ਚਿੜੀਆਘਰ ਛੱਤਬੀੜ ਦੀ ਬਣਾਈ ਗਈ ਮੋਬਾਇਲ ਐਪ ਨੂੰ ਕੀਤਾ ਲਾਂਚ
ਜੀਰਕਪੁਰ : ਜੰਗਲੀ ਜੀਵਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ। ਇਸ ਲਈ ਸਾਨੂੰ ਸਭਨਾ ਨੂੰ ਸਾਂਝੇ ਢਤਨ ਕਰਨ ਦੀ ਲੋੜ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਛੱਤਬੀੜ ਚਿੜੀਆਘਰ ਵਿਖੇ ਮਨਾਏ ਜਾ ਰਹੇ ਜੰਗਲੀ ਜੀਵ ਸੁਰੱਖਿਆ ਹਫਤੇ ਮੌਕੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋ ਪਹਿਲਾਂ ਉਨਾਂ ਜੰਗਲਾਤ ਵਿਭਾਗ ਵਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ ਅਤੇ ਚਿੜੀਆਘਰ ਵਿਖੇ ਇੱਕ ਪੌਦਾ ਵੀ ਲਗਾਇਆ। ਸਾਧੂ ਸਿੰਘ ਧਰਮਸੋਤ ਨੇ ਇਸ ਮੌਕੇ ਕਿਹਾ ਕਿ ਕੁਦਰਤੀ ਸੋਮਿਆਂ ਦੀ ਹੱਦੋਂ ਵੱਧ ਵਰਤੋਂ ਅਤੇ ਜੰਗਲਾਂ ਦੀ ਅੰਨੇਵਾਹ ਹੋਈ ਕਟਾਈ ਕਾਰਨ ਸਾਡੇ ਵਾਤਾਵਰਨ ਦੇ ਸੰਤੁਲਨ ਵਿਚ ਵਿਗਾੜ ਆਇਆ ਹੈ ਅਤੇ ਜੰਗਲੀ ਜੀਵਾਂ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਵੀ ਖਤਮ ਹੋਣ ਦੇ ਕਿਨਾਰੇ ਪੁੱਜ ਗਈਆਂ ਹਨ। ਉਨਾਂ ਕਿਹਾ ਕਿ ਵਾਤਾਵਰਨ ਦੀ ਸੰਤੁਲਤਾ ਬਣਾਈ ਰੱਖਣ ਲਈ ਜੰਗਲੀ ਜੀਵਾਂ ਦੀਆਂ ਰੱਖਾਂ ਅਤੇ ਜੰਗਲਾਂ ਨੂੰ ਬਚਾਉਣ ਤੋਂ ਇਲਾਵਾ ਜੰਗਲੀ ਜਾਨਵਰਾਂ ਅਤੇ ਬਨਸਪਤੀ ਦੀ ਸੰਭਾਲ ਲਈ ਵੀ ਸਾਨੂੰ ਗੰਭੀਰ ਹੋਣਾ ਪਵੇਗਾ। ਮੰਤਰੀ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਵਿਖੇ ਭਾਰਤ ਦੀ ਸਭ ਤੋਂ ਲੰਮੀ ਵਾਕ-ਇੰਨ-ਅਵੇਰੀ ਸਥਾਪਤ ਕੀਤੀ ਗਈ ਹੈ। ਜਿਸ ਵਿਚ 40 ਤੋਂ ਵੱਧ ਪੰਛੀਆਂ ਦੀਆਂ ਕਿਸਮਾਂ ਹਨ। ਇਸ ਦੌਰਾਨ ਉਨਾਂ ਬੈਬੂਨ ਪ੍ਰਜਾਤੀ ਦੇ ਵੱਡੇ ਅਕਾਰ ਦੇ ਬਾਂਦਰ ਨੂੰ ਸੈਲਾਨੀਆਂ ਲਈ ਛੱਡਿਆ ਗਿਆ ਹੈ। ਅਤੇ ਚਿੜੀਆਘਰ ਛੱਤਬੀੜ ਦੀ ਬਣਾਈ ਗਈ ਮੋਬਾਇਲ ਐਪ ਨੂੰ ਲਾਂਚ ਕੀਤਾ । ਇਹ ਐਮ ਪਸੂ ਪ੍ਰੇਮੀਆਂ ਅਤੇ ਚਿੜੀਆਘਰ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਬਹੁਤ ਹੀ ਲਾਭਕਾਰੀ ਸਾਬਿਤ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦਸਿਆ ਕਿ ਉਨਾਂ ਦੀ ਸਰਕਾਰ ਵਲੋਂ ਹੁਣ ਤੱਕ ਜੰਗਲਾਤ ਵਿਭਾਗ ਦੀ ਨਜਾਇਜ ਕਬਜਾਕਾਰਾਂ ਵਲੋਂ ਕਬਜਾ ਕੀਤੀ 8,000 ਏਕੜ ਜਮੀਨ ਨੂੰ ਛੁਡਵਾਇਆ ਜਾ ਚੁਕਿਆ ਹੈ। ਉਨਾਂ ਕਿਹਾ ਕਿ ਆਈ ਹਰਿਆਲੀ ਐਪ ਨੂੰ ਲੋਕਲਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਜਿਸ ਤਹਿਤ ਸੂਬੇ ਵਿੱਚ ਇੱਕ ਕਰੋੜ ਤੋਂ ਵੀ ਵੱਧ ਪੌਦੇ ਲਗਾਏ ਗਏ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇਕਿਹਾ ਕਿ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਵਾਤਾਵਰਨ ਦੀ ਸਵੱਛਤਾ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨਾਂ ਛੱਤਬੀੜ ਜੂ ਨੂੰ ਡੇਰਾਬਸੀ ਹਲਕੇ ਦੀ ਸ਼ਾਨ ਦੱਸਿਆ । ਸਮਾਗਮ ਦੌਰਟਾਨ ਸਕੂਲੀ ਬਚਿਆਂ ਵਲੋਂ ਖਰਾਬ ਹੋ ਰਹੇ ਵਾਤਾਵਰਣ ਸਬੰਧੀ ਸਮਾਜ ਤੇ ਚੋਟ ਕਰਦੇ ਦੋ ਨਾਟਕ ਵੀ ਪੇਸ਼ ਕੀਤੇ ਗਏ। ਮੰਤਰੀ ਧਰਮਸੋਤ ਵਲੋਂ ਇਸ ਜੰਗਲੀ ਜੀਵ ਹਫਤੇ ਦੌਰਾਨ ਮੌਕੇ ਲੇਖ, ਪੇਟਿੰਗ ਮੁਕਾਬਲੇ ਅਤੇ ਕੁਇਜ਼ ਮੁਕਾਬਲਿਆਂ ਦੇ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਜੰਗਲਾਤ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।