ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, ਜਿੱਥੇ ਅਣਵਿਆਹੀਆਂ ਹੀ ਮਾਂਵਾਂ ਨੇ

ਬਠਿੰਡਾ ਛਾਉਣੀ/ਭੁੱਚੋ ਮੰਡੀ/ਲਹਿਰਾ ਮੁਹੱਬਤ, 12 ਫਰਵਰੀ-ਆਪਣੇ ਨਾਨਕੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਲਹਿਰਾ ਬੇਗਾ ਵਿਖੇ ਰਹਿਣ ਵਾਲੀ ਜਬਰ ਜਨਾਹ ਦੀ ਪੀੜਤ ਇਕ ਲੜਕੀ ਨੇ ਬੀਤੀ ਰਾਤ ਸਿਵਲ ਹਸਪਤਾਲ ਬਠਿੰਡਾ ਵਿਖੇ ਲੜਕੇ ਨੂੰ ਜਨਮ ਦਿੱਤਾ | ਬੱਚੇ ਦੇ ਜਨਮ ਸਮੇਂ ਮਾਂ ਦੀ ਹਾਲਤ ਬੇਹੱਦ ਗੰਭੀਰ ਬਣ ਗਈ ਸੀ | ਜਾਣਕਾਰੀ ਅਨੁਸਾਰ ਜਨਮ ਸਮੇਂ ਬੱਚੇ ਦਾ ਭਾਰ 3.5 ਕਿਲੋਗ੍ਰਾਮ ਸੀ, ਪ੍ਰੰਤੂ ਬੱਚੇ ਦੇ ਦੋਵੇਂ ਪੈਰ ਅੰਦਰ ਨੂੰ ਮੁੜੇ ਹੋਏ ਸਨ | ਬੱਚੇ ਨੂੰ ਕੁਝ ਸਮਾਂ ਮਸ਼ੀਨਾਂ ਵਿਚ ਰੱਖਿਆ ਗਿਆ | ਡਾਕਟਰੀ ਸੂਤਰਾਂ ਅਨੁਸਾਰ ਜੱਚਾ-ਬੱਚਾ ਨੂੰ ਅਜੇ ਕੁਝ ਦਿਨ ਹਸਪਤਾਲ ਵਿਚ ਹੀ ਰੱਖਿਆ ਜਾਵੇਗਾ | ਬੱਚੇ ਦਾ ਡੀ. ਐਨ. ਏ. ਟੈਸਟ ਕਰਵਾਇਆ ਜਾਵੇਗਾ | ਜਿਸ ਤੋਂ ਜਬਰ ਜਨਾਹ ਦੇ ਦੋ ਦੋਸ਼ੀਆਂ ‘ਚੋਂ ਬੱਚੇ ਦੇ ਪਿਤਾ ਦਾ ਪਤਾ ਲੱਗ ਸਕੇਗਾ | ਉਨ੍ਹਾਂ ਕਿਹਾ ਕਿ ਡੀ. ਐਨ. ਏ. ਟੈਸਟ ਕਰਾਉਣ ਲਈ ਬੱਚੇ ਦੇ ਸਰੀਰ ‘ਚ ਕਈ ਸੂਈਆਂ ਲੱਗਣਗੀਆਂ, ਜਿਸ ਲਈ ਬੱਚਾ ਅਜੇ ਛੋਟਾ ਹੈ | ਇਸ ਲਈ ਇਹ ਟੈਸਟ ਕਰਾਉਣ ਲਈ ਅਜੇ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ | ਡਾਕਟਰਾਂ ਵਲੋਂ ਬੱਚੇ ਦਾ ਡੀ. ਐਨ. ਏ. ਨਮੂਨਾ ਸੀਲ ਬੰਦ ਕਰਕੇ ਜਾਂਚ ਕਰਾਉਣ ਲਈ ਪੁਲਿਸ ਨੂੰ ਸੌਾਪਿਆ ਜਾਵੇਗਾ | ਜ਼ਿਕਰਯੋਗ ਹੈ ਕਿ 16 ਜਨਵਰੀ ਨੂੰ ਪਿੰਡ ਲਹਿਰਾ ਬੇਗਾ ਦੀ ਪੀੜਤ ਲੜਕੀ ਨੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਦੀ ਮਦਦ ਨਾਲ ਜ਼ਿਲ੍ਹਾ ਪੁਲਿਸ ਅੱਗੇ ਪੇਸ਼ ਹੋ ਕੇ ਦੋਸ਼ ਲਾਇਆ ਸੀ ਕਿ ਪਟਵਾਰੀ ਜਗਜੀਤ ਸਿੰਘ ਅਤੇ ਉਸ ਦਾ ਸਾਥੀ ਜਗਦੇਵ ਸਿੰਘ ਉਰਫ ਜੱਗਾ ਵੈਰੋਕੇ ਉਸ ਨਾਲ ਕਰੀਬ ਇੱਕ ਸਾਲ ਤੋਂ ਜਬਰ ਜਨਾਹ ਕਰਦੇ ਆ ਰਹੇ ਹਨ ਅਤੇ ਇਸ ਕਾਰੇ ਵਿਚ ਪਟਵਾਰੀ ਜਗਜੀਤ ਸਿੰਘ ਦੀ ਦੂਜੀ ਪਤਨੀ ਸਰਬਜੀਤ ਕੌਰ ਵੀ ਸਹਿ-ਦੋਸ਼ੀ ਹੈ | ਪੁਲਿਸ ਨੇ 17 ਜਨਵਰੀ ਨੂੰ ਪੀੜਤਾ ਦਾ ਮੈਡੀਕਲ ਕਰਵਾ ਕੇ ਤਿੰਨੋਂ ਮੁਲਜ਼ਮਾਂ ਿਖ਼ਲਾਫ਼ ਧਾਰਾ 376, 506 ਤਹਿਤ ਮੁਕੱਦਮਾ ਦਰਜ ਕਰ ਲਿਆ ਸੀ | ਮੁਲਜ਼ਮ ਜਗਜੀਤ ਸਿੰਘ ਪਟਵਾਰੀ ਅਤੇ ਜੱਗਾ ਵੈਰੋਕੇ ਤਾਂ ਪਹਿਲਾਂ ਹੀ ਪੀੜਤਾ ਦੇ ਚਾਚਾ ਮੰਗਾ ਸਿੰਘ ਦਾ ਕਤਲ ਕਰਕੇ ਲਾਸ਼ ਖੇਤ ‘ਚ ਦੱਬਣ ਦੇ ਦੋਸ਼ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹਨ, ਪ੍ਰੰਤੂ ਸਹਿ-ਦੋਸ਼ਣ ਸਰਬਜੀਤ ਕੌਰ ਅਜੇ ਵੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ | ਸਰਬਜੀਤ ਕੌਰ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪਿੰਡ ਲਹਿਰਾ ਬੇਗਾ ਵਾਸੀਆਂ ਵਲੋਂ ਪੁਲਿਸ ਿਖ਼ਲਾਫ਼ ਧਰਨੇ-ਮੁਜ਼ਾਹਰੇ ਵੀ ਕੀਤੇ ਜਾ ਚੁੱਕੇ ਹਨ, ਪ੍ਰੰਤੂ ਸਰਬਜੀਤ ਕੌਰ ਨੂੰ ਗਿ੍ਫ਼ਤਾਰ ਨਾ ਕਰਨ ਦੀ ਪੁਲਿਸ ਦੀ ‘ਮਜਬੂਰੀ’ ਜਾਂ ‘ਇੱਛਾ-ਸ਼ਕਤੀ ਦੀ ਘਾਟ’ ਇਨਸਾਫ਼ ਪਸੰਦ ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਹੀ | ਦੂਜੇ ਪਾਸੇ ਸੂਚਨਾ ਇਹ ਵੀ ਹੈ ਕਿ ਪਿੰਡ ਲਹਿਰਾ ਬੇਗਾ ਦੇ ਲੋਕ ਪੀੜਤ ਲੜਕੀ ਅਤੇ ਉਸ ਦੇ ਨਵ ਜਨਮੇ ਬੱਚੇ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ, ਤਾਂ ਜੋ ਕੋਈ ਗਲਤ ਅਨਸਰ ਮੁਲਜ਼ਮਾਂ ਦੀ ਸ਼ਹਿ ‘ਤੇ ਮਾਂ-ਪੁੱਤ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ |

‘ਬੱਚੇ ਨੂੰ ਮੇਰੇ ਮੱਥੇ ਨਾ ਲਾਇਓ’
ਬਠਿੰਡਾ ਛਾਉਣੀ-ਜਬਰ ਜਨਾਹ ਦੀ ਪੀੜਤਾ ਨੂੰ ਜਦੋਂ ਉਸ ਦੇ ਲੜਕਾ ਪੈਦਾ ਹੋਣ ਦੀ ਸੂਚਨਾ ਦਿੱਤੀ ਗਈ ਤਾਂ ਉਸ ਦੇ ਪਹਿਲੇ ਸ਼ਬਦ ਇਹ ਸਨ ਕਿ ‘ਬੱਚੇ ਨੂੰ ਮੇਰੇ ਮੱਥੇ ਨਾ ਲਾਇਓ’ | ਉਸ ਨੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ | ਪਿੰਡ ਦੇ ਕਿਸਾਨ ਆਗੂ ਬਚਿੱਤਰ ਸਿੰਘ ਦੀ ਪਤਨੀ ਜੋ ਕਿ ਜੱਚਾ-ਬੱਚਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਅ ਰਹੀ ਸੀ, ਨੇ ਦੱਸਿਆ ਕਿ ਪੀੜਤ ਲੜਕੀ ਦੇ ਮਨ ਵਿਚ ਮਾਂ ਦੀ ਮਮਤਾ ਨਹੀਂ, ਸਗੋਂ ਜਬਰ ਜਨਾਹ ਦੇ ਜ਼ਖ਼ਮਾਂ ਦੀ ਤਾਬ ਲਾਵਾ ਬਣ ਕੇ ਫੁੱਟ ਰਹੀ ਸੀ | ਉਸ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਬੱਚੇ ਦਾ ਪਾਲਣ ਪੋਸ਼ਣ ਕਿੱਥੇ ਕੀਤਾ ਜਾਵੇ, ਇਹ ਪਿੰਡ ਵਾਸੀਆਂ ਲਈ ਚੁਣੌਤੀ ਬਣੇਗੀ |

Leave a Reply

Your email address will not be published. Required fields are marked *