਲੱਗ ਪਿਆ ਸੀ। ਚੰਗਾ ਕਾਮਾ ਹੋਣ ਕਰਕੇ ਹਰ ਜੱਟ ਉਸ ਨੂੰ ਥੋੜ੍ਹਾ ਬਹੁਤਾ ਲਾਲਚ ਦੇ ਕੇ ਵੀ ਸੀਰੀ ਰਲਾਉਣ ਦੀ ਕੋਸਿ਼ਸ਼ ਕਰਦਾ। ਸਰਪੰਚ ਦਲੀਪ ਸਿੰਘ ਦੇ ਉਸ ਨੇ ਕਈ ਵਰ੍ਹੇ ਸੀਰ ਕੀਤਾ। ਜਿਸ ਸਾਲ ਉਸ ਦਾ ਵਿਆਹ ਹੋਇਆ ਸੀ, ਉਸ ਸਾਲ ਵੀ ਉਹ ਸਰਪੰਚ ਦਲੀਪ ਸਿੰਘ ਦੇ ਸੀਰੀ ਸੀ। ਬੰਤਾ ਸਿੰਘ ਸਾਰਾ ਦਿਨ ਕੰਮ `ਚ ਗੋਰੇ ਬਲਦ ਵਾਂਗ ਜੁਟਿਆ ਰਹਿੰਦਾ। ਸਰਪੰਚ ਉਸ ਨੂੰ ਖੁਸ਼ ਰੱਖਦਾ, ਵਡਿਆਉਂਦਾ-ਤੜਿਆਉਂਦਾ ਸਵੇਰ ਤੋਂ ਸ਼ਾਮ ਤੱਕ ਵਾਹੀ ਜਾਂਦਾ। ਏਸੇ ਸੀਰ ਦੌਰਾਨ ਸਰਪੰਚ ਨੇ ਹੌਲੀ-ਹੌਲੀ ਦਿਆਲੋ ਨੂੰ ਅਪਣੇ ਹੱਥਾਂ `ਚ ਲੈ ਲਿਆ। ਦਿਆਲੋ ਸਰਪੰਚ ਦੇ ਘਰ ਦੇ ਨਿੱਕੇ ਮੋਟੇ ਕੰਮ ਕਰਦੀ। ਸਾਰਾ ਦਿਨ ਸਰਪੰਚ ਦੇ ਆਸ ਪਾਸ ਰਹਿੰਦੀ। ਸਰਪੰਚ ਦੀ ਜ਼ਮੀਨ ਦੇ ਦੋ ਟੱਕ ਸਨ। ਇਕ ਪੰਦਰਾਂ ਕਿੱਲਿਆਂ ਦਾ ਟੱਕ ਨਹਿਰੋਂ ਪਾਰ ਸੀ, ਦੂਜਾ ਬਾਰਾਂ ਕਿੱਲਿਆਂ ਦਾ ਟੱਕ ਪਿੰਡ ਦੀ ਨਿਆਈਂ ਵਿਚ ਸੀ। ਦੋਨਾਂ ਟੱਕਾ ਵਿਚ ਮੋਟਰਾਂ ਲੱਗੀਆਂ ਹੋਈਆਂ ਸਨ। ਬਹਿਣ-ਉਠਣ ਲਈ ਟਿਉੂਬਵੈਲਾਂ ਕੋਲ ਬੈਠਕਨੁਮਾ ਕਮਰੇ ਵੀ ਛੱਤੇ ਹੋਏ ਸਨ। ਕਮਰਿਆਂ ਵਿਚ ਮੰਜੇ ਅਤੇ ਕੁਰਸੀਆਂ ਡਾਹੀਆਂ ਰਹਿੰਦੀਆਂ। ਜੇਕਰ ਬੰਤਾ ਨਹਿਰੋਂ ਪਾਰ ਵਾਲੇ ਖੇਤ ਹੰੁਦਾ ਤਾਂ ਸਰਪੰਚ ਅਤੇ ਦਿਆਲੋ ਨਿਆਂਈ ਵਾਲੇ ਖੇਤ ਹੰੁਦੇ। ਜੇਕਰ ਬੰਤਾ ਨਿਆਂਈ `ਚ ਹੰੁਦਾ ਤਾਂ ਸਰਪੰਚ ਅਤੇ ਦਿਆਲੋ ਨਹਿਰੋਂ ਪਾਰ ਹੰੁਦੇ। ਸਰਪੰਚ ਅਤੇ ਦਿਆਲੋ ਵਿਚ ਕੀ ਖਿੱਚੜੀ ਰਿਝਦੀ, ਹਰ ਕੋਈ ਜਾਣਦਾ ਸੀ। ਦੋਨਾਂ ਦੇ ਕਿੱਸੇ ਘਰ ਘਰ ਵਿਚ ਮਸ਼ਹੂ੍ਰਰ ਸਨ। ਸੱਥ ਵਿਚ ਭਰਪੂਰ ਚਰਚਾ ਹੰੁਦੀ। ਪਰ ਸਰਪੰਚ ਵੱਡਾ ਆਦਮੀ ਸੀ, ਉਸ ਨੂੰ ਕੋਈ ਪ੍ਰਵਾਹ ਨਹੀਂ ਸੀ। ਵੱਡੇ ਬੰਦੇ ਕਦੇ ਵੀ ਬੇਇੱਜ਼ਤੀ ਨਹੀਂ ਮੰਨਦੇ ਹੰੁਦੇ ਭਾਵੇਂ ਉਹ ਕਿੰਨੇ ਵੀ ਨੀਚ ਅਤੇ ਮਾੜੇ ਕੰਮ ਕਰੀ ਜਾਣ। ਗਰੀਬ ਦੀ ਇੱਜ਼ਤ ਨੂੰ ਲੋਕ ਇੱਜ਼ਤ ਹੀ ਨਹੀਂ ਸਮਝਦੇ। ਦਿਆਲੋ ਨੂੰ ਤਾਂ ਕੋਈ ਵੀ ਕੁਝ ਕਹਿ ਨਹੀਂ ਸਕਦਾ ਸੀ। ਦਿਆਲੋ ਦੀ ਸੋਚ ਹੰੁਦੀ- ਵੇਹੜੇ ਦਾ ਕੇਹੜਾ ਮਰਦ ਜਾਂ ਤੀਵੀਂ ਮੇਰੇ `ਤੇ ਦੋਸ਼ ਲਾਊ, ਉਹ ਕੇਹੜਾ ਦੁੱਧ ਧੋਤੇ ਐ, ਸਭ ਦੀ ਰਾਮ ਕਹਾਣੀ ਪਤੈ ਮੈਨੂੰ- ਮੇਰੇ ਅੱਗੇ ਕੋਈ ਕੁਸਕ ਕੇ ਦਖਾਵੇ, ਸਭ ਦੇ ਪਰਦੇ ਫਰੋਲ ਦੂੰ – ਕੀਹਦੀ ਜਨਾਨੀ ਕੀਹਦੇ ਕੋਲ ਜਾਂਦੀ ਐ, ਕੀਹਦੀ ਧੀ ਕੀਹਦੇ ਨਾਲ ਖੇਹ ਖਾਂਦੀ ਐ। ਕੌਣ ਐ ਚੰਗਾ? ਕੋਈ ਹਿੱਕ ਕੱਢ ਕੇ ਦੱਸੇ, ਕੋਈ ਕਹੇ ਤਾਂ ਸਹੀ ਮੈਨੂੰ, ਇਕ ਦੀਆਂ ਹਜ਼ਾਰ ਸੁਣਾੳਂੂ।

ਜ਼ਮਾਨਾ ਵੀ ਅਜਿਹਾ ਆ ਗਿਆ ਹੈ ਨਾ ਕੋਈ ਚੰਗੇ ਨੂੰ ਚੰਗਾ ਕਹਿੰਦਾ ਹੈ, ਨਾ ਮਾੜੇ ਨੂੰ ਮਾੜਾ। ਹਰ ਕੋਈ ਅੱਖਾਂ `ਤੇ ਪੱਟੀਆਂ ਬੰਨ੍ਹ ਕੇ ਤੁਰਿਆ ਫਿਰਦਾ ਹੈ, ਅਗਲਾ ਕਹਿੰਦੈ- ਮੈਂ ਕੀ ਲੈਣੈ, ਕਰੂ ਸੋ ਭਰੂ। ਪਿੱਠ ਪਿੱਛੇ ਭਾਵੇਂ ਲੱਖ ਛੱਜ `ਚ ਪਾ ਕੇ ਛੱਟੀ ਜਾਣ, ਦਿਆਲੋ ਨੂੰ ਕੋਈ ਪ੍ਰਵਾਹ ਨਹੀਂ ਸੀ। ਦਿਆਲੋ ਮਨ ਈ ਮਨ ‘ਚ ਅਪਣੇ ਆਪ ਨੂੰ ਕਹਿੰਦੀ- ਕੋਈ ਮੂੰਹ `ਤੇ ਕਹਿ ਕੇ ਦਖਾਵੇ ਫੇਰ ਦੇਖਾਂ ਉਹਨੂੰ।

ਦਿਆਲੋ ਦੇ ਤਿੰਨ ਬੱਚੇ ਹੋਏ, ਦੋ ਕੁੜੀਆਂ, ਇਕ ਮੰੁਡਾ। ਮੰੁਡਾ ਦੋਨਾਂ ਕੁੜੀਆਂ ਤੋਂ ਛੋਟਾ ਸੀ। ਪੰਮੀ ਸਭ ਤੋਂ ਵੱਡੀ ਅਤੇ ਕਰਮੀ ਵਿਚਾਲੜੀ ਸੀ। ਤਿੰਨੋਂ ਬੱਚੇ ਮੂਰਤਾਂ ਵਰਗੇ ਸਨ, ਹੱਥ ਲਾਇਆਂ ਮੈਲੇ ਹੰੁਦੇ, ਰੂੜੀਆਂ ‘ਚ ਦਗਦੇ ਲਾਲ। ਲੋਕ ਤਾਂ ਸ਼ਰੇਆਮ ਗੱਲਾਂ ਕਰਦੇ “ਤਿੰਨੋਂ ਬੱਚੇ ਸਰਪੰਚ ਦੇ ਆ, ਬੰਤੇ ਦਾ ਰੰਗ ਤਾਂ ਪੁੱਠੇ ਤਵੇ ਅਰਗਾ ਐ-ਬੰਤੇ ਦਾ ਇਕ ਵੀ ਜੁਆਕ ਨੀ।” ਸਰਪੰਚ ਦਾ ਰੰਗ ਵੀ ਗੋਰਾ ਨਿਸ਼ੋਹ ਸੀ ਅਤੇ ਦਿਆਲੋ ਦਾ ਵੀ। ਦੋਨਾਂ ਦੇ ਨੈਣ ਨਕਸ਼ ਤਿੱਖੇ ਅਤੇ ਸੰੁਦਰ ਸਨ। ਦਿਆਲੋ ਦੀਆਂ ਅੱਖਾਂ ਮੋਟੀਆਂ ਅਤੇ ਕਾਲੀਆਂ, ਸਰਪੰਚ ਦੀਆਂ ਅੱਖਾਂ ਮੋਟੀਆਂ ਅਤੇ ਬਿੱਲੀਆਂ। ਪੰਮੀ ਅਤੇ ਕਰਮੀ ਦੀਆਂ ਸ਼ਕਲਾਂ ਸੂਰਤਾਂ ਸਰਪੰਚ ਨਾਲ ਮਿਲਦੀਆਂ ਸਨ। ਦੋਨਾਂ ਦੀਆਂ ਅੱਖਾਂ ਮੋਟੀਆਂ ਅਤੇ ਬਿੱਲੀਆਂ ਸਨ। ਭਿੰਦੇ ਦੀਆਂ ਅੱਖਾਂ ਦਿਆਲੋ ਵਰਗੀਆਂ ਸਨ ਪਰ ਭਿੰਦੇ ਦਾ ਚੇਹਰਾ ਸਰਪੰਚ ਨਾਲ ਮਿਲਦਾ ਸੀ। ਬੰਤੇ ਦੀਆਂ ਅੱਖਾਂ ਚੰੁਨੀ੍ਹਆਂ ਸਨ, ਰੰਗ ਕਾਲਾ ਸੀ, ਨੱਕ ਅਤੇ ਬੁੱਲ੍ਹ ਮੋਟੇ ਸਨ। ਲੋਕ ਬਾਣੀ ਮਾਸਾ ਵੀ ਝੂਠੀ ਨਹੀਂ ਸੀ। ਲੋਕ ਬਾਣੀ ਹਮੇਸ਼ਾ ਸੱਚੀ ਹੰੁਦੀ ਹੈ, ਝੂਠੀ ਨਹੀਂ। ਕਈ ਵਰ੍ਹਿਆਂ ਤੱਕ ਸਰਪੰਚ ਅਤੇ ਦਿਆਲੋ ਦੇ ਆਪਸੀ ਸਬੰਧ ਰਹੇ ਸਨ। ਸਰਪੰਚ ਦੇ ਦਿੱਤੇ ਉਹ ਕੱਪੜੇ ਪਹਿਨਦੀ। ਸਰਪੰਚ ਦੀ ਮਦਦ ਨਾਲ ਹੀ ਬੱਚੇ ਪੜ੍ਹਦੇ। ਸਰਪੰਚ ਨੇ ਹੌਲੀ-ਹੌਲੀ ਬੈਠਣ-ਉਠਣ ਜੋਗਾ ਘਰ ਵੀ ਬਣਾ ਦਿੱਤਾ ਸੀ। ਘਰੇ ਟੀ ਵੀ, ਫਰਿਜ਼ ਅਤੇ ਹੋਰ ਕਿੰਨਾ ਨਿੱਕਾ ਮੋਟਾ ਸਾਮਾਨ ਵੀ ਸਰਪੰਚ ਨੇ ਲੈ ਕੇ ਦਿੱਤਾ ਸੀ। ਵੇਹੜੇ ਦੀਆਂ ਜਨਾਨੀਆਂ `ਚ ਉਹਦੀ ਪੂਰੀ ਪੁੱਗਤ ਅਤੇ ਚੜ੍ਹਤ ਸੀ। ਵੇਹੜੇ ਦੀਆਂ ਔਰਤਾਂ ਉਸ ਨਾਲ ਸਲਾਹ ਮਸ਼ਵਰੇ ਕੀਤੇ ਬਿਨਾਂ ਕੋਈ ਕੰਮ ਨਾ ਕਰਦੀਆਂ। ਉਹ ਸਭ ਦੇ ਘਰ ਜਾਂਦੀ। ਦੁੱਖ ਸੁੱਖ ਵਿਚ ਸ਼ਾਮਲ ਹੰੁਦੀ।ਵਿਹੜੇ ਵਿਚ ਉਸ ਦਾ ਪੂਰਾ ਮਾਣ-ਤਾਣ ਹੰੁਦਾ ,ਹਰ ਕੋਈ ਸਤਿਕਾਰ ਕਰਦਾ। ਬੇਸ਼ਕ ਪਿੰਡ ਦੇ ਲੋਕਾਂ ਵਿਚ ਚਵਾ-ਚਵੀ ਵੀ ਚਲਦੀ ਰਹਿੰਦੀ- ਦਿਆਲੋ ਦੇ ਆਇਆ ਵਾ ਕੜਾ ਲੋਟ, ਖਾਈ ਜਾਂਦੀ ਐ ਸਰਪੰਚ ਨੂੰ ਚੂੰਡ-ਚੂੰਡ। ਪਰ ਕੋਈ ਕੋਈ ਇਸ ਸੱਚ ਨੂੰ ਵੀ ਕਹਿ ਦਿੰਦਾ “ਐਂ ਦੱਸੋ, ਕੀ ਸਰਪੰਚ ਨੀ ਖਾਂਦਾ ਦਿਆਲੋ ਨੂੰ। ਉਹਦੀ ਤੀਵੀਂ ਬਣ ਕੇ ਰਹਿੰਦੀ ਐ ਅਗਲੀ, ਕਿਸੇ ਦੀ ਕੋਈ ਐਂ ਰਹਿ ਕੇ ਤਾਂ ਦਿਖਾਵੇ।” ਕੋਈ ਇਹ ਤਰਕ ਦਿੰਦਾ “ਬਈ ਦੋਨੋਂ ਇਕ ਦੂਜੇ ਨੂੰ ਖਾਈ ਜਾਂਦੇ, ਨਾ ਦਿਆਲੋ ਘੱਟ ਐ ਨਾ ਸਰਪੰਚ।”

ਇਹ ਕਿਹਾ ਨਹੀਂ ਜਾ ਸਕਦਾ ਸੀ ਕਿ ਦਿਆਲੋ ਅਤੇ ਸਰਪੰਚ ਦਾ ਪਿਆਰ ਪਵਿੱਤਰ ਸੀ ਜਾਂ ਇਕ ਦੂਜੇ ਨੂੰ ਲੁੱਟਣ ਦਾ ਜ਼ਰੀਆ। ਇਹ ਵੀ ਸੱਚ ਹੋਏਗਾ ਸਰਪੰਚ ਨੂੰ ਦਿਆਲੋ ਦੇ ਸਰੀਰ ਦੀ ਲੋੜ ਸੀ ਅਤੇ ਦਿਆਲੋ ਨੂੰ ਸਰਪੰਚ ਦੇ ਪੈਸੇ ਦੀ…। ਇਹ ਵੀ ਝੂਠ ਨਹੀਂ ਹੋਣਾ, ਕਾਮ ਤਾਂ ਜਿੰਨਾਂ ਸਰਪੰਚ ਲਈ ਜ਼ਰੂਰੀ ਸੀ ਉਨਾ ਦਿਆਲੋ ਲਈ ਵੀ ਜ਼ਰੂਰੀ ਹੋਏਗਾ। ਪਰ ਹੈਰਾਨੀ ਭਰਿਆ ਸੱਚ ਤਾਂ ਇਹ ਵੀ ਸੀ, ਦਿਆਲੋ ਦੇ ਤਿੰਨੇ ਬੱਚੇ ਬੰਤੇ ਦੇ ਨਹੀਂ ਸਰਪੰਚ ਦੇ ਸਨ। ਇਸ ਕਾਰਨ ਦਿਆਲੋ ਦੀ ਕੁਰਬਾਨੀ ਸਰਪੰਚ ਤੋਂ ਕਿਤੇ ਵੱਡੀ ਜਾਪਦੀ। ਸਰਪੰਚ ਤਾਂ ਅਜਿਹੇ ਕਿਰਦਾਰ ਦਾ ਬੰਦਾ ਸੀ। ਉਸ `ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਸੀ, ਲੋਕ ਸੱਚ ਮੁੱਚ ਹੀ ਉਸ `ਤੇ ਵਿਸ਼ਵਾਸ ਨਹੀਂ ਕਰਦੇ ਸਨ। ਉਸਦੀਆਂ ਅੱਖਾਂ ਬਿੱਲੀਆਂ ਹੋਣ ਕਰਕੇ ਲੋਕ ਉਸ ਨੂੰ ‘ਬਾਗ੍ਹੜ ਬਿੱਲਾ’ ਕਹਿ ਕੇ ਦੁਰਕਾਰਦੇ-ਫਿਟਕਾਰਦੇ ਸਨ। ਪਿੰਡ `ਚ ਉਸਦਾ ਨਾ ਕਿਸੇ ਨਾਲ ਲੈਣ ਦੇਣ ਸੀ, ਨਾ ਆਉਣ ਜਾਣ ਸੀ। ਸਰਪੰਚਣੀ ਕਦੇ ਬਣਦੀ-ਤਣਦੀ ਜਨਾਨੀ ਸੀ ਪਰ ਹੁਣ ਉਹ ਕਰੂਪ ਹੋ ਚੁੱਕੀ ਸੀ। ਸੋ ਸਰਪੰਚ ਘੱਟ ਵਧ ਹੀ ਉਸ ਦੇ ਲਿਵੇ ਲੱਗਦਾ।

ਪਹਿਲਾਂ ਪਹਿਲਾਂ ਜਦ ਉਹ ਵਿਆਹੀ ਆਈ ਸੀ ਤਾਂ ਸਰਪੰਚ ਨੇ ਉਸ ਨੂੰ ਖੂਬ ਚੂੰਡਿਆ ਸੀ। ਅਸਲੀਅਤ ਇਹ ਸੀ ਕਿ ਸਰਪੰਚ ਦਾ ਉਸ ਨੂੰ ਵਰਤ-ਵਰਤ ਕੇ ਚਿੱਤ ਅੱਕਿਆ ਪਿਆ ਸੀ। ਸਰਪੰਚਣੀ ਸਰਪੰਚ ਦੇ ਮਨੋਂ ਲਹਿ ਚੁੱਕੀ ਸੀ। ਸਰਪੰਚਣੀ ਅਕਸਰ ਵਿਹਲੀ ਰਹਿੰਦੀ, ਖਾ ਪੀ ਕੇ ਸੌਂ ਛੱਡਦੀ। ਖੁੱਲ੍ਹਾ ਖਾਣ ਪੀਣ ਕਰਕੇ ਵਿਹਲੀ ਰਹਿਣ ਕਰਕੇ ਉਹ ਮੋਟੀ ਹੋਣ ਲੱਗ ਪਈ। ਸਰਪੰਚ ਨੂੰ ਸਰਪੰਚਣੀ ਮੋਟੇ ਮਾਸ ਵਾਲੀ ਮੱਝ ਲੱਗਦੀ ਪਰ ਇਸ ਦੇ ਉਲਟ ਦਿਆਲੋ ਉਸਨੂੰ ਰੇਸ਼ਮ ਵਾਂਗ ਕੂਲੀ ਅਤੇ ਨਰਮ ਜਾਪਦੀ। ਇਹ ਵੀ ਸੱਚ ਹੈ ਕਿ ਪਸ਼ੂ ਹਮੇਸ਼ਾ ਆਵਦੀ ਖੁਰਲੀ ਛੱਡ ਕੇ ਬੇਗਾਨੀ ਖੁਰਲੀ ਵਿਚ ਹੀ ਮੂੰਹ ਮਾਰੇਗਾ ਭਾਵੇਂ ਉਸ ਨੂੰ ਕਿੰਨਾ ਹੀ ਵਧੀਆ ਚਾਰਾ ਕਿਉਂ ਨਾ ਪਾ ਦਿੱਤਾ ਜਾਵੇ। ਸਰਪੰਚ ਨੂੰ ਦੂਜੀ ਖੁਰਲੀ ਵਿਚ ਮੂੰਹ ਮਾਰ ਕੇ ਵਧੇਰੇ ਸੁਆਦ ਆਉਂਦਾ। ਜਦ ਉਹ ਸਰਪੰਚਣੀ ਦੀ ਦਿਆਲੋ ਨਾਲ ਤੁਲਨਾ ਕਰਦਾ ਤਾਂ ਸਰਪੰਚਣੀ ਨੂੰ ਜ਼ੀਰੋ ਅੰਕ ਦਿੰਦਾ ਅਤੇ ਦਿਆਲੋ ਨੂੰ ਸੌ ਬਟਾ ਸੌ। ਦਿਆਲੋ ਪਤਲੀ ਪਤੰਗ ਸੀ, ਗੰੁਦਵਾਂ ਸਰੀਰ। ਪਰ ਸਰਪੰਚਣੀ ਉਸ ਨੂੰ ਥੁਲ-ਥੁਲ ਕਰਦੀ ਜਾਪਦੀ। ਦਿਆਲੋ…ਦਿਆਲੋ ਸੀ। ਸਰਪੰਚ ਲਈ ਸ਼ਾਇਦ ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਦਿਆਲੋ ਇਕ ਪਰਾਈ ਜਨਾਨੀ ਸੀ। ਪਰਾਈ ਜਨਾਨੀ ਹਮੇਸ਼ਾ ਸੰੁਦਰ ਲੱਗੇਗੀ। ਦਿਆਲੋ ਵੱਲ ਵੇਖ ਕੇ ਉਹ ਸੋਚਦਾ- ਸਰਪੰਚਣੀ ਸਾਲੀ ਠੰਡੀ ਬਰਫ਼ ਅਰਗੀ ਐ, ਬੇਸੁਆਦੀ। ਪਰ ਦਿਆਲੋ, ਕਿਆ ਕਹਿਣੇ ਉਹਦੇ- ਸੁਰਗਾਂ ਦੀ ਪਰੀ, ਸ਼ਰਾਬੀ ਅੱਖਾਂ, ਨਸ਼ੀਲੀ…ਜਦ ਉਸਦਾ ਕੋਈ ਅੰਗ ਮੇਰੇ ਜਿਸਮ ਨੂੰ ਛੂਹ ਜਾਵੇ ਤਾਂ ਫਿਰ ਸਰੀਰ `ਚ ਝਰਨਾਟਾਂ ਛਿੜ ਪੈਦੀਆਂ, ਲਹੂ ਦੀ ਚਾਲ ਵਧ ਜਾਂਦੀ ਐ, ਜੇ ਉਸ ਦਾ ਬਦਾਮੀ ਜਿਸਮ ਮੇਰੇ ਜਿਸਮ ਨਾਲ ਲੱਗ ਜਾਵੇ ਤਾਂ ਅੰਗ-ਅੰਗ `ਚੋ ਅੱਗ ਫੁੱਟ ਪੈਂਦੀ। ਦਿਆਲੋ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੀ, ਉਹ ਅਕਸਰ ਅਪਣੇ ਮਨ ਨੂੰ ਸਮਝਾਉਂਦੀ-ਇਹ ਸਰੀਰ ਕੀ ਫੂਕਣੈਂ, ਹੱਡ-ਮਾਸ ਈ ਐ, ਕਿਸੇ ਦੀ ਚਮੜੀ ਕਾਲੀ ਕਿਸੇ ਦੀ ਗੋਰੀ, ਹੋਰ ਕੀ ਫ਼ਰਕ ਹੰੁਦੈ ,ਨਾਲੇ ਭੁੱਖੇ ਥੋੜੋ ਮਰਨੈਂ …ਇੱਜ਼ਤ ! ਭਲਾ ਇੱਜ਼ਤ ਕੀ ਹੰੁਦੀ ਐ ਕਿਹੜੀ ਇਜ਼ਤ? ਗਰੀਬਾਂ ਦੀ ਕਾਹਦੀ ਇੱਜ਼ਤ? ਵਿਹੜੇ ਦੀਆਂ ਕੁੜੀਆਂ ਬੁੜ੍ਹੀਆਂ ਤਾਂ ਥੱਬਾ ਪੱਠਿਆਂ ਪਿੱਛੇ ਸਾਰਾ ਕੁਝ ਲੁਟਾ ਦਿੰਦੀਐਂ। ਨਾਲੇ ਦੱਸ ਕਿਹੜੀ ਚੰਗੀ ਐ, ਥਾਂ-ਥਾਂ ਤੁਰੀਆਂ ਫਿਰਦੀਆਂ, ਹੈ ਕਿਸੇ ਦੀ ਯਾਰੀ ਇਕ ਨਾਲ ਪਰ ਮੈਂ ਇਹਨਾਂ ਵਰਗੀ ਨੀਂ ਥਾਂ-ਥਾਂ ਨੀਂ ਜਾਂਦੀ ਪੱਠਿਆਂ ਪਿੱਛੇ ਸਰੀਰ ਨੀਂ ਲੁਟਾਉਂਦੀ। ਸਰਪੰਚ …ਸਰਪੰਚ ਹੀ ਮੈਨੂੰ ਸਾਰਾ ਕੁਝ ਦਿੰਦਾ …ਦੇਊ ਕਿਵੇਂ ਨਾ? ਹੁਣ ਤਾਂ ਆਹ ਜੁਆਕ ਵੀ ਉਸੇ ਦੇ ਐ, ਮੈਂ ਤਾਂ ਸਰਪੰਚ  ਦੀ ਤੀਵੀਂ ਈ ਨਹੀਂ, ਉਹਦੇ ਜੁਆਕਾਂ ਦੀ ਮਾਂ ਈ ਨਹੀਂ, ਉਸਦੀ ਘਰ ਵਾਲੀ ਦੀ ਸੌਕਣ ਈ ਨਹੀਂ, ਅੱਧ ਦੀ ਮਾਲਕ ਆਂ ਅੱਧ ਦੀ…। ਕਦੇ ਕਦੇ ਦਿਆਲੋ ਜਦ ਸਰਪੰਚ ਦੀਆਂ ਬਾਹਾਂ ਵਿਚ ਹੰੁਦੀ ਤਾਂ ਸਰਪੰਚ ਨੂੰ ਵੀ ਇਹ ਕਹਿਣਾ ਪੈਂਦਾ … “ਹਾਂ ਤੂੰ ਮੇਰੀ ਰਾਣੀ ਏਂ …ਤੂੰ ਮੇਰੀ ਘਰ ਵਾਲੀ ਅਂੈ, ਜਾਨ ਮੰਗੇਗੀ ਜਾਨ ਦੇ ਦੇਊਂ ।” ਸਰਪੰਚ ਦੇ ਇਹ ਵਡਿਆਈ ਵਾਲੇ ਸ਼ਬਦ ਸੁਣ ਕੇ ਦਿਆਲੋ ਸਰਪੰਚ ਨੂੰ ਹੋਰ ਚੰਗਾ ਸਮਝਦੀ, ਹੋਰ ਖੁਸ਼ ਕਰਦੀ, ‘ਮਰ ਜੂੰ ਪਰ ਤੈਨੂੰ ਨਾਂ ਛਡੂੰ` ਵਰਗੇ ਸ਼ਬਦ ਵਰਤ ਕੇ ਸਹੰੁਆਂ ਖਾਂਦੀ । ਸਰਪੰਚ ਵੀ ਸਹੰੁਆਂ ਖਾਂਦਾ- ਗਊ ਦੀ ਰੱਤ ਪੀਵਾਂ ਜੇ ਤੈਨੂੰ ਛੱਡਾਂ।

ਸਮਾਂ ਲੰਘੀ ਜਾ ਰਿਹਾ ਸੀ। ਪਰਮਜੀਤ ਜਦ ਸੋਲਾਂ ਸਾਲਾਂ ਦੀ ਹੋ ਗਈ ਉਸ `ਤੇ ਵੀ ਨਿਖ਼ਾਰ ਆਉਣ ਲੱਗ ਪਿਆ। ਉਸਦੀ ਸੰੁਦਰਤਾ ਦੀਆਂ ਪਿੰਡ ਵਿਚ ਧੰੁਮਾਂ ਪਈਆਂ ਹੋਈਆਂ ਸਨ। ਕਦੇ ਕਦੇ ਉਹ ਆਪਣੀ ਮਾਂ ਨਾਲ ਖੇਤ ਜਾਂਦੀ। ਦਿਆਲੋ ਅਪਣੀਆਂ ਕੁੜੀਆਂ ਨੂੰ ਕਿਸੇ ਵੀ ਘਰੇ ਜਾਣ ਨਹੀਂ ਦਿੰਦੀ ਸੀ। ਪਸ਼ੂਆਂ ਵਾਸਤੇ ਪੱਠੇ-ਦੱਥੇ ਵੀ ਉਹ ਆਪ ਲਿਆਉਂਦੀ । ਵਿਹੜੇ ਦੀਆਂ ਜਨਾਨੀਆਂ ਜਾਂ ਕੁੜੀਆਂ ਕੋਲ ਵੀ ਅਪਣੀਆਂ ਧੀਆਂ ਨੂੰ ਖੜਨ ਨਾ ਦਿੰਦੀ। ਦਿਆਲੋ ਨੇ ਕਦੇ ਵੀ ਕਿਸੇ ਬੇਗਾਨੀ ਔਰਤ ਜਾਂ ਕੁੜੀ ਨਾਲ ਉਹਨਾਂ ਨੂੰ ਬਾਹਰ ਅੰਦਰ ਜਾਣ ਨਹੀਂ ਦਿੱਤਾ ਸੀ। ਉਹਨੂੰ ਕਿਸੇ `ਤੇ ਭਰੋਸਾ ਨਹੀਂ ਸੀ। ਸਰਪੰਚ ਦੀ ਨਿਆਂਈ ਤੱਕ ਉਹ ਕਦੇ ਕਦੇ ਚਲੀਆਂ ਜਾਂਦੀਆਂ, ਉਥੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸੀ। ਕੁੜੀਆਂ ਭਾਵੇਂ ਸਕੁੂਲ ਪੜ੍ਹਦੀਆਂ ਸਨ ਪਰ ਉਹਨਾਂ ਨੂੰ ਹਿਦਾਇਤ ਸੀ- ਤੁਸੀ ਜੱਟਾਂ ਦੀਆਂ ਉਹਨਾਂ ਕੁੜੀਆਂ ਨਾਲ ਹੀ ਰਹਿਣਾ ਜੋ ਸ਼ਰੀਫ ਐ। ਵਿਹੜੇ ਦੀਆਂ ਕੁੜੀਆਂ ਨਾਲ ਬਿਲਕੁਲ ਨਹੀਂ ਤੁਰਨਾ ਫਿਰਨਾ। ਪਰਮਜੀਤ ਤੇ ਕਰਮਜੀਤ ਰਹਿੰਦੀਆਂ ਵੀ ਜੱਟਾਂ ਦੀਆਂ ਕੁੜੀਆਂ ਨਾਲ ਸਨ। ਉਹ ਤਾਂ ਸਗੋਂ ਵਿਹੜੇ ਦੀਆਂ ਕੁੜੀਆਂ ਨੂੰ ਖੁਦ ਹੀ ਨਫ਼ਰਤ ਕਰਦੀਆਂ ਸਨ। ਵਿਹੜੇ ਦੀਆਂ ਕੁੜੀਆਂ ਨੂੰ ਹੀ ਨਹੀਂ ਉਹ ਤਾਂ ਸਗੋਂ ਸਾਰੇ ਵਿਹੜੇ ਨੂੰ ਹਿਕਾਰਤ ਨਾਲ ਦੇਖਦੀਆਂ। ਜੱਟਾਂ ਦੇ ਮੰੁਡੇ ਪੰਮੀ ਅਤੇ ਕਰਮੀ ਦਾ ਪਿੱਛਾ ਕਰਦੇ। ਮੰੁਡਿਆਂ ਦੇ ਯਤਨਾਂ ਦੇ ਬਾਵਜੂਦ ਉਨਾਂ੍ਹ ਕਿਸੇ ਨਾਲ ਪ੍ਰੇਮ ਸੰਬੰਧ ਜੋੜੇ ਨਹੀਂ ਸਨ।     ਇਕ ਦਿਨ ਪੰਮੀ ਅਤੇ ਅਤੇ ਕਰਮਜੀਤ ਦਿਆਲੋ ਨਾਲ ਖੇਤ ਜਾ ਰਹੀਆਂ ਸਨ। ਜਦ ਉਹ ਪ੍ਰਾਇਮਰੀ ਸਕੂਲ ਕੋਲੋਂ ਲੰਘ ਰਹੀਆਂ ਸਨ। ਉੱਥੇ ਕੁਝ ਮੰੁਡੇ ਖੜੇ ਗੱਲਾਂ ਕਰ ਰਹੇ ਸਨ। ਪੰਮੀ, ਕਰਮੀ ਅਤੇ ਦਿਆਲੋ ਜਦ ਉਹਨਾਂ ਤੋਂ ਥੋੜ੍ਹਾ ਜਿਹਾ ਅਗਾਂਹ ਸਰਕੀਆਂ ਤਾਂ ਖੜੇ ਮੰੁਡਿਆਂ `ਚੋਂ ਮਿਹਰ ਸਿਉਂ ਬੱਗੜੂ ਦੇ ਮੰੁਡੇ ਨੇ ਹੇਠੋਂ ਇਕ ਰੋੜੀ ਚੁੱਕੀ ਅਤੇ ਪੰਮੀ ਦੇ ਮੌਰਾਂ ਵਿਚ ਜੜ ਦਿੱਤੀ, ਪੰਮੀ ਇਕ ਦਮ ਠਠੰਬਰ ਗਈ, ਉਸ ਨੇ ਕਰੰਟ ਲੱਗੇ ਵਾਂਗ ਜਦ ਪਿੱਛੇ ਧੌਣ ਭੁਆਈ ਤਾਂ ਦਿਆਲੋ ਸਾਰਾ ਮਾਜਰਾ ਸਮਝ ਗਈ। ਦਿਆਲੋ ਦੇ ਕਦਮ ਰੁਕੇ ਅਤੇ ਪਿੱਛੇ ਭੌਂ ਕੇ ਬੋਲੀ, “ਕਿੳਂ ਵੇ ਥੋਡੇ ਘਰ ਮਾਂਵਾਂ ਭੈਣਾਂ ਹੈ ਨੀਂ, ਹਰਾਮਜਾਦੇ ਕਿਤੋਂ ਦੇ, ਮੈਂ ਬਰਾਛਾ ਪਾੜ ਦੂੰ।” ਦਿਆਲੋ ਨੇ ਮੰੁਡਿਆਂ ਨੂੰ ਐਸੀ ਘੁਰਕੀ ਮਾਰੀ ਕਿ ਉਹਨਾਂ ਸਾਬਤਾ ਸਾਹ ਵੀ ਨਾ ਲਿਆ, ਕੁਝ ਬੋਲਣਾ ਤਾਂ ਕੀ ਸੀ।

ਉਸਤੋਂ ਬਾਅਦ ਜੋ ਮੰੁਡੇ ਪੰਮੀ ਅਤੇ ਕਰਮੀ ਦਾ ਪਿੱਛਾ ਕਰਿਆ ਕਰਦੇ ਸਨ, ਉਹ ਤੌਬਾ ਕਰ ਗਏ। ਮੰੁਡੇ ਵੀ ਜਾਣਦੇ ਸਨ-“ਏਹਦਾ ਕੀ ਐ, ਸਰਪੰਚ ਨਾਲ ਸਿੱਧੀ ਗੱਲਬਾਤ ਐ, ਫਸਾ ਕੇ ਧਰ ਦੂ ।” ਜੇ ਕੋਈ ਮੰੁਡਾ ਪੰਮੀ ਦਾ ਪਿੱਛਾ ਵੀ ਕਰਦਾ ਤਾਂ ਪੰਮੀ ਪੈਰ `ਚ ਪਾਇਆ ਸੈਂਡਲ ਦਿਖਾ ਕੇ ਉਸਨੂੰ ਡਰਾ ਦਿੰਦੀ। ਕਰਮੀ ਵੀ ਪੰਮੀ ਵਾਂਗ ਸੈਂਡਲ ਦਿਖਾਉਂਦੀ। ਮੰੁਡੇ ਪੰਮੀ ਅਤੇ ਕਰਮੀ ਦੇ ਸੁਭਾਅ ਤੋਂ ਡਰਨ ਲੱਗ ਪਏ ਸਨ। ਦਿਆਲੋ ਨੂੰ ਜ਼ਮਾਨੇ ਦੀ ਪੁੱਠੀ ਸਿੱਧੀ ਹਰ ਚਾਲ ਬਾਰੇ ਸਾਰਾ ਗਿਆਨ ਸੀ। ਉਹ ਕਰਮੀ ਅਤੇ ਪੰਮੀ `ਤੇ ਪੂਰਾ ਕੰਟਰੋਲ ਰੱਖਦੀ। ਉਹ ਕੁੜੀਆਂ ਨੂੰ ਘੱਟ ਵੱਧ ਹੀ ਇੱਕਲੀਆਂ ਛੱਡਦੀ। ਸਕੂਲ ਤੱਕ ਵੀ ਪਿੱਛਾ ਕਰਦੀ। ਦਿਆਲ ਕੌਰ ਨੇ ਅਜਿਹਾ ਕਦੇ ਸਮਾਂ ਹੀ ਆਉਣ ਨਹੀਂ ਦਿੱਤਾ ਸੀ ਕਿ ਜੱਟਾਂ ਦਾ ਕੋਈ ਮੰੁਡਾ ਨਜਾਇਜ਼ ਫਾਇਦਾ ਉਠਾ ਸਕੇ।

ਪਰ ਇਕ ਦਿਨ ਤਾਂ ਕਮਾਲ ਹੋ ਗਈ। ਹੈਰਾਨਕੁਨ ਗੱਲ ਵਾਪਰ ਗਈ। ਦਿਆਲੋ ਨੂੰ ਘਰ ਵਿਚ ਜ਼ਰੂਰੀ ਕੰਮ ਸੀ। ਉਸ ਨੇ ਕਰਮੀ ਨੂੰ ਸਰਪੰਚ ਦੀ ਨਿਆਂਈ ਇਹ ਹਦਾਇਤ ਕਰਕੇ ਭੇਜਿਆ, “ਕਰਮੀ! ਜਾਹ ਕੁੜੇ। ਤੇਰੇ ਅੰਕਲ ਦੇ ਸੀਰੀ ਨੂੰ ਕਹਿ ਆ, ਮੇਰੀ ਮੰਮੀ ਨੰੁ ਕੰਮ ਐ ਉਹਨਾਂ ਲਈ ਪੱਠਿਆਂ ਦੀ ਇਕ ਪੰਡ ਲਈ ਆਵੇ। ਕਰਮੀ ਇਹ ਸੁਨੇਹਾ ਦੇਣ ਲਈ ਨਿਆਂਈ ਵਾਲੇ ਖੇਤ ਗਈ ਸੀ। ਕੁਦਰਤੀ ਸਰਪੰਚ ਵੀ ਖੇਤ ਹੀ ਸੀ। ਜਦ ਸਰਪੰਚ ਨੇ ਇੱਕਲੀ ਕਰਮੀ ਨੂੰ ਦੇਖਿਆ ਤਾਂ ਉਹ ਹੈਰਾਨ ਹੋ ਗਿਆ। ਸਰਪੰਚ ਦੀਆਂ ਕਾਮੁਕ ਅੱਖਾਂ ਨੂੰ ਕਰਮੀ ਦੇ ਬਦਨ ਨੂੰ ਖਿਣਾਂ ਵਿਚ ਹੀ ਜੋਹ ਅਤੇ ਟੋਹ ਲਿਆ। ਉਸ ਨੂੰ ਉਹ ਸੁਰਗ ਦੀ ਪਰੀ ਵਾਂਗ ਲੱਗੀ। ਵੈਸੇ ਕਿਸੇ ਪਰੀ ਤੋਂ ਉਹ ਘੱਟ ਵੀ ਨਹੀਂ ਸੀ। ਸਰਪੰਚ ਨੂੰ ਜਾਪਿਆ ਜਿਵੇਂ ਇਕ ਅੱਧੇ ਦਿਨ ਵਿਚ ਹੀ ਕਰਮੀ ਬਹੁਤ ਵੱਡੀ ਹੋ ਗਈ ਸੀ। ਪੂਰੀ ਔਰਤ। ਇਹ ਗੱਲ ਹੈ ਵੀ ਠੀਕ ਸੀ। ਉਸਦਾ ਕੱਦ ਉਹਦੀ ਮਾਂ ਦੇ ਬਰਾਬਰ ਹੋ ਗਿਆ ਸੀ। ਸਾਰੇ ਅੰਗ ਭਰ ਆਏ ਸਨ। ਰੂਪ ਡੁੱਲ੍ਹ ਡੁੱਲ੍ਹ ਪੈਂਦਾ ਸੀ। ਗੱਲ੍ਹਾਂ ਸੇਬ ਵਾਂਗ ਦਗ ਰਹੀਆਂ ਸਨ। ਉਂਗਲਾਂ ਉਸਨੂੰ ਗੁਆਰੇ ਦੀਆਂ ਨਰਮ ਫਲੀਆਂ ਵਾਂਗ ਲੱਗੀਆਂ। ਅੱਖਾਂ ਮਸ਼ਾਲ ਵਾਂਗ ਦਗ ਰਹੀਆਂ ਸਨ। ਸਿਰ ਦੇ ਵਾਲ ਕਾਲੇ ਸ਼ਾਹ ਸਨ ਜਿਵੇਂ ਕਾਲੀ ਘਨਘੋਰ ਘਟਾ ਛਾਈ ਹੋਵੇ। ਸਰਪੰਚ ਦੇ ਦਿੱਤੇ ਲਾਲ ਸੂਟ ਵਿਚ ਉਹਦਾ ਰੂਪ ਅਠਖੇਲੀਆਂ ਕਰ ਰਿਹਾ ਸੀ। ਜਦ ਉਸਨੇ ਸਰਪੰਚ ਵੱਲ ਤਿਰਛੀ ਨਜ਼ਰ ਨਾਲ ਦੇਖਿਆ ਤਾਂ ਸਰਪੰਚ ਅੰਦਰ ਇਕ ਅਜੀਬ ਜਿਹੀ ਝਰਨਾਹਟ ਛਿੜ ਪਈ। ਉਸ ਦੇ ਲੂ ਕੰਡੇ ਖੜੇ ਹੋ ਗਏ। ਸਰਪੰਚ ਦੀਆਂ ਨਸਾਂ `ਚ ਲਹੂ ਦਾ ਵਹਾਅ ਤੇਜ਼ ਹੋ ਗਿਆ। ਉਸਦੇ ਮੂੰਹੋਂ ਨਿਕਲਿਆਂ “ਬੱਲੇ ਬੱਲੇ।” ਉਸੇ ਵਕਤ  ਸਰਪੰਚ ਮੌਕਾ ਸੰਭਾਲਦਿਆਂ ਬੜੇ ਪਿਆਰ ਨਾਲ ਬੋਲਿਆ- ਕਰਮੀ ! ਕਿਵੇਂ ਆਈ ਐਂ, ਕੰਮ ਐ ਕੋਈ ? ਕੀ ਚਾਹੀਦੈ…ਤੂੰ ਤਾਂ ਕਦੇ, ਕੱਲੀ ਆਈ ਨੀਂ ਸੀ। ਉਹ ਸਹਿਜ ਭਾਅ ਹੀ ਬੋਲ ਪਈ ਮੈਂ ਤਾਏ ਸੀਰੇ ਨੂੰ ਕਹਿਣ ਆਈ ਆਂ, ਸਾਡੀ ਖਾਤਰ ਵੀ ਇਕ ਪੰਡ ਪੱਠਿਆਂ ਦੀ ਲਈ ਆਵੇ, ਅੱਜ ਮੰਮੀ ਨੂੰ ਕੰਮ ਐ, ਉਹ ਨਹੀਂ ਆ ਸਕੇਗੀ। “ਤੂੰ ਆ ਜਾ ਉਰੇ੍ਹ, ਬਹਿ ਜਾ ਕੁਰਸੀ `ਤੇ, ਮੈਂ ਸੀਰੇ ਨੰੁ ਸੱਦ ਕੇ ਆਪੇ ਕਹਿ ਦਿੰਨਾਂ , ਮੈਂ ਤਾਂ ਡਰ ਈ ਗਿਆ ਈ, ਖਬ਼ਰੇ ਕੀ ਗੱਲ ਐ, ਕੁੜੀ ਕਾਹਤੋਂ ਆਈ ਐ। ਤੂੰ ‘ਕੱਲੀ ਨੇ ਕਾਹਨੂੰ ਆਉਣਾ ਸੀ ? ਚੱਲ ਕੋਈ ਨੀਂ ਜੇ ਆ ਈ ਗਈ ਏਂ ਤਾਂ ਡਰ ਕਾਹਦਾ ? ਕਦੇ ਕਦੇ ਇਉਂ ਆਉਣ ਦਾ ਕੋਈ ਹਰਜ਼ ਨੀਂ। ਤੈਨੂੰ ਤਾਂ ਪਤਾ ਈ ਐ, ਮੈਂ ਥੋਡੇ ਪਰਿਵਾਰ ਲਈ ਜਾਨ ਵੀ ਦੇ ਸਕਦਾਂ । ਕਰਮੀਏ! ਥੋਡੇ ਪਰਿਵਾਰ ਤੋਂ ਅਪਣੀ ਕਿਸੇ ਨਾਲ ਆਉਣੀ ਜਾਣੀ ਨਹੀਂ ।”

ਸਰਪੰਚ ਕਰਮੀ ਨੂੰ ਲੋਹੜੇ ਦੀ ਅਪਣੱਤ ਜਿਤਾ ਰਿਹਾ ਸੀ। ਅਪਣੱਤ ਜਿਤਾ ਕੇ ਉਸਨੂੰ ਪ੍ਰਭਾਵਿਤ ਕਰ ਰਿਹਾ ਸੀ। “ ਹਾਂ ਅੰਕਲ ਤੁਸੀਂ ਠੀਕ ਕਹਿੰਦੇ ਓ ।” ਕਰਮੀ ਨੇ ਵੀ ਸਰਪੰਚ ਨੂੰ ਉਸੇ ਲਹਿਜੇ `ਚ ਜੁਆਬ ਦਿੱਤਾ ਸੀ। ਏਸੇ ਸਮੇਂ ਸਰਪੰਚ ਨੇ ਸੀਰੇ ਨੂੰ ਅਵਾਜ਼ ਦਿੱਤੀ “ਸੀਰਿਆ! ਪੱਠਿਆਂ ਦੀ ਇਕ ਪੰਡ ਵੱਧ ਵੱਢ ਦਈਂ ਬੰਤਾ ਸਿਉਂ ਲਈ, ਉਹ ਅੱਜ ਨਹਿਰੋਂ ਪਾਰ ਐ ਨਹੀਂ ਤਾਂ ਆਪੇ ਵੱਢ ਲੈਂਦਾ, ਮਸ਼ੀਨ `ਤੇ ਵੀ ਤੂੰ ਈ ਕੁਤਰ ਦੇਈਂ, ਲੈ ਆਪੇ ਬੰਤਾ ਸਿੳਂੁ ਜਾਊ …ਸੀਰਿਆ! ਗੱਲ ਸੁਣੀ ਕਿ ਨਹੀਂ।” “ਸੁਣੀ ਐ ਸਰਦਾਰ ਜੀ, ਵੱਢ ਦੇਊਂਗਾ।” ਸੀਰਾ ਇਹ ਗੱਲ ਕਹਿ ਕੇ ਅਪਣੇ ਕੰਮ ਵਿਚ ਜੁੱਟ ਗਿਆ ਸੀ। ਕਰਮੀ ਕੁਰਸੀ `ਤੇ ਬੈਠੀ ਸੀ ਘਰਦਿਆਂ ਵਾਂਗ। ਜਦ ਸੀਰੇ ਨੂੰ ਸੁਨੇਹਾ ਲੱਗ ਗਿਆ ਤਾਂ ਕਰਮੀ ਕੁਰਸੀ ਤੋਂ ਉਠ ਕੇ ਘਰ ਜਾਣ ਲੱਗੀ ਤਾਂ ਸਰਪੰਚ ਨੇ ਉਸ ਨੰੁ ਬਾਹੋਂ ਫੜ ਕੇ ਦੁਬਾਰਾ ਕੁਰਸੀ ਵੱਲ ਧੱਕ ਦਿੱਤਾ। ਸਰਪੰਚ ਆਪ ਮੰਜੇ `ਤੇ ਬਹਿ ਗਿਆ। ਗੱਲ ਦੀ ਲੜੀ ਅੱਗੇ ਤੋਰਨ ਲਈ ਸਰਪੰਚ ਨੇ ਕਰਮੀ ਨੂੰ ਪੁੱਛਿਆ- ਹਾਂ ਸੱਚ ਤੇਰੀ ਪੜ੍ਹਾਈ ਕਿਵੇਂ ਚੱਲ ਰਹੀ ਐ, ਕੋਈ ਰੁਕਾਵਟ ਤਾਂ ਨਹੀਂ ਆ ਰਹੀ। ਅੱਗੇ ਬਿਨਾਂ ਗੱਲੋਂ ਹੀ ਤੇਰੀ ਮੰਮੀ ਨੇ ਪੰਮੀ ਨੂੰ ਪੜ੍ਹਨੋਂ ਹਟਾ ਲਿਆ ਸੀ। ਕਿੰਨੀ ਹੁਸਿ਼ਆਰ ਸੀ ਉਹ। ਜੇ ਬਾਰਾਂ ਕਰ ਜਾਂਦੀ, ਮੈਂ ਉਸ ਨੂੰ ਕੋਈ ਨਾ ਕੋਈ ਕੋਰਸ ਕਰਵਾ ਦੇਣਾ ਸੀ। “ਮੇਰੀ ਪੜ੍ਹਾਈ ਤਾਂ ਠੀਕ ਚੱਲ ਰਹੀ ਐ ਅਜੇ ਤੱਕ, ਗਾਂਹ ਕੁਝ ਕਹਿ ਨਹੀਂ ਸਕਦੀ, ਮੰਮੀ ਤਾਂ ਮਰਜ਼ੀ ਕਰਦੀ ਹੰੁਦੀ ਐ ਹਰ ਕੰਮ `ਚ।” ਕਰਮੀ ਦਾ ਉਤਰ ਸੀ। “ਕਰਮੀ ! ਤੂੰ ਨਾ ਹਟੀ ਪੜ੍ਹਨੋਂ, ਅਪਣੀ ਤਾਂ ਘਰ ਦੀ ਗੱਲ ਐ, ਤੂੰ ਦੱਬ ਕੇ ਪੜ੍ਹ ਮੈਂ ਦਿਆਲੋ ਨੂੰ ਵੀ ਕਹਿ ਦੇਊਂ। ਜੇ ਤੂੰ ਪੜੇ੍ਹਗੀਂ ਸਾਰਾ ਖਰਚਾ ਤੇਰਾ ਮੈਂ ਚੁੱਕੂੰ, ਪਰ ਖਰਚੇ ਵਾਲੀ ਗੱਲ ਦਿਆਲੋ ਨੂੰ ਬਿਲਕੁੱਲ ਨਾ ਦੱਸੀਂ। ਬਾਰ੍ਹਵੀਂ ਤੋਂ ਬਾਅਦ ਕੀ ਕਰਨ ਦਾ ਮਨ ਬਣਾਇਆ ਤੂੰ ? ਮੇਰਾ ਖਿ਼ਆਲ ਐ ਨਰਸਿੰਗ ਦਾ ਕੋਰਸ ਕਰ, ਮੌਜਾਂ ਕਰੇਂਗੀ, ਤਿੰਨ ਸਾਲ ਦਾ ਮਸਾਂ ਲੱਖ ਲੱਗੂ, ਸਾਰੇ ਪੈਸੇ ਮੈਂ ਦੇਊਂ ਤੈਨੂੰ। ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਬਾਰ੍ਹਵੀਂ ਕਰਨ ਪਿੱਛੋਂ ਸਿੱਧੀ ਮੇਰੇ ਕੋਲ ਆ ਜਾਵੀਂ ਮੈਂ ਆਪੇ ਸਾਰਾ ਕੁਝ ਕਰੂੰ, ਠੀਕ ਐ।” ਸਰਪੰਚ ਨੇ ਉਹ ਚਾਲ ਚੱਲੀ ਜਿਸ ਵਿਚ ਕਰਮੀ ਫਸ ਗਈ ਸੀ। ਕਰਮੀ ਨੇ ਖੁਸ਼ ਹੰੁਦਿਆਂ ਕਿਹਾ ਸੀ- ਠੀਕ ਐ, ਮੈਂ ਇਵੇਂ ਕਰੂ ਜਿਵੇਂ ਤੁਸੀਂ ਕਹਿੰਦੇ ਓ। ਸਰਪੰਚ ਕਰਮੀ ਦੇ ਹਾਵ-ਭਾਵ ਸਮਝ ਕੇ ਬੋਲਿਆ “ਮੈਂ ਤੈਨੂੰ ਇਕ ਸੂਟ ਦੇਣਾ ਚਾਹੰੁਦਾ ਆਂ, ਦੱਸ ਕਿਹੋ ਜਿਹਾ ਲਵੇਂਗੀ ਮੇਰੇ ਮਨ ਦੀ ਇੱਛਾ ਐ,ਜਵਾਬ ਨਾ ਦੇਈਂ।” ਕਰਮੀ ਨੇ ਬੜੀ ਬੇਬਾਕੀ ਨਾਲ ਕਹਿ ਦਿੱਤਾ- ਜਾਮਣੀ। ਠੀਕ ਐ, ਅੱਜ ਈ ਮਿਲ ਜੂ ਤੈਨੂੰ। ਹੋਰ ਚਾਹੀਦੈ ਕੁਝ …ਕੋਈ ਕੁੜੀਆਂ ਵਾਲਾ ਸਾਮਾਨ। ਕਰਮੀ ਜਦ ਕੁਝ ਨਾ ਬੋਲੀ ਤਾਂ ਸਰਪੰਚ ਨੇ ਉਸ ਨੂੰ ਹੋਰ ਜਾਨਣ ਦੀ ਕੋਸਿ਼ਸ਼ ਕਰਦਿਆਂ ਕਿਹਾ “ਕਰਮੀ ਤੂੰ ਬੋਲਦੀ ਕਿਉਂ ਨੀ …ਕੋਈ ਕੁੜੀਆਂ ਦੇ ਵਰਤਣ ਵਾਲਾ ਸਾਮਾਨ ਚਾਹੀਦੈ-ਕਮਲੀਏ! ਸ਼ਰਮਾਈਦਾ ਨੀਂ ਹੰੁਦਾ …ਦੱਸ ਵੀ ਸਗੋਂ ਤੂੰ ਜ਼ੋਰ ਦੇ ਕੇ ਕਹਿ ਮੈਨੂੰ ਆਹ ਚੀਜ਼ ਚਾਹੀਦੀ ਐ, ਮੈਂ ਤਾਂ ਅੱਜ ਈ ਹਾਜ਼ਰ ਕਰ ਦੂੰ ।” ਪੰਮੀ ਥੋੜ੍ਹਾ ਜਿਹਾ ਸ਼ਰਮਾ ਗਈ, ਚੁੱਪ ਹੋ ਗਈ। ਸਰਪੰਚ ਨੇ ਉਸਦਾ ਗੋਡਾ ਫੜ ਕੇ ਹਲੂਣਿਆ। ਕਰਮੀ ਨੇ ਚੁੱਪ ਤੋੜੀ ਤੁਸੀਂ ਆਪੇ ਈ ਲਿਆ ਦਿਉ, ਜੋ ਲਿਆਉਣਾ ਹੋਇਆ।”   ਸਰਪੰਚ ਨੇ ਸਾਰੀ ਸਥਿਤੀ ਤਾੜ ਲਈ। ਕਰਮੀ ਦੀ ਮਾਸੂਮੀਅਤ ਦਾ ਫਾਇਦਾ ਉਠਾਉਂਦਿਆਂ ਉਹ ਮੰਜ਼ੇ ਤੋਂ ਉਠਿਆ। ਕਰਮੀ ਕੁਰਸੀ `ਤੇ ਅਹਿਲ ਬੈਠੀ ਸੀ, ਸਰਪੰਚ ਨੇ ਪਿਛਲੇ ਪਾਸੇ ਦੀ ਕਰਮੀ ਦੀ ਛਾਤੀ ਤੋਂ ਦੀ ਹੱਥ ਪਾ ਕੇ ਦੋ ਤਿੰਨ ਵਾਰ ਮੂੰਹ ਚੰੁਮ ਲਿਆ। ਕਰਮੀ ਇਕ ਦਮ ਉੱਠ ਕੇ ਜਦ ਖੜੀ ਹੋ ਗਈ ਤਾਂ ਸਰਪੰਚ ਫਿਰ ਝਪਟਿਆ ਅਤੇ ਉਸ ਨੂੰ ਖਿੱਚ ਕੇ ਸੀਨੇ ਨਾਲ ਲਾ ਲਿਆ। ਉਸ ਨੇ ਸਰਪੰਚ ਦੇ ਜੱਕੜ ਜੱਫੇ `ਚੋਂ ਛੁੱਟਣ ਦੀ ਕੋਸਿ਼ਸ਼ ਕੀਤੀ ਪਰ ਸਰਪੰਚ ਦੀਆਂ ਮਜ਼ਬੂਤ ਬਾਹਾਂ ਵਿਚੋਂ ਉਹ ਛੁੱਟ ਨਾ ਸਕੀ। ਸਰਪੰਚ ਮੰਜੇ `ਤੇ ਬਹਿ ਗਿਆ। ਭਾਵੇਂ ਉਹ ਮੰਜੇ `ਤੇ ਬਹਿ ਗਿਆ ਪਰ ਉਸ ਨੇ ਕਰਮੀ ਦੀ ਬਾਂਹ ਨਾ ਛੱਡੀ। ਖਿੱਚ ਕੇ ਮੰਜੇ `ਤੇ ਬਿਠਾ ਲਈ। ਕਰਮੀ ਨੇ ਤਰਲਾ ਕੀਤਾ “ਕੋਈ ਦੇਖ ਲਉ, ਹੁਣ ਜਾਣ ਦਿਓ ਮੈਨੂੰ।” ਸਰਪੰਚ ਨੂੰ ਪਾਸਾ ਸਿੱਧਾ ਪੈਂਦਾ ਦਿਸਿਆ-“ਮੇਰੇ ਕਮਰੇ `ਚ  ਤਾਂ ਚਿੜੀ ਨਹੀਂ ਫੜਕਦੀ, ਬੰਦਾ ਕਿਵੇਂ ਕੋਈ ਅੰਦਰ ਵੜ ਜਾਊ। ਤੂੰ ਥੋੜ੍ਹਾ ਜਿਹਾ ਚਿਰ ਹੋਰ ਬਹਿ ਜਾ …ਨਾਲੇ ਸੁਣ ਚੰਗੀ ਤਰ੍ਹਾਂ ਮੈਂ ਤੈਨੂੰ ਜਾਨ ਦੇ ਦੇੳਂੂ, ਪੈਸੇ ਮੇਰੇ ਲਈ ਕੋਈ ਚੀਜ਼ ਨਹੀਂ। ਮੌਜਾਂ ਕਰਂੇਗੀ ਮੌਜ਼ਾਂ…ਪਰ …ਪਰ।” ਕਰਮੀ ਨੇ ਫਿਰ ਤਰਲਾ ਕੀਤਾ “ਹੁਣ ਜਾਣ ਦਿਓ, ਫਿਰ ਆਊਂ। ਘਰੇ ਮੰਮੀ ਉਡੀਕਦੀ ਹੋਊ।” ਪਰ ਸਰਪੰਚ ਨੇ ਉਸਦੀ ਬਾਂਹ ਨਾ ਛੱਡੀ। ਇਕ ਹੱਥ ਨਾਲ ਉਸ ਨੇ ਕਰਮੀ ਦੀ ਬਾਂਹ ਫੜੀ ਹੋਈ ਸੀ ਅਤੇ ਦੂਜੇ ਹੱਥ ਨਾਲ ਉਹ ਉਸ ਦੇ ਸਰੀਰ `ਤੇ ਹੱਥ ਫੇਰ ਰਿਹਾ ਸੀ, ਕਦੇ ਉਹ ਉਸ ਦੀ ਕਮਰ `ਤੇ ਉਂਗਲਾਂ ਦੇ ਪੋਟੇ ਫੇਰਦਾ, ਕਦੇ ਉਸ ਦੇ ਸਿਰ ਦੇ ਵਾਲਾਂ ਵਿਚ। ਕਦੇ ਮੂੰਹ `ਤੇ, ਕਦੇ ਧੌਣ ਦੇ ਪਿੱਛੇ। ਕਦੇ ਪੇਟ `ਤੇ, ਕਦੇ ਛਾਤੀਆਂ `ਤੇ ਉਗਲਾਂ ਫੇਰੀ ਗਿਆ।

ਸਰਪੰਚ ਨਾਲੋ ਨਾਲ ਕਰਮੀ ਦੇ ਚਿਹਰੇ ਦੀ ਨਿਰਖ ਪਰਖ ਕਰ ਰਿਹਾ ਸੀ। ਕਰਮੀ `ਤੇ ਜਦ ਉਂਗਲਾਂ ਫਿਰਦੀਆਂ ਤਾਂ ਉਸਦੇ ਲੂੰ ਕੰਡੇ ਖੜੇ ਹੋ ਜਾਂਦੇ, ਉਸਦਾ ਸਰੀਰ ਭੱਠੀ `ਚ ਪਏ ਲੋਹੇ ਵਾਂਗ ਤਪਣ ਲੱਗ ਪਿਆ। ਉਸਨੂੰ ਅਜੀਬ ਜਿਹਾ ਆਨੰਦ ਆਉਣ ਲੱਗਾ। ਆਨੰਦ…ਇਸ ਆਨੰਦ ਦਾ ਹੀ ਸਰਪੰਚ ਫਾਇਦਾ ਉਠਾ ਗਿਆ। ਉਸਨੇ ਕਰਮੀ ਨਾਲ ਉਹੀ ਕੁਝ ਕੀਤਾ ਜਿਵੇਂ ਕਦੇ ਦਿਆਲੋ ਨਾਲ ਕੀਤਾ ਸੀ। ਫ਼ਰਕ ਇਹ ਸੀ ਦਿਆਲੋ ਵਿਆਹੀ ਹੋਈ ਸੀ ਪਰ ਕਰਮੀ ਕੁਆਰੀ ਅਤੇ ਅੱਲੜ੍ਹ ਵਰੇਸ ਸੀ। ਕਰਮੀ ਅਜੇ ਕੱਚੀ ਗੰਦਲ ਸੀ। ਉਹ ਲਹੂ ਲੁਹਾਣ ਹੋ ਗਈ। ਕਰਮੀ ਬੁਰੇ ਹਾਲੀਂ ਘਰ ਪਹੰੁਚੀ। ਕੁੜੀ ਦੀ ਭੈੜੀ ਹਾਲਤ ਦੇਖ ਕੇ ਦਿਆਲੋ ਮਿੰਟਾਂ-ਸਕਿੰਟਾਂ ਵਿਚ ਸਾਰਾ ਮਾਜਰਾ ਸਮਝ ਗਈ। ਦਿਆਲੋ ਕੋਈ ਬੱਚੀ ਨਹੀਂ ਸੀ। ਉਸ ਨੇ ਕਰਮੀ ਨੂੰ ਗੁੱਤੋਂ ਫੜ ਕੇ ਚਾਰ ਪੰਜ ਲਫੇੜੇ ਜੜੇ ਅਤੇ ਫਿਰ ਸਰਪੰਚ `ਤੇ ਤਵਾ ਧਰ ਦਿੱਤਾ “ਕੁੱਤੇ ਜੱਟ ਨੇ ਕੀ ਲੋਹੜਾ ਮਾਰਿਆ, ਆਵਦੀ ਧੀ ਨਾਲ ਈ ਖੇਹ ਖਾ ਗਿਆ। ਹਰਾਮਜਾਦਾ! ਬੇਸ਼ਰਮ ਕਿਸੇ ਥਾਂ ਦਾ, ਕਾਹਦੇ ਰਿਸ਼ਤੇ ਰਹਿ ਗਏ ?” ਸਰਪੰਚ ਨੂੰ ਗਾਲ੍ਹਾਂ ਕੱਢਣ ਬਾਅਦ ਦਿਆਲੋ ਨੇ ਗੁੱਸੇ `ਚ ਕਰਮੀ ਕੋਲ ਸਾਰਾ ਭੇਤ ਖੋਲ੍ਹ ਦਿੱਤਾ “ਤੂੰ ਉਸੇ ਕੁੱਤੇ ਜੱਟ ਦੀ ਧੀ ਐਂ-ਸਕੀ ਧੀ-ਹਰਾਮ ਦੀਏ ਤੂੰ ਮਰ ਕਿਉਂ ਨਾ ਗਈ, ਨਾਲੇ ਉਮਰ ਤਾਂ ਦੇਖਦੀ ਉਹਦੀ। ਪਿਓ ਨਾਲ ਖੇਹ ਖਾਂਦੀ ਨੂੰ ਸ਼ਰਮ ਨਾ ਆਈ।” ਕਰਮੀ ਨੇ ਜਦ ਅਪਣੀ ਮੰਮੀ ਦੇ ਮੂੰਹੋਂ ਇਹ ਸੱਚ ਸੁਣਿਆ ਤਾਂ ਉਹ ਵੀ ਹੈਰਾਨ ਹੋ ਗਈ, ਉਸਦੇ ਮਨ ਵਿਚ ਬਿਜਲੀ ਦੇ ਕਰਾਰੇ ਝਟਕੇ ਵਾਂਗ ਇਹ ਗੱਲ ਫਿਰ ਗਈ ਤਾਂ ਫਿਰ ਮੈਂ ਉਸੇ ਦੀ ਧੀ ਸਾਂ ਮੇਰੀਆਂ ਅੱਖਾਂ, ਮੇਰਾ ਚੇਹਰਾ ਸਰਪੰਚ ਵਰਗਾ ਈ ਐ, ਮੇਰੀ ਭੈਣ ਪੰਮੀ ਦਾ ਚੇਹਰਾ ਅਤੇ ਅੱਖਾਂ ਵੀ ਮੇਰੇ ਨਾਲ ਇੰਨ ਬਿੰਨ ਮਿਲਦੀਆਂ ਹਨ ਤਾਂ ਹੀ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ ਕੌਣ ਪੰਮੀ ਐ, ਕੌਣ ਕਰਮੀ। ਕਰਮੀ ਨੂੰ ਇਹ ਮਹਿਸੂਸ ਹੋਣ ਲੱਗਾ ਜਿਵੇਂ ਉਹ ਧਰਤੀ `ਚ ਨਿਘਰਦੀ ਜਾ ਰਹੀ ਹੋਵੇ। ਉਸਦੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਵਹਿ ਤੁਰੇ “ਮੈਂ ਏਹ ਕੀ ਕਰ ਬੈਠੀ …? ਅਪਣੇ ਪਿਓ ਨਾਲ ਹੀ…।” ਕਰਮੀ ਦੇ ਗਸ਼ਾਂ ਪੈ ਪੈ ਜਾਂਦੀਆਂ ਸਨ।

ਦਿਆਲੋ ਨੇ ਟੋਕੇ ਕੋਲੋਂ ਪੱਲੀ ਅਤੇ ਕੰਧ ਵਿਚ ਬਣੇ ਆਲੇ `ਚੋਂ ਦਾਤੀ ਚੁੱਕੀ । ਦਾਤੀ ਉਸਨੇ ਪੱਲੀ `ਚ ਲਪੇਟ ਲਈ ਅਤੇ ਸਰਪੰਚ ਦੀ ਨਿਆਂਈ ਵੱਲ ਹਵਾ ਹੋ ਗਈ। ਸਰਪੰਚ ਕਮਰੇ ਵਿਚ ਨਿੱਸਲ ਹੋਇਆ ਪਿਆ ਸੀ। ਦਿਆਲੋ ਸ਼ਹਿ ਕੇ ਅੰਦਰ ਵੜੀ, ਦਾਤੀ ਕੱਢੀ ਅਤੇ ਸਰਪੰਚ `ਤੇ ਹੱਲਾ ਬੋਲ ਦਿੱਤਾ। ਦਾਤੀ ਦਾ ਵਾਰ ਢਿੱਡ ਵਾਲੇ ਪਾਸੇ ਸੀ ਪਰ ਜ਼ਖਮ ਦੋ ਇੰਚ ਤੋਂ ਵੱਧ ਨਾ ਹੋ ਸਕਿਆ। ਸਰਪੰਚ ਨੇ ਦਿਆਲੋ ਨੂੰ ਪੂਰੇ ਜ਼ੋਰ ਦੀ ਧੱਕਾ ਮਾਰਕੇ ਕੰਧ ਨਾਲ ਪਟਕਾ ਦਿੱਤਾ। ਉਸ ਦੇ ਡਿੱਗਦਿਆਂ ਡਿੱਗਦਿਆਂ ਸਰਪੰਚ ਨੇ ਦਿਆਲੋ ਤੋਂ ਦਾਤੀ ਖੋਹ ਲਈ। ਦਿਆਲੋ ਜ਼ਖਮੀ ਸ਼ੀਹਣੀ ਵਾਂਗ ਗੁਰ-ਰਾਉਣ ਲੱਗ ਪਈ-“ਕੁੱਤਿਆ ਜੱਟਾ ਤੈਨੂੰ ਸ਼ਰਮ ਨਾ ਆਈ, ਉਹ ਤੇਰੀ ਸਕੀ ਧੀ ਐ ਸਕੀ। ਤੂੰ ਐਨਾ ਗਰਕ ਗਿਆ ਐਂ, ਅਪਣੀ ਧੀ ਨਾਲ ਈ ਖੇਹ ਖਾ ਲਈ, ਕਿੱਥੇ ਭਰੇਂਗਾ ਤੂੰ ? ਕੀੜੇ ਪੈਣਗੇ ਤੇਰੇ ਕੀੜੇ। ਵਿਹੜੇ `ਚ ਹੋਰ ਮਜਬਣਾਂ ਥੋੜੀ੍ਹਆਂ ਫਿਰਦੀਐਂ। ਜੇ ਖੇਹ ਖਾਣੀ ਸੀ ਉਹਨਾਂ ਨਾਲ ਖਾਹ ਲੈਂਦਾ। ਤੈਨੂੰ ਸਬਕ ਸਿਖਾਊਂ ਮੈਂ-ਚੱਲੀ ਆਂ ਥਾਣੇ, ਪੁਲਸ ਲਿਆਉਂ- ਤੇਰੀ ਸਰਪੰਚੀ ਨਾ ਘੋਲੀ ਤਾਂ ਕਹਿ ਦੇਈਂ, ਤੇਰੀ ਮੁੱਛ ਹੁਣ ਖੜੀ ਨਾ ਰਹਿਣ ਦੇਉਂਗੀ ।” ਗਾਲ੍ਹਾਂ ਦਿੰਦੀ ਦਿਆਲੋ ਘਰ ਵਾਪਸ ਆ ਗਈ ਸੀ। ਪਰ ਉਹ ਥਾਣੇ ਨਹੀਂ ਗਈ, ਜੇ ਉਹ ਪੁਲਸ ਲੈ ਵੀ ਆਉਂਦੀ ਤਾਂ ਮਿੱਟੀ ਦਿਆਲੋ ਦੀ ਹੀ ਪੱਟੀ ਜਾਣੀ ਸੀ। ਇਹ ਸੋਚ ਕੇ ਉਸ ਨੇ ਥਾਣੇ ਜਾਣ ਦਾ ਖਿ਼ਆਲ ਛੱਡ ਦਿੱਤਾ। ਦਿਆਲੋ ਨੂੰ ਸਬਰ ਕਰਨਾ ਪਿਆ ਪਰ ਉਸ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ। ਹਰ ਸਮੇਂ ਚਿੰਤਾ ਵੱਢ ਵੱਢ ਖਾਂਦੀ। ਪਈ ਪਈ ਸੋਚਦੀ …ਕੀ ਭਰੋਸਾ ਕਰ ਲਊ ਕੋਈ ਕਿਸੇ `ਤੇ, ਪਤਾ ਨੀਂ ਕਿੱਥੇ ਕੀਹਦੇ ਨਾਲ ਧੱਕਾ ਹੋ ਜਾਵੇ। ਮਰਦ…ਮਰਦਾਂ `ਤੇ ਹੁਣ ਭਰੋਸਾ ਨੀਂ ਰਿਹਾ। ਏਹ ਆਪਣੀਆਂ ਧੀਆਂ `ਤੇ ਵੀ ਵਾਰ ਕਰਨ ਲੱਗ ਪਏ। ਦਿਆਲੋ ਨੇ ਸੋਚਿਆ ਕੀ ਸੀ, ਹੋ ਕੀ ਗਿਆ। ਦਿਆਲੋ ਦੀ ਪ੍ਰਬਲ ਇੱਛਾ ਸੀ ਉਹ ਕੁੜੀਆਂ ਨੂੰ ਪੜ੍ਹਾਏਗੀ-ਲਿਖਾਏਗੀ, ਉਹਨਾਂ ਲਈ ਚੰਗੇ ਮੰੁਡੇ ਲੱਭੇਗੀ। ਕਦੇ ਕਦੇ ਉਹ ਸਰਪੰਚ ਨੂੰ ਕਹਿ ਵੀ ਦਿੰਦੀ ਆਪਾਂ ਪੰਮੀ, ਕਰਮੀ ਲਈ ਜੱਟਾਂ ਦੇ ਮੰੁਡੇ ਲੱਭਣੇ ਆਂ …ਪਰ ਦਿਆਲ ਕੌਰ ਦੀਆਂ ਇਹ ਸਭ ਸੱਧਰਾਂ ਮਿੱਟੀ `ਚ ਮਿਲ ਗਈਆਂ। ਜੋ ਉਸਨੇ ਸੋਚਿਆ ਸੀ ਸਭ ਉਲਟ ਪੁਲਟ ਹੋ ਗਿਆ। ਗੁਲਕੰਦ ਗੋਬਰ ਬਣ ਗਈ। ਦਿਆਲੋ ਦੀ ਸੋਚ ਦੀ ਸੂਈ ਘੰੁਮਦੀ-ਘੰੁਮਦੀ ਫਿਰ ਉਥੇ ਆ ਟਿਕੀ। ਔਂਤਰਾ ਵੇਲਾ ਕਿੰਨਾ ਮਾੜਾ ਆ ਗਿਐ, ਕਿਸੇ `ਤੇ ਕੋਈ ਇਤਬਾਰ ਨੀ ਰਿਹਾ। ਨਾ ਕੋਈ ਭੈਣ ਨਾ ਭਰਾ, ਬੇੜਾ ਗਰਕ ਗਿਆ ਦੁਨੀਆ ਦਾ। ਹੁਣ ਉਸ ਨੂੰ ਬੰਤੇ `ਤੇ ਵੀ ਕੋਈ ਵਿਸ਼ਵਾਸ਼ ਨਹੀਂ ਰਿਹਾ ਸੀ- ਏਹ ਕਿਹੜਾ ਏਹਦੀਆਂ ਧੀਆਂ, ਜਦ ਧੀਆਂ ਵਾਲੇ ਨੇ ਏਹਨਾਂ ਨੂੰ ਧੀਆਂ ਨੀਂ ਸਮਝਿਆ, ਦੂਜਾ ਹੋਰ ਕੌਣ ਸਮਝੂ ? ਜੱਟਾਂ ਦੇ ਤਾਂ ਸਾਰੇ ਮੰੁਡੇ ਠਰਕੇ ਫਿਰਦੇ…ਕੀ ਨਿੱਕਾ ਕੀ ਵੱਡਾ। ਹੁਣ ਤਾਂ ਧੌਲ ਦਾੜੀ੍ਹਏ ਹਲਕੇ ਫਿਰਦੇ…ਔਂਤ ਜਾਣਾ ਬਖਤੌਰਾ ਮੂੰਹ `ਤੇ ਚਿੱਟੀ ਦਾੜ੍ਹੀ ਐ, ਸਿਵਿਆਂ `ਚ ਲੱਤਾਂ ਐ, ਧੀਆਂ ਪੁੱਤਾਂ ਵਾਲਾ ਐ …ਕਹੂ…ਛੱਡ ਸਰਪੰਚ ਨੂੰ …ਮੈਂ ਉਸ ਤੋਂ ਵੱਧ ਕੰਮ ਆਊਂ ਅਜ਼ਮਾ ਕੇ ਤਾਂ ਦੇਖ, ਸਹੂੰ ਗੁਰੁ ਦੀ ਨੋਟ ਈ ਵਾਰੀ ਜਾਊਂ, ਪੌਂ ਬਾਰਾਂ ਕਰ ਦੂੰ। ਗਾਲ੍ਹਾਂ ਵੀ ਲੈ ਕੇ ਝੰਡ ਵੀ ਕਰਵਾ ਕੇ ਰਾਹ ਵਲਣੋਂ ਨੀਂ ਹਟਿਆ। ਆਹ ਨਖਸਮੀਆਂ ਚੂੜ੍ਹੀਆਂ, ਏਹ ਕਿਹੜਾ ਘੱਟ ਐ , ਜੋ ਵੀ ਲੱਲੀ ਵੱਲੀ ਮਿਲ ਜੇ ,ਉਸੇ ਨਾਲ ਖੇਹ ਖਾਂ ਲੈਂਦੀਆਂ, ਬੇਸ਼ਰਮਾਂ ਨਾ ਹੋਣ ਕਿਸੇ ਥਾਂ ਦੀਆਂ, ਨਾ ਏਹਨਾਂ ਨੂੰ ਅਕਲ ਆਉਣੀ ਐ ਨਾ ਮੌਤ। ਪਰ …ਪਰ ਇਹ ਵੀ ਕੀ ਕਰਨ, ਏਹਨਾਂ ਦੇ ਖਸਮ ਵੇਹਲੀਆਂ ਚਰਨ ਗਿੱਝੇ ਐ, ਜਨਾਨੀਆਂ ਸਹਾਰੇ ਮੌਜਾਂ ਕਰਦੇ…ਔਂਤਰੇ। ਸਾਰੇ ਆਥਣੇ ਦਾਰੂ ਭਾਲਣਗੇ, ਸਵੇਰੇ ਭੁੱਕੀ ਡੋਡੇ ਨਸ਼ੇ ਖਾਂਦੇ…ਨਸ਼ੇ ਕਿੱਥੋਂ ਆਉਣ ? ਕੋਲ ਖੋਟਾ ਧੇਲਾ ਨੀਂ ਹੰੁਦਾ, ਪੈਸੇ ਤੀਵੀਆਂ ਲਿਆਉਣ ਕਮਾ ਕੇ …ਕਿਤੋਂ ਲਿਆਉਣ ਭਾਵੇਂ ਜੱਟਾਂ ਦੇ ਹੇਠਾਂ ਪੈ ਕੇ ਲਿਆਉਣ …ਨਖਸਮੇ ਪੈਸੇ ਤੀਵੀਆਂ ਤੋਂ ਭਾਲਣਗੇ। ਨਸ਼ੇ ਵੀ ਤੀਵੀਆਂ ਦੇਣ, ਬੱਚਿਆਂ ਦਾ ਢੇਰ ਵੀ ਤੀਵੀਆਂ ਪਾਲਣ। ਗੰਦ ਤਾਂ ਪਾਇਆ ਏਹਨਾਂ ਮਰਦਾਂ ਨੇ ਜਨਾਨੀਆਂ ਕੀ ਕਰਨ ? ਖੇਹ ਨਾ ਖਾਣ ਤਾਂ ਹੋਰ ਕੀ ਕਰਨ ? ਥੂ…ਐ…ਏਹੋ ਜੇਹੀ ਮਰਦ ਜਾਤ `ਤੇ। ਗਰਕ ਕਿਉਂ ਨਹੀਂ ਜਾਂਦੇ ਇਹ ਮਰਦ। ਦਿਆਲੋ ਸਾਰਾ ਦੋਸ਼ ਵੇਹੜੇ ਦੇ ਮਰਦਾਂ ਉਪਰ ਥੋਪਦੀ ਸੀ। ਦਿਆਲੋ ਨੂੰ ਹੁਣ ਕਾਹਲ ਸੀ ਕਿ ਉਹ ਜਲਦੀ ਤੋਂ ਜਲਦੀ ਕਰਮੀ ਨੂੰ ਅਗਲੇ ਘਰ ਤੋਰ ਦੇਵੇ। ਉਸ ਨੇ ਵਿਹੜੇ ਦੀਆਂ ਕਈ ਔਰਤਾਂ ਅਤੇ ਮਰਦਾਂ ਨੂੰ ਕਰਮੀ ਬਾਰੇ ਦੱਸ ਪਾਉਣ ਲਈ ਕਹਿ ਛੱਡਿਆ ਸੀ।

ਚਾਰ ਪੰਜ ਮਹੀਨੇ ਹੀ ਲੰਘੇ ਹੋਣਗੇ। ਦਿਆਲੋ ਦੇ ਇਕ ਗੁਆਂਢੀ ਨੇ ਕਰਮੋ ਦੇ ਰਿਸ਼ਤੇ ਲਈ ਦੱਸ ਪਾ ਦਿੱਤੀ। ਪਿੰਡ ਰਣੀਆ ਸੀ। ਦਿਆਲੋ ਨੇ ਕੋਈ ਪੁੱਛ ਪੜਤਾਲ ਨਾ ਕੀਤੀ। ਉਸ ਨੇ ਸਮਾਂ ਸੰਭਾਲਿਆ। ਉਸੇ ਵਕਤ ਕਰਮੀ ਦਾ ਰਿਸ਼ਤਾ ਰਣੀਏ ਕਰ ਦਿੱਤਾ। ਦੋ ਹਫਤਿਆਂ `ਚ ਵਿਆਹ ਕਰਕੇ ਦਿਆਲੋ ਨੇ ਕਰਮੀ ਨੂੰ ਤੋਰ ਦਿੱਤਾ ਸੀ। ਇਹ ਵਿਆਹ ਨਹੀਂ, ਨਰੜ ਸੀ। ਇਹ ਵਿਆਹ ਨਹੀਂ ਦੇਸ਼ ਨਿਕਾਲਾ ਸੀ। ਪਰ …ਦਿਆਲੋ ਖੁਸ਼ ਸੀ। ਉਸਦੇ ਸਿਰੋਂ ਭਾਰ ਲਹਿ ਗਿਆ। ਦਿਆਲੋ ਖੁਸ਼ ਸੀ…ਕਿ ਉਸਦੀ ਇੱਜ਼ਤ ਰਹਿ ਗਈ…।

……………

ਪੰਮੀ ਜਦ ਤੋਂ ਇੱਥੇ ਵਿਆਹ ਕੇ ਆਈ ਸੀ। ਉਹ ਪੂਰੇ ਜ਼ਾਬਤੇ ਵਿਚ ਰਹਿੰਦੀ ਸੀ। ਉਹ ਤਾਂ ਉਦੋਂ ਵੀ ਡੋਲੀ ਨਹੀਂ ਸੀ ਜਦ ਉਹ ਅੰਦਰੇ ਅੰਦਰ ਗੁਰਨੈਬ ਨੂੰ ਅਥਾਹ ਪਿਆਰ ਕਰਦੀ ਸੀ। ਉਸ ਨੇ ਅਪਣੀਆਂ ਸਭ ਇਛਾਵਾਂ, ਮਨੋਕਾਮਨਾਵਾਂ ਦਿਲ `ਚ ਹੀ ਦਫਨਾ ਦਿੱਤੀਆਂ ਸਨ। ਜਦ ਕਦੇ ਯਾਦਾਂ ਫਨੀਅਰ ਨਾਗ ਵਾਂਗ ਸਿਰ ਚੁੱਕਦੀਆਂ ਸਨ, ਉਹ ਉਦੋਂ ਹੀ ਉਹਨਾਂ ਦੀ ਸਿਰੀ ਫੇਹ ਦਿੰਦੀ ਸੀ। ਇੱਥੇ ਆ ਕੇ ਵੀ ਉਸ ਨੇ ਕਿਸੇ ਵੀ ਜੱਟਾਂ ਦੇ ਮੰੁਡੇ ਨੂੰ ਫ਼ਨ ਨਹੀਂ ਚੁੱਕਣ ਦਿੱਤਾ ਸੀ, ਜੇਕਰ ਕੋਈ ਫ਼ੁੰਕਾਰਾ ਮਾਰਦਾ ਵੀ ਤਾਂ ਪੰਮੀ ਉਸਦੇ ਫੰੁਕਾਰੇ ਨੂੰ ਜੁੱਤੀ ਨਾਲ ਨੱਪ ਦਿੰਦੀ ਸੀ। ਪੰਮੀ ਅੱਗੇ ਕੋਈ ਖੰਘ ਨਹੀਂ ਸਕਦਾ ਸੀ ਪੰਮੀ ਦੀ ਗੁਆਂਢਣ ਬਿੰਦਰੀ ਜੋ ਪੰਮੀ ਦੀ ਜੇਠਾਣੀ ਲੱਗਦੀ ਸੀ, ਉਸ ਨੇ ਕਈ ਵਾਰ ਪੰਮੀ ਨੂੰ ਭਰਮਾਉਣ ਦੀ ਕੋਸਿ਼ਸ਼ ਕੀਤੀ ਸੀ। ਅਸਲ ਵਿਚ ਉਹ ਠੇਕੇਦਾਰਾਂ ਦੇ ਜਿੰਦਰ ਲਈ ਵਿਚੋਲਗਿਰੀ ਕਰਨਾ ਚਾਹੰੁਦੀ ਸੀ। ਬਿੰਦਰੀ ਆਪ ਵੀ ਬਾਹਰ ਅੰਦਰ ਤੁਰੀ ਫਿਰਦੀ ਸੀ। ਜੱਟਾਂ  ਦੇ ਕਈ ਮੰੁਡਿਆਂ ਕੋਲ ਉਹਦਾ ਆਉਣ ਜਾਣ ਸੀ। ਉਹ ਡਰਾਈਵਰਾਂ ਕੰਡਕਟਰਾਂ ਕੋਲ ਵੀ ਆਉਂਦੀ ਜਾਂਦੀ ਸੀ। ਹਰ ਸਮੇਂ ਟੌਹਰ ਕੱਢ ਕੇ ਰੱਖਦੀ। ਬਿੰਦੀ ਸੁਰਖੀ ਕਦੇ ਖੰੁਝਣ ਨਾ ਦਿੰਦੀ। ਸੇਲ੍ਹੀਆਂ ਤਿੱਖੀਆਂ ਕਰਕੇ ਰੱਖਦੀ, ਟੇਢਾ ਚੀਰ ਕੱਢਦੀ। ਚੰਗੇ ਕੱਪੜੇ ਪਾਉਂਦੀ ਬਣ ਠਣ ਕੇ ਰਹਿੰਦੀ। ਖਚਰਾ ਹਾਸਾ ਹੱਸਦੀ। ਜੀਹਨੂੰ ਪੱਟਣਾ ਹੰੁਦਾ ਉਸ ਵੱਲ ਤਿਰਛੀ ਨਜ਼ਰ ਨਾਲ ਦੇਖਦੀ। ਥੋੜ੍ਹਾ ਜਿਹਾ ਮੁਸਕਰਾਉਂਦੀ। ਰੰਗ ਤਾਂ ਉਸ ਦਾ ਸਾਂਵਲਾ ਸੀ ਪਰ ਨੈਣ ਨਕਸ਼ ਕਾਮੁਕ ਸਨ। ਉਹ ਆਪਣੇ ਪਤੀ ‘ਦੇਵ’ ਦੀ ਘੱਟ ਵਧ ਹੀ ਪ੍ਰਵਾਹ ਕਰਦੀ। ਦੇਵ ਨੇ ਉਸਦਾ ਰੱਸਾ ਲਾਹਿਆ ਹੋਇਆ ਸੀ। ਵੇਹੜੇ ਦੇ ਲੋਕ ਹੀ ਨਹੀਂ ਪਿੰਡ ਦੇ ਲੋਕ ਉਸ ਨੂੰ ਰ੍ਹਿਆ-ਢਾਂਡੀ ਕਹਿੰਦੇ। ਬਿੰਦਰੀ ਦੇ ਜਿੰਦਰ ਨਾਲ ਕਈ ਵਰ੍ਹਿਆਂ ਤੋਂ ਨਜ਼ਾਇਜ਼ ਸਬੰਧ ਸਨ। ਉਹ ਉਸ ਕੋਲੋਂ ਅਕਸਰ ਅੜੇ-ਥੁੜੇ੍ਹ ਅਪਣੀਆਂ ਲੋੜਾਂ ਪੂਰੀਆਂ ਕਰਦੀ ਪਰ ਜਿੰਦਰ ਬਿੰਦਰੀ ਨੂੰ ਪੌੜੀ ਬਣਾ ਕੇ ਹੋਰ ਅਗਾਂਹ ਵਧਣਾ ਚਾਹੰੁਦਾ ਸੀ।

ਉਹ ਬਿੰਦਰੀ ਤੋਂ ਅੱਕਿਆ ਪਿਆ ਸੀ। ਕਦੇ ਕਦੇ ਉਸ ਨੂੰ ਬਿੰਦਰੀ `ਚੋਂ ਹਮਕ ਆਉਂਦੀ, ਬੂ ਮਾਰਦੀ। ਉਹ ਬਿੰਦਰੀ ਰਾਹੀਂ ਟੀਸੀ ਦਾ ਬੇਰ ਤੋੜਨਾ ਚਾਹੰੁਦਾ ਸੀ। ਇਸ ਕਰਕੇ ਹੀ ਉਹ ਬਿੰਦਰੀ ਨੂੰ ਕਈ ਕਿਸਮ ਦੇ ਲਾਲਚ ਦਿੰਦਾ ਰਹਿੰਦਾ ਸੀ। ਉਹ ਕਈ ਵਾਰ ਬਿੰਦਰੀ ਨੂੰ ਕਹਿ ਚੁੱਕਾ ਸੀ ਤੂੰ ਮੇਰੀ ਯਾਰੀ ਗੁਰੇ ਦੀ ਘਰ ਆਲੀ ਨਾਲ ਪੁਆ ਦੇ …ਜੋ ਮਰਜ਼ੀ ਲੈ ਲਈਂ…ਕੀ ਨਾਂ ਐ ਉਹਦਾ …ਪੰਮੀ…ਪੰਮੀ ਮੇਰਾ ਤਾਂ ਉਹ ਸਾਰਾ ਚੈਨ ਲੁੱਟ ਕੇ ਲੈ ਗਈ ਐ ਜਿੱਦਣ ਦਾ ਉਹਨੰੁ ਦੇਖਿਆ। ਤੀਵੀਂ ਕਾਹਦੀ ਐ ਉਹ। ਉਹ ਤਾਂ ਅੱਗ ਦੀ ਲਾਟ ਐ, ਸਾੜ ਦਿੱਤਾ ਐ ਉਹਨੇ ਮੈਨੂੰ।” ਬਿੰਦਰੀ ਜਿੰਦਰ ਦੀਆਂ ਭਾਵਨਾਵਾਂ ਸਮਝਦੀ ਸੀ। ਬਿੰਦਰੀ ਘੱਟ ਨਹੀਂ ਸੀ, ਉਹ ਵੀ ਬਾਰਾਂ ਪੱਤਣਾ ਦੀ ਤਾਰੂ ਸੀ। ਉਸ ਨੂੰ ਪਤਾ ਸੀ ਜੇ ਮੈਂ ਅਜਿਹਾ ਕਰਨੋਂ ਉਸ ਨੂੰ ਜੁਆਬ ਦੇ ਦਿੱਤਾ ਤਾਂ ਉਸ ਨੇ ਮੇਰੇ ਨਾਲੋਂ ਨਾਤਾ ਤੋੜ ਲੈਣਾ ਐ, ਜੇ ਉਹਦੇ ਨਾਲੋਂ ਨਾਤਾ ਟੁੱਟ ਗਿਆ ਤਾਂ ਫਿਰ ਉਸ ਨੇ ਕਦੇ ਮੇਰੀ ਮਦਦ ਨਹੀਂ ਕਰਨੀ। ਬਿੰਦਰੀ ਨੇ ਜਿੰਦਰ ਕੋਲ ਪੱਤਾ ਖੇਡਿਆ ਸੀ-ਜੇ ਮੈਂ ਤੈਨੂੰ ਪੰਮੀ ਮਿਲਾ ਦਿਆਂ ਫਿਰ ਮੈਨੂੰ ਤੂੰ ਕੀ ਦੇਵੇਗਾਂ। “ਜੇ ਤੂੰ ਇਹ ਕੰਮ ਕਰ ਦੇਂ …ਮੈਂ ਤੈਨੂੰ ਇਕ ਕਮਰਾ ਪੁਆ ਦੂੰ ਜਾਂ ਪੰਜਾਹ ਹਜ਼ਾਰ ਲੈ ਲਈ ਜਿੱਥੇ ਮਰਜ਼ੀ ਵਰਤ ਲਈਂ ਅੜੇ ਥੁੜ੍ਹੇ ਪਹਿਲਾਂ ਵਾਂਗ ਮੱਦਦ ਵੀ ਕਰਦਾ ਰਹੂੰ …ਨਾਲੇ ਲੋਕਾਂ ਨੂੰ ਸ਼ੱਕ ਨਾ ਹੋਊ …ਹੁਣ ਤੂੰ ਕੱਲੀ ਆਉਨੀਂ ਐ ਫਿਰ ਦੋਨੋਂ ਆ ਜਾਇਆ ਕਰਿਓ। ਬਿੰਦਰੀਏ! ਕਿਸੇ ਮੰੁਡੇ ਉਹਨੰੁ ਪੱਟ ਲੈਣਾ ਐ, ਉਹ ਐਨੀ ਸੋਹਣੀ ਤੀਵੀਂ ਐ ਕੀਹਨੇ ਛੱਡਣੀ ਐ, ਨਾਲੇ ਗੁਰਾ ਤਾਂ ਭੁੱਖਾ ਮਰਦੈ …ਉਹ ਤਾਂ ਨੰਗ ਐ, ਉਹਦੇ ਪੱਲੇ ਤਾਂ ਕਾਣੀ ਕੌਡੀ ਵੀ ਨਹੀਂ …ਮੈਂ ਤੈਨੂੰ ਸੱਚ ਦੱਸਦਾਂ, ਉਹਦੇ ਪਿੱਛੇ ਪਿੰਡ ਦੀ ਮੰੁਡੀਰ ਫਿਰਦੀ ਐ, ਅੱਜ ਨਹੀਂ ਤਾਂ ਕੱਲ੍ਹ ਫਸ ਉਹਨੇ ਜਾਣਾ ਐ…ਜੇ ਆਪਾਂ ਪਹਿਲ ਕਰਾਂਗੇ ਤਾਂ ਅਪਣੇ ਨਾਲ ਜੁੜਜੂ, ਜੇ ਕੋਈ ਹੋਰ ਕਰ ਗਿਆ ਤਾਂ ਉਹਦੀ ਬਣਜੂ …ਕਰ ਹਿੰਮਤ, ਵੇਲਾ ਨਾ ਟਪਾ, ਵੇਲਾ ਹੱਥੋਂ ਖਿਸਕੀ ਜਾਂਦੈ।” ਜਿੰਦਰ ਨੇ ਭਿੰਦਰੀ ਨੂੰ ਹਲੂਣਿਆ। ਜਿੰਦਰ ਨੂੰ ਭਿੰਦਰੀ ਦੀ ਨਬਜ਼ ਫੜਨੀ ਆਉਂਦੀ ਸੀ। ਨਬਜ਼ ਫੜ ਕੇ ਹੀ ਉਸ ਨੇ ਨਰਦ ਖੇਡੀ ਸੀ। ਨਰਦ ਭਾਵੇਂ ਜਿੰਦਰ ਨੇ ਖੇਡੀ ਸੀ ਪਰ ਪੰਮੀ ਦੇ ਵਿਆਹ ਹੋਇਆਂ ਚਾਰ ਸਾਲ ਹੋ ਗਏ ਸਨ। ਭੁੱਖ ਨੰਗ ਹੰਢਾ ਲਈ ਪਰ ਉਹ ਕਿਸੇ ਦੇ ਪੰਜੇ ਵਿਚ ਨਹੀਂ ਫਸੀ ਸੀ। ਬਿੰਦਰੀ ਪੰਮੀ ਨੂੰ ਜਦ ਵੀ ਮਿਲਦੀ, ਅਕਸਰ ਇਹ ਸੁਝਾਅ ਦਿੰਦੀ- ਦਿਨੇ ਰਾਤ ਭੁੱਖੀ ਮਰਦੀ ਐਂ, ਜੁਆਕ ਅੱਡ ਭੁੱਖ ਨਾਲ ਵਿਲਕਦੇ ਨੇ…ਚੱਲ ਮਿਲਾਵਾਂ ਜਿੰਦਰ ਨੂੰ, ਕਰਾਵਾਂ ਗੱਲ ਉਹਦੇ ਨਾਲ। ਮੌਜਾਂ ਕਰੇਗੀ ਮੌਜਾਂ। ਇਹ ਰੂਪ ਸਦਾ ਨਹੀਂ ਰਹਿਣਾ ਪੰਮੀ! ਇਹ ਤਾਂ ਢਲਦਾ ਪਰਛਾਵਾਂ ਐ, ਤੇਰੇ ਰੰਗ ਰੂਪ `ਤੇ ਮਰਦੇ ਨੇ ਸਾਰੇ ਪਿੰਡ ਦੇ ਮੰੁਡੇ। ਜਦ ਇਹ ਨਾ ਰਿਹਾ ਤਾਂ ਕਿਸੇ ਨੇ ਢੂਈ ਨੀਂ ਮਾਰਨੀ। ਏਸ ਰੂਪ ਨੂੰ ਕੀ ਚੱਟਣੈਂ? ਹੁਣ ਇਹ ਕੰਮ ਆਉਂਦੈ, ਕੰਮ ਲੈ ਲਾ ਏਹਤੋਂ …ਇਹ ਜਿੰਦਰ ਤੇਰੇ `ਤੇ ਜਾਨ ਡੋਲ੍ਹਦੈ…ਤੇਰੇ `ਤੇ ਮਰਦੈ, ਦੇਖ ਲੀਂ ਹੱਥੀਂ ਛਾਵਾਂ ਕਰੂ ਤੈਨੂੰ। ਇਕ ਵਾਰ ਮਿਲ ਕੇ ਤਾਂ ਦੇਖ। ਪੈਸੇ ਵਾਲਾ ਐ। ਦਸ ਵੀਹ ਹਜ਼ਾਰ ਤਾਂ ਉਹ ਬੈਠਾ ਖਰਚ ਦਿੰਦੈ …ਪੈਸੇ ਤੇਰੇ ਤੋਂ ਵਾਰਿਆ ਕਰੂ ਤੂੰ ਹਾਂ ਕਹਿ ਸਹੀ।” ਜਿਵੇਂ ਜਿਵੇਂ ਉਹ ਜਿੰਦਰ ਦੇ ਪੁਲ ਬੰਨ੍ਹ ਰਹੀ ਸੀ, ਉਵੇਂ ਉਵੇਂ ਪੰਮੀ ਨੂੰ ਗੁੱਸਾ ਆ ਰਿਹਾ ਸੀ। ਪੰਮੀ ਨੇ ਬਿੰਦਰੀ ਦੇ ਮੂੰਹ `ਤੇ ਮਾਰਦਿਆਂ ਕਿਹਾ “ ਨਾ ਭੈਣੇ , ਇਹ ਸੌਦਾ ਮੈਨੰੁ ਨਹੀਂ ਪੁੱਗਦਾ। ਇਹ ਇੱਜ਼ਤ ਲੱਖੀਂ ਨਾ ਹਜ਼ਾਰੀਂ। ਭੁੱਖੇ ਨੰਗੇ ਈ ਚੰਗੇ ਆਂ। ਘੱਟ ਖਾ ਲਾਂਗੇ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲਾਂਗੇ ਪਰ ਏਸ ਰਾਹ ਨੀਂ ਪੈਣਾ- ਤਬਾਹ ਨਾ ਕਿਸੇ ਨੂੰ ਕਰਨੈ ਨਾ ਹੋਣਾ ਐ। ਤੂੰ ਆਵਦੇ ਸੁਝਾਅ ਆਵਦੇ ਕੋਲ ਹੀ ਰੱਖ। ਮੈਨੂੰ ਪਤੈ ਮੈਂ ਕਿਵੇਂ ਜੀਊਣੈ, ਕਿਵੇਂ ਜਿ਼ੰਦਗੀ ਕੱਟਣੀ ਐ।”

ਉਮਰੋਂ ਭਾਵੇਂ ਪੰਮੀ ਕਾਫੀ ਛੋਟੀ ਸੀ ਪਰ ਸਿਆਣਪ ਪੱਖੋਂ ਉਹ ਉਮਰ ਤੋਂ ਕਾਫੀ ਵੱਡੀ ਸੀ। ਉਸ ਨੂੰ ਅਪਣੇ ਚੰਗੇ ਮਾੜੇ ਦਾ ਪਤਾ ਸੀ। ਬਿੰਦਰੀ ਨੇ ਨੱਕ ਉਤਾਂਹ ਚੜਾ੍ਹਇਆ ਅਤੇ ਤੁਰ ਪਈ। ਉਹ ਅਪਣੇ ਆਪ ਨਾਲ ਗੱਲਾਂ ਕਰਦੀ ਕਹਿ ਰਹੀ ਸੀ, “ਥੋੜ੍ਹੇ ਦਿਨ ਈ ਚੱਲੂ ਆਕੜ, ਦੇਖੂੰਗੀ ਤੈਨੂੰ ਰੱਜ ਕੇ ਖਾਂਦੀ ਨੂੰ …ਅੱਜ ਨਹੀਂ ਤਾਂ ਕੱਲ੍ਹ …ਜੇ ਤੂੰ ਇਹ ਰਾਹ ਨਾ ਬਦਲਿਆ ਤਾਂ ਮੈਨੂੰ ਬਿੰਦਰੀ ਨਾ ਕਹੀਂ …ਅਖੇ ਗਧੇ ਨੂੰ ਦੇਣ ਲੱਗੇ ਲੂਣ ਤਾਂ ਅੱਗੋਂ ਕਹਿੰਦੈ ਮੇਰੇ ਕੰਨ ਪੱਟਦੇ ਐ, ਏਥੇ ਕਹਿੰਦੀਆਂ ਕਹਾਉਦੀਆਂ ਇਕ ਨਹੀਂ ਹਜ਼ਾਰਾਂ ਤੀਵੀਆਂ ਡੋਲ ਗਈਆਂ ਤੂੰ ਕੇਹੜੇ ਬਾਗ ਦੀ ਮੂਲੀ ਐਂ, ਵੱਡੀ ਆਈ ਐ ਦੇਵੀ…ਜੇ ਜਿੰਦਰ ਦੇ ਪੈਰੀਂ ਨਾ ਡਿਗੇਂਗੀ ਕਿਸੇ ਹੋਰ ਦੇ ਡਿੱਗ ਪਵੇਂਗੀ। ਵੱਡੀ ਆਈ ਐ ਇੱਜ਼ਤ ਵਾਲੀ ਮਜੀਠੇ ਸਰਦਾਰਾਂ ਦੀ ਧੀ। ਹੈਂਅ…ਘਰੋਂ ਖਾ ਕੇ ਕੌਣ ਸਮਝਾਵੇ? ਕਮਲੀਏ! ਭੁੱਖ ਨੇ ਤਾਂ ਵੱਡੇ ਵੱਡੇ ਥੰਮਾਂ ਨੂੰ ਗਿਰਾ ਦਿੱਤਾ, ਤੂੰ ਵਿਚਾਰੀ ਕੌਣ? ਜੀਹਦੇ ਘਰ ਨਾ ਦਾਣੇ, ਨਾ ਕੋਈ ਹੋਰ ਸਾਮਾਨ ।”

ਜਿੰਦਰ ਕੁਝ ਸਾਲਾਂ ਤੋਂ ਪੰਮੀ ਮਗਰ ਲੱਗਿਆ ਹੋਇਆ ਸੀ। ਦਰਅਸਲ ਜਿੰਦਰ ਨੇ ਪੰਮੀ ਦਾ ਪਿੱਛਾ ਉਦੋਂ ਹੀ ਸ਼ੁਰੂ ਕਰ ਦਿੱਤਾ ਸੀ ਜਦ ਉਹ ਪਿੰਡ ਵਿਚ ਵਿਆਹ ਕੇ ਆਈ ਸੀ, ਜਦ ਉਸ ਦੇ ਹੁਸਨ ਦੀ ਪਿੰਡ `ਚ ਚਰਚਾ ਹੋਣ ਲੱਗੀ ਸੀ। ਜਿੰਦਰ ਨੇ ਖੁਦ ਵੀ ਹਿੰਮਤ ਕਰਕੇ ਕਈ ਵਾਰ ਉਸਨੂੰ ਰਾਹ ਵਿਚ ਵੀ ਘੇਰਿਆ ਸੀ ਪਰ ਪੰਮੀ ਉਸਨੂੰ ਚਾਰੇ ਚੁੱਕ ਕੇ ਪੈਂਦੀ। ਕਦੇ ਦਾਤੀ ਦਿਖਾਉਂਦੀ, ਕਦੇ ਪੈਰ `ਚ ਪਾਈ ਚੱਪਲ ਦਿਖਾਉਂਦੀ। ਜਦ ਜਿੰਦਰ ਕਦੇ ਸਾਹਮਣੇ ਆ ਜਾਂਦਾ ਤਾਂ ਪੰਮੀ ਨੂੰ ਖਿੱਝ ਚੜ੍ਹਦੀ, ਅੱਖਾਂ ਲਾਲ ਹੋ ਜਾਂਦੀਆਂ। ਉਸ ਅੰਦਰ ਗੁੱਸੇ ਦਾ ਲਾਵਾ ਫੁੱਟ ਪੈਂਦਾ ਉਹਨੂੰ ਗਾਲ੍ਹਾਂ ਦਿੰਦੀ-ਕੁੱਤਾ ਜੱਟ ਨਾ ਹੋਵੇ, ਘਰੇ ਮਾਂ ਐ, ਭੈਣ ਐ ਉਹਨਾਂ ਨੂੰ ਵਰਤ ਲੈ। ਕੁੱਤੇ ਦਾ ਹੱਡ ਹਰਾਮ ਦਾ ਬੀਅ…। ਕਦੇ ਉਹਦਾ ਜੀਅ ਕਰਦਾ ਦਾਤੀ ਨਾਲ ਏਹਦਾ ਢਿੱਡ ਪਾੜ ਦਿਆਂ ਪਰ ਫਿਰ ਉਹ ਡਰ ਜਾਂਦੀ। ਪੁਲਸ, ਜੇਲ੍ਹ, ਬੱਚੇ ਅਤੇ ਬਦਨਾਮੀ ਕਿੰਨਾ ਕੁਝ ਉਸ ਦੇ ਜਿ਼ਹਨ ਵਿਚ ਦੌੜ ਜਾਂਦਾ। ਉਹ ਅਪਣੇ ਅੰਦਰ ਉੱਠੇ ਲਾਵੇ ਨੂੰ ਆਪੇ ਠੰਡਾ ਕਰ ਲੈਂਦੀ।

ਗੁਰਾ ਉਸ ਦਿਨ ਅੱਧੀ ਰਾਤ ਨੂੰ ਘਰ ਆਇਆ ਸੀ। ਜੋ ਉਸ ਨੇ ਦਿਹਾੜੀ ਲਾਈ ਸੀ, ਉਸ ਦੀ ਸ਼ਰਾਬ ਪੀ ਲਈ ਸੀ। ਉਹ ਡਿੱਗਦਾ ਢਹਿੰਦਾ ਅੰਦਰ ਵੜਿਆ ਸੀ। ਪੰਮੀ ਜਾਗਦੀ ਪਈ ਸੀ। ਉਹ ਪਿਛਲੀਆਂ ਯਾਦਾਂ ਨੂੰ,  ਅਤੀਤ ਨੂੰ ਉਧੇੜ ਕੇ ਰਾਤ ਲੰਘਾ ਰਹੀ ਸੀ। ਪਰ ਰਾਤ ਏਨੀ ਬੋਝਲ ਅਤੇ ਕਾਲੀ ਸੀ ਕਿ ਉਹ ਬੀਤਣ ਵਿਚ ਨਹੀਂ ਆ ਰਹੀ ਸੀ। ਜਦ ਬੰਦਾ ਸਮੱਸਿਆ ਜਾਂ ਸੰਕਟ ਵਿਚ ਫਸਿਆ ਹੋਵੇ, ਜਦ ਬੰਦੇ ਨੂੰ ਦੁੱਖ ਘੇਰ ਲੈਣ ਫਿਰ ਉਸਨੂੰ ਸਮਾਂ ਲੰਘਾਉਣਾ ਬੜਾ ਕਠਨ ਹੰੁਦਾ ਹੈ। ਸੂਲਾਂ `ਤੇ ਬਹਿ ਕੇ ਤਾਂ ਕੋਈ ਦਸ ਮਿੰਟ ਨਹੀਂ ਬਿਤਾ ਸਕਦਾ ਪਰ ਪੰਮੀ ਤਾਂ ਉਸ ਦਿਨ ਤੋਂ ਸੂਲਾਂ `ਤੇ ਬਹਿ ਗਈ ਸੀ ਜਿਸ ਦਿਨ ਵਿਆਹ ਕੇ ਇਸ ਘਰ ਦੀ ਬਹੂ ਬਣੀ ਸੀ। ਗੁਰੇ ਨੇ ਘਰ ਅੰਦਰ ਵੜਦਿਆਂ ਹੀ ਪਹਿਲਾਂ ਲਲਕਾਰਾ ਮਾਰਿਆ। ਫਿਰ ਉਸ ਨੇ ਉੱਚੀ ਅਤੇ ਥਰ-ਥਰਾਂਦੀ ਆਵਾਜ਼ `ਚ ਰੋਹਬ ਛਾਂਟਿਆ- ਪ-ਪਈ-ਅ-ਐਂ ਲੰ ਲੰਮੀਆਂ ਤਾ-ਤਾਣ ਕੇ…ਖ-ਖੜੀ ਹੋ…ਰੋ…ਰੋਟੀ…ਦੇ …ਦੇਹ।” ਪਤਾ ਨਹੀਂ ਉਹ ਹੋਰ ਕੀ ਬੋਲਿਆ ਸੀ ਉਸਦੀ ਪੰਮੀ ਨੂੰ ਸਮਝ ਨਹੀਂ ਆਈ ਸੀ। ਪੰਮੀ ਦਾ ਤਨ ਮਨ ਜਲ ਰਿਹਾ ਸੀ ਜਿਸ `ਤੇ ਗੁਰੇ ਨੇ ਆ ਕੇ ਹੋਰ ਤੇਲ ਛਿੜਕ ਦਿੱਤਾ। ਪੰਮੀ ਵੀ ਗੁਰੇ ਵਾਂਗ ਗਰਜੀ- ਕਿੱਥੋਂ ਦੇਵਾਂ ਲੰਗਰ। ਘਰੇ ਤਾਂ ਆਟੇ ਦੀ ਚੂੰਡੀ ਨਹੀਂ ਠੇਠਰਾ? ਦੱਸ ਕਾਹਦੇ ਮੰਨ ਪਕਾ ਦਿੰਦੀ। ਸ਼ਰਮ ਨਹੀਂ ਆਉਂਦੀ ਰੋਟੀ ਮੰਗਦੇ ਨੂੰ- ਤੂੰ ਤਾਂ ਕਹਿ ਕੇ ਗਿਆ ਸੀ, ਬੱਸ ਆਇਆ ਲੈ, ਮੈਂ ਰਸਦ ਪਾਣੀ ਲੈ ਕੇ। ਲਿਆ ਕਿੱਥੇ ਐ ਸਾਮਾਨ, ਹੁਣੇ ਪਕਾ ਦਿੰਨੀ ਆਂ, ਜੁਆਕ ਭੁੱਖ ਨਾਲ ਵਿਲਕੀ ਜਾਂਦੇ ਐ, ਕੀ ਕੋਈ ਨਵਾਂ ਖਸਮ ਕਰ ਲਵਾਂ ਜੋ ਆਟਾ ਲਿਆ ਕੇ ਦੇਊਗਾ, ਸ਼ਰਮ ਹੈ ਭੋਰਾ ਕੇ ਨਹੀਂ।” ਪੰਮੀ ਬੋਲੀ ਜਾ ਰਹੀ ਸੀ। ਉਹ ਸਾਰਾ ਗੁੱਭ ਗਲਾਟ ਕੱਢ ਦੇਣਾ ਚਾਹੰੁਦੀ ਸੀ। ਉਹ ਹੋਰ ਵੀ ਬਹੁਤ ਕੁਝ ਕਹਿਣਾ ਚਾਹੰੁਦੀ ਸੀ। ਜੋ ਤਿੰਨ ਚਾਰ ਸਾਲਾਂ ਦਾ ਉਹਦੇ ਅੰਦਰ ਜਮ੍ਹਾਂ ਹੋਇਆ ਪਿਆ ਸੀ ਪਰ ਉਹ ਕਹਿ ਨਾ ਸਕੀ ਸਗੋਂ ਫੁੱਟ ਫੁੱਟ ਕੇ ਰੋਣ ਲੱਗ ਪਈ। ਗੁਰੇ ਦੀ ਸਾਰੀ ਪੀਤੀ ਲਹਿ ਗਈ। ਉਹ ਪੰਮੀ ਦੇ ਸੁਆਲਾਂ ਦਾ ਇਕ ਵੀ ਜੁਆਬ ਨਾ ਦੇ ਸਕਿਆ। ਕੰਧ ਨਾਲ ਖੜੇ ਮੰਜੇ ਨੂੰ ਡਾਹਿਆ ਅਤੇ ਬਿਨਾਂ ਕੁਝ ਬੋਲਿਆਂ ਪੈ ਗਿਆ। ਪੈਣ ਵਿਚ ਹੀ ਉਸਨੇ ਅਪਣੀ ਭਲਾਈ ਸਮਝੀ ਹੋਏਗੀ, ਬੋਲਦਾ ਵੀ ਕੀ ? ਬੋਲਣ ਜੋਗਾ ਉਹ ਹੈ ਹੀ ਨਹੀਂ ਸੀ। ਬੋਲ ਕੇ ਉਹ ਕੀ ਕੰਧ ਢਾਅ ਦਿੰਦਾ। ਜੋ ਬੰਦਾ ਅਪਣਾ ਪਰਿਵਾਰ ਨਹੀਂ ਪਾਲ ਸਕਦਾ, ਜੋ ਸਿਰਫ ਤੇ ਸਿਰਫ ਅਪਣੇ ਹੀ ਢਿੱਡ ਦਾ ਸਕਾ ਹੰੁਦੈ, ਉਹ ਕਿਸੇ ਅੱਗੇ ਕੀ ਬੋਲੇਗਾ।

ਸੱਚ ਸੁਣਨ ਵਿਚ ਕੌੜਾ ਹੰੁਦਾ ਹੈ, ਗੁਰੇ ਤੋਂ ਸੁਣਿਆ ਨਹੀਂ ਗਿਆ ਹੋਣਾ। ਪਰ ਸੱਚ ਅੱਗੇ ਬੋਲਣਾ ਬੇਹੱਦ ਕਠਨ ਹੰੁਦਾ ਹੈ। ਪੰਮੀ ਇਕ ਲਾਜਵਾਬ ਔਰਤ ਸੀ, ਉਸ ਅੱਗੇ ਗੁਰਾ ਤਾਂ ਕੀ ਕੋਈ ਵੀ ਨਹੀਂ ਬੋਲ ਸਕਦਾ ਸੀ। ਪੰਮੀ ਨੇ ਸਾਰੀ ਰਾਤ ਉੱਸਲਵੱਟੇ ਭੰਨ੍ਹਦਿਆਂ ਗੁਜ਼ਾਰੀ ਸੀ। ਉਸਦੇ ਸੋਹਲ ਸਰੀਰ `ਤੇ ਮੰੁਜ ਕੇ ਮੰਜੇ ਦਾ ਵਾਣ ਸੂਲਾਂ ਵਾਗ ਚੁਭ ਰਿਹਾ ਸੀ। ਕਦੇ ਉਹ ਅਪਣੀਆਂ ਅੱਖਾਂ ਭਰ ਆੳਂੂਦੀ। ਕਦੇ ਉਹ ਕੁਝ ਸੋਚਣ ਲੱਗ ਜਾਂਦੀ ਕਦੇ ਕੁੁਝ। ਪਈ ਪਈ ਦੇ ਉਸਦੇ ਮਨ ਵਿਚ ਆਇਆ ਏਸ ਜਿਊਣ ਦਾ ਕੋਈ ਫ਼ਾਇਦਾ ਨਹੀਂ, ਏਦੂੰ ਤਾਂ ਮਰਨਾ ਚੰਗੈ, ਨਹਿਰ `ਚ ਮਾਰ ਕੇ ਛਾਲ ਛੁਟਕਾਰਾ ਨਾ ਪਾ ਲਵਾਂ। ਜਦ ਉਸ ਨੇ ਆਤਮ ਹੱਤਿਆ ਕਰਨ ਦੀ ਤਿਆਰੀ ਕਰ ਲਈ ਤਾਂ ਫਿਰ ਦੂਜੀ ਸੋਚ ਨੇ ਉਸ ਨੂੰ ਹਲੂਣਿਆ- ਏਹਨਾਂ ਬਲੂਰਾਂ ਦਾ ਕੀ ਬਣੂ ? ਨਹੀਂ ਪੰਮੀ ਨਹੀਂ, ਏਹਨਾਂ ਲਈ ਜਿਊਣਾ ਪਊ ਤੈਨੂੰ। ਪਹਿਲੀ ਸੋਚ ਨੇ ਨਵਾਂ ਢੰਗ ਦੱਸ ਦਿੱਤਾ- ਏਹਨਾਂ ਨੂੰ ਵੀ ਨਾਲ ਈ ਦੇ ਲਊਂ ਧੱਕਾ, ਪਿੱਛੋਂ ਦੁੱਖ ਭੋਗਣਗੇ। ਨਿੱਤ ਨਿੱਤ ਦਾ ਟੈਂਟਾ ਮੁਕੂ ਪਰ੍ਹਾਂ …ਬੱਸ ਸਵੇਰੇ ਅਸੀਂ ਸਾਰੇ ਤੁਰ ਜਾਂਗੇ ਏਸ ਭਰੇ ਜਹਾਨ ਤੋਂ। ਕੌਣ ਲੜੇ ਢਿੱਡ ਨਾਲ, ਭੁੱਖ ਵੱਡੀ ਐ, ਭੁੱਖ ਅੱਗੇ ਹਾਰ ਗਈ ਹਾਂ ਮੈਂ। ਸਾਰੀ ਰਾਤ ਉਹ ਅਪਣੇ ਆਪ ਨਾਲ ਸੰਘਰਸ਼ ਕਰਦੀ ਰਹੀ। ਦੋ ਸੋਚਾਂ ਦਾ ਭੇੜ ਹੰੁਦਾ ਰਿਹਾ। ਅਖੀਰ ਗੁਰਦੁਆਰੇ ਦੇ ਭਾਈ ਨੇ ਹੋਕਾ ਦਿੱਤਾ ਸੀ- ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ,ਉਠੋ ਭਾਈ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਪਾਨ ਕਰਕੇ ਗੁਰਦੁਆਰੇ ਪਹੰੁਚੋ, ਗੁਰੁ ਦੇ ਦਰਸ਼ਨ ਕਰੋ। ਹੁਣ ਸਵੇਰ ਦੇ ਚਾਰ ਵੱਜ ਚੁੱਕੇ ਹਨ। ਨਾਮ ਸਿਮਰਨ ਦਾ ਵੇਲਾ ਐ…ਉਠੋ ਭਾਈ ! ਉਠਣ ਦਾ ਵੇਲਾ ਹੋ ਗਿਆ ਐ।”

ਭਾਈ ਦਾ ਹੋਕਾ ਸੁਣ ਕੇ ਪੰਮੀ ਮੰਜੇ ਤੋਂ ਉਠ ਖੜੀ ਸੀ। ਉਸਨੇ ਕੰਧੋਲੀ ਕੋਲ ਪਏ ਘੜੇ `ਚੋ ਇਕ ਗਿਲਾਸ ਠੰਡਾ ਪਾਣੀ ਪੀਤਾ। ਪਾਣੀ ਪੀਕੇ ਪੰਮੀ ਦੇ ਤਪਦੇ ਕਲੇਜੇ ਨੂੰ ਥੋੜ੍ਹੀ ਜਿਹੀ ਸ਼ਾਂਤੀ ਮਿਲੀ। ਉਸ ‘ਹਾਅ’ ਕਿਹਾ ਅਤੇ ਚੌਂਤਰੇ ਵੱਲ ਚੁੱਲੇ੍ਹ ਅੱਗ ਬਾਲਣ ਤੁਰ ਪਈ। ਚੁੱਲੇ੍ਹ ਕੋਲ ਜਾ ਕੇ ਉਸ ਨੂੰ ਯਾਦ ਆ ਗਿਆ। ਦੁੱਧ- ਦੁੱਧ ਤਾਂ ਡੇਅਰੀ ਪਾ ਆਈ ਸੀ। ਜੋ ਚਾਹ ਲਈ ਰੱਖਿਆ ਸੀ, ਉਹ ਬੱਚਿਆਂ ਨੂੰ ਪਿਆ ਦਿੱਤਾ ਸੀ, ਭੁੱਖੇ ਬੱਚੇ ਉਸ ਤੋਂ ਸਹਾਰੇ ਨਹੀਂ ਗਏ ਸਨ। ਉਸਨੇ ਬਾਲਟੀ ਚੁੱਕੀ ਅਤੇ ਮੱਝ ਵੱਲ ਹੋ ਤੁਰੀ। ਮੱਝ ਭਾਵੇਂ ਤੋਕੜ ਸੀ ਪਰ ਦੁੱਧ ਉਹ ਸਵੇਰੇ ਸ਼ਾਮ ਦੋ-ਦੋ ਕਿੱਲੋ ਦੇ ਦਿੰਦੀ ਸੀ। ਦੋਨੋਂ ਵੇਲੇ ਚਾਹ ਨੂੰ ਵੀ ਸਰ ਜਾਂਦਾ ਸੀ। ਪੰਮੀ ਬੱਚਿਆਂ ਦੇ ਮੂੰਹੋਂ ਖੋਹ ਕੇ ਹਰ ਰੋਜ਼ ਢਾਈ ਤਿੰਨ ਕਿੱਲੋਂ ਦੁੱਧ ਡੇਅਰੀ ਵੀ ਪਾ ਦਿੰਦੀ ਸੀ। ਦੁੱਧ ਨਾਲ ਹੀ ਉਹ ਘਰ ਦਾ ਮਾੜਾ ਮੋਟਾ ਖਰਚਾ ਤੋਰ ਰਹੀ ਸੀ। ਹਰ ਪੰਦਰੀ `ਤੇ ਆਈ ਚਲਾਈ ਜੋਗੇ ਪੈਸੇ ਆ ਜਾਂਦੇ ਸਨ। ਪੰਮੀ ਲਈ ਮੱਝ ਰੋਜ਼ਗਾਰ ਸੀ, ਉਹ ਉਸ ਨੂੰ ਹਰ ਸਮੇਂ ਸੰਭਾਲਦੀ। ਪੱਠੇ ਪਾਉਂਦੀ, ਸਮੇਂ ਸਿਰ ਪਾਣੀ ਪਿਆਉਂਦੀ, ਧੁੱਪੇ ਛਾਵੇਂ ਕਰਦੀ। ਦੂਰੋਂ ਦੂਰੋਂ ਉਹ ਜੱਟਾਂ ਦੇ ਖੇਤਾਂ ਦੀਆਂ ਵੱਟਾਂ ਤੋਂ ਘਾਹ ਖੋਤ ਕੇ ਲਿਆਉਂਦੀ। ਪੰਮੀ ਔਖੀ ਸੌਖੀ ਘਰ ਦਾ ਰੋੜ੍ਹਾ ਰੋੜ੍ਹੀ ਜਾ ਰਹੀ ਸੀ। ਉਹ ਜਿ਼ੰਦਗੀ ਤੋਂ ਭਾਵੇਂ ਹਾਰ ਮੰਨਣ ਲਈ ਤਿਆਰ ਨਹੀਂ ਸੀ ਪਰ ਉਹ ਲਗਾਤਾਰ ਹਾਰ ਰਹੀ ਸੀ, ਇਸ ਕਰਕੇ ਉਹ ਹਰ ਸਮੇਂ ਬਦਜ਼ਨ ਰਹਿੰਦੀ। ਕਿਤੇ ਵੀ ਉਹਦਾ ਜੀਅ ਨਾ ਲਗਦਾ। ਘਰ ਦੀਆਂ ਕੱਚੀਆਂ ਕੰਧਾਂ ਤੋਂ ਜਦ ਲਿਉੜ ਡਿੱਗਦੇ ਤਾਂ ਉਸ ਦੇ ਮਨ ਨੂੰ ਹੌਲ ਪੈਂਦੇ। ਉਸਨੂੰ ਲੱਗਦਾ ਜਿਵੇਂ ਕੰਧਾਂ ਖੁਰ  ਰਹੀਆਂ ਹਨ, ਜਿਵੇਂ ਕੰਧਾਂ ਨਹੀਂ ਉਹ ਖੁਦ ਖੁਰ ਰਹੀ ਹੈ। ਘਰ ਵਿਚ ਇਕ ਕਮਰਾ ਪੱਕਾ ਸੀ, ਪਰ ਉਸਦੀਆਂ ਪੱਕੀਆਂ ਕੰਧਾ `ਤੇ ਉਭਰਿਆ ਸ਼ੋਰਾ ਉਸਨੂੰ ਡਰਾਉਂਦਾ। ਘਰ ਇਸ ਤਰ੍ਹਾਂ ਲਗਦਾ ਜਿਵੇਂ ਘਰ `ਚ ਕਦੇ ਉਹ ਪਰੇਤਾਂ `ਚ ਘਿਰੀ ਹੰੁਦੀ , ਕਦੇ ਤੁਫ਼ਾਨਾਂ ਵਿਚ। ਸੁਪਨਿਆਂ ਵਿਚ ਉਸਨੂੰ ਨਰਕ ਦਿਸਦਾ, ਅਜੀਬ ਜਿਹੀ ਧਰਤੀ ਨਜ਼ਰ ਆਉਂਦੀ। ਜਦ ਉਹ ਆਟੇ ਵਾਲੇ ਖਾਲੀ ਪੀਪੇ ਦੇਖਦੀ, ਲੂਣ ਮਿਰਚਾਂ ਤੋਂ ਸੱਖਣੇ ਡੱਬੇ ਦੇਖਦੀ ਤਾਂ ਉਸਦੀ ਪਰੇਸ਼ਾਨੀ ਵਿਚ ਅਥਾਹ  ਵਾਧਾ ਹੋ ਜਾਂਦਾ ਤਦ ਉਸ ਦਾ ਜੀਅ ਕਰਦਾ ਇਹ ਭਾਂਡੇ ਟੀਂਢੇ ਚੁੱਕੇ ਅਤੇ ਗਲੀ`ਚ ਵਗਾਹ ਮਾਰੇ। ਚੰੁਨੀ ਚੁੱਕੇ ਕਿਧਰੇ ਦੌੜ ਜਾਵੇ। ਦੌੜੀ ਜਾਵੇ, ਦੌੜੀ ਜਾਵੇ ਤਾਂ ਕਿ ਫਿਰ ਕਦੇ ਏਸ ਘਰ ਨਾ ਆ ਸਕੇ। ਪਰ ਉਹ ਇੰਜ ਕਰਨੋਂ ਅਸਮਰੱਥ ਸੀ। ਤਿੰਨ ਬਲੂਰ ਉਸ ਦੇ ਸਾਹਮਣੇ ਆ ਖੜਦੇ, ਉਹ ਕਹਿੰਦੇ “ਮੰਮੀ !ਸਾਨੂੰ ਛੱਡ ਕੇ ਨਾ ਜਾਹ, ਜੇ ਜਾਣਾ ਐ ਤਾਂ ਸਾਨੂੰ ਵੀ ਨਾਲ ਲੈ ਕੇ ਜਾਹ ।” ਬੱਚੇ ਜਦ ਉਸ ਅੱਗੇ ਤਰਲੇ ਕੱਢਦੇ ਨਜ਼ਰ ਆਉਂਦੇ ਤਾਂ ਉਹ ਮਨ ਕਰੜਾ ਕਰਦੀ। ਘਾੜਤਾਂ ਘੜਦੀ, ਬੁਣਤਾਂ ਬੁਣਦੀ। ਬੱਚਿਆਂ ਲਈ ਉਹ ਆਪਣੀ ਲਾਸ਼ ਨੂੰ ਹਰ ਰੋਜ਼ ਸਾਰਾ ਦਿਨ ਚੁੱਕੀ ਫਿਰਦੀ। ਮੱਝ ਉਹਦੇ ਹੱਥ ਪਈ ਹੋਈ ਸੀ। ਕੱਟਾ ਤਾਂ ਅਪਣੇ ਜਨਮ ਤੋਂ ਥੋੜੇ੍ਹ ਦਿਨ ਬਾਅਦ ਹੀ ਮਰ ਗਿਆ ਸੀ।

ਜਦ ਪੰਮੀ ਨੇ ਬਾਲਟੀ ਚੁੱਕੀ। ਮੱਝ ਰਿੰਗੀ। ਮੱਝ ਅਕਸਰ ਉਦੋਂ ਰਿੰਗਦੀ ਜਦ ਪੰਮੀ ਧਾਰ ਲਈ ਬਾਲਟੀ ਚੁੱਕਦੀ। ਪਹਿਲਾਂ ਪੰਮੀ ਨੂੰ ਲੱਗਿਆ ਸੀ ਸ਼ਾਇਦ ਮੱਝ ਨਾ ਮਿਲੇ ਕਿਉਂਕਿ ਅਜੇ ਮੱਝ ਦੇ ਮਿਲਣ ਦਾ ਵਕਤ ਨਹੀਂ ਹੋਇਆ ਸੀ। ਉਹ ਮੱਝ ਨੂੰ ਇਕ ਘੰਟਾਂ ਆਮ ਸਮੇਂ ਤੋਂ ਪਹਿਲਾਂ ਚੋਣ ਲੱਗੀ ਸੀ। ਪਰ ਜਦ ਮੱਝ ਰਿੰਗ ਪਈ ਤਾਂ ਪੰਮੀ ਮੱਝ ਦੀ ਰਮਜ਼ ਸਮਝ ਗਈ। ਮੱਝ ਦੇ ਥਣ ਪਲੋਸਣ ਸਾਰ ਹੀ ਮੱਝ ਦੁੱਧ ਲਾਹ ਆਈ ਸੀ। ਉਹ ਧਾਰ ਕੱਢਦੀ ਕੱਢਦੀ ਸੋਚ ਰਹੀ ਸੀ ਐਸ ਵਾਰ ਪਤਾ ਨਹੀਂ ਕਿਉਂ ਪੰਦਰੀ ਵੀ ਲੇਟ ਐ, ਸ਼ਾਇਦ ਅੱਜ ਆ ਜੇ, ਆਜੇ ਤਾਂ ਚੰਗਾ, ਨਹੀਂ ਅੱਜ ਫੇਰ ਭੁੱਖ ਕੱਟਣੀ ਪਊ। ਮੰਗਿਆ ਆਟਾ ਨਿੱਤ ਨਿੱਤ ਕੌਣ ਦਿੰਦੈ-ਆਂਢੀ ਗੁਆਂਢੀ ਵੀ ਤਾਂ ਭੁੱਖ ਨੰਗ ਨਾਲ  ਘੁਲੀ ਜਾਂਦੇ, ਜੀਹਦੇ ਆਟਾ ਹੰੁਦਾ ਉਹਦੇ ਮਸਾ ਡੰਗ ਟਪਾਉਣ ਜੋਗਾ ਹੰੁਦੈ।” ਧਾਰ ਚੋਣ ਪਿੱਛੋਂ ਪੰਮੀ ਨੇ ਚੁੱਲੇ੍ਹ ਅੱਗ ਬਾਲ ਲਈ ਸੀ। ਚਾਹ ਧਰੀ। ਬੱਚੇ ਰਾਤ ਦੇ ਭੁੱਖੇ ਸਨ, ਗਲਾਸੀ ਦੁੱਧ ਨਾਲ ਕੀ ਬਣਨਾ ਸੀ। ਭੁੱਖ ਨੇ ਦੋਹਾਂ ਕੁੜੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਉਠਾ ਦਿੱਤਾ ਸੀ। ਉਹ ਪੰਮੀ ਵੱਲ ਦੇਖ ਰਹੀਆਂ ਸਨ। ਮੰੁਡਾ ਅਜੇ ਸੁੱਤਾ ਪਿਆ ਸੀ, ਉਸਦੀ ਜਦ ਜਾਗ ਖੁੱਲ੍ਹਦੀ ਸੀ ਤਾਂ ਉਹ ਆਪਣੀ ਮੰਮੀ ਦੇ ਸੁੱਕੇ ਦੁੱਧਾਂ ਨੂੰ ਚੂੰਡਣ ਲੱਗ ਜਾਂਦਾ ਸੀ। ਪਹਿਲਾਂ ਵੱਡੀ ਕੁੜੀ ਚੁੱਲੇ੍ਹ ਵੱਲ ਹੋ ਤੁਰੀ, ਮਗਰੇ ਹੀ ਛੋਟੀ। ਪੰਮੀ ਨੇ ਚਾਹ ਪੁਣੀ, ਠਾਰੀ ਅਤੇ ਕੁੜੀਆਂ ਨੂੰ ਗਲਾਸਾਂ ਵਿਚ ਪਾ ਕੇ ਫੜਾ ਦਿੱਤੀ। ਕੁੜੀਆਂ ਨੇ ਮਿਂਟਾਂ ਸਕਿੰਟਾਂ ਵਿਚ ਚਾਹ ਸੜਾਕ ਲਈ ਸੀ। ਇਕ ਗਲਾਸ `ਚ ਪੰਮੀ ਨੇ ਪਾ ਲਈ।

ਪੰਮੀ ਨੇ ਅਪਣੀ ਚਾਹ ਪੀਣ ਪਿੱਛੋਂ ਇਕ ਹੋਰ ਗਲਾਸ ਵਿਚ ਪਾ ਕੇ ਗੁਰੇ ਦੇ ਸਰਾਣੇ ਜਾ ਰੱਖੀ। ਉਸ ਨੂੰ ਹਲੂਣਿਆ ਅਤੇ ਕਿਹਾ- ਚੱਕ ਡੱਫ਼ ਲੈ ਏਹ ਠਰਜ, ਜਾ ਫਿਰ ਆਟਾ ਲਿਆ ਕਿਸੇ ਦੇ ਘਰੋਂ ਜਾਂ ਦੁਕਾਨ ਤੋਂ…ਦੋ ਦੋ ਗੁੱਲੀਆਂ ਏਹਨਾਂ ਮਾਸੂਮਾਂ ਨੂੰ ਲਾਹ ਕੇ ਦੇਵਾਂ। ਗੁਰਾਂ ਉਠਿਆ, ਚਾਹ ਪੀਤੀ ਚੁੱਪ ਚਾਪ ਘਰੋਂ ਬਾਹਰ ਨਿਕਲ ਗਿਆ। ਪੰਮੀ ਕੁਝ ਸਮਾਂ ਪੀੜ੍ਹੀ `ਤੇ ਬੈਠੀ ਸੋਚਦੀ ਰਹੀ ਅਪਣੇ ਆਪ ਨਾਲ ਗੱਲਾਂ ਕਰਦੀ ਰਹੀ । ਕਦੇ ਕੁਝ ਮਨ ਵਿਚ ਆ ਜਾਂਦਾ ਕਦੇ ਕੁਝ। ਥੋੜ੍ਹੇ ਸਮੇਂ ਬਾਦ ਅਪਣੇ ਆਪ ਨੂੰ ਸੰਬੋਧਿਤ ਹੋ ਕੇ ਕਹਿਣ ਲੱਗੀ ਉਠ ਮਨਾ! ਬੈਠਿਆਂ ਕਿੱਥੇ ਸਰਨੈ, ਮੱਝ ਨੂੰ ਘਾਹ ਪਾਵਾਂ ਵਿਚਾਰੀ ਨੇ ਬਚਾਤਾ ਸਾਨੂੰ ਏਸੇ ਸਹਾਰੇ ਚਲਦੈ ਸਾਰਾ ਖਾਣ-ਪੀਣ …ਅੱਜ ਵੀ ਭੁੱਖੇ ਜੁਆਕਾਂ ਦੇ ਕੰਮ ਆ ਗਈ। ਪੰਮੀ ਘਾਹ ਟੋਕਰੇ `ਚ ਪਾ ਕੇ ਮੱਝ ਦੀ ਖੁਰਲੀ ਵਿਚ ਸੁੱਟ ਆਈ। ਮੱਝ ਦਾ ਗੋਹਾ ਚੁੱਕਣ ਦੇ ਬਾਅਦ ਪੰਮੀ ਨੇ ਬਹੁਕਰ ਚੁੱਕ ਲਈ ਅਤੇ ਵੇਹੜਾ ਸੰੁਭਰਨ ਲੱਗ ਪਈ। ਘਰ ਸੰੁਭਰਦਿਆਂ ਦਿਨ ਚੜ੍ਹ ਆਇਆ ਸੀ, ਉਸਨੇ ਗੋਹਾ ਪੱਥਿਆ ਅਤੇ ਪਾਥੀਆਂ ਕੰਧ ਉੱਪਰ ਸੁੱਕਣ ਲਈ ਰੱਖ ਦਿੱਤੀਆਂ। ਪਹਿਲਾਂ ਪੱਥੀਆਂ ਹੋਈਆਂ ਪਾਥੀਆਂ ਹੋਰ ਸੁਕਾਉਣ ਲਈ ਵੇਹੜੇ ਦੀ ਇਕ ਨੁੱਕਰ `ਚ ਟੇਢੀਆਂ ਕਰਕੇ ਰੱਖ ਦਿੱਤੀਆਂ। ਗੋਹਾ ਉਸ ਲਈ ਵਰਦਾਨ ਸੀ, ਗੋਹੇ ਨਾਲ ਚੁੱਲ੍ਹਾ ਤਪਦਾ। ਜੇਕਰ ਪਾਥੀਆਂ ਕਾਫੀ ਹੋ ਜਾਂਦੀਆਂ ਤਾਂ ਉਹ ਵੇਚ ਵੀ ਦਿੰਦੀ। ਛੇ ਮਹੀਨਿਆਂ ਬਾਦ ਉਹ ਰੂੜੀ ਦੇ ਵੀ ਪੈਸੇ ਵੱਟ ਲੈਂਦੀ। ਪੰਮੀ ਨੂੰ ਪਾਥੀਆਂ ਵੀ ਘਰ `ਚ ਹੀ ਪੱਥਣੀਆਂ ਪੈਂਦੀਆਂ, ਰੂੜੀ ਵੀ ਉਸਨੇ ਘਰ `ਚ ਹੀ ਲਾ ਰੱਖੀ ਸੀ। ਗੜੇ ਜਿੱਥੇ ਪਥਕਣਾਂ ਸਨ ਰੂੜੀਆਂ ਸਨ ਉਹ ਤਾਂ ਜੱਟਾਂ ਨੇ ਰੋਕ ਲਏ ਸਨ। ਘਰੋਂ ਵਿਹਲੀ ਹੋ ਕੇ ਉਹ ਵੱਡੀਆਂ ਨਹਿਰਾਂ `ਤੇ ਵੀ ਚਲੀ ਜਾਂਦੀ। ਉੱਥੇ ਉਹ ਰੁੱਖਾਂ ਦੀਆਂ ਸੁੱਕੀਆਂ ਟਾਹਣੀਆਂ ਇੱਕਠੀਆਂ ਕਰ ਲਿਆਉਂਦੀ। ਬਾਲਣ ਬਿਨਾਂ ਵੀ ਗੁਜ਼ਾਰਾਂ ਮੁਸ਼ਕਲ ਸੀ, ਪੰਮੀ ਨੂੰ ਮੱਝ ਲਈ ਘਾਹ, ਚੁੱਲ੍ਹੇ ਲਈ ਬਾਲਣ ਦੀ ਜ਼ਰੂਰਤ ਪੂਰੀ ਕਰਨ ਲਈ ਸਾਰਾ ਦਿਨ ਧੱਕੇ ਖਾਣੇ ਪੈਂਦੇ। ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਪਰ ਗੁਰਾ…ਗੁਰੇ ਨੂੰ ਕੋਈ ਫਿ਼ਕਰ ਨਹੀਂ ਸੀ, ਉਹ ਤਾਂ ਸਿਰਫ ਅਪਣੇ ਢਿੱਡ ਦਾ ਸਕਾ ਸੀ, ਉਸ ਨੂੰ ਪੰਮੀ ਦਾ, ਬੱਚਿਆਂ ਦਾ ਕੋਈ ਫਿ਼ਕਰ ਨਹੀਂ ਸੀ, ਹਮੇਸ਼ਾ ਨਸਿ਼ਆਂ ਦੀ ਭਾਲ ਵਿਚ ਭਟਕਦਾ ਰਹਿੰਦਾ। ਰੋਟੀ ਦਾ ਵੇਲਾ ਹੋ ਗਿਆ ਸੀ ਪਰ ਗੁਰਾ ਵਾਪਸ ਨਹੀਂ ਮੁੜਿਆ ਸੀ। ਕੁਝ ਦੱਸ ਕੇ ਵੀ ਨਹੀਂ ਗਿਆ ਸੀ ਕਿੱਥੇ ਜਾ ਰਿਹਾਂ, ਕਦੋਂ ਮੁੜੂੰ? ਵੈਸੇ ਉਹ ਹਰ ਰੋਜ਼ ਇੱਦਾਂ ਹੀ ਕਰਦਾ ਸੀ। ਜਿਸ ਦਿਨ ਦਿਹਾੜੀ ਨਾ ਜਾਂਦਾ ਉਦਣ ਵੀ ਸਾਰਾ ਦਿਨ ਘਰੇ ਨਹੀਂ ਆਉਂਦਾ ਸੀ। ਨਸ਼ੇ ਲਈ ਉਹ ਡੇਰੇ ਚਲਿਆ ਜਾਂਦਾ। ਉੱਥੋਂ ਸੁੱਖਾ ਪੋਸਤ ਵਗੈਰਾ ਮਿਲ ਜਾਂਦਾ। ਪੱਤੇ ਜੇਹੇ ਤੋੜ ਕੇ ਤਲੀਆਂ `ਤੇ ਮਲੀ ਜਾਂਦਾ, ਘੰਟਿਆਂ ਬੱਧੀ ਇੰਜ ਹੀ ਕਰੀ ਜਾਂਦਾ, ਜਦ ਪੱਤੇ ਬੱਤੀਆਂ ਬਣ ਜਾਂਦੇ ਉਹਨਾਂ ਨੂੰ ਖਾ ਲੈਂਦਾ। ਹਰ ਸਮੇਂ ਨਸ਼ੇ `ਚ ਧੁੱਤ ਹੋਇਆ ਰਹਿੰਦਾ।

ਪੰਮੀ ਨੂੰ ਗੁਰੇ `ਤੇ ਰਹਿ ਰਹਿ ਗੁੱਸਾ ਆ ਰਿਹਾ ਸੀ। ਚੁੱਲੇ੍ਹ ਦੀ ਅੱਗ ਠਰ ਚੁੱਕੀ ਸੀ  ਜੋ ਉਸਨੇ ਸਵੇਰੇ ਬਾਲੀ ਸੀ। ਇਸਦੇ ਉਲਟ ਪੰਮੀ ਦੇ ਮਨ `ਚ ਧੁਖ਼ ਰਹੀ ਅੱਗ ਭੜਕ ਪਈ ਸੀ। ਕੁੜੀਆਂ ਨੇ ਫਿਰ “ਭੁੱਖ ਲੱਗੀ ਐ ਮੰਮੀ-ਭੁੱਖ ਲੱਗੀ ਐ ਮੰਮੀ” ਦੀ ਰਟ ਲਾਉਣੀ ਸ਼ੁਰੂ ਕਰ ਦਿੱਤੀ ਸੀ। ਕੁੜੀਆਂ ਦਾ ਕੀ ਕਸੂਰ ਸੀ? ਇਹ ਤਾਂ ਮਾਸੂਮ ਹਨ, ਇਹਨਾਂ ਨੂੰ ਜਦ ਭੁੱਖ ਲੱਗੂ ਏਹ ਤਾਂ ਰੋਟੀ ਮੰਗਣਗੀਆਂ ਹੀ। ਪੰਮੀ ਥੱਕਣ ਹਾਰਨ ਵਾਲੀ ਨਹੀਂ ਸੀ, ਪਰ ਮਜ਼ਬੂਰੀਆਂ ਨੇ ਉਸ ਨੂੰ ਭੰਨ ਤੋੜ ਦਿੱਤਾ ਸੀ। “ਚੱਲ ਮਨਾ, ਹੁਣ ਹੋਰ ਕੋਈ ਰਾਹ ਬਾਕੀ ਨਹੀਂ ਰਿਹਾ। ਜਿੰਦਰ ਕੋਲ ਹੀ ਜਾਣਾ ਪਊ ।” ਪੰਮੀ ਨੇ ਪੱਲੀ ਅਤੇ ਦਾਤੀ ਚੁੱਕਦਿਆਂ ਫ਼ੈਸਲਾ ਕਰ ਲਿਆ। ਅਜੇ ਉਸ ਨੇ ਦਹਿਲੀਜ਼ ਤੋਂ ਇਕ ਪੈਰ ਬਾਹਰ ਰੱਖਿਆ ਹੀ ਸੀ ਉਸਦਾ ਮੰੁਡਾ ਉੱਚੀ ਉੱਚੀ ਰੋਣ ਲੱਗ ਪਿਆ। ਮੰੁਡੇ ਨੇ ਐਂ ਲੇਰ ਮਾਰੀ ਜਿਵੇਂ ਉਸ ਦੇ ਕੁਝ ਲੜ ਗਿਆ ਹੋਵੇ। ਪੰਮੀ ਰੁਕ ਗਈ। ਇਕ ਪੈਰ ਉਸਦਾ ਦਹਿਲੀਜ਼ ਦੇ ਬਾਹਰ ਸੀ, ਇਕ ਅੰਦਰ ਸੀ। ਮੰੁਡੇ ਦੀ ਚੀਕ ਦੇ ਨਾਲ ਹੀ ਦੋਨਾਂ ਕੁੜੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਚੀਕਾਂ ਉਸ ਦੇ ਸਿਰ ਵਿਚ ਹਥੌੜੇ ਵਾਂਗ ਵੱਜਣ ਲੱਗ ਪਈਆਂ। ਉਸਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਧਰਤੀ ਆਸਮਾਨ ਘੰੁਮਣ ਲੱਗੇ। ਡਿੱਗਣ ਤੋਂ ਪਹਿਲਾਂ ਉਸ ਦਾ ਹੱਥ ਕੌਲੇ ਨੂੰ ਪੈ ਗਿਆ। ਤਿੰਨੇ ਬੱਚੇ ਪੰਮੀ ਵੱਲ ਦੌੜੇ ਅਤੇ ਉਸ ਦੀਆਂ ਲੱਤਾਂ ਨੂੰ ਚੰੁਬੜ ਗਏ। ਪੰਮੀ ਸੰਭਲੀ, ਦਹਿਲੀਜ਼ ਦੇ ਵਿਚਕਾਰ ਹੀ ਬਹਿ ਗਈ। ਥੋੜ੍ਹੇ ਸਮੇਂ ਬਾਦ ਉਸਦਾ ਸਿਰ ਚਕਰਾਉਣੋਂ ਹਟਿਆ, ਉਸਨੇ ਅਪਣੇ ਤਿੰਨਾਂ ਬੱਚਿਆਂ ਨੂੰ ਬੁੱਕਲ ਵਿਚ ਘੁੱਟ ਲਿਆ। ਫਿਰ ਉਹ ਅਪਣੇ ਬੱਚਿਆਂ ਦਾ ਵਾਰੀ ਵਾਰੀ ਮੂੰਹ ਚੰੁਮਣ ਲੱਗੀ। ਥੋੜ੍ਹਾ ਸੰਭਲਣ ਤੋਂ ਬਾਦ ਅਤੇ ਪੱਲੀ ਪਰਾਂ ਸੁੱਟ ਕੇ ਉਹ ਚੁੱਲੇ੍ਹ ਵੱਲ ਮੁੜੀ। ਚੁੱਲੇ੍ਹ `ਚ ਅੱਗ ਬਾਲੀ ਅਤੇ ਦੁੱਧ ਜੋ ਡੇਅਰੀ ਪਾਉਣਾ ਸੀ ਉਹ ਪਤੀਲੇ `ਚ ਪਾ ਕੇ ਚੁੱਲੇ੍ਹ `ਤੇ ਉਬਾਲਣ ਲਈ ਧਰ ਦਿੱਤਾ। ਥੋੜ੍ਹਾ ਜਿਹਾ ਦੁੱਧ ਉਸਨੇ ਦੁਪਹਿਰ ਦੀ ਚਾਹ ਲਈ ਵੀ ਰੱਖ ਲਿਆ ਸੀ । ਦੁੱਧ ਉਬਲ ਰਿਹਾ ਸੀ ਉਸਦੇ ਅੰਦਰ ਵੀ ਕੁਝ ਉਬਲ ਰਿਹਾ ਸੀ। ਜਦ ਦੁੱਧ ਚੁੱਲੇ੍ਹ ਤੋਂ ਲਾਹਿਆ ਤਾਂ ਉਹ ਪਤੀਲੇ ਦੇ ਕੰਡਿਆਂ ਨੂੰ ਛੂਹ ਰਿਹਾ ਸੀ। ਦੁੱਧ ਲਾਹੁਣ ਸਾਰ ਸ਼ਾਂਤ ਹੋ ਗਿਆ। ਪੰਮੀ ਦੇ ਅੰਦਰਲਾਂ ਉਬਾਲ ਵੀ ਸ਼ਾਂਤ ਹੋ ਗਿਆ ਸੀ। ਉਹ ਬੱਚਿਆਂ ਨੂੰ ਦੁੱਧ ਪਿਲਾਉਂਦੀ ਸੋਚ ਰਹੀ ਸੀ- “ਐਂ ਨੀ ਮੈਂ ਹਾਰਦੀ ਝੱਖੜ ਝੋਲਿਆਂ ਤੋਂ। ਜਦ ਤੱਕ ਸੀਨੇ ਸਾਹ ਚੱਲਦੇ ਰਹਿਣਗੇ, ਮੈਂ ਉਦੋਂ ਤੱਕ ਲੜਾਂਗੀ ਹਾਰ ਨਹੀਂ ਮੰਨਾਂਗੀ।”ਪੰਮੀ ਨੇ ਆਂਢੋਂ-ਗੁਆਢੋਂ ਉਧਾਰਾ ਆਟਾ ਮੰਗ ਕੇ ਲਿਆਉਣ ਦੀ ਬੜੀ ਕੋਸਿ਼ਸ਼ ਕੀਤੀ ਪਰ ਕਿਸੇ ਘਰੋਂ ਆਟਾ ਨਾ ਮਿਲਿਆ, ਚੁੱਲ੍ਹਾ ਠੰਡਾ ਰਿਹਾ। ਗੁਰਾ, ਪੰਮੀ ਦਾ ਪਤੀ ਘੱਟ ਵੱਧ ਹੀ ਦਿਹਾੜੀ ਦੱਪਾ ਕਰਦਾ। ਵਿਹਲਾ ਰਹਿੰਦਾ, ਉਸ ਦਾ ਕੰਮ `ਚ ਕੋਈ ਵਿਸ਼ਵਾਸ਼ ਨਹੀਂ ਸੀ। ਉਹ ਹਫ਼ਤੇ ਵਿਚ ਇਕ ਦੋ ਵਾਰ ਜੇ ਦਿਹਾੜੀ ਲਾ ਵੀ ਆਉਂਦਾ ਤਾ ਆਥਣੇ ਅਧੀਆ ਦਾਰੂ ਪੀ ਆਉਂਦਾ।

 

 

 

Leave a Reply

Your email address will not be published. Required fields are marked *