ਜਿਹੜਾ ਮਰਜ਼ੀ ਲੁੱਟੇ ਬੁੱਲੇ, ਸਾਡੇ ਦਰਵਾਜ਼ੇ ਸਭ ਲਈ ਖੁੱਲ੍ਹੇ

ਪ੍ਰਿਆਗਰਾਜ ਯਾਨਿ ਇਲਾਹਾਬਾਦ ਦਾ ਕੁੰਭ ਮੇਲਾ ਇਸ ਵਾਰ ਕਈ ਕਾਰਨਾਂ ਕਰਕੇ ਚਰਚਾ ਵਿੱਚ ਹੈ। ਉਨ੍ਹਾਂ ਤਮਾਮ ਕਾਰਨਾਂ ਵਿੱਚੋਂ ਇੱਕ ਹੈ ਕਿੰਨਰ ਅਖਾੜਾ

ਰੌਸ਼ਨੀ ਵਿੱਚ ਡੁੱਬੀ ਕੁੰਭਨਗਰੀ ‘ਚ ਲਗਪਗ ਹਰ ਸ਼ਖ਼ਸ ਦੀ ਜ਼ੁਬਾਨ ‘ਤੇ ਕਿੰਨਰ ਅਖਾੜੇ ਦਾ ਨਾਮ ਹੈ। ਹਾਲਾਂਕਿ ਅਖਾੜਿਆਂ ਨੂੰ ਮਾਨਤਾ ਦੇਣ ਵਾਲੀ ਸੰਸਥਾ ਅਖਾੜਾ ਪਰਿਸ਼ਦ ਇਸ ਨੂੰ ਅਖਾੜਾ ਮੰਨਣ ਤੋਂ ਇਨਕਾਰ ਕਰਦੀ ਹੈ।

ਸਾਲ 2019 ਦੇ ਕੁੰਭ ਮੇਲੇ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਸਨ, ਜਦੋਂ ਕਿੰਨਰ ਅਖਾੜੇ ਨਾਲ ਜੁੜੇ ਲੋਕ ਸ਼ਾਹੀ ਪੇਸ਼ਵਾਈ (ਸ਼ੋਭਾ ਯਾਤਰਾ) ਲੈ ਕੇ ਸ਼ਹਿਰ ਵਿੱਚ ਦਾਖ਼ਲ ਹੋਏ।

ਸ਼ਹਿਰ ਤੋਂ ਉਨ੍ਹਾਂ ਦੀ ਸ਼ੋਭਾ ਯਾਤਰਾ ਨਿਕਲੀ ਤਾਂ ਲੋਕ ਪਹਿਲੀ ਵਾਰ ਕਿੰਨਰਾਂ ਨੂੰ ਇਸ ਤਰ੍ਹਾਂ ਵੇਖ ਕੇ ਹੈਰਾਨ ਰਹਿ ਗਏ। ਸਾਲ 2016 ਵਿੱਚ ਉਜੈਨ ਕੁੰਭ ਮੇਲੇ ਤੋਂ ਚਰਚਾ ਵਿੱਚ ਆਏ ਕਿੰਨਰ ਅਖਾੜੇ ਨੇ ਪ੍ਰਿਆਗਰਾਜ ਦੇ ਕੁੰਭ ਵਿੱਚ ਜੂਨਾ ਅਖਾੜੇ ਨਾਲ ਹੱਥ ਮਿਲਾਇਆ ਅਤੇ ਉਸੇ ਦੇ ਨਾਲ ਅੱਗੇ ਵਧਣ ਦਾ ਫ਼ੈਸਲਾ ਲਿਆ।

ਕਿੰਨਰ ਅਖਾੜਾ

 

ਹਾਲਾਂਕਿ ਇਸ ਫ਼ੈਸਲੇ ਨੂੰ ਲੈ ਕੇ ਕਿੰਨਰ ਅਖਾੜੇ ਦੀ ਆਚਾਰਿਆ ਮਹਾਮੰਡਲੇਸ਼ਵਰ ਅਤੇ ਅਖਾੜਾ ਮੁਖੀ ਲਕਸ਼ਮੀ ਨਾਰਾਇਣ ਤ੍ਰਿਪਾਠੀ ਕਹਿੰਦੀ ਹੈ ਕਿ ਇਹ ਕਿੰਨਰ ਅਖਾੜੇ ਦਾ ਜੂਨਾ ਅਖਾੜੇ ਵਿੱਚ ਰਲੇਵਾਂ ਨਹੀਂ ਹੈ।

ਇਸ ਗੱਲ ਨਾਲ ਜੂਨਾ ਅਖਾੜੇ ਦੇ ਟਰੱਸਟੀ ਹਰੀ ਗਿਰੀ ਵੀ ਸਹਿਮਤ ਵਿਖਾਈ ਦਿੰਦੇ ਹਨ। ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਬਿਲਕੁਲ ਗ਼ਲਤ ਹੋਵੇਗਾ ਕਿ ਕਿੰਨਰ ਅਖਾੜੇ ਦਾ ਜੂਨਾ ਅਖਾੜੇ ਵਿੱਚ ਰਲੇਵਾਂ ਹੋ ਗਿਆ ਹੈ। ਕਿੰਨਰ ਅਖਾੜਾ ਇੱਕ ਵੱਖਰਾ ਸੰਗਠਨ ਹੈ ਜਿਹੜਾ ਅੱਗੇ ਵੀ ਰਹੇਗਾ।

ਵੱਖਰਾ ਅਖਾੜਾ ਬਣਾਉਣ ਦੀ ਲੋੜ ਕਿਉਂ?

ਕਿੰਨਰਾਂ ਲਈ ਵੱਖਰਾ ਅਖਾੜਾ ਬਣਾਉਣ ਦੀ ਲੋੜ ਦੇ ਸਵਾਲ ‘ਤੇ ਲਕਸ਼ਮੀ ਕਹਿੰਦੀ ਹੈ, ”ਕਿੰਨਰ ਅਖਾੜਾ ਬਣਾਉਣ ਦੀ ਲੋੜ ਇਸ ਲਈ ਪਈ ਕਿਉਂਕਿ ਕਿੰਨਰ ਭਾਈਚਾਰੇ ਦਾ ਸਨਾਤਮ ਭਾਈਚਾਰੇ ਦਾ ਪੁਰਾਣਾ ਰਿਸ਼ਤਾ ਹੈ ਪਰ ਸਾਡੀ ਕਿਸੇ ਨੇ ਸਾਰ ਨਹੀਂ ਲਈ।”

”ਸਾਲ 2014 ਵਿੱਚ ਜਦੋਂ ਸੁਪਰੀਮ ਕੋਰਟ ਨੇ ਸਾਨੂੰ ਤੀਜੇ ਜੈਂਡਰ ਦੇ ਤੌਰ ‘ਤੇ ਪਛਾਣ ਦਿੱਤੀ ਤਾਂ ਮੈਨੂੰ ਲੱਗਿਆ ਕਿ ਕਿੰਨਰਾਂ ਨੂੰ ਮਾਣ-ਸਨਮਾਨ ਦਿਵਾਉਣ ਲਈ ਧਰਮ ਤੋਂ ਚੰਗਾ ਰਸਤਾ ਕੋਈ ਨਹੀਂ ਹੋ ਸਕਦਾ। ਪਰ ਮੈਂ ਸਪੱਸ਼ਟ ਕਰ ਦਿੰਦੀ ਹਾਂ ਕਿ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ, ਮੈਂ ਖ਼ੁਦ ਨੂੰ ਇਸ ਗੱਦੀ ਦੀ ਵੌਚਮੈਨ ਸਮਝਦੀ ਹਾਂ।”

ਕਿੰਨਰ ਅਖਾੜਾ
ਫੋਟੋ ਕੈਪਸ਼ਨਕਿੰਨਰ ਅਖਾੜਾ ਦੀ ਉੱਤਰ ਭਾਰਤ ਦੀ ਮਹਾਮੰਡਲੇਸ਼ਵਰ ਭਵਾਨੀ

ਉਨ੍ਹਾਂ ਕਿਹਾ, ”ਜੂਨਾ ਅਖਾੜੇ ਦਾ ਰਵੱਈਆ ਕਿੰਨਰਾ ਪ੍ਰਤੀ ਕਾਫ਼ੀ ਚੰਗਾ ਰਿਹਾ ਹੈ ਅਤੇ ਜਿਵੇਂ ਉਨ੍ਹਾਂ ਨੇ ਸਾਨੂੰ ਆਪਣੇ ਨਾਲ ਰੱਖਿਆ ਹੈ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ। ਸਾਨੂੰ ਜੂਨਾ ਅਖਾੜੇ ਨੇ ਬੜੇ ਪਿਆਰ ਨਾਲ ਅਪਣਾਇਆ।”

ਕਿੰਨਰ ਅਖਾੜੇ ਦੀ ਮਹਾਂਮੰਡਲੇਸ਼ਵਰ ਭਵਾਨੀ ਨਾਥ ਵਾਲਮੀਕੀ ਕਹਿੰਦੀ ਹੈ, ”ਅਖਾੜਾ ਬਣਾਉਣ ਦੀ ਲੋੜ ਇਸ ਲਈ ਪਈ ਕਿਉਂਕਿ ਅਸੀਂ ਮੁੱਖ ਧਾਰਾ ਨਾਲ ਜੁੜਨਾ ਹੈ। ਸਮਾਜ ਦੇ ਲੋਕ ਸਾਨੂੰ ਅਪਣਾਉਂਦੇ ਨਹੀਂ ਹਨ ਪਰ ਆਪਣੀ ਗੱਲ ਰੱਖਣ ਅਤੇ ਮਨਵਾਉਣ ਲਈ ਧਰਮ ਸਭ ਤੋਂ ਚੰਗੀ ਚੀਜ਼ ਹੈ। ਸਾਰਿਆਂ ਨੂੰ ਪੂਜਾ ਅਤੇ ਸਨਮਾਨ ਦਾ ਅਧਿਕਾਰ ਹੈ ਤਾਂ ਕਿੰਨਰ ਸਮਾਜ ਦੇ ਨਾਲ ਵੀ ਉਸੇ ਤਰ੍ਹਾਂ ਦਾ ਹੀ ਵਿਹਾਰ ਹੋਵੇ।”

ਕਿੰਨਰਾਂ ਦੇ ਅਖਾੜੇ ਦਾ ਵਿਰੋਧ

ਕਿੰਨਰ ਅਖਾੜਾ ਬਣਾਉਣ ਦੀ ਗੱਲ ਜਦੋਂ ਸ਼ੁਰੂ ਹੋਈ ਤਾਂ ਕਿਨੰਰ ਭਾਈਚਾਰੇ ਦੇ ਲੋਕਾਂ ਨੇ ਹੀ ਇਸਦਾ ਵਿਰੋਧ ਕਰਨਾ ਸ਼ੁਰੂ ਕੀਤਾ। ਕਿੰਨਰ ਭਾਈਚਾਰੇ ਵਿੱਚ ਵਿਰੋਧ ਦਾ ਕਾਰਨ ਵੀ ਧਰਮ ਹੀ ਹੈ। ਇਹੀ ਨਹੀਂ ਸਨਾਤਨ ਪਰੰਪਰਾ ‘ਤੇ ਬਣੇ 13 ਅਖਾੜਿਆਂ ਨੇ ਵੀ ਸ਼ੁਰੂਆਤ ਤੋਂ ਹੀ ਕਿੰਨਰਾਂ ਦਾ ਵੱਖਰਾ ਅਖਾੜਾ ਬਣਾਉਣ ਦਾ ਵਿਰੋਧ ਕੀਤਾ।

ਅਖਾੜਿਆਂ ਨੂੰ ਮਾਨਤਾ ਦੇਣ ਵਾਲੀ ਸੰਸਥਾ ਅਖਾੜਾ ਪਰਿਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦਾ ਮੰਨਣਾ ਹੈ ਕਿ ਕਿੰਨਰ ਅਖਾੜਾ ਦੀ ਕੋਈ ਹੋਂਦ ਸਨਾਤਨ ਪਰੰਪਰਾ ਵਿੱਚ ਨਹੀਂ ਹੈ ਅਤੇ ਅੱਗੇ ਜਾ ਕੇ ਵੀ ਇਸ ਨੂੰ 14ਵੇਂ ਅਖਾੜੇ ਦੇ ਤੌਰ ‘ਤੇ ਮਾਨਤਾ ਨਹੀਂ ਮਿਲੇਗੀ।

ਕੁੰਭ 2019
ਫੋਟੋ ਕੈਪਸ਼ਨਅਖਾੜਾ ਪਰਿਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ

ਨਰਿੰਦਰ ਗਿਰੀ ਨੇ ਕਿਹਾ, ”ਕਿਸੇ ਕਿੰਨਰ ਅਖਾੜੇ ਦੀ ਮਾਨਤਾ ਨਹੀਂ ਹੈ। 13 ਅਖਾੜੇ ਹਨ ਅਤੇ 13 ਹੀ ਰਹਿਣਗੇ। ਉਂਝ ਵੀ ਉਸਦਾ ਜੂਨਾ ਅਖਾੜੇ ਵਿੱਚ ਰਲੇਵਾਂ ਹੋ ਗਿਆ ਹੈ ਤੇ ਉਸਦੀ ਹੁਣ ਕੋਈ ਹੋਂਦ ਨਹੀਂ ਰਹੀ। ਕਿੰਨਰ ਇੱਕ ਅਜਿਹਾ ਭਾਈਚਾਰਾ ਹੈ ਜਿਹੜਾ ਕਿਸੇ ਤੋਂ ਵੱਖ ਨਹੀਂ ਹੈ।”

“ਲਕਸ਼ਮੀ ਤ੍ਰਿਪਾਠੀ ਆਈ ਹੈ, ਉਹੀ ਥੋੜ੍ਹਾ ਹੱਲਾ ਕਰ ਰਹੀ ਹੈ, ਪਰ ਇਸ ਨਾਲ ਕੁਝ ਹਾਸਲ ਨਹੀਂ ਹੋਵੇਗਾ। ਉਹ ਜੂਨਾ ਅਖਾੜੇ ਵਿੱਚ ਹਨ ਪਰ ਅੱਗੇ ਜਾ ਕੇ ਜੂਨਾ ਤੋਂ ਵੀ ਵੱਖ ਹੋ ਜਾਣਗੇ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ।”

“ਸੰਨਿਆਸ ਪਰੰਪਰਾ ਵਿੱਚ ਕਿੰਨਰਾਂ ਨੂੰ ਸੰਨਿਆਸ ਲੈਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਲਾਲਚ ਵਿੱਚ ਜੇਕਰ ਅਜਿਹਾ ਕੀਤਾ ਹੈ ਤਾਂ ਇਹ ਕਿੰਨਰ ਭਾਈਚਾਰੇ ਦੀ ਬੇਇੱਜ਼ਤੀ ਹੈ।”

ਉਨ੍ਹਾਂ ਕਿਹਾ, ”ਆਪਣੇ ਘਰ ਵਿੱਚ ਕੋਈ ਖ਼ੁਦ ਨੂੰ ਪ੍ਰਧਾਨ ਮੰਤਰੀ ਐਲਾਨ ਦੇਵੇ ਤਾਂ ਸਾਰੇ ਮੰਨ ਲੈਣਗੇ? ਪਰ ਮਾਨਤਾ ਸਿਰਫ਼ 13 ਅਖਾੜਿਆਂ ਦੀ ਹੈ ਅਤੇ ਉਹੀ ਰਹੇਗੀ। ਕਿੰਨਰਾਂ ਨੂੰ ਸੰਨਿਆਸ ਦਿਵਾਉਣ ਵਾਲੇ ਵੀ ਪਾਪ ਦੇ ਹਿੱਸੇਦਾਰ ਹੋਣਗੇ ਕਿਉਂਕਿ ਸ਼ਾਸਤਰਾਂ ਵਿੱਚ ਕਿੰਨਰਾਂ ਨੂੰ ਸੰਨਿਆਸ ਦਿਵਾਉਣ ਬਾਰੇ ਕੁਝ ਨਹੀਂ ਹੈ।”

ਇਹੀ ਨਹੀਂ, ਕਿੰਨਰ ਅਖਾੜੇ ਦੇ ਕਈ ਲੋਕਾਂ ਨੇ ਇਹ ਗੱਲ ਮੰਨੀ ਕਿ ਅਖਾੜਾ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਹੀ ਸਮਾਜ ਦੇ ਲੋਕਾਂ ਦਾ ਵਿਰੋਧ ਝੱਲਣਾ ਪਿਆ ਕਿਉਂਕਿ ਉਨ੍ਹਾਂ ਵਿੱਚ ਬਹੁਤੇ ਇਸਲਾਮ ਨੂੰ ਮੰਨਣ ਵਾਲੇ ਹਨ। ਇਸਲਾਮ ਨੂੰ ਮੰਨਣ ਵਾਲੇ ਕਿੰਨਰ ਅਖਾੜਾ ਬਣਾਉਣ ਦੇ ਖ਼ਿਲਾਫ਼ ਸਨ ਕਿਉਂਕਿ ਉਹ ਆਪਣਾ ਧਰਮ ਛੱਡ ਕੇ ਹਿੰਦੂ ਰੀਤੀ-ਰਿਵਾਜ਼ ਨਹੀਂ ਅਪਨਾਉਣੇ ਚਾਹੁੰਦੇ ਸਨ।

ਕਿੰਨਰ ਅਖਾੜਾ

 

ਦਿਲਚਸਪ ਗੱਲ ਇਹ ਹੈ ਕਿ ਕਿੰਨਰ ਅਖਾੜੇ ਦੀ ਉੱਤਰ ਭਾਰਤ ਦੀ ਮਹਾਂਮੰਡਲੇਸ਼ਵਰ ਭਵਾਨੀ ਨੇ ਖ਼ੁਦ ਇਸਲਾਮ ਛੱਡ ਕੇ ਹਿੰਦੂ ਧਰਮ ਅਪਣਾਇਆ ਹੈ। ਉਹ ਹੱਜ ‘ਤੇ ਵੀ ਜਾ ਚੁੱਕੀ ਹੈ। ਹਾਲਾਂਕਿ ਸਾਲ 2010 ਵਿੱਚ ਇਸਲਾਮ ਧਰਮ ਨੂੰ ਅਪਨਾਉਣ ਤੋਂ ਪਹਿਲਾਂ ਉਹ ਹਿੰਦੂ ਸੀ।

ਉਹ ਕਹਿੰਦੀ ਹੈ, ”ਮੈਂ ਲਗਾਤਾਰ ਹੋ ਰਹੇ ਭੇਦਭਾਵ ਤੋਂ ਪ੍ਰੇਸ਼ਾਨ ਹੋ ਗਈ ਸੀ ਇਸ ਲਈ ਮੈਂ ਇਸਲਾਮ ਧਰਮ ਅਪਣਾਇਆ। ਮੈਂ ਹੱਜ ‘ਤੇ ਵੀ ਗਈ। ਮੈਨੂੰ ਇਸਲਾਮ ਨੇ ਨਮਾਜ਼ ਪੜ੍ਹਨ ਦੀ ਆਜ਼ਾਦੀ ਦਿੱਤੀ, ਮੈਨੂੰ ਹੱਜ ‘ਤੇ ਜਾਣ ਦਿੱਤਾ।”

“ਪਰ ਜਦੋਂ ਮੈਨੂੰ ਮੌਕਾ ਮਿਲਿਆ ਕਿ ਮੈਂ ਆਪਣੀ ਸਨਾਤਨ ਪਰੰਪਰਾ ਵਿੱਚ ਵਾਪਿਸ ਆ ਜਾਵਾਂ ਅਤੇ ਇਸ ਵਿੱਚ ਰਹਿ ਕੇ ਆਪਣੇ ਸਮਾਜ ਲਈ ਕੁਝ ਕਰ ਸਕਦੀ ਹਾਂ ਤਾਂ ਮੈਂ ਆ ਗਈ। ਘਰ ਵਾਪਸੀ ਦੀ ਕੋਈ ਸਜ਼ਾ ਨਹੀਂ ਹੈ।”

ਕੀ ਕਿੰਨਰ ਅਖਾੜੇ ਵਿੱਚ ਸਮਲਿੰਗੀਆਂ ਨੂੰ ਥਾਂ ਮਿਲੇਗੀ?

ਸਮਲਿੰਗੀਆਂ ਨੂੰ ਕਿੰਨਰ ਅਖਾੜੇ ਵਿੱਚ ਸ਼ਾਮਲ ਕਰਨ ਦੇ ਸਵਾਲ ‘ਤੇ ਅਖਾੜਾ ਦੇ ਲੋਕਾਂ ਵਿੱਚ ਮਤਭੇਦ ਸਾਫ਼ ਵਿਖਾਈ ਦਿੰਦਾ ਹੈ। ਕੁਝ ਕਿੰਨਰ ਮੰਨਦੇ ਹਨ ਕਿ ਸਮਲਿੰਗੀਆਂ ਨੂੰ ਅਖਾੜੇ ਨਾਲ ਜੋੜਨਾ ਉਨ੍ਹਾਂ ਦਾ ਹੱਕ ਮਾਰਨ ਵਾਂਗ ਹੋਵੇਗਾ, ਜਦਕਿ ਅਖਾੜੇ ਦੀ ਮੁਖੀ ਲਕਸ਼ਮੀ ਨਾਰਾਇਣ ਤ੍ਰਿਪਾਠੀ ਹਰ ਵਰਗ ਨੂੰ ਅਖਾੜੇ ਨਾਲ ਜੋੜਨ ਅਤੇ ਨਾਲ ਲੈ ਕੇ ਚੱਲਣ ਦੀ ਗੱਲ ਕਹਿੰਦੀ ਹੈ।

ਕਿੰਨਰ ਅਖਾੜਾ

 

ਲਕਸ਼ਮੀ ਕਹਿੰਦੀ ਹੈ, ”ਇਹ ਸਨਾਤਨ ਧਰਮ ਦਾ ਅਖਾੜਾ ਹੈ। ਸਾਡੇ ਅਖਾੜੇ ਵਿੱਚ ਸਭ ਦਾ ਸਵਾਗਤ ਹੈ। ਭਾਵੇਂ ਉਹ ਗੇਅ ਹੋਵੇ, ਲੈਸਬੀਅਨ ਹੋਵੇ ਜਾਂ ਕਿਸੇ ਵੀ ਸੈਕਸੁਅਲ ਓਰੀਐਂਟੇਸ਼ਨ ਦਾ ਹੋਵੇ, ਅਸੀਂ ਸਭ ਨੂੰ ਨਾਲ ਲੈ ਕੇ ਚੱਲਣ ਵਿੱਚ ਭਰੋਸਾ ਰੱਖਦੇ ਹਾਂ। ਮੈਂ ਕਿਸੇ ਦਾ ਪਾਪ-ਪੁੰਨ ਦੇਖ ਕੇ ਆਸ਼ੀਰਵਾਦ ਨਹੀਂ ਦਿੰਦੀ।”

ਕਿੰਨਰ ਅਖਾੜਾ

ਹਾਲਾਂਕਿ ਭਵਾਨੀ ਨਾਥ ਵਾਲਮੀਕੀ ਇਸ ਤੋਂ ਬਿਲਕੁਲ ਵੱਖ ਪੱਖ ਰੱਖਦੀ ਹੈ।

ਉਹ ਕਹਿੰਦੀ ਹੈ, ”ਸਮਲਿੰਗੀਆਂ ਨੇ ਕਿੰਨਰ ਭਾਈਚਾਰੇ ਦਾ ਬਹੁਤ ਨੁਕਸਾਨ ਕੀਤਾ ਹੈ। ਉਨ੍ਹਾਂ ਕਾਰਨ ਸਾਨੂੰ ਬਹੁਤ ਮੁਸੀਬਤਾਂ ਝੱਲਣੀਆਂ ਪਈਆਂ ਹਨ। ਮੇਰੇ ਸਮਾਜ ਵਿੱਚ, ਮੇਰੇ ਅਖਾੜੇ ਵਿੱਚ ਸਿਰਫ਼ ਕਿੰਨਰ ਹੋਵੇਗਾ। ਮੈਂ ਕਿੰਨਰ ਹਾਂ, ਕਿੰਨਰਾਂ ਦਾ ਹੀ ਵਿਕਾਸ ਕਰਾਂਗੀ।”

“ਮੈਂ ਉਨ੍ਹਾਂ ਦੀ ਬੁਰਾਈ ਨਹੀਂ ਕਰਾਂਗੀ, ਪਰ ਸਾਥ ਵੀ ਨਹੀਂ ਦਵਾਂਗੀ। ਬਾਕੀ ਲੋਕ ਭਾਵੇਂ ਮੇਰੇ ਨਾਲ ਸਹਿਮਤ ਨਾ ਹੋਣ ਪਰ ਕਿੰਨਰ ਸਮਾਜ ਦੀ ਇਹ ਹਾਲਤ ਸਮਲਿੰਗੀਆਂ ਕਾਰਨ ਹੀ ਹੈ। ਉਨ੍ਹਾਂ ਨੂੰ ਆਜ਼ਾਦੀ ਚਾਹੀਦੀ ਸੀ, ਕਿੰਨਰਾਂ ਨੂੰ ਨਹੀਂ।”

ਬਾਕੀ ਅਖਾੜਿਆਂ ਤੋਂ ਕਿਵੇਂ ਵੱਖ?

ਕਿੰਨਰ ਅਖਾੜੇ ਦਾ ਨਾਮ ਕੁੰਭ ਮੇਲੇ ਵਿੱਚ ਹਰ ਕਿਸੇ ਦੀ ਜ਼ੁਬਾਨ ‘ਤੇ ਹੈ। ਦੂਜੇ ਅਖਾੜਿਆਂ ਅਤੇ ਬਾਬਿਆਂ ਦਾ ਪਤਾ ਭਾਵੇਂ ਹੀ ਕਿਸੇ ਨੂੰ ਨਾ ਹੋਵੇ ਪਰ ਕਿੰਨਰ ਅਖਾੜੇ ਬਾਰੇ ਹਰ ਕੋਈ ਜਾਣਦਾ ਹੈ।

ਕਿੰਨਰ ਅਖਾੜਾ

ਕਿੰਨਰ ਅਖਾੜੇ ਦੇ ਮੁੱਖ ਪੰਡਾਲ ‘ਤੇ ਪੂਰਾ ਦਿਨ ਲੋਕਾਂ ਦੀ ਭੀੜ ਰਹਿੰਦੀ ਹੈ ਜਿੱਥੇ ਬੈਠੇ ਕੁਝ ਕਿੰਨਰ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਹਨ। ਇਸਦੇ ਨਾਲ ਹੀ ਅਖਾੜੇ ਦੀ ਮੁਖੀ ਆਚਾਰਿਆ ਮਹਾਂਮੰਡਲੇਸ਼ਵਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਦੇ ਟੈਂਟ ਦੇ ਬਾਹਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕ ਇਕੱਠੇ ਹੁੰਦੇ ਹਨ ਅਤੇ ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਬੇਤਾਬ ਰਹਿੰਦੇ ਹਨ।

Leave a Reply

Your email address will not be published. Required fields are marked *