ਜੇ ਕਰ ਲਿਆ ਡਾਟਾ ਚੋਰੀ ਨਾ ਰਹਿਣਾ ਝੋਲਾ ਨਾ ਰਹਿਣੀ ਬੋਰੀ

 

ਫੇਸਬੁੱਕ ਟਵਿਟਰ ਸਣੇ ਹੋਰ ਬਹੁਤ ਸਾਰੀਆਂ ਮੋਬਾਇਲ ਅਤੇ ਸੋਸ਼ਲ ਮੀਡੀਆ ਸਾਇਟਾਂ ਉਤੇ ਡਾਟਾ ਚੋਰੀ ਦੇ ਇਲਜਾਮ ਨੇ । ਡਾਟਾ ਚੋਰੀ ਕਰਨ ਅਤੇ ਅੱਗੇ ਸਰਕਾਰਾਂ ਤੇ ਸਿਆਸੀ ਪਾਰਟੀਆਂ ਨੂੰ ਵੇਚਣ ਸਬੰਧੀ ਖਬਰਾਂ ਵੀ ਛਪਦੀਆਂ ਰਹਿੰਦੀਆਂ ਹਨ । ਭਾਰਤ ਵਰਗੇ ਗਰੀਬ ਮੁਲਕ ਆਧਾਰ ਕਾਰਡ ਵਰਗਾ ਜ਼ਰੂਰੀ ਡਾਟਾ ਸਾਂਭ ਨਹੀਂ ਸਕੇ ਉਹ ਸਸਤੇ ਭਾਅ ਕਈ ਥਾਈਂ ਅੱਗੇ ਵਿਕ ਗਿਆ ।
ਹੁਣ ਜਦੋਂ ਬੰਦਿਆਂ ਨੂੰ ਜਵਾਨੀ ‘ਚ ਆਪਣੇ ਬੁਢਾਪੇ ਦੇ ਦਰਸ਼ਨ ਕਰਨ ਦਾ ਚਾਅ ਚੜ੍ਹਿਆ ਤਾਂ ਰੌਲਾ ਪੈ ਗਿਆ ਕਿ ਇਹ ਰੂਸੀ ਐਪਲੀਕੈਸ਼ਨ ਫੇਸਐਪ ਅਰਬਾਂ ਖਰਬਾਂ ਬੰਦਿਆਂ ਦਾ ਡਾਟਾ ਚੋਰੀ ਕਰ ਗਈ ।
ਪੱਛਮੀ ਖ਼ਬਰਖਾਨਾ ਇਸ ਦੇ ਰੂਸੀ ਪਿਛੋਕੜ ਨੂੰ ਲੈਕੇ ਸ਼ੰਕੇ ਖੜੇ ਕਰ ਰਿਹਾ ਹੈ ਕਿ ਕਿਵੇਂ ਰੂਸੀ ਸਰਕਾਰ ਤੁਹਾਡੇ ਬੋਈਮੇਟ੍ਰਿਕ ਡਾਟੇ ਨੂੰ ਖ਼ਤਰਨਾਕ ਢੰਗ ਨਾਲ ਵਰਤ ਸਕਦੀ ਹੈ| ਹਾਲਾਂਕਿ ਇਹ ਐਪ ਬਣਾਉਣ ਵਾਲੀ ਰੂਸੀ ਕੰਪਨੀ ਵਾਇਰਲੈੱਸ ਲੈਬ ਐਮਾਜ਼ਾਨ ਦੇ ਸਰਵਰ ਵਰਤ ਰਹੀ ਹੈ । ਜਦੋਂ ਸਰਵਰ ਅਮਰੀਕੀ ਹੈ ਤੇ ਫਿਰ ਰੌਲਾ ਕਿਸ ਗੱਲ ਦਾ? ਜਦਕਿ ਸਾਰੀ ਜਾਣਕਾਰੀ ਇਕਠੀ ਤਾਂ ਅਮਰੀਕਾ ਚ ਹੋ ਰਹੀ ਏ| ਪਰ ਅਸਲ ਕਹਾਣੀ ਤਾ ਡਾਟੇ ਤੇ ਕਬਜੇ ਦੀ ਹੈ ਜਿਸ ਕੋਲ ਜਿੰਨੀ ਜਾਣਕਾਰੀ ਉਸ ਦੀ ਬਨੌਟੀ ਗਿਆਨ Artificial intelligence ਵਿਚ ਵੱਧ ਮੁਹਾਰਤ।
ਪਿਛਲੇ ਦਿਨੀ ਅਸੀ ਮਹਿਕਮਾ ਪੰਜਾਬੀ ਉੱਤੇ ਬਨੌਟੀ ਗਿਆਨ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਿਵੇਂ ਆਉਣ ਵਾਲਾ ਸਮਾਂ ਓੁਹਨਾ ਮੁਲਕਾਂ ਦਾ ਹੈ ਜਿੰਨਾ ਦਾ ਕਬਜਾ ਇਸ ਨਵੇਂ ਸਿਰਜੇ ਜਾ ਰਹੇ ਗਿਆਨ ਤੇ ਹੋਵੇਗਾ | ਬਨੌਟੀ ਗਿਆਨ ਸਿਰਜਣ ਲਈ ਵੱਖ- ਵੱਖ ਸਰੋਤਾਂ ਤੋਂ ਇਕੱਠੇ ਕੀਤੇ ਡਾਟੇ ਦੀ ਬੇਹੱਦ ਅਹਮਿਅਤ ਹੈ ।
ਹੁਣ ਤੱਕ ਇਸ ਦੀ ਲੰਬੜਦਾਰੀ ਅਮਰੀਕਾ ਕੋਲ ਰਹੀ ਹੈ। ਕਿਓਂਕਿ ਉਸ ਕੋਲ ਫੇਸਬੁੱਕ, ਗੂਗਲ ਆਦਿ ਬਹੁਤ ਪ੍ਰਭਾਵਸ਼ਾਲੀ ਸੰਦ ਹਨ। ਹੁਣ ਚੀਨ ਅਤੇ ਰੂਸ ਵੀ ਟਿੱਕ ਟੋਕ ਤੇ ਫੇਸਐਪ ਰਾਹੀਂ ਇਸ ਵਿਚ ਸੰਨ ਲਾਉਣ ਚ ਕਾਮਯਾਬ ਹੋਏ ਹਨ। ਪੱਛਮੀ ਮੀਡਿਆ ਦੇ ਮੁਤਾਬਿਕ ਇਨ੍ਹਾਂ ਮੁਲਕਾਂ ਦੀਆਂ “ਗੈਰ-ਜਮਹੂਰੀ” ਸਰਕਾਰਾਂ ਇਸ ਡਾਟੇ ਨੂੰ ਜਾਸੂਸੀ ਅਤੇ ਹੈਕਿੰਗ ਲਈ ਵੀ ਵਰਤ ਸਕਦੀਆਂ ਹਨ । ਪਰ ਆਮ ਮਨਾ ਵਿੱਚ ਸਵਾਲ ਜਰੂਰ ਉਠਦਾ ਹੈ ਕਿ ਅਮਰੀਕੀ ਕੰਪਨੀਆਂ ਦੇ ਹੱਥਾਂ ਵਿੱਚ ਇਹ ਜਾਣਕਾਰੀ ਕਿੰਨੀ ਸੁਰੱਖਿਅਤ ਹੈ? ਉਦਾਹਰਣ ਵਜੋਂ ਟਰੰਪ ਦੀ ਜਿੱਤ ਵਿੱਚ ਫੇਸਬੁੱਕ ਵਲੋਂ ਕੈਮਬ੍ਰਿਜ ਅਨਾਲਿਟਕਾ ਨੂੰ ਵੇਚੀ ਜਾਣਕਾਰੀ ਦੀ ਅਹਿਮ ਭੂਮਿਕਾ ਸੀ| ਭਾਵੇ ਦੋਵੇਂ ਧਿਰਾਂ ਇਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰਦੀਆਂ ਹਨ ਪਰ ਹਮਾਮ ਚ ਸਾਰੇ ਹੀ ਨੰਗੇ ਹਨ।
ਡਾਟੇ ਦੀ ਇਹ ਜੰਗ ਉਦੋਂ ਹੋਰ ਵੀ ਅਹਿਮ ਹੋ ਗਈ ਹੈ ਜਦੋਂ ਇੰਟਰਨੈੱਟ ਦੀ ਪੰਜਵੀਂ ਜਨਰੇਸ਼ਨ 5G ਨਾਲ ਹੁਣ ਨਿਰਜਿੰਦ ਚੀਜ਼ਾਂ ਆਪਸੀ ਗੱਲਬਾਤ ਕਰਨ ਦੇ ਯੋਗ ਹੋ ਗਈਆਂ ਹਨ । ਮਸਲਨ ਦੋ ਕਾਰਾਂ ਆਪਸ ਵਿੱਚ ਗੱਲਬਾਤ ਕਰ ਸਕਣਗੀਆਂ ਜਾਂ ਡਰੋਨ ਆਪ ਹੀ ਆਪਣੇ ਮਾਲਕ ਦੇ ਇਰਾਦੇ ਮੂਜਬ ਕੰਮ ਕਰੀ ਜਾਣਗੇ । ਹਾਲ ਦੀ ਘੜੀ ਚੀਨ ਦਾ ਹੱਥ ਇਸ ਮਸਲੇ ਵਿੱਚ ਉੱਠਦਾ ਹੈ ਜਿਸ ਕਰਕੇ ਅਮਰੀਕਾ ਨੂੰ ਤ੍ਰੇਲੀਆਂ ਆ ਰਹੀਆਂ ਨੇ ।
ਖੈਰ ਅਸੀਂ ਆਮ ਲੋਕ ਤੇ ਸੱਤਾਹੀਣ ਪੰਜਾਬੀ ਇਨ੍ਹਾਂ ਦੇ ਰਹਿਮੋ ਕਰਮ ਤੇ ਹੀ ਬੈਠੇ ਹਾਂ । ਇਸ ਤੋਂ ਬਚਣ ਦਾ ਇੱਕੋ ਹੀ ਹੱਲ ਜਾਪਦਾ ਹੈ ਕਿ ਅਸੀ ਇਨਾਂ ਬਿਜਲਈ ਸੰਦਾਂ ਦੀ ਵਰਤੋਂ ਹੀ ਨਾ ਕਰੀਏ, ਇਹ ਗੱਲ ਅੱਜ ਦੇ ਪਦਾਰਥਵਾਦੀ ਯੁਗ ਚ ਨਾਮੁਮਕਿਨ ਹੀ ਪ੍ਰਤੀਤ ਹੁੰਦੀ ਹੈ।

ਤੁਸੀਂ ਬਨਾਉਟੀ ਗਿਆਨ ਬਾਰੇ ਜਾਣਕਾਰੀ ਵਾਲਾ ਲੇਖ ਇਥੇ ਪੜ੍ਹ ਸਕਦੇ ਹੋ

Leave a Reply

Your email address will not be published. Required fields are marked *